ਜੂਝ ਰਿਹੈ ਇਨਸਾਨ ਅੱਜ ਦਾ,ਤਰਾਂ ਤਰਾਂ ਦੇ ਦੁੱਖਾਂ ਨਾਲ।
ਮਾਰ ਹੱਥ ਮੱਥੇ ਤੇ ਝੂਰੇ,ਛੇੜ ਛਾੜ ਕਰ ਰੁੱਖਾਂ ਨਾਲ।
ਪੂਜਣ ਯੋਗ ਬਣਾਈਂ ਫਿਰਦੈ,ਪਸ਼ੂ ਪਰਿੰਦਿਆਂ ਨੂੰ ਇਹ।
ਘਰ’ਚ ਰੁਲਦੇ ਬੁੱਢੇ ਮਾਪੇ,ਤੋੜੀ ਪ੍ਰੀਤ ਮਨੁੱਖਾਂ ਨਾਲ।
ਕਰੀਂ ਬਰੂਦ ਇਕੱਠਾ ਜਾਂਦੈ,ਬੈਠਾ ਢੇਰੀਆਂ ਲਾਈਂ,
ਝੁੱਗੀਆਂ ਝੌਂਪੜੀਆ ਵਿੱਚ,ਮਰਦੇ ਬੱਚੇ ਭੁੱਖਾਂ ਨਾਲ।
ਰਿਸ਼ਤੇ ਨਾਤੇ ਤੋੜਕੇ ਸਾਰੇ, ਫਿਰੇ ਫਰਿਸ਼ਤਾ ਬਣਿਆ,
ਦਾਜ ਖ਼ਾਤਰ ਧੀਆਂ ਸਾੜੇ,ਵੈਰ ਕਮਾਵੇ ਕੁੱਖਾਂ ਨਾਲ।
ਖੁੱਲ਼ਾ ਵੇਖ ਮੂੰਹ ਤੌੜੀ ਦਾ, ਰੂਪ ਇਹ ਧਾਰੇ ਕੁੱਤੇ ਦਾ
ਅਪਣੀ ਵਾਰੀ ਹੱਸਕੇ ਸਾਰੇ,ਵੜੇ ਪਕਾਵੇ ਥੁੱਕਾਂ ਨਾਲ।
ਰੋਗ ਟੱਪਿਆ ਹੱਦਾਂ ਬੰਨੇ,ਡਾਕਟਰ ਕੋਲੋਂ ਡਰਦੈ,
ਕਿਵੇਂ ਟੁੱਟੂ ਰੋਗ ਇਸਦਾ, ਥਾਂ ਥਾਂ ਸੁੱਖੀਆਂ ਸੁੱਖਾਂ ਨਾਲ।
ਨਾ ਭਾਲ੍ਹੇ ਇਹ ਸਲਾਦ ਸਾਲੂਣੇ,ਨਾ ਹੁਣ ਗਲਾਸੀ ਮੰਗੇ,
ਖੜ੍ਹ ਚੌਂਕ’ਚ ਪੀਂਦੈ ‘ਮਾਂਗਟ’ਲਾਲ ਪਰੀ ਨੂੰ ਬੁੱਕਾਂ ਨਾਲ।
ਲੇਖਕ:-ਜਰਨੈਲ ਸਿੰਘ ‘ਮਾਗਟ’ ਖੰਨਾ
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-94633-19453


0 comments:
Speak up your mind
Tell us what you're thinking... !