ਮੈਂ ਜਦੋਂ ਵੀ ਕਿਸੇ ਦੇ ਸੋਨੇ ਦਾ ਕੋਈ ਗਹਿਣਾ ਪਾਇਆ ਦੇਖਦਾ, ਤਾਂ ਮੇਰਾ ਵੀ ਮਨ ਕਰਦਾ ਕਿ ਮੈਂ ਵੀ ਕੋਈ ਗਹਿਣਾ ਖ੍ਰੀਦ ਕੇ ਪਾਵਾਂ ਪਰ ਘਰਾਂ ਦੀਆਂ ਕਈ ਮਜ਼ਬੂਰੀਆਂ ਬੰਦੇ ਨੂੰ ਰੋਕ ਦਿੰਦੀਆਂ ਹਨ। ਬਚਪਨ ਵਿੱਚ ਮੈਂ ਮੇਲਿਆਂ ਤੋਂ ਚੈਨੀਆਂ ਤੇ ਕੜੇ ਖ੍ਰੀਦ ਕੇ ਲਿਆਉਂਦਾ ਸੀ ਜੋ ਮੇਰੇ ਸਰੀਰ ਦਾ ਸ਼ਿੰਗਾਰ ਬਣਦੀਆਂ ਸਨ। ਮੈਂ ਮਨ ਬਣਾਇਆ ਤੇ ਸਿੱਧਾ ਸੁਨਿਆਰੇ ਦੀ ਦੁਕਾਨ ਤੇ ਗਿਆ। ਚੈਨੀ ਦਾ ਰੇਟ ਪਤਾ ਕੀਤਾ ਤੇ ਸੁਨਿਆਰੇ ਨੂੰ ਕਿਹਾ ਕਿ ਭਾਈ ਸਾਹਿਬ ਮੈਂ ਇਹ ਚੈਨ ਕੱਲ ਨੂੰ ਲੈ ਕੇ ਜਾਵਾਂਗਾ। ਕੰਮ ਤੋਂ ਘਰੇ ਆਇਆ ਤੇ ਵੇਖਿਆ ਕਿ ਮਾਂ ਦਰਦ ਨਾਲ ਤੜਫ ਰਹੀ ਸੀ। ਮੇਰਾ ਮਨ ਬੜਾ ਦੁਖੀ ਹੋਇਆ, ਤੇ ਮੈਂ ਭਾਵੁਕ ਹੋ ਗਿਆ। ਮਾਂ ਨੂੰ ਹਸਪਤਾਲ ਲੈ ਗਿਆ। ਡਾਕਟਰ ਨੇ ਅਲੱਗ ਅਲੱਗ ਟੈਸਟ ਤੇ ਸਕੈਨ ਕਰਾਉਣ ਨੂੰ ਕਹਿ ਦਿੱਤਾ, ਰਿਪੋਰਟਾ ਵਿਚ ਪਤਾ ਲੱਗਾ ਕਿ ਮਾਂ ਦੇ ਪੇਟ ਵਿੱਚ ਰਸੌਲੀਆ ਹਨ। ਡਾਕਟਰ ਨੇ ਕਿਹਾ ਕਿ ਅਪਰੇਸ਼ਨ ਹੋਵੇਗਾ। ਮੈਂ ਇੱਕਦਮ ਭਮੱਤਰ ਗਿਆ ਤੇ ਸੋਚੀਂ ਪੈ ਗਿਆ, ਜਿਵੇਂ ਮੇਰੇ ਤੇ ਪਹਾੜ ਡਿੱਗ ਪਿਆ ਹੋਵੇ। ਮੈਂ ਚੈਨ ਲੈਣ ਲਈ ਪੈਸੇ ਬੜੀ ਮੁਸ਼ਕਿਲ ਨਾਲ ਇਕੱਠੇ ਕੀਤੇ ਸਨ।
ਬਚਪਨ ਦੀਆਂ ਸਾਰੀਆਂ ਘਟਨਾਵਾਂ ਮੇਰੇ ਸਾਹਮਣੇ ਫਿਲਮ ਦੀ ਤਰ•ਾਂ ਘੁੰਮਣ ਲੱਗੀਆਂ। ਬਚਪਨ ਵਿੱਚ ਮੈਨੂੰ ਜ਼ਰਾ ਵੀ ਤਕਲੀਫ਼ ਹੁੰਦੀ ਤਾਂ ਮਾਂ ਝੱਟ ਡਾਕਟਰ ਕੋਲ ਲੈ ਜਾਦੀ, ਕੰਡਾ ਮੇਰੇ ਲੱਗਦਾ, ਦਰਦ ਮਾਂ ਦੇ ਹੁੰਦਾ। ਮਾਂ ਨੇ ਮੈਨੂੰ ਬੜੀਆਂ ਮੁਸ਼ਕਿਲਾਂ ਝੱਲਕੇ ਪੜ•ਾਇਆ ਲਿਖਾਇਆ। ਕਾਊਂਟਰ ਤੇ ਬਣਦੀ ਫੀਸ ਜਮਾਂ ਕਰਾਈ ਤੇ ਡਾਕਟਰ ਨੂੰ ਕਿਹਾ ‘‘ਡਾਕਟਰ ਸਾਹਿਬ ਮਾਂ ਦਾ, ਅਪਰੇਸ਼ਨ ਕਰੋ।’’ ਡਾਕਟਰੀ ਅਮਲਾ ਮਾਂ ਨੂੰ ਅਪ੍ਰੇਸ਼ਨ ਥੀਏਟਰ ਵਿੱਚ ਲੈ ਕੇ ਗਿਆ। ਅਪ੍ਰੇਸ਼ਨ ਕੀਤਾ ਤਾਂ ਮਾਂ ਦੇ ਪੇਟ ਚੋਂ ਨਿਕਲੀਆਂ ਰਸੌਲੀਆ ਦੇਖਕੇ ਮੈਂ ਕੰਬ ਗਿਆ, ਜੋ ਮਾਂ ਨੂੰ ਦੁੱਖ ਦਿੰਦੀਆਂ ਸਨ। ਹੌਲੀ ਹੌਲੀ ਮਾਂ ਬੋਲਣ ਲੱਗੀ ਤੇ ਮੈਂ ਪੁੱਛਿਆ ‘‘ਮਾਂ ਹੁਣ ਕਿਵੇਂ ਐਂ ਦਰਦ’’ ਤਾਂ ਮਾਂ ਨੇ ਉੱਤਰ ਦਿੱਤਾ ਪੁੱਤਰਾ ਜਿਉਂਦਾ ਵੱਸਦਾ ਰਹਿ ਮੇਰਾ ਰੋਗ ਸਦਾ ਸਦਾ ਲਈ ਕੱਟਿਆ ਗਿਆ, ਜਵਾਨੀਆਂ ਮਾਣੇ। ਮਾਂ ਦੇ ਮੋਹ ਭਿੱਜੇ ਬੋਲ ਸੁਣਕੇ ਮੈਨੂੰ ਇੰਝ ਲੱਗਾ ਜਿਵੇਂ ਮੈ ਗਹਿਣਿਆ ਨਾਲ ਲੱਦਿਆ ਪਿਆ ਹੋਵਾਂ।
ਲੀਲ ਦਿਆਲਪੁਰੀ
ਮੋਬਾ:- 94656-51038

0 comments:
Speak up your mind
Tell us what you're thinking... !