ਰੁੱਖ ਗਮਾਂ ਦੇ ਅੰਬਰ ਛੂੰਹਦੇ, ਟੀਸੀ ਤੇ ਹੁਣ ਸਾਡਾ ਵਾਸਾ।
ਆਏ ਹਾਂ ਦਰ ਤੇਰੇ ਸੱਜਣਾ, ਆਸਾਂ ਦਾ ਲੈ ਹੱਥ’ਚ ਕਾਸਾ।
ਬਹੁਤੀ ਲੰਘਗੀ ਥੋੜ੍ਹੀ ਰਹਿਗੀ,ਆ ਜਾਵੇ ਕੋਈ ਸਾਹ ਸੁਖਾਲਾ,
ਪਾ ਖੈਰ ਤੂੰ ਲੱਪ ਕੁ ਪਿਆਰ ਦੀ, ਦੇਕੇ ਅੜਿਆ ਤੋਰ ਦਿਲਾਸਾ।
ਹੰਝੂ ਮੇਰੇ ਪਾਣੀ ਦੇ ਨਹੀਂ ,ਤੁਪਕੇ ਨੇ ਜ਼ਹਿਰ ਦੇ ਸੱਜਣਾਂ,
ਬਿਨ ਪੀਤੇ ਪਿਆਸ ਬੁਝਾਉਂਦੇ ਆ,ਜਾਵੇ ਜੇ ਕੋਈ ਪਿਆਸਾ।
ਕੀ ਐ ਸਾਡਾ ਜੀਣਾ ਸੱਜਣਾ,ਪੱਤਝੜਾਂ ਹੰਢਾਉਂਦੇ ਮਰਗੇ,
ਦਿੱਤਾ ਨਾ ਕਦੇ ਆ ਬਹਾਰਾਂ,ਮਰਦਿਆਂ ਨੂੰ ਕੋਈ ਧਰਵਾਸਾ।
ਤਾਣੀ ਉਲਝੀ ਪਿਆਰ ਸਾਡੇ ਦੀ, ਬੇਵਸ ਨੇ ਉਂਗਲਾਂ ਹੋਈਆਂ,
ਸੁਲਝਣ ਦਾ ਹੁਣ ਨਾਂ ਨੀ ਲੈਂਦੀ,ਖੜ੍ਹੇ ਵੇਖਦੇ ਲੋਕ ਤਮਾਸ਼ਾ।
ਫਸੀ ਕਿਸ਼ਤੀ ਮੰਝਧਾਰ’ਚ ਮੇਰੀ,ਇਧਰ ਨਾ ਹੁਣ ਉਧਰ ਜਾਵੇ,
ਮੁੱਕਿਆ ਲਗਦੈ ਦਾਣਾ ਪਾਣੀ,ਸਾਹਾਂ ਦਾ ਵੀ ਕੀ ਭਰਵਾਸਾ।
ਸੱਜਣਾ ਤੂੰ ਵੀ ਮੌਸਮ ਵਾਂਗੂੰ,ਚੁੱਪ ਚਪੀਤਾ ਬਦਲ ਗਿਆ ਏਂ,
ਗੁਆਚੇ ਸੁਪਨੇ ਵਾਂਗ ‘ਮਾਂਗਟ’ ਆਜਾ ਹੁਣ ਤੂੰ ਬੰਨ੍ਹ ਮੰਡਾਸਾ।
ਜਰਨੈਲ ਸਿੰਘ ‘ਮਾਂਗਟ’ ਖੰਨਾ
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-94633-19453


0 comments:
Speak up your mind
Tell us what you're thinking... !