ਸੱਚੀ ਬੜਾ ਦੁੱਖ ਹੁੰਦਾ ਹੈ ਜਦੋਂ ਛੋਟੇ ਬੱਚਿਆਂ ਤੋਂ ਲੈ ਕੇ ਸਿਆਣੇ ਬਜੁਰਗਾਂ ਦੇ ਮੂੰਹੋਂ ਧੀਆਂ-ਭੈਣਾਂ ਤੇ ਮਾਵਾਂ ਦੀਆਂ ਗੰਦੀਆਂ ਗਾਲ੍ਹਾਂ ਕੱਢਦੀਆਂ ਸੁਣਦੀ ਹਾਂ। ਆਪਣੇ ਆਪ ਨੂੰ ਪ੍ਰਸ਼ਨ ਕਰਦੀ ਹਾਂ ਕਿ ਮਰਦ ਜਾਂ ਬੱਚੇ ਲੜ ਤਾਂ ਆਪਸ ਵਿੱਚ ਰਹੇ ਹਨ ਪਰ ਮਾਂ-ਭੈਣ ਤੇ ਧੀ ਨੂੰ ਗਾਲ੍ਹਾਂ ਕਿਉਂ ਕੱਢ ਰਹੇ ਹਨ? ਪਰ ਕਦੇ ਵੀ ਇਸ ਗੱਲ ਦਾ ਉਤਰ ਨਹੀਂ ਮਿਲਿਆ। ਬੱਸਾਂ ਵਿੱਚ ਸਫ਼ਰ ਕਰਦਿਆਂ, ਆਮ ਸਮਾਜ ਵਿੱਚ ਵਿਚਰਦਿਆਂ ਸਦਾ ਹੀ ਅਜਿਹੀਆਂ ਘਟਨਾਵਾਂ ਨਾਲ ਵਾਹ ਪੈਂਦਾ ਹੈ। ਉਥੇ ਮਨ ਵਿੱਚ ਅਨੇਕਾਂ ਸਵਾਲ ਪੈਦਾ ਹੁੰਦੇ ਹਨ ਕਿ ਇਹ ਮਰਦ ਕਦੋਂ ਤੱਕ ਆਪਣਾ ਗੁੱਸਾ ਔਰਤ ਤੇ ਕੱਢਦੇ ਰਹਿਣਗੇ। ਇੱਕ ਦਿਨ ਬੱਸ ਵਿੱਚ ਸਫ਼ਰ ਕਰਦਿਆਂ ਬੱਸ ਡਰਾਈਵਰ ਅਤੇ ਟਰੱਕ ਡਰਾਈਵਰ ਦੀ ਆਪਸੀ ਲੜਾਈ ਦੌਰਾਨ ਉਨ੍ਹਾਂ ਨੇ ਜੋ ਆਪਸ ਵਿੱਚ ਗਾਲ੍ਹੀ ਗਲੋਚ ਕੀਤਾ ਉਥੇ ਬੱਸ ਵਿੱਚ ਬੈਠੀਆਂ ਔਰਤ ਸਵਾਰੀਆਂ ਕੰਨਾਂ ਤੇ ਹੱਥ ਰੱਖਣ ਲਈ ਮਜ਼ਬੂਰ ਹੋ ਗਈਆਂ ਪਰ ਵਿਰੋਧ ਕਿਸੇ ਨੇ ਵੀ ਨਹੀਂ ਕੀਤਾ। ਇਹ ਮਰਦ ਵੀ ਆਪਸ ਵਿੱਚ ਆਪਣੇ ਪ੍ਰਤੀ ਇੱਕ ਵੀ ਸ਼ਬਦ ਨਹੀਂ ਬੋਲਦੇ ਪਰ ਆਪਣਾ ਸਾਰਾ ਗੁੱਸਾ ਇੱਕ-ਦੂਸਰੇ ਦੀ ਮਾਂ,ਧੀ, ਭੈਣ ਤੇ ਕੱਢ ਦਿੰਦੇ ਹਨ। ਇਨ੍ਹਾਂ ਮਰਦ ਵੀਰਾਂ ਨੂੰ ਕੋਈ ਪੁਛਣ ਵਾਲਾ ਹੋਵੇ ਕਿ ਗਲਤੀ ਤਾਂ ਤੁਸੀ ਕੀਤੀ ਹੈ ਪਰ ਇੱਕ-ਦੂਸਰੇ ਤੇ ਇੱਕ-ਦੂਜੇ ਦੀਆਂ ਮਾਵਾਂ-ਧੀਆਂ, ਭੈਣਾਂ ਨੇ ਤੁਹਾਡਾ ਕੀ ਵਿਗਾੜਿਆ ਹੈ। ਜਿਨ੍ਹਾਂ ਕਦੇ ਤੁਹਾਨੂੰ ਦੇਖਿਆ ਵੀ ਨਹੀਂ। ਉਹਨਾਂ ਨੂੰ ਘਰ ਬੈਠੀਆਂ ਨੂੰ ਗਾਲ੍ਹਾਂ ਕਿਉਂ ਕੱਢਦੇ ਹੋ? ਇਹੋ ਜਿਹਾ ਵਰਤਾਰਾ ਸਾਡੇ ਸਮਾਜ ਵਿੱਚ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਤੇ ਪਤਾ ਨਹੀਂ ਕਦੋਂ ਤੱਕ ਚਲਦਾ ਰਹੇਗਾ। ਹਰ ਮਰਦ ਤੇਰੀ ਮਾਂ ਨੂੰ, ਤੇਰੀ ਧੀ ਨੂੰ, ਤੇਰੀ ਭੈਣ ਨੂੰ ਅਨੇਕਾਂ ਭਿਆਨਕ ਭਰੇ ਭੈੜੇ ਤੋਂ ਭੈੜੇ ਸ਼ਬਦ ਵਰਤਦੇ ਗਾਲ੍ਹਾਂ ਕੱਢ ਕੇ ਆਪਣੀ ਜੁਬਾਨ ਗੰਦੀ ਕਰਦੇ ਹਨ। ਪਰ ਕਦੀ ਵੀ ਕਿਸੇ ਮਰਦ ਨੂੰ ਤੇਰੇ ਪਿਓ, ਤੇਰੇ ਭਰਾਂ ਨੂੰ, ਤੇਰੇ ਪੁੱਤ ਨੂੰ ਅਜਿਹੇ ਸ਼ਬਦ ਨਹੀਂ ਵਰਤੇ ਅਜਿਹਾ ਕਿਉਂ ? ਕਿਰਪਾ ਕਰਕੇ ਜੇਕਰ ਕਿਸੇ ਮਰਦ ਵੀਰ ਕੋਲ ਇਸ ਗੱਲ ਦਾ ਜਵਾਬ ਹੋਵੇ ਤੇ ਮੈਨੂੰ ਜਰੂਰ ਦੱਸੇ। ਮਰਦ ਵੀਰੋ ਉਂਝ ਤਾਂ ਅਸੀਂ ਕੰਜਕਾਂ ਦੀ ਪੂਜਾ ਕਰਦੇ ਹਾਂ। ਪਰ ਪਰਸ਼ਾਦ ਦੇ ਰੂਪ ਵਿੱਚ ਉਨ੍ਹਾਂ ਨੂੰ ਗਾਲ੍ਹਾਂ ਭੇਂਟ ਕਰਦੇ ਹਾਂ। ਦਿਨ-ਰਾਤ, ਵੇਲੇ-ਕੁਵੇਲੇ ਆਪਣਾ ਗੁੱਸਾਂ ਗਾਲ੍ਹਾਂ ਦੇ ਰੂਪ ਵਿੱਚ ਔਰਤ ਤੇ ਹੀ ਕਿਉਂ। ਲੇਖ ਪੜ੍ਹ ਕੇ ਆਪਣੇ ਆਪ ਨੂੰ ਇਹ ਜਰੂਰ ਪੁਛੋ ਕਿ ਮੈਂ ਕੁੱਝ ਗਲਤ ਤਾਂ ਨਹੀਂ ਪੁਛਿਆ। ਅਧਿਆਪਕ ਹੋਣ ਦੇ ਨਾਤੇ ਮੈਂ ਆਪਣੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਇਹ ਗੱਲਾਂ ਹਮੇਸ਼ਾ ਸਾਂਝੀਆਂ ਕਰਦੀ ਰਹਿੰਦੀ ਹਾਂ ਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਤੇ ਸਖ਼ਤ ਸਜ਼ਾ ਵੀ ਦਿੰਦੀ ਹਾਂ ਅਤੇ ਕਹਿੰਦੀ ਹਾਂ ਕਿ ਤੁਸੀ ਆਪਣੇ ਬਜੁਰਗਾਂ, ਚਾਚੇ, ਤਾਏ, ਪਿਤਾ ਜਾਂ ਦਾਦੇ ਤੋਂ ਪੁੱਛ ਕੇ ਆਉਣਾ ਕਿ ਗਾਲ੍ਹਾਂ ਹਮੇਸ਼ਾ ਔਰਤਾਂ ਨੂੰ ਹੀ ਕਿਉਂ ਕੱਢੀਆਂ ਜਾਂਦੀਆ ਹਨ। ਪ੍ਰਸਿੱਧ ਕਥਾ ਵਾਚਕ ਮਸਕੀਨ ਜੀ ਨੇ ਕਥਾ ਕਰਦਿਆਂ ਇੱਕ ਵਾਰ ਕਿਹਾ ਸੀ ਕਿ ਇਨਸਾਨ ਦੀਆਂ ਚੰਗੀਆਂ-ਬੁਰੀਆਂ ਆਦਤਾਂ ਪਿਛੇ 90 ਪ੍ਰਤੀਸ਼ਤ ਮਾਂ ਦਾ ਹੱਥ ਹੁੰਦਾ ਹੈ। ਇਸ ਕਰਕੇ ਉਸ ਨੂੰ ਮਾਂ ਦੀ ਗਾਲ ਦਿੱਤੀ ਜਾਂਦੀ ਹੈ ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਜਦੋਂ ਕਿ ਔਰਤ ਚੰਗਾ ਕੰਮ ਕਰਦੀ ਹੈ ਤਾਂ ਉਸ ਨੂੰ ਬਜੁਰਗ ਔਰਤਾਂ ਵੱਲੋਂ ਇਹ ਅਸੀਸਾਂ ਦੇ ਕਿ ਨਵਾਜਿਆ ਜਾਂਦਾ ਹੈ ਕਿ ਉਹ ਸਦਾ ਸੁਹਾਗਨ ਰਹੇ, ਦੁੱਧੀ ਨਹਾਵੇ, ਪੁੱਤੀ ਫਲੇ, ਰੱਬ ਤੇਨੂੰ ਪੁੱਤਰ ਬਖਸ਼ੇ, ਤੇਰੇ ਪੁੱਤਾਂ ਦੀਆਂ ਜੋੜੀਆਂ ਸਦਾ ਬਣੀਆਂ ਰਹਿਣ, ਰੱਬ ਤੇਨੂੰ ਵੀਰ ਦੇਵੇ, ਤੇਰੇ ਵੀਰ ਦੀ ਲੰਬੀ ਉਮਰ ਹੋਵੇ, ਕੁੜੀਆਂ ਜਾਂ ਔਰਤਾਂ ਦੇ ਹਰ ਚੰਗੇ ਕੰਮ ਕਰਕੇ ਉਸ ਦਾ ਫਲ ਆਪਣੇ ਪਤੀ,ਪੁੱਤਰ ਜਾਂ ਭਰਾ ਲਈ ਮੰਗਦੀਆਂ ਹਨ ਤਾਂ ਫਿਰ ਮਰਦ ਵੀਰ ਕਿਉਂ ਕੋਝਾ ਤੇ ਮਾੜਾ ਕੰਮ ਕਰਕੇ ਗਾਲ੍ਹਾਂ ਔਰਤਾਂ ਨੂੰ ਕੱਢਦੇ ਹਨ। ਮਰਦ ਵੀਰੋਂ ਲਕੀਰ ਦੇ ਫਕੀਰ ਨਾ ਬਣੋ ਕਿ ਪੁਰਾਣੇ ਸਮੇਂ ਵਿੱਚ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਅਤੇ ਸਾਡਾ ਵੀ ਹੱਕ ਹੈ ਕਿ ਅਸੀਂ ਵੀ ਗਾਲ੍ਹਾਂ ਕਢਾਂਗੇ। ਜੇਕਰ ਅਸੀਂ ਪੁਰਾਣੇ ਜਮਾਨੇ ਦੀਆਂ ਸਮਾਜਿਕ ਬੁਰਾਈਆਂ ਛੱਡ ਕੇ ਚੰਨ੍ਹ ਤੇ ਪਹੁੰਚ ਗਏ ਹਾਂ ਅਤੇ ਬਹੁਤ ਤਰੱਕੀ ਕਰਕ ਗਏ ਹਾਂ ਫਿਰ ਇਹ ਪਛੜਿਆਪਣ ਕਿਉਂ ਹੈ ? ਛੋਟੇ ਬੱਚਿਆਂ ਅਤੇ ਆਦਮੀਆਂ ਨੂੰ ਗਾਲ੍ਹਾਂ ਕੱਢਣ ਦੀ ਐਸੀ ਆਦਤ ਪਈ ਹੁੰਦੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦੇ ਮੂੰਹੋਂ ਗਾਲ ਕਦੋਂ ਨਿਕਲ ਗਈ। ਜੇਕਰ ਉਹਨਾਂ ਨੂੰ ਕਿਹਾ ਜਾਵੇ ਕਿ ਗਾਲ ਕਿਉਂ ਕੱਢੀ ਹੈ ਤਾਂ ਉਨ੍ਹਾਂ ਨੂੰ ਯਾਦ ਵੀ ਨਹੀਂ ਹੁੰਦਾ ਕਿ ਉਨ੍ਹਾਂ ਨੇ ਗਾਲ ਕੱਢੀ ਹੈ।ਇਸ ਗੱਲ ਤੋਂ ਇਹ ਲਗਦਾ ਹੈ ਕਿ ਉਨ੍ਹਾਂ ਨੂੰ ਗੁੜਤੀ ਹੀ ਗਾਲ੍ਹਾਂ ਦੀ ਮਿਲੀ ਹੈ ਗਾਲ੍ਹਾਂ ਉਨ੍ਹਾਂ ਦੇ ਖੂਨ ਵਿੱਚ ਰੱਚ ਗਈਆਂ ਹਨ। ਅੱਜ-ਕੱਲ ਸਾਡੀਆਂ ਫਿਲਮਾਂ ਜੋ ਸਮਾਜ ਨੂੰ ਸੇਧ ਦੇਣ ਲਈ ਬਣਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਹੀਰੋ ਜਿਨ੍ਹਾਂ ਨੂੰ ਅਸੀਂ ਸਿਰ-ਅੱਖਾਂ ਤੇ ਬਿਠਾਉਂਦੇ ਹਾਂ। ਉਹ ਆਪਣੀਆਂ ਫਿਲਮਾਂ ਵਿੱਚ ਘਟੀਆ ਸ਼ਬਦਾਵਲੀ ਵਰਤਦੇ ਹਨ ਅਤੇ ਗਾਲ੍ਹਾਂ ਦੀ ਵਰਤੋਂ ਕਰਦੇ ਹਨ। ਜਿਵੇਂ ਭਰੂਣ-ਹੱਤਿਆ, ਦਾਜ ਪ੍ਰਥਾ, ਰਿਸ਼ਵਤ ਖੌਰੀ, ਚੋਰੀ-ਡਿਕੈਤੀ ਸਮਾਜਿਕ ਸਮੱਸਿਆਵਾਂ ਹਨ ਤੇ ਇਹਨਾਂ ਦਾ ਹੱਲ ਲੱਭਣਾ ਜਰੂਰੀ ਹੈ। ਉਸ ਤਰ੍ਹਾਂ ਗਾਲ੍ਹਾਂ ਕੱਢਣ ਨੂੰ ਵੀ ਸਮਾਜਿਕ ਅਪਰਾਧ ਮੰਨ ਕੇ ਇਸ ਤੇ ਪਾਬੰਧੀ ਲਗਾਉਣੀ ਜਰੂਰੀ ਹੈ ਤਾਂ ਜੋ ਸਮਾਜ ਨੂੰ ਗੰਧਲਾ ਹੋਣ ਤੋਂ ਬਚਾ ਸਕੀਏ ਤੇ ਨਰੋਏ ਸਮਾਜ ਦੀ ਸਥਾਪਨਾ ਕਰ ਸਕੀਏ। ਮਰਦ ਵੀਰੋ ਸਦੀਆਂ ਤੋਂ ਆਪਣੀ ਜੁਬਾਨ ਗੰਦੀ ਕਰਦੇ ਆਏ ਹੋ ਜੇਕਰ ਕਿਸੇ ਔਰਤ ਨੇ ਇਸ ਦਾ ਵਿਰੋਧ ਨਹੀਂ ਕੀਤਾ ਤਾਂ ਤੁਸੀਂ ਇਸ ਨੂੰ ਆਪਣਾ ਜਨਮ-ਸਿੱਧ ਅਧਿਕਾਰ ਸਮਝਕੇ ਇਸ ਦੀ ਅੱਜ ਤੱਕ ਧੜੱਲੇ ਨਾਲ ਵਰਤੋਂ ਕਰਦੇ ਆਏ ਹੋ। ਸੋਚੋ ਔਰਤ ਤੁਹਾਡੇ ਲਈ ਕੀ ਨਹੀਂ ਕਰਦੀ। ਔਰਤ ਕਰਕੇ ਹੀ ਇਹ ਸਮਾਜ ਸੋਹਣਾ ਤੇ ਰਹਿਣ ਯੋਗ ਹੈ। ਜੇਕਰ ਸਮਾਜ ਵਿੱਚ ਔਰਤ ਨਾ ਹੋਵੇ ਤਾਂ ਇਹ ਸਮਾਜ ਅਤੇ ਇਨਸਾਨ ਜੰਗਲੀ ਜਾਨਵਰ ਵਾਂਗ ਬਣ ਜਾਵੇਗਾ। ਤੁਸੀ ਆਪਣੇ ਘਰ ਹੀ ਵੇਖੋ ਜੇਕਰ ਘਰ ਮਾਂ ਜਾਂ ਪਤਨੀ ਨਹੀਂ ਹੁੰਦੀ ਤਾਂ ਘਰ ਕਿਵੇਂ ਬਿਖਰ ਜਾਂਦਾ ਹੈ ਅਤੇ ਤੁਹਾਡੀ ਜਿੰਦਗੀ ਵੀ, ਪਰ ਤੁਸੀਂ ਉਨ੍ਹਾਂ ਨੂੰ ਸਦੀਆਂ ਤੋਂ ਗਾਲ੍ਹਾਂ ਤੋਹਫੇ ਦੇ ਰੂਪ ਵਿੱਚ ਦਿੰਦੇ ਆਏ ਹੋ ਕਿਉਂ ? ਜੇਕਰ ਤੁਸੀਂ ਮਨਦੇ ਹੋ ਕੇ ਹਰ ਮਰਦ ਤੇ ਔਰਤ ਵਿੱਚ ਆਤਮਾ ਹੈ ਅਤੇ ਆਤਮਾ ਪ੍ਰਮਾਤਮਾ ਦਾ ਅੰਸ਼ ਹੈ ਤਾਂ ਹਰ ਔਰਤ ਦੀ ਆਤਮਾ ਜੋ ਪ੍ਰਮਾਤਮਾ ਦਾ ਅੰਸ਼ ਹੈ ਉਸ ਵੇਲੇ ਕਿੰਨਾਂ ਜਖ਼ਮੀ ਅਤੇ ਕੁਰਲੋਂਦੀ ਹੋਵੇਗੀ, ਜਦੋਂ ਉਸ ਪ੍ਰਮਾਤਮਾ ਦੇ ਅੰਸ਼ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ। ਮਹਾਤਮਾ ਬੁੱਧ ਜੀ ਦੇ ਵਚਨ ਹਨ ਜੇਕਰ ਕੋਈ ਕਿਸੇ ਨੂੰ ਬੁਰਾ ਵਚਨ ਕਹਿੰਦਾ ਹੈ ਤੇ ਉਹ ਅੱਗੋਂ ਜਵਾਬ ਨਹੀਂ ਦਿੰਦਾ ਤਾਂ ਉਹ ਚੀਜ਼ ਦੇਣ ਵਾਲੇ ਦੀ ਝੋਲੀ ਵਿੱਚ ਪੈਂਦੀ ਹੈ। ਭਾਵ ਤੁਸੀਂ ਆਪਣੇ ਭੈੜੇ ਕਰਮਾਂ ਦਾ ਭੁਗਤਾਨ ਆਪ ਕਰੋਗੇ। ਸੋ ਵੇਖ ਲਵੋ, ਸੋਚ ਲਵੋ ਅੱਗੇ ਤੁਹਾਡੀ ਮਰਜ਼ੀ। ਅੱਗੇ ਮੇਰੇ ਮਰਦ ਵੀਰਾਂ ਨੂੰ ਲੇਖ ਨੂੰ ਪੜ੍ਹ ਕੇ ਗੁੱਸਾ ਵੀ ਆਵੇਗਾ ਅਤੇ ਕੁੱਝ ਸੂਝਵਾਨ ਇਸ ਗੱਲ ਦਾ ਸਤਿਕਾਰ ਵੀ ਕਰਨਗੇ ਕਿ ਕਿਸੇ ਨੇ ਤਾਂ ਸਾਨੂੰ ਸਮਝਾਉਣ ਤੇ ਮੱਤ ਦੇਣ ਦੀ ਕੋਸ਼ਿਸ਼ ਕੀਤੀ ਅਤੇ ਸਾਡੀ ਗਲਤੀ ਦਾ ਅਹਿਸਾਸ ਕਰਾਕੇ। ਸਾਨੂੰ ਪਾਪ ਕਰਮ ਜੋ ਅਸੀਂ ਸਦੀਆਂ ਤੋਂ ਜਾਣੇ-ਅਣਜਾਣੇ ਕਰਦੇ ਆ ਰਹੇ ਹਾਂ, ਉਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਸੋ ਮੇਰੇ ਮਰਦ ਵੀਰੋ ਨਵੇਂ ਸਾਲ ਤੇ ਪ੍ਰਣ ਕਰੀਏ ਕਿ ਜੋ ਬੂਰੀਆਂ ਆਦਤਾਂ ਸਾਡੇ ਸ਼ਖਸ਼ੀਅਤ ਨੂੰ ਨਿਵਾਂ ਕਰਦੀਆਂ ਹਨ ਉਹਨਾਂ ਨੂੰ ਛੱਡਣ ਦੀ ਕੋਸ਼ਿਸ਼ ਕਰੀਏ। ਹਰ ਬੁਰੀ ਆਦਤ ਛੱਡਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਆਪਣੀ ਸ਼ਖਸ਼ੀਅਤ ਨੂੰ ਹੋਰ ਵਧੀਆ ਬਣਾਓ ਸਭਿਅਕ, ਬੁੱਧੀਮਾਨ, ਸਮਝਦਾਰ ਬਣ ਕੇ ਆਪਣੀ ਇਸ ਆਦਤ ਤੇ ਕੰਟਰੋਲ ਕਰੋ। ਹਰ ਔਰਤ ਭਾਂਵੇ ਉਹ ਮਾਂ ਹੈ, ਭੈਣ ਹੈ, ਪਤਨੀ ਹੈ ਇਹ ਲੇਖ ਪੜ੍ਹ ਕੇ ਕੋਸ਼ਿਸ਼ ਕਰੇ ਕਿ ਹੋਰ ਸਮਾਜਿਕ ਬੁਰਾਈਆਂ ਵਾਂਗ ਗਾਲ ਸੱਭਿਆਚਾਰ ਨੂੰ ਵੀ ਖਤਮ ਕਰਨ ਵਿੱਚ ਆਪਦਾ ਯੋਗਦਾਨ ਪਾਵੇ ਅਤੇ ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਗਾਲ੍ਹਾਂ ਕੱਢਣ ਤੋਂ ਰੋਕੇ। ਮਰਦ ਤੁਹਾਡੇ ਵੱਲੋਂ ਰੋਕਣ ਤੇ ਜੇਕਰ ਨਹੀਂ ਰੁਕਣਗੇ ਤਾਂ ਸੋਚਣ ਲਈ ਜਰੂਰ ਹੀ ਮਜ਼ਬੂਰ ਹੋਣਗੇ ਕਿ ਮੈਂ ਕਿੰਨਾ ਬੇਵਕੂਫ ਤੇ ਨਾ-ਸਮਝ ਹਾਂ ਕਿ ਸਦੀਆਂ ਤੋਂ ਹੀ ਬਿਨ੍ਹਾਂ ਸੋਚੇ ਸਮਝੇ ਗਾਲ੍ਹਾਂ ਕੱਢਦਾ ਆ ਰਿਹਾ ਹਾਂ। ਪੰਜੇ ਉਗਲਾਂ ਬਰਾਬਰ ਨਹੀਂ ਹੁੰਦੀਆਂ। ਸਮਾਜ ਵਿੱਚ ਕਈ ਮਰਦ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਨੇ ਕੋਈ ਗਾਲ੍ਹ ਕਦੀ ਵੀ ਨਾ ਕੱਢੀ ਹੋਵੇ ਅਤੇ ਉਹ ਵੀ ਮੇਰੇ ਵਾਂਗ ਸੋਚਦੇ ਹੋਣਗੇ ਕਿ ਮਰਦ ਸਾਥੀ ਔਰਤਾਂ ਨੂੰ ਗਾਲ੍ਹਾਂ ਕਿਉਂ ਕੱਢਦੇ ਹਨ। ਸੋ ਸੂਝਵਾਨ ਵੀਰੋ ਤੁਹਾਡੀ ਸ਼ਖਸ਼ੀਅਤ ਵਿਰੁਧ ਜੇਕਰ ਮੇਰੇ ਵੱਲੋਂ ਕੋਈ ਸਖ਼ਤ ਸ਼ਬਦ ਵਰਤਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੀ ਹਾਂ ਪਰ ਤੁਸੀ ਮਰਦਾਂ ਨੇ ਤਾਂ ਕਦੀ ਗਾਲ੍ਹਾਂ ਕੱਢ ਕੇ ਵੀ ਮਾਫੀ ਨਹੀਂ ਮੰਗੀ।
ਸੁਖਵਿੰਦਰ ਕੌਰ
ਫਰੀਦਕੋਟ।
ਮੋਬ: ਨੰ: 81469-33733


0 comments:
Speak up your mind
Tell us what you're thinking... !