ਹਰ ਰੋਜ਼ ਅਖਬਾਰਾਂ ਦੇ ਮੁੱਖ ਪੰਨੇ ’ਤੇ ਸੜਕ ਹਾਦਸਿਆਂ ਦੀ ਖਬਰ ਤਕਰੀਬਨ ਹੁੰਦੀ ਹੈ। ਭਿਆਨਕ ਤੋਂ ਭਿਆਨਕ ਸੜਕ ਹਾਦਸਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਇਹਨਾਂ ਹਾਦਸਿਆਂ ਦੇ ਬਹੁਤ ਸਾਰੇ ਕਾਰਨ ਸਾਹਮਣੇ ਆਉਂਦੇ ਹਨ। ਸੜਕਾਂ ਦੇ ਟੁੱਟੇ ਹੋਣਾ, ਸੜਕਾਂ ਦੇ ਬਹੁਤ ਵਧੀਆ ਹਾਲਤ ’ਚ ਹੋਣਾਂ, ਵਹੀਕਲਾਂ ਦੀ ਵਧਦੀ ਗਿਣਤੀ ਟਰੈਫਿਕ ਨਿਯਮਾਂ ਦੀ ਸਕੂਲੀ ਪੜ੍ਹਾਈ ’ਚ ਵਿਵਸਥਾ ਦਾ ਨਾ ਹੋਣਾ, ਅਣਟ੍ਰੇਂਡ ਜਾਂ ਨਸ਼ਈ ਡਰਾਇਵਰਾਂ ਵੱਲੋਂ ਵਹੀਕਲ ਚਲਾਉਣੇ, ਲੋਕਾਂ ਦੀਆਂ ਦਿਮਾਗੀ ਟੈਨਸ਼ਨਾਂ ਦਾ ਵਧਣਾ, ਅਵਾਰਾ ਡੰਗਰਾਂ ਦਾ ਸੜਕਾਂ ਦੇ ਦੁਆਲੇ ਘੁੰਮਣਾ ਬੱਚਿਆਂ ਵੱਲੋਂ ਡਰਾਇਵਿੰਗ ਕਰਨੀ, ਟ੍ਰੈਫਿਕ ਨਿਯਮਾਂ ਦਾ ਸਹੀ ਢੰਗ ਨਾਲ ਲਾਗੂ ਨਾ ਹੋਣਾ ਆਦਿ ਪ੍ਰਮੁੱਖ ਕਾਰਨ ਜਾਪਦੇ ਹਨ। ਇਥੇ ਮੈਂ ਆਪਣੇ ਪਿੰਡ ਦੰਦਰਾਲਾ ਢੀਂਡਸਾ ਵਿਖੇ ਬਚਪਨ ਦੀ ਯਾਦ ਤਾਜਾ ਕਰਦਾ ਹਾਂ ਤਾਂ ਉਸ ਸਮੇਂ ਸਾਡੇ ਪਿੰਡ ’ਚ ਸ਼ਾਇਦ ਹੀ ਕੋਈ ਸਕੂਟਰ, ਮੋਟਰ ਸਾਇਕਲ ਜਾਂ ਕਾਰ ਆਦਿ ਹੋਵੇ ਪਰ ਅੱਜ ਸ਼ਾਇਦ ਹੀ ਅਜਿਹਾ ਕੋਈ ਘਰ ਹੋਵੇਗਾ ਜਿਸ ਦੇ ਘਰੇ ਕੋਈ ਵਹੀਕਲ ਨਾ ਹੋਵੇ, ਸਗੋਂ ਕਈਆਂ ਘਰਾਂ ’ਚ ਤਾਂ ਕਈ ਕਈ ਕਿਸਮ ਦੇ ਵਹੀਕਲ ਹਨ। ਚਾਰ ਦਹਾਕਿਆਂ ਦੌਰਾਨ ਵਹੀਕਲਾਂ ਦੀ ਗਿਣਤੀ ’ਚ ਸਚਮੁੱਚ ਏਨੀ ਤੇਜ਼ੀ ਨਾਲ ਏਨਾ ਵਾਧਾ ਸਾਡੇ ਦੇਸ਼ ਦੇ ਵਿਕਾਸ ਦੀ ਜਰੂਰ ਗੱਲ ਕਰਦਾ ਹੈ। ਹਰੇਕ ਸਾਲ ਨਵੇਂ-ਨਵੇਂ ਮਾਡਲਾਂ ਦੀ ਭਰਮਾਰ ਨਵੇਂ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਜਾਰੀ ਹੈ। ਟਾਟਾ ਵਾਲਿਆਂ ਨੇ ਮੱਧਵਰਗੀ ਪਰਿਵਾਰਾਂ ਲਈ ਨਵੀਂ ਕਾਰ ਲੱਖ ਰੁਪਏ ਕੀਮਤ ’ਚ ਲੋਕਾਂ ਸਾਹਮਣੇ ਲਿਆ ਕੇ ਆਵਾਜਾਈ ਸਮੱਸਿਆ ਨੂੰ ਹੋਰ ਪੇਚੀਦਾ ਕਰਨ ’ਚ ਕਿੰਨਾ ਕੁ ਰੋਲ ਅਦਾ ਕਰਨਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਪਿਛਲੇ ਸਾਲ ਮੈਂ ਸੜਕ ਹਾਦਸਿਆਂ ਅਤੇ ਟਰੈਫਿਕ ਨਿਯਮਾਂ ਬਾਰੇ ਇਕ ਰਚਨਾ ਲਿਖੀ, ਹਾਦਸਿਆਂ ਬਾਰੇ ਮਨ ’ਚ ਕਈ ਤਰ੍ਹਾਂ ਦੇ ਖਿਆਲ ਆਏ। ਚੜ੍ਹਦੇ ਸਾਲ 2008 ਹੀ ਮੇਰੇ ਮਨ ਦੇ ਖਿਆਲਾਂ ’ਚੋਂ ਇਕ ਨੇ ਮੈਨੂੰ ਆ ਘੇਰਿਆ। ਮੈਂ 9 ਜਨਵਰੀ ਨੂੰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਤਕਰੀਬਨ ਸੱਤ ਕੁ ਵਜੇ ਨੇੜੇ ਹੀ ਕਾਲੋਨੀ ਦੇ ਗੁਰਦਆਰਾ ਸਾਹਿਬ ਨਤਮਸਤਕ ਹੋਣ ਜਾ ਰਿਹਾ ਸੀ8। ਅਜੇ ਘਰੋਂ ਸੜਕ ਪਾਰ ਕਰਕੇ ਮੈਂ ਆਪਣੇ ਹੱਥ ਪੈਦਲ ਹੀ 50 ਗਜ਼ ਦੀ ਦੂਰੀ ਤੇ ਗਿਆ ਹੋਵਾਂਗਾ ਤਾਂ ਪਿੱਛਿਓਂ ਆ ਰਹੇ ਦੋਧੀ ਦੇ ਤੇਜ਼ ਰਫਤਾਰ ਮੋਟਰਸਾਇਕਲ ਉਪਰ ਲੱਦੇ ਗੈਰ ਕਾਨੂੰਨੀ ਦੁੱਧ ਨਾਲ ਭਰੇ ਢੋਲਾਂ ਨੇ ਸੱਜੀ ਲੱਤ ਨੂੰ ਫੇਟ ਮਾਰ ਕੇ ਹੱਡੀ ਤੋੜ ਦਿੱਤੀ। ਕਿਣਮਿਣ ਹੋ ਰਹੀ ਸੀ, ਸੜਕ ’ਤੇ ਕਿਤੇ ਕਿਤੇ ਪਾਣੀ ਸੀ। ਮੈਂ ਥਾਏਂ ਹੀ ਹੇਠਾਂ ਨੂੰ ਗਿਰ ਗਿਆ। ਸੜਕ ਦੇ ਅੱਗੇ ਪਿੱਛੇ ਕੋਈ ਵੀ ਵਿਅਕਤੀ ਦਿਖਾਈ ਨਾ ਦਿੱਤਾ। ਸਾਰੀ ਸੜਕ ਖਾਲੀ ਪਈ ਸੀ। ਦਿਨ ਚੜ੍ਹਿਆ ਹੋਇਆ ਸੀ। ਦੋਧੀ ਵੀ ਜਾਣ ਪਹਿਚਾਣ ਵਾਲਾ ਸੀ ਉਹ ਥੋੜ੍ਹੀ ਦੂਰੋਂ ਵਾਪਿਸ ਆ ਕੇ ਹਮਦਰਦੀ ਜਿਤਾਉਣ ਲੱਗਾ। ਹਾਦਸੇ ਦਾ ਕਾਰਨ ਭਾਵੇਂ ਸਾਹਮਣੇ ਪ੍ਰਤੱਖ ਦਿਖਾਈ ਨਾ ਦਿੱਤਾ। ਇਹ ਕਿਵੇਂ ਅਤੇ ਕਿਉਂ ਹੋਇਆ ਆਦਿ। ਪ੍ਰਸ਼ਨ ਮੇਰੇ ਸਾਹਮਣੇ ਖੜ੍ਹੇ ਹਨ। ਉਂਝ ਹਾਦਸੇ ਦਾ ਕਾਰਨ ਤਾਂ ਜਰੂਰ ਹੁੰਦਾ ਹੈ। ਪਰ ਉਸ ਨੂੰ ਅੱਗੋਂ ਰੋਕਣ ਲਈ ਸਾਡੇ ਸਰਕਾਰੀ ਢਾਂਚੇ ਦਾ ਹੀਆ ਨਹੀਂ ਪੈਂਦਾ, ਫਿਰ ਐਵੇਂ ਕਾਗਜੀ ਕਾਰਵਾਈਆਂ ਕਰਨ ਦਾ ਵੀ ਕੀ ਫਾਇਦਾ? ਚਲੋ ਵਾਹਿਗੁਰੂ ਦਾ ਸ਼ੁਕਰ ਹੈ ਲੱਤ ਟੁੱਟਣ ਨਾਲੋਂ ਵੱਧ ਕੇ ਕੋਈ ਵੀ ਭਾਣਾ ਵਰਤ ਸਕਦਾ ਸੀ। ਮੇਰੇ ਮਨ ਵਿਚ ਦੋਧੀ ਖਿਲਾਫ ਕਾਰਵਾਈ ਕਰਨ ਦੀ ਸੋਚ ਪੈਦਾ ਹੀ ਨਹੀਂ ਹੋ ਸਕੀ। ਉਹੀ ਟ੍ਰੈਫਿਕ ਨਿਯਮਾਂ ਜਿਹੜੇ ਟ੍ਰੈਫਿਕ ਪੁਲਸ ਵਾਲੇ ਲਾਗੂ ਕਰਵਾਉਂਦੇ ਹਨ, ਬਾਰੇ ਸੋਚ ਕੇ ਚੁੱਪ ਹੋ ਗਿਆ ਕਿਉਂਕਿ ਸਾਡੇ ਦੇਸ਼ ਵਿਚ ਘਟਨਾ ਵਾਪਰਨ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਂਦੀ ਹੈ। ਪਰ ਦੋਸ਼ੀ ਨੂੰ ਉਂਝ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਦੇ ਨੂੰ ਕਦੇ ਵੀ ਨਹੀਂ ਰੋਕਿਆ ਜਾਂਦਾ। ਇਸ ਲਈ ਕਸੂਰ ਵਾਹਨ ਚਾਲਕਾਂ ਦਾ ਘੱਟ ਟਰੈਫਿਕ ਨਿਯਮਾਂ ਨੂੰ ਲਾਗੂ ਕਰਾਉਣ ਵਾਲਿਆਂ ਦਾ ਵੱਧ ਨਜ਼ਰ ਆਉਂਦਾ ਹੈ। ਕੀ ਮੋਟਰ ਸਾਈਕਲ ਤੇ ਏਨੇ ਜ਼ਿਆਦਾ ਢੋਲ ਲੱਦਣੇ ਸੜਕ ਨਿਯਮਾਂ ਦੀ ਉਲੰਘਣਾਂ ਨਹੀਂ?
ਸਾਡੇ ਦੇਸ਼ ਵਿਚ ਜਿਹੜੇ ਵਹੀਕਲ ਸਵਾਰੀਆਂ ਢੋਣ ਲਈ ਬਣੇ ਹਨ ਉਹਨਾਂ ਦੀ ਵਰਤੋਂ ਸਮਾਨ ਢੋਣ ਲਈ ਅਤੇ ਜਿਹੜੇ ਸਮਾਨ ਢੋਣ ਲਈ ਬਣੇ ਹਨ ਉਹਨਾਂ ਦੀ ਵਰਤੋਂ ਸਵਾਰੀਆਂ ਢੋਣ ਲਈ ਆਮ ਹੀ ਕੀਤੀ ਜਾਂਦੀ ਹੈ। ਕਿਸੇ ਨੇ ਥ੍ਰੀ-ਵੀਲਰ ਨੂੰ ਹੀ ਪੂਰੀ ਗੱਡੀ ਦਾ ਰੂਪ ਦਿੱਤਾ ਹੋਇਆ, ਕਿਸੇ ਨੇ ਘੜੁੱਕੇ ਨੂੰ ਮਿੰਨੀ ਬਸ ਦਾ ਰੂਪ। ਇਸ ਤਰ੍ਹਾਂ ਤਕਰੀਬਨ ਹਰੇਕ ਵਹੀਕਲ ਦੀ ਦੁਰਵਰਤੋਂ ਹੋ ਰਹੀ ਹੈ। ਸਾਡੇ ਛੋਟੇ ਛੋਟੇ ਸਕੂਲੀ ਬੱਚਿਆਂ ਨੂੰ ਰਿਕਸ਼ਿਆਂ, ਆਟੋਜ਼, ਘੜੁਕਿਆਂ ਆਦਿ ’ਚ ਜਾਂਦੇ ਦੇਖਦਿਆਂ ਉਹਨਾਂ ’ਤੇ ਤਰਸ ਆਉਂਦਾ ਹੈ। ਬੱਚੇ ਤੂੜੀ ਵਾਂਗ ਤੁੰਨੇ ਹੁੰਦੇ ਹਨ। ਵੱਖਰੇ ਫੱਟੇ ਲਾ ਕੇ ਵਹੀਕਲਾਂ ਤੋਂ ਬਾਹਰ ਬੱਚਿਆਂ ਨੂੰ ਖਤਰਨਾਕ ਢੰਗਾਂ ਨਾਲ ਬਿਠਾਇਆ ਹੁੰਦਾ ਹੈ। ਜਦੋਂ ਕਦੇ ਨੰਨ੍ਹੇ ਨੰਨ੍ਹੇ ਬੱਚਿਆਂ ਨਾਲ ਜਾਣ ਬੁੱਝ ਕੇ ਹਾਦਸੇ ਵਾਪਰਨ ਦੀ ਘਟਨਾ ਅਖਬਾਰਾਂ ’ਚ ਪੜ੍ਹਦੇ ਹਾਂ ਤਾਂ ਮਨ ਦਹਿਲ ਜਾਂਦਾ ਹੈ। ਪਰ ਪ੍ਰਸ਼ਾਸ਼ਨ/ਸਾਡੇ ਕਾਨੂੰਨ ਘਾੜੇ ਕੁਝ ਪਲ ਲਈ ਦੁੱਖ ਜਾਹਿਰ ਕਰਨ ਤੋਂ ਇਲਾਵਾ ਟਰੈਫਿਕ ਨਿਯਮਾਂ ਦੀ ਉਲੰਘਣਾਂ ਨੂੰ ਰੋਕਣ ਤੋਂ ਪਤਾ ਨਹੀਂ ਕਿਉਂ ਘਬਰਾਉਂਦੇ ਹਨ। ਸਰਕਾਰ ਪਾਸ ਸ਼ਾਇਦ ਇਸ ਪ੍ਰਮੁੱਖ ਸਮੱਸਿਆ ਨੂੰ ਕਾਬੂ ਕਰਨ ਲਈ ਵਿਤੀ ਸਮੱਸਿਆ ਦਾ ਤਾਂ ਕੋਈ ਕਾਰਨ ਨਹੀਂ ਬਣਦਾ ਸਗੋਂ ਚਲਾਨ ਕੱਟਣ ਨਾਲ ਖਜ਼ਾਨਾ ਭਰੇਗਾ ਹੀ, ਤਾਂ ਫਿਰ ਕਿਉਂ ਨਹੀਂ ਗੰਭੀਰਤਾ ਨਾਲ ਇਸ ਪਾਸੇ ਧਿਆਨ ਦਿੱਤਾ ਜਾਂਦਾ।
ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪਤਾ ਹੈ ਕਿ ਉਹਨਾਂ ਕਿਸ ਤਰ੍ਹਾਂ ਬਚਣਾ ਹੈ। ਜੇਕਰ ਪੂਰੀ ਤਰ੍ਹਾਂ ਸਖਤੀ ਹੋਵੇ ਤਾਂ ਅੱਗੇ ਤੋਂ ਕੋਈ ਵੀ ਵਾਹਨ ਚਾਲਕ ਸੜਕੀ ਨਿਯਮਾਂ ਦੀ ਉਲੰਘਣਾਂ ਨਹੀਂ ਕਰੇਗਾ, ਜਦੋਂ ਉਸ ਨੂੰ ਪਤਾ ਹੈ ਕਿ ਪਹਿਲਾਂ ਵੀ ਸੰਬੰਧਤ ਕਰਮਚਾਰੀਆਂ ਨਾਲ ਵਾਹ ਵਾਸਤਾ ਪੈਂਦਾ ਰਹਿੰਦਾ ਹੈ ਤੇ ਉਹਨਾਂ ਦੀ ਮੁੱਠੀ ਗਰਮ ਕਰਨ ਨਾਲ ਹੀ ਮਸਲਾ ਹੱਲ ਹੋ ਜਾਂਦਾ ਹੈ। ਬਹੁਤੇ ਵਾਹਨ ਬਿਨਾਂ ਨੰਬਰ ਪਲੇਟਾਂ ਤੋਂ ਹੀ ਘੁੰਮਦੇ ਦੇਖੇ ਜਾ ਸਕਦੇ ਹਨ। ਹੈਲਮਟ ਨਾ ਪਾਉਣਾ, ਪ੍ਰਦੂਸ਼ਣ ਸਰਟੀਫਿਕੇਟ ਦਾ ਨਾ ਹੋਣਾ, ਵਾਧੂ ਸਵਾਰੀਆਂ, ਵਾਧੂ ਵਜਨ, ਵਾਧੂ ਸਪੀਡ ਆਦਿ ਦੇ ਚਲਾਣ ਕਰਨ ਦੀ ਬਜਾਇ ਪੈਸੇ ਜੇਬਾਂ ’ਚ ਚਲੇ ਜਾਂਦੇ ਹਨ।
ਸਾਡਾ ਦੇਸ਼ ਟ੍ਰੈਫਿਕ ਨਿਯਮਾਂ ਦੀ ਪਾਲਣਾ ਪੱਖੋਂ ਬਾਹਰਲੇ ਦੇਸ਼ਾਂ ਨਾਲੋਂ ਬਹੁਤ ਪੱਛੜਿਆ ਹੋਇਆ ਹੈ। ਵਿਦੇਸ਼ਾਂ ਵਿਚ ਪੁਲਿਸ ਈਮਾਨਦਾਰੀ ਨਾਲ ਕੰਮ ਕਰਦੀ ਹੈ। ਮੇਰਾ ਦੋਸਤ ਗੁਰਪ੍ਰੀਤ ਸਿੰਘ ਢੀਂਡਸਾ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕੈਨੇਡਾ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ। ਅਕਸਰ ਜਦੋਂ ਵੀ ਉਹ ਪੰਜਾਬ ਆਉਂਦਾ ਤਾਂ ਉਸ ਨਾਂਲ ਉਧਰ ਦੇ ਸੜਕ ਨਿਯਮਾਂ ਬਾਰੇ ਜਰੂਰ ਗੱਲਾਂ ਹੁੰਦੀਆਂ ਹਨ। ਉਹ ਆਪ ਵੀ ਡਰਾਇਵਰੀ ਹੀ ਕਰਦਾ ਹੈ। ਇਸ ਲਈ ਦੋਹਾਂ ਦੇਸ਼ਾਂ ਦੀ ਇਸ ਵਿਸ਼ੇ ਬਾਰੇ ਸਮੀਖਿਆ ਕਰ ਲੈਂਦੇ ਹਾਂ। ਉਧਰ ਐਕਸੀਡੈਂਟ ਹੋਣ ’ਤੇ ਤੁਰੰਤ ਪੁਲਿਸ ਐਂਬੂਲੈਂਸ ਇਕ ਕਾਲ ਕਰਨ ’ਤੇ ਹੀ ਆ ਜਾਂਦੀ ਹੈ ਤੇ ਮਰੀਜ਼ ਨੂੰ ਸਭ ਤੋਂ ਪਹਿਲਾਂ ਬਚਾਉਣ ਦਾ ਕੰਮ ਕਰਦੀ ਹੈ। ਪਰ ਆਪਣੇ ਤਾਂ ਇਧਰ ਭਾਵੇਂ ਫੋਨ ਨੰਬਰ ਤਾਂ ਸਰਕਾਰੀ ਦਿੱਤੇ ਹੁੰਦੇ ਹਨ, ਉਹ ਜਾਂ ਤਾਂ ਚਾਲੂ ਹਾਲਤ ’ਚ ਨਹੀਂ ਹੁੰਦੇ ਜਾਂ ਕੋਈ ਚੁੱਕਦਾ ਹੀ ਨਹੀਂ, ਜੇ ਕੋਈ ਚੁੱਕ ਵੀ ਲਵੇ ਤਾਂ ਉਥੇ ਸੰਬੰਧਤ ਅਧਿਕਾਰੀ/ਕਰਮਚਾਰੀ ਹਾਜ਼ਰ ਹੀ ਨਹੀਂ ਹੁੰਦੇ, ਜੇ ਹਾਜ਼ਰ ਵੀ ਹੋਣ ਤਾਂ ਉਹਨਾਂ ਦੀਆਂ ਗੱਡੀਆਂ ਸਟਾਰਟ ਹੀ ਨਹੀਂ ਹੁੰਦੀਆਂ, ਜੇ ਇਹ ਕਰਮਚਾਰੀ ਆ ਵੀ ਜਾਂਦੇ ਹਨ ਤਾਂ ਹਾਦਸਾਗ੍ਰਸਤ ਵਿਅਕਤੀ ਅਤੇ ਉਸ ਨੂੰ ਸੰਭਾਲਣ ਵਾਲੇ ਨੂੰ ਤੰਗ ਵੱਧ ਪਰ ਹਮਦਰਦੀ ਘੱਟ ਦਿਖਾਈ ਜਾਂਦੀ ਹੈ। ਮਦਦ ਕਰਨ ਵਾਲੇ ਪੁਲਿਸ ਚੱਕਰਾਂ ਤੋਂ ਡਰਦੇ ਹਨ। ਸਾਡੇ ਦੇਸ਼ ਵਿਚ ਹਾਦਸਾਗ੍ਰਸਤ ਵਿਅਕਤੀਆ ਨੂੰ ਪ੍ਰਮਾਤਮਾ ਹੀ ਬਚਾਉਂਦਾ ਹੈ। ਸਰਕਾਰ ਨੂੰ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਭਵਿੱਖ ਵਿਚ ਸੜਕ ਆਵਾਜਾਈ ਦੇ ਹੋਰ ਵਧਣ ਦੇ ਆਸਰਾਂ ਨੂੰ ਮੁੱਖ ਰੱਖਦੇ ਹੋਏ ਟਰੈਫਿਕ ਨਿਯਮਾਂ ਨੂੰ ਪੂਰੀ ਸਖਤੀ ਨਾਲ ਇੰਨ ਬਿੰਨ ਲਾਗੂ ਕਰਨ ਦੀ ਲੋੜ ਹੈ।
ਮੇਜਰ ਸਿੰਘ ਨਾਭਾ
ਗੁਰੂ ਤੇਗ ਬਹਾਦਰ ਨਗਰ
ਚੌਧਰੀ ਮਾਜਰਾ ਰੋਡ, ਨਾਭਾ।
Øਮੋਬਾਇਲ 9463553962

0 comments:
Speak up your mind
Tell us what you're thinking... !