ਬਿਗਾਨੇ ਨਹੀਂ ਇਹ ਜਾਣੇ ਪਛਾਣੇ ਚੇਹਰੇ ਨੇ।
ਕੁੱਝ ਤਾਂ ਤੁਹਾਡੇ ਨੇ ਕੁੱਝ ਇਹ ਲਗਦੇ ਮੇਰੇ ਨੇ।
ਅੱਖਾਂ ਬੰਦ ਬੁਲ੍ਹ ਹਿਲੱਣ ਘੁੰਮ ਰਹੀ ਐ ਮਾਲ਼ਾ,
ਸਾਧਾਂ ਦੇ ਨਹੀਂ ਇਹ ਤਾਂ ਠੱਗਾਂ ਦੇ ਡੇਰੇ ਨੇ।
ਜਿਧਰ ਨੂੰ ਤੁਸੀਂ ਮਰਜ਼ੀ ਵੇਖੋ ਵਾਂਗ ਪਸ਼ੂਆਂ ਦੇ,
ਵੱਗ ਇਹਨਾਂ ਦੇ ਘੁੰਮਦੇ ਚਾਰ ਚੁਫੇਰੇ ਨੇ।
ਗਲੀਂ-ਬਾਤੀਂ ਕੀਲ ਲੈਂਦੇ ਨੇ ਇਹ ਬਿਨ੍ਹਾਂ ਬੀਨ ਤੋਂ,
ਫੜ੍ਹ ਪਟਾਰੀ ਪਾਉਂਦੇ ਸੱਪਣੀ ਇਹ ਸਪੇਰੇ ਨੇ।
ਲਾਲ ਬੱਤੀਆਂ ਹੂਟਰ ਵੱਜਣ ਕੁਚਲੇ ਲੋਕੀ
ਥਾਂ ਥਾਂ ਲੱਗੇ ਨਾਕੇ ਕਿਤੇ ਪੁਲਸ ਨਾ ਘੇਰੇ ਨੇ।
ਇਹਨਾਂ ਭੇਖੀਆਂ ਅਤੇ ਮਖੱਟੂਆਂ ਰਲਕੇ,
ਵਿੱਚ ਚਾਰੇ ਕੁੰਟਾਂ ਫੁੱਟ ਦੇ ਬੀਜ ਬਖੇਰੇ ਨੇ।
ਕਹਿੰਦੇ ਲੋਕਾਂ ਨੂੰ ਤਾਂ ਰੱਬ ਘਟ ਘਟ ਵੱਸਦੈ,
ਖੁਦ ਲਾ ਗੱਦੀਆਂ ਬਣੇ ਸ਼ਰੀਕ ਇਹ ਤੇਰੇ ਨੇ।
ਬਸ ਕਰ ਰੱਬਾ ਹੁਣ ਹੋਰ ਨਾ ਸਾਧ ਤੂੰ ਭੇਜੀਂ,
ਦੁਨੀਆਂ ਲੁੱਟਣ ਨੂੰ ਇਥੇ ਪਹਿਲਾਂ ਹੀ ਵਥੇਰੇ ਨੇ।
ਰੱਖ ਬਚਾਕੇ ‘ਮਾਂਗਟ’ਨੂੰ ਬਨਾਰਸ ਦੇ ਠੱਗਾਂ ਤੋਂ,
ਨਾ ਇਹ ਤੇਰੇ ਨੇ ਰੱਬਾ ਨਾ ਕੁੱਝ ਲਗਦੇ ਮੇਰੇ ਨੇ।
ਜਰਨੈਲ ਸਿੰਘ ‘ਮਾਗਟ’ ਖੰਨਾ
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-94633-19453


0 comments:
Speak up your mind
Tell us what you're thinking... !