ਜਦ ਤੋਂ ਗੁਰੂ ਨਾਨਕ ਨਾਮ ਦੀਆਂ ਇਲਾਹੀ ਕਿਰਨਾਂ ਇਸ ਧਰਤੀ ਉੱਤੇ ਪਈਆਂ ਤੱਦ ਤੋਂ ਹੀ ਗੁਰੂ ਜੀ ਵੱਲੋਂ ਚਲਾਏ ਸਿੱਖ ਧਰਮ ਨੇ ਹਮੇਸ਼ਾ ਹੀ ਬਰਾਬਰੀ ਵਾਲੇ ਸਮਾਜ ਲਈ ਲੜਾਈ ਲੜੀ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੰਜ ਤੱਕ ਇਸ ਲੜਾਈ ਦੀ ਪ੍ਰੰਪਰਾ ਜਾਰੀ ਹੈ। ਜਿੱਥੇ ਸਿੱਖ ਧਰਮ ਝੂਠ, ਚੋਰੀ, ਜੁਲਮ, ਬੇਇਨਸਾਫੀ, ਅਨਿਆ ਦੇ ਖਿਲਾਫ ਲੜਦਾ ਰਿਹਾ ਹੈ ਉਥੇ ਨਿਤਾਣਿਆਂ, ਲਿਤਾੜਿਆਂ ਲਈ ਵੀ ਲੜਦਾ ਰਿਹਾ ਹੈ। ਸਿੱਖ ਇਤਿਹਾਸ ’ਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਦੌਰਾਨ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ, ਗੁਰੂ ਜੀ ਦੇ ਪਰਿਵਾਰ ਅਤੇ ਸਿੰਘਾਂ ਨੂੰ ਅਨੇਕ ਮੁਸ਼ਕਿਲਾਂ ’ਚੋਂ ਗੁਜਰਨਾ ਪਿਆ। ਜਿੱਥੇ ਸਿੰਘਾਂ ਨੇ ਸਿੱਖੀ ਸਿਧਾਤਾਂ ਨੂੰ ਜਿਉਂਦੇ ਰੱਖਣ ਲਈ ਅਥਾਹ ਕੁਰਬਾਨੀਆਂ ਦਿੰਤੀਆਂ। ਉਥੇ ਗੁਰੂ ਜੀ ਦੇ ਸਾਹਿਬਜਾਦੇ ਵੀ ਆਪਾ ਵਾਰਨ ਤੋਂ ਪਿੱਛੇ ਨਾ ਹਟੇ। ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਇਕ ਇਤਿਹਾਸਕ ਮਿਸਾਲ ਹੈ ਕਿ ਉਨ੍ਹਾਂ ਮਾਸੂਮ ਜਿੰਦਾ ਨੇ ਜੁਲਮ ਮੂਹਰੇ ਹਾਰ ਨਾ ਮੰਨੀ। ਸਾਹਿਬਜਾਦਿਆਂ ਦੀ ਸਹੀਦੀ ਸੰਬੰਧੀ ਵਜੀਰ ਖਾਂ ਦੇ ਦਰਬਾਰ ਵਿੱਚ ਦੋ ਸਖਸ਼ੀਅਤਾਂ ਦਾ ਅਲੱਗ-ਅਲੱਗ ਵਿਚਾਰਾਂ ਨਾਲ ਨਾਇਕ ਅਤੇ ਖਲਨਾਇਕ ਬਣਕੇ ਪੇਸ਼ ਹੋਣਾ ਵੀ ਇਕ ਇਤਿਹਾਸਕ ਘਟਨਾ ਸੀ। ਨਾਇਕ ਦਾ ਰੋਲ ਮਲੇਰਕੋਟਲਾ ਨਵਾਬ ਸ਼ੇਰ ਮੁਹੰਮਦ ਖਾਂ ਅਤੇ ਖਲਨਾਇਕ ਦਾ ਰੋਲ ਸੁੱਚਾ ਨੰਦ ਔੜ ਵਾਲੇ ਨੇ ਨਿਭਾਇਆ।
ਗੰਗੂ ਬ੍ਰਾਹਮਣ ਦੀ ਨਮਕ ਹਰਾਮੀ ਕਰਕੇ ਛੋਟੇ ਸਾਹਿਬਜਾਦੇ ਜੋਰਾਵਰ ਸਿੰਘ ਤੇ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਗ੍ਰਿਫਤਾਰ ਹੋ ਗਏ। ਵਜੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਵਜੀਰ ਖਾਂ ਨੇ ਕਈ ਤਰੀਕੇ ਅਪਣਾ ਕੇ ਸਾਹਿਬਜਾਦਿਆਂ ਨੂੰ ਮੁਸਲਮਾਨ ਬਣਨ ਲਈ ਜੋਰ ਪਾਇਆ ਪਰ ਉਹ ਜੁਲਮ ਦੇ ਖਿਲਾਫ ਅਡੋਲ ਖੜੇ ਰਹੇ। ਹਾਰ ਕੇ ਗੁੱਸੇ ਵਿਚ ਵਜੀਰ ਖਾਂ ਨੇ ਉਨ੍ਹਾਂ ਨੂੰ ਨੀਹਾਂ ਵਿਚ ਚਿਣਨ ਦਾ ਹੁਕਮ ਦੇ ਦਿੱਤਾ।
ਮਲੇਰਕੋਟਲਾ ਨਵਾਬ ਸ਼ੇਰ ਮੁਹੰਮਦ ਖਾਂ ਚਮਕੌਰ ਦੀ ਜੰਗ ਤੋਂ ਵਾਪਿਸ ਜਾਂਦਾ ਹੋਇਆਂ ਅਜੇ ਸਰਹੰਦ ਵਿਚ ਹੀ ਸੀ। ਸਾਹਿਬਜਾਦਿਆਂ ਨੂੰ ਨੀਹਾਂ ਵਿਚ ਚਿਣ ਦੇਣ ਦੇ ਹੁਕਮ ਵੇਲੇ ਉਹ ਦਰਬਾਰ ਵਿਚ ਹੀ ਸੀ। ਵਜੀਰ ਖਾਂ ਨੂੰ ਦੋਵੇਂ ਬੱਚੇ ਸ਼ੇਰ ਮੁਹੰਮਦ ਖਾਂ ਦੇ ਹਵਾਲੇ ਕਰ ਦਿੱਤੇ ਇਨ੍ਹਾਂ ਤੋਂ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈ ਲਵੋ। ਸ਼ੇਰ ਮੁਹੰਮਦ ਖਾਂ ਨੇ ਵਜੀਰ ਖਾਂ ਦੀ ਪੇਸ਼ਕਸ਼ ਠੁਕਰਾ ਦਿੱਤੀ। ਉਸ ਨੇ ਕਿਹਾ ਉਸ ਦੇ ਭਰਾ ਜੰਗ ਵਿਚ ਮਾਰੇ ਗਏ ਸਨ। ਉਹ ਸਾਹਿਬਜਾਦਿਆਂ ਨੂੰ ਮਾਰਨ ਦੇ ਹੱਕ ਵਿੱਚ ਨਹੀਂ ਹੈ। ਇਹ ਤਾਂ ਨਿਰਦੋਸ਼ ਬੱਚੇ ਹਨ। ਵਜੀਰ ਖਾਂ ਚੁੱਪ ਕਰਕੇ ਬੈਠ ਗਿਆ। ਉਹ ਸੋਚ ਰਿਹਾ ਸੀ ਕਿ ਹੁਣ ਕੀ ਕੀਤਾ ਜਾਵੇ। ਇੰਨ੍ਹੇ ਚਿਰ ਨੂੰ ਦੀਵਾਨ ਸੁੱਚਾ ਨੰਦ ਖੱਤਰੀ ਵਜੀਰ ਖਾਂ ਨੂੰ ਭਟਕਾਉਣ ਲੱਗ ਜਨਾਬ ਸੱਪ ਦੇ ਬੱਚੇ ਸੱਪ ਹੀ ਹੁੰਦੇ ਹਨ। ਇਨ੍ਹਾਂ ਮਾਰ ਦੇਣਾ ਚਾਹੀਦਾ ਹੈ। ਮਲੇਰਕੋਟਲਾ ਨਵਾਬ ਦੀ ਨੇਕ ਸਲਾਹ ਨੇ ਵਜੀਰ ਖਾਂ ਦਾ ਮੰਨ ਬਦਲ ਦਿੱਤਾ ਸੀ ਪਰ ਦੁਸ਼ਟ ਸੁੱਚਾ ਨੰਦ ਦੇ ਕਹਿਣ ’ਤੇ ਦੁਬਾਰਾ ਹੁਕਮ ਦੀ ਤਾਮੀਲ ਕਰਨ ਦਾ ਹੁਕਮ ਦੇ ਦਿੱਤਾ। ਐਸੀ ਦਿਲ ਕੰਬਾਊ ਘਟਨਾ ਕਿਧਰੇ ਵੀ ਨਹੀਂ ਮਿਲਦੀ ਕਿ 7 ਅਤੇ 9 ਸਾਲ ਦੇ ਮਾਸੂਮ ਬੱਚਿਆਂ ਨੂੰ ਜਿਉਂਦੇ ਹੀ ਨੀਹਾਂ ਵਿਚ ਚਿਣਾ ਦਿੱਤਾ ਜਾਵੇ। 27 ਦਸੰਬਰ 1705 ਵਾਲੇ ਦਿਨ ਭਰੇ ਦਰਬਾਰ ਵਿਚ ਸਾਹਿਬਜਾਦੇ ਸ਼ਹੀਦ ਕੀਤੇ ਗਏ। ਵੱਡੇ-2 ਪਹਾੜਾ ਵਰਗੇ ਜਿਗਰੇ ਵਾਲੇ ਉਥੇ ਡੋਲ ਗਏ ਪਰ ਸੁੱਚਾ ਨੰਦ ਨੂੰ ਆਪਣੀ ਤੇ ਕੋਈ ਅਫਸੋਸ ਨਹੀਂ ਸੀ।
ਇਤਿਹਾਸ ਦੇ ਇਨ੍ਹਾਂ ਦੋਵਾਂ ਪਾਤਰਾਂ ਨਾਲ ਵਿਹਾਰ ਵੀ ਵੱਖੋ ਵੱਖਰੇ ਢੰਗ ਨਾਲ ਕੀਤਾ ਗਿਆ। ਗੁਰੂ ਜੀ ਤੇ ਸਾਹਿਬਜਾਦਿਆਂ ਦੀ ਸਹਾਦਤ ਤੋਂ ਬਾਅਦ ਸਿੱਖਾਂ ਦੀ ਵਾਗਡੋਰ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਭਾਲ ਲਈ ਸੀ। ਉਨ੍ਹਾਂ ਜਗੀਰਦਾਰਾ ਤੋਂ ਜਗੀਰਾ ਖੋਹ ਕੇ ਗਰੀਬਾਂ ਵਿਚ ਵੰਡ ਦਿੱਤੀਆਂ। ਬਰਾਬਰੀ ਵਾਲੇ ਸਮਾਜ ਲਈ ਲੜਾਈ ਲੜੀ। ਨਾਲ-ਨਾਲ ਹੀ ਉਨ੍ਹਾਂ ਨੇ ਗੁਰੂ ਜੀ ਦੇ ਸਿੰਘਾਂ ਤੇ ਪਰਿਵਾਰ ਉਤੇ ਹੋਏ ਜੁਲਮ ਦਾ ਬਦਲਾ ਲੈਣ ਲਈ ਇਤਿਹਾਸਕ ਫੈਸਲੇ ਲਏ। ਬਾਬਾ ਜੀ ਦੀ ਅਗਵਾਈ ਵਿਚ 1710 ਈ: ਨੂੰ ਸਰਹਿੰਦ ਫਤਹਿ ਕੀਤਾ ਗਿਆ। ਇਸ ਤੋਂ ਪਿੱਛੋਂ ਚਾਪੜ ਚਿੜੀ ਦੀ ਜੰਗ ਵਿਚ ਖਾਲਸਾ ਫੌਜ ਨੇ ਜਿੱਥੇ ਵਜੀਰ ਖਾਂ ਦੇ ਤੁਖਮ ਉਡਾ ਦਿੱਤੇ ਉਥੇ ਹੀ ਸਾਹਿਬਜਾਦਿਆਂ ਨੂੰ ਨੀਹਾਂ ਵਿਚ ਚਿਣਨ ਦੀ ਸ਼ਿਫਾਰਸ਼ ਕਰਨ ਵਾਲਾ ਸੁੱਚਾ ਨੰਦ ਵੀ ਸੋਧਿਆ ਗਿਆ। ਖਾਲਸਾ ਫੌਜ ਨੇ ਇੱਥੇ ਹੀ ਬੱਸ ਨਹੀਂ ਕੀਤੀ ਸਗੋਂ ਸਰਹਿੰਦ ਨੂੰ ਵੀ ਢਹਿ ਢੇਰੀ ਕਰ ਦਿੱਤਾ। ਜਦੋਂ ਖਾਲਸਾ ਫੌਜ ਨੇ ਦੋਆਬੇ ਵਿਚ ਮਾਰਚ ਕੀਤਾ ਤੱਦ ਉਸ ਨੇ ਨਵਾਂ ਸ਼ਹਿਰ ਦੇ ਨੇੜੇ ਪੈਂਦੇ ਦੀਵਾਨ ਸੁੱਚਾ ਨੰਦ (ਜਿਸ ਦਾ ਅਸਲੀ ਨਾਮ ਸੁੱਚਾ ਆਨੰਦ ਸੀ) ਦੇ ਪਿੰਡ ਔੜ ਵੀ ਚੜਾਈ ਕੀਤੀ। ਇਥੇ ਕਾਫੀ ਲੜਾਈ ਹੋਈ। ਕਾਫੀ ਸਿੰਘ ਸ਼ਹੀਦ ਹੋਏ। ਸੁੱਚਾ ਨੰਦ ਦੀ ਹਵੇਲੀ ’ਤੇ ਵੀ ਗੁੱਸਾ ਕੱਢਿਆ ਗਿਆ।
ਮਲੇਰਕੋਟਲਾ ਨਵਾਬ ਨੇ ਸਰਹਿੰਦ ਵਿਖੇ ਆਪਣਾ ਇਤਿਹਾਸਕ ਰੋਲ ਨਿਭਾਇਆ। ਹਾਅ ਦਾ ਨਾਆਰਾ ਮਾਰਿਆ ਪਰ ਸਰਸਾ ਦੀ ਜੰਗ ਤੋਂ ਵਾਪਸ ਜਾਂਦਾ ਹੋਇਆ ਇਕ ਸਿੱਖ ਬੀਬੀ ਅਨੂਪ ਕੌਰ ਨੂੰ ਉਹ ਆਪਣੇ ਕਬਜੇ ਵਿਚ ਕਰਕੇ ਨਾਲ ਲੈ ਗਿਆ। ਉਸ ਨੇ ਉਸ ਦਾ ਸੱਤ ਭੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਸਤਵੰਤੀ ਬੀਬੀ ਨੇ ਆਪਣੀ ਜਾਨ ਦੇ ਦਿੱਤੀ। ਬਦਲਾਮੀ ਦੇ ਡਰੋਂ ਸ਼ੇਰ ਮੁਹੰਮਦ ਖਾਂ ਨੇ ਬੀਬੀ ਦੀ ਲਾਸ਼ ਦਫਨਾ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਸਿਰਫ ਬੀਬੀ ਦੀ ਲਾਸ਼ ਲੱਭਣ ਲਈ ਮਲੇਰਕੋਟਲੇ ਤੇ ਹਮਲਾ ਕੀਤਾ। ਕਈ ਕਬਰਾਂ ਪੁੱਟਣ ਤੋਂ ਬਾਅਦ ਬੀਬੀ ਅਨੂਪ ਕੌਰ ਦੀ ਲਾਸ਼ ਪ੍ਰਾਪਤ ਕਰਕੇ ਉਸ ਦਾ ਸਿੱਖ ਮਰਯਾਦਾ ਅਨੁਸਾਰ ਸੰਸਕਾਰ ਕੀਤਾ। ਖਾਲਸਾ ਫੌਜ ਨੇ ਮਲੇਰਕੋਟਲੇ ਦਾ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਕੀਤਾ। ਸਿੱਖਾਂ ਨੇ ਮਲੇਰਕੋਟਲਾ ਨਵਾਬ ਦੇ ਸਾਹਿਬਜਾਦਿਆਂ ਪ੍ਰਤੀ ਨਿਭਾਏ ਮਾਨਵੀ ਰੋਲ ਕਰਕੇ ਇਸ ਤਰਾਂ ਕੀਤਾ। ਜਦ ਵੀ ਮਲੇਰਕੋਟਲਾ ਵਿਚ ਰਹਿਣ ਵਾਲੇ ਮੁਸਲਮਾਨ ਭਾਈਚਾਰੇ ’ਤੇ ਕੋਈ ਆਫਤ ਆਈ ਤਾਂ ਸਿੱਖ ਸਮਾਜ ਉਸ ਦੇ ਹੱਕ ਲਈ ਖੜਿਆ। 1947 ਵਿਚ ਜਦ ਸਿੱਖ ਮੁਸਲਮਾਨ ’ਤੇ ਹਿੰਦੂ ਆਪਸ ਵਿਚ ਇਕ ਦੂਸਰੇ ਦੇ ਦੁਸ਼ਮਣ ਬਣ ਗਏ ਤੱਦ ਵੀ ਮਲੇਰਕੋਟਲਾ ਵਿਚ ਰਹਿਣ ਵਾਲੇ ਕਿਸੇ ਵੀ ਮੁਸਲਮਾਨ ’ਤੇ ਕੋਈ ਵੀ ਆਚ ਨਹੀਂ ਆਉਣ ਦਿੱਤੀ ਗਈ। ਸਗੋਂ ਉਨ੍ਹਾਂ ਨੂੰ ਉਥੇ ਹੀ ਰਹਿਣ ਦਿੱਤਾ ਗਿਆ। ਮਲੇਰਕੋਟਲਾ ਨਵਾਬ ਦਾ ਹਾਅ ਦਾ ਨਾਅਰਾ ਮਾਰਨ ਕਰਕੇ ਸਿੱਖਾਂ ਨੇ ਉਸ ਦੀ ਯਾਦ ਵਿਚ ਇਕ ਗੁਰਦੁਆਰਾ ਹਾਅ ਦਾ ਨਾਅਰਾ ਉਸਾਰਿਆ ਪਰ ਦੂਸਰੇ ਪਾਸੇ ਦੁਸ਼ਟ ਸੁੱਚਾ ਨੰਦ ਦੀ ਮਾੜੀ ਕਰਤੂਤ ਕਾਰਨ ਅੱਜ ਉਸ ਦੀਆਂ ਆਲੀਸ਼ਾਨ ਹਵੇਲੀਆਂ ’ਤੇ ਹੋਰ ਨਿਸ਼ਾਨੀਆਂ ਇਕ-2 ਕਰਕੇ ਖਤਮ ਹੋ ਰਹੀਆਂ ਹਨ। ਇਤਿਹਾਸ ਉਸ ਨੂੰ ਝੂਠਾ ਨੰਦ ਕਹਿਕੇ ਯਾਦ ਕਰਦਾ ਹੈ ਤੇ ਰਹੇਗਾ।
ਹਰਵਿੰਦਰ ਸਿੰਘ ਵੀਰ
ਮੁਹੱਲਾ ਗੋਬਿੰਦਗੜ੍ਹ,
ਆਰੀਆਂ ਸਮਾਜ ਰੋਡ,
ਨਵਾਂ ਸ਼ਹਿਰ - 144514


ਹਰਵਿੰਦਰ ਸਿੰਘ ਵੀਰ ji vaday de patar ho tusi
ReplyDelete