ਖਾਬਾਂ ਦੀ ਮੈਂ ਜਿੰਦਗੀ ਸਾਰੀ ,ਯਾਦਾਂ ਵਿੱਚ ਪਰੋਈ ਸੱਜਣਾ।
ਕੀ ਪਤਾ ਕਦ ਮੁੱਕਜੇ ਚੰਦਰੀ,ਫੁੱਲ੍ਹਾਂ’ਚੋਂ ਖੁਸ਼ਬੋਈ ਸੱਜਣਾ।
ਮਕਤਲ ਦੇ ਵਿੱਚ ਇਕ ਇਕ ਕਰਕੇ,ਜਾ ਰਹੀਆਂ ਨੇ ਮੇਰੀਆਂ ਸੱਧਰਾਂ,
ਦੇਹ ਚਾਵਾਂ ਦੀ ਬ੍ਰਿਹੋਂ ਵੇਹੜੇ,ਵੇਖ ਪਈ ਅਧਮੋਈ ਸੱਜਣਾ।
ਬਣ ਵਰੋਲੇ ਨਿੱਤ ਗਮਾਂ ਦੇ ਅੜਿਆ,ਦਿੱਲ ਮੇਰੇ’ਚ ਘੁੰਮਦੇ ਰਹਿੰਦੇ,
ਤੇਰੇ ਬਾਝੋਂ ਬੇਘਰਿਆਂ ਨੂੰ,ਦੇਣੀ ਪੈ ਗਈ ਢੋਈ ਸੱਜਣਾ।
ਅਪਣਾ ਆਪ ਮਿਟਾਉਂਣੋਂ ਪਹਿਲਾ,ਕਿਵੇਂ ਮਿਟਾਵਾਂ ਫੋਟੋ ਤੇਰੀ,
ਬਣ ਪੱਥਰ ਦਾ ਛਾਪਾ ਜੋ,ਦਿੱਲ ਤੇ ਉਕਰੀ ਹੋਈ ਸੱਜਣਾ।
ਤੇਲ ਤੇ ਬੱਤੀ ਜਲ ਗਏ ਦੋਵੇਂ,ਬੁਝਿਆ ਨਾ ਆਸਾਂ ਦਾ ਦੀਵਾ,
ਦਿੱਲ ਮੇਰੇ ਦੀ ਮੱਮਟੀ ਉਤੋਂ,ਕਿਰਨ ਨਾ ਆਵੇ ਕੋਈ ਸੱਜਣਾ।
ਮਾਰ ਅਵਾਜ਼ਾਂ ਵੇਖੀਆਂ ਬੜੀਆਂ,ਲੈਂਦਾ ਨਾ ਇਹ ਨਾ ਰੁਕਣ ਦਾ,
ਮੁੱਕ ਜਾਵੇ ਇਹ ਸਫਰ ਸਮੇਂ ਦਾ,ਨਿੱਤ ਕਰਾਂ ਅਰਜ਼ੋਈ ਸੱਜਣਾ।
ਘਟਾ ਦੁਖਾਂ ਦੀ ਕਾਲੀ ‘ਮਾਂਗਟ’ ਮੀਂਹ ਵਰਸਾਉਂਦੀ ਦਰਦਾਂ ਦਾ,
ਪੀੜਾਂ ਦੇ ਗੜਿਆਂ ਤੋਂ ਜਿੰਦ ਨੂੰ,ਕਦ ਤੱਕ ਫਿਰਾਂ ਲਕੋਈ ਸੱਜਣਾ।
ਜਰਨੈਲ ਸਿੰਘ ‘ਮਾਗਟ’ ਖੰਨਾ
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-94633-19453


0 comments:
Speak up your mind
Tell us what you're thinking... !