Headlines News :
Home » » ਕੁਦਰਤੀ ਨਜਾਰਿਆਂ ਨਾਲ ਘਿਰਿਆ ਤੀਰਥ ਅਸਥਾਨ ਸ੍ਰੀ ਮਨੀਕਰਣ ਸਾਹਿਬ

ਕੁਦਰਤੀ ਨਜਾਰਿਆਂ ਨਾਲ ਘਿਰਿਆ ਤੀਰਥ ਅਸਥਾਨ ਸ੍ਰੀ ਮਨੀਕਰਣ ਸਾਹਿਬ

Written By Unknown on Saturday, 26 January 2013 | 02:26


ਸ੍ਰੀ ਮਨੀਕਰਣ ਸਾਹਿਬ ਉੱਚੇ ਪਹਾੜਾਂ ਦੀ ਬੁੱਕਲ ’ਚ ਸਥਿਤ ਸਿੱਖਾਂ ਅਤੇ ਹਿੰਦੂਆਂ ਦੀ ਸਾਂਝੀ ਧਾਰਮਿਕ ਆਸਥਾ ਦਾ ਪ੍ਰਤੀਕ ਹੈ। ਇਸ ਅਸਥਾਨ ਉੱਤੇ ਸਥਿਤ ਗੁਰਦੁਆਰਾ ਸਾਹਿਬ ਅਤੇ ਮੰਦਰ ਸਿੱਖਾਂ ਤੇ ਹਿੰਦੂਆਂ ਦੀ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਦੋਵਾਂ ਪਾਸਿਆਂ ਤੋਂ ਉੱਚੇ ਪਹਾੜਾਂ ਨਾਲ ਘਿਰਿਆ ਇਹ ਅਸਥਾਨ ਅਲੌਕਿਕ ਕੁਦਰਤੀ ਨਜ਼ਾਰਾ ਪੇਸ਼ ਕਰਦਾ ਹੈ। ਇਨ੍ਹਾਂ ਪਹਾੜਾਂ ਨੂੰ ਪਾਰਬਤੀ ਵੈਲੀ ਦੇ ਨਾਂ ਕਰਕੇ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਨੇੜ੍ਹੇ ਤੋਂ ਨਿਰੰਤਰ ਵਹਿੰਦੇ ਬਿਆਸ ਦਰਿਆ ਦੇ ਪਾਣੀ ਦੀ ਮਿੱਠੀ ਤੇ ਉੱਚੀ ਆਵਾਜ਼ ਚੌਗਿਰਦੇ ਨੂੰ ਹੋਰ ਵੀ ਮਨਮੋਹਕ ਬਣਾਉਾਂਦੀ । ਜਿਸਦਾ ਸਹੀ ਅੰਦਾਜ਼ਾ ਇਸ ਅਸਥਾਨ ਦੇ ਦਰਸ਼ਨ ਕਰਕੇ ਹੀ ਸਹਿਜ ਕੀਤਾ ਜਾ ਸਕਦਾ ਹੈ। ਸਿੱਖਾਂ ਤੇ ਹਿਦੂੰਆਂ ਦੀ ਧਾਰਮਿਕ ਆਸਥਾ ਨਾਲ ਜੁੜ੍ਹਿਆ ਸ੍ਰੀ ਮਨੀਕਰਣ ਸਾਹਿਬ ਦਾ ਇਹ ਪਵਿੱਤਰ ਅਸਥਾਨ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ’ਚ ਪੈਂਦਾ ਹੈ। ਇਹ ਅਸਥਾਨ ਸਿਰਫ਼ ਸਿੱਖਾਂ ਤੇ ਹਿੰਦੂਆਂ ਦੇ ਧਾਰਮਿਕ ਅਸਥਾਨ ਕਰਕੇ ਹੀ ਨਹੀਂ ਸਗੋਂ ਗਰਮ ਪਾਣੀ ਦੇ ਚਸ਼ਮਿਆਂ ਕਰਕੇ ਵੀ ਪ੍ਰਸਿਧ ਅਤੇ ਮਸ਼ਹੂਰ ਹੈ। ਹਰ ਵਰ੍ਹੇ ਲੱਖਾਂ ਹੀ ਲੋਕ ਦੂਰ-ਦੁਰਾਢੇ ਤੋਂ ਇਸ ਅਸਥਾਨ ਦੇ ਦਰਸ਼ਨਾਂ ਲਈ ਆਉਾਂਦੇ ਨ। ਇਹ ਅਸਥਾਨ ਪਠਾਨਕੋਟ ਤੋਂ 290 ਕਿਲੋਮੀਟਰ ਦੇ ਕਰੀਬ ਪੈਂਦਾ ਹੈ। ਸ੍ਰੀ ਮਨੀਕਰਣ ਸਾਹਿਬ ਤੋਂ ਅੰਮ੍ਰਿਤਸਰ ਸਮੇਤ ਹੋਰਨਾਂ ਕਈ ਪ੍ਰਮੁੱਖਾਂ ਸ਼ਹਿਰਾਂ ਤੱਕ ਸਿੱਧੀ ਬਸ ਸੇਵਾ ਹੈ। ਲੇਕਿਨ ਜਿਆਦਾਤਰ ਲੋਕ ਆਪਣੇ ਵਾਹਨਾਂ ਉੱਤੇ ਆਉਣ ਨੂੰ ਵਧੇਰੇ ਤਰਜੀਹ ਦਿੰਦੇ ਹਨ। ਕਿਉਂਕਿ ਰਸਤੇ ਵਿੱਚ ਥਾਂ-ਥਾਂ ਮਨਮੋਹਕ ਕੁਦਰਤੀ ਨਜ਼ਾਰੇ ਵੇਖਣ ਨੂੰ ਮਿਲਦੇ ਹਨ।
ਮਨੀਕਰਣ ਸਾਹਿਬ ਦੀ ਇਮਾਰਤ ਦਾ ਬਾਹਰੀ ਦ੍ਰਿਸ਼।
ਸੰਨ 1940 ਵਿੱਚ ਖੰਡਵਾਸੀ ਸੰਤ ਬਾਬਾ ਨਰਾਇਣ ਹਰੀ ਜੀ ਨੇ ਇਸ ਧਾਰਮਿਕ ਅਸਥਾਨ ਦੀ ਖੋਜ ਕਰਕੇ ਨਿਰਮਾਣ ਆਰੰਭ ਕਰਵਾਇਆ ਸੀ। ਉਨ੍ਹਾਂ ਰਾਤ-ਦਿਨ ਖੁਦ ਪੱਥਰ ਕੱਟ-ਕੱਟ ਕੇ ਗੁਰਦੁਆਰਾ ਸਾਹਿਬ ਅਤੇ ਮੰਦਰ ਦਾ ਨਿਰਮਾਣ ਕਰਵਾਇਆ। ਇਸ ਦੌਰਾਨ ਕਿੰਨਾ ਕਠਿਨ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਇਸਦਾ ਅਨੁਮਾਨ ਇਸ ਅਸਥਾਨ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ। ਜਿਥੇ ਬੈਠ ਕੇ ਸੰਤ ਬਾਬਾ ਨਰਾਇਣ ਜੀ ਤੱਪ ਕਰਿਆ ਕਰਦੇ ਸਨ ਉਹ ਕੁਟੀਆ ਮੁੱਖ ਅਸਥਾਨ ਦੇ ਸੱਜੇ ਪਾਸੇ ਅੱਜੇ ਵੀ ਸੁਰੱਖਿਅਤ ਮੌਜੂਦ ਹੈ। ਖੱਬੇ ਪਾਸੇ ਸ਼ਰਧਾਲੂਆਂ ਦੇ ਇਸ਼ਨਾਨ ਲਈ ਤਲਾਅ ਬਣਾਇਆ ਗਿਆ ਹੈ ਜਿਸ ਵਿੱਚ ਕੁਦਰਤੀ ਗਰਮ ਪਾਣੀ ਛੱਡਿਆ ਗਿਆ ਹੈ। ਸੰਤ ਬਾਬਾ ਨਰਾਇਣ ਹਰੀ ਜੀ ਤੋਂ ਤੋਂ ਬਾਅਦ ਹੁਣ ਸਾਰਾ ਪ੍ਰਬੰਧ ਉਨ੍ਹਾਂ ਦੀ ਸਪੁੱਤਰੀ ਦੇਵਾ ਜੀ ਅਤੇ ਦਾਮਾਦ ਬਾਬਾ ਰਾਮ ਜੀ ਸੰਭਾਲ ਰਹੇ ਹਨ। ਇਨ੍ਹਾਂ ਦੀ ਦੇਖਰੇਖ ਹੇਠ ਨਿਰਮਾਣ ਕੰਮ ਨਿਰੰਤਰ ਚੱਲ ਰਿਹਾ ਹੈ। ਯਾਤਰੀਆਂ ਦੀ ਸਹੂਲਤ ਸਾਹਮਣੇ ਹੀ ਪਹਾੜ ਕੱਟ ਕੇ ਤਿੰਨ ਮੰਜਿਲਾ ਪਾਰਕਿੰਗ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਰਾਤ ਠਹਿਰਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਲੰਗਰ ਹਾਲ ਦਾ ਨਿਰਮਾਣ ਕਰਵਾਇਆ ਗਿਆ ਹੈ ਜਿਥੇ ਕੜੀ-ਚੌਲਾਂ ਦਾ ਲੰਗਰ ਨਿਰੰਤਰ ਚੱਲਦਾ ਰਹਿੰਦਾ ਹੈ।
ਗੁਰਦੁਆਰਾ ਸ੍ਰੀ ਮਨੀਕਰਣ ਸਾਹਿਬ ਦੇ ਇਤਿਹਾਸ ਦਾ ਜਿਕਰ ਭਾਈ ਬਾਲਾ ਜੀ ਦੀ ਜਨਮ-ਸਾਖੀ ਅਤੇ ਤਵਾਰੀਖ ਗੁਰੂ ਖਾਲਸਾ ਵਿੱਚ ਵੀ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਕਲਯੁੱਗ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰੀ ਜੀਵਾਂ ਦਾ ਉਧਾਰ ਕਰਦਿਆਂ 15 ਅੱਸੂ 1574 ਬਿਕਰਮੀ ਸੰਮਤ ਨੂੰ ਭਾਈ ਬਾਲਾ ਤੇ ਮਰਦਾਨਾ ਨਾਲ ਮਨੀਕਰਣ ਸਾਹਿਬ ਵਿਖੇ ਆਏ ਸਨ। ਇਥੇ ਆ ਕੇ ਮਰਦਾਨੇ ਨੂੰ  ਜਦੋਂ ਭੁੱਖ ਲਗੀ ਤਾਂ ਉਸਨੇ ਗੁਰੂ ਜੀ ਨੂੰ ਆਖਿਆ ਕਿ ਆਟਾ ਹੈ ਪਰ ਇਸਨੂੰ ਪਕਾਉਣ ਲਈ ਅੱਗ ਅਤੇ ਬਰਤਨ ਦਾ ਕੋਈ ਸਾਧਨ ਨਹੀਂ ਹੈ। ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਕੋਲ ਹੀ ਇੱਕ ਪੱਥਰ ਹਟਾਉਣ ਲਈ ਕਿਹਾ। ਜਦੋਂ ਗੁਰੂ ਜੀ ਦੇ ਹੁਕਮ ’ਤੇ ਮਰਦਾਨੇ ਪੱਥਰ ਹਟਾਇਆ ਤਾਂ ਹੇਠਾਂ ਤੋਂ ਗਰਮ ਉਬਲਦੇ ਪਾਣੀ ਦਾ ਚਸ਼ਮਾ ਪ੍ਰਗਟ ਹੋਇਆ। ਗੁਰੂ ਜੀ ਨੇ ਮਰਦਾਨੇ ਨੂੰ ਰੋਟੀਆ ਬਣਾ ਕੇ ਉਬਲਦੇ ਪਾਣੀ ਵਿੱਚ ਪਾਉਣ ਲਈ ਕਿਹਾ। ਜਦੋਂ ਮਰਦਾਨੇ ਨੇ ਰੋਟੀਆਂ ਗਰਮ ਪਾਣੀ ਵਿੱਚ ਪਾਈਆਂ ਤਾਂ ਸਾਰੀਆਂ ਹੀ ਰੋਟੀਆਂ ਪਾਣੀ ਅੰਦਰ ਡੁੱਬ ਗਈਆਂ। ਹੈਰਾਨ ਹੋਇਆ ਮਰਦਾਨਾ ਕਹਿਣ ਲਗਾ ਕਿ ਥੋੜਾ ਜਿਹਾ ਆਟਾ ਸੀ ਉਹ ਵੀ ਡੁੱਬ ਗਿਆ ਹੈ। ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਕਿ ਮਰਦਾਨਿਆ ਅਰਦਾਸ ਕਰ ਅਤੇ ਇੱਕ ਰੋਟੀ ਰੱਬ ਦੇ ਨਾਂ ਦੀ ਛੱਡ ਦੇ। ਤਾਂ ਮਰਦਾਨੇ ਦੇ ਅਰਦਾਸ ਕਰਨ ਉਪਰੰਤ ਰੋਟੀਆਂ ਪੱਕ ਕੇ ਪਾਣੀ ਦੇ ਉੱਪਰ ਤਰ ਗਈਆਂ। ਇਹ ਨਜ਼ਾਰਾ ਵੇਖ ਕੇ ਮਰਦਾਨਾ ਬਹੁਤ ਖੁਸ਼ ਹੋਇਆ ਅਤੇ ਭੋਜਨ ਛੱਕ ਕੇ ਤ੍ਰਿਪਤ ਹੋਇਆ ਆਖਣ ਲਗਾ ਕਿ ਗੁਰੂ ਜੀ ਇਥੇ ਹੀ ਰਹਿ ਪਈਏ। ਤਹਾਨੂੰ ਤਾਂ ਭੁੱਖ ਲਗਦੀ ਨਹੀਂ ਹੈ, ਪਰ ਮੇਰਾ ਕੰਮ ਆਸਾਨੀ ਨਾਲ ਚੱਲਦਾ ਰਹੇਗਾ। ਅੱਗੋਂ ਗੁਰੂ ਜੀ ਨੇ ਜੁਆਬ ਦਿੱਤਾ ਕਿ ਮਰਦਾਨਿਆ ਇਹ ਸਤਯੁੱਗੀ ਅਸਥਾਨ ਹੈ। ਸਤਯੁੱਗ ਵਿੱਚ ਇਸ ਅਸਥਾਨ ਦੀ ਬਹੁਤ ਮਹੱਤਤਾ ਹੋਵੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪ੍ਰਗਟ ਕੀਤੇ ਗਰਮ ਪਾਣੀ ਦੇ ਚਸ਼ਮੇ ਵਿੱਚ ਉਸੇ ਤਰ੍ਹਾਂ ਅੱਜ ਵੀ ਲੰਗਰ ਪੱਕਦਾ ਹੈ। ਇਸ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਣ ਉੱਤੇ ਲੰਗਰ ਪੱਕਦਾ ਆਪਣੇ ਅੱਖੀਂ ਵੇਖਿਆ ਜਾ ਸਕਦਾ ਹੈ। ਵੱਡੇ-ਵੱਡੇ ਘੜਿਆਂ ਅੰਦਰ ਰਾਸ਼ਨ ਪਾ ਕੇ ਅਤੇ ਮੂੰਹ ਬਣ ਕੇ ਗਰਮ ਪਾਣੀ ਦੇ ਚਸ਼ਮੇ ਵਿੱਚ ਪਾ ਦਿੱਤਾ ਜਾਂਦਾ ਹੈ। 
ਬ੍ਰਹਿਮੰਡ ਪੁਰਾਣ ਦੇ ਵਰਣਨ ਅਤੇ ਇੱਕ ਹਿੱਦੂ ਕਥਾ ਮੁਤਾਬਕ ਆਸੁੂਤੋਸ਼ ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਘੁੰਮਦੇ ਹੋਏ ਇਸ ਅਸਥਾਨ ਪੁੱਜੇ। ਇਥੋਂ ਦੀ ਅਲੋਕਿਕ ਸੁੰਦਰਤਾ ਦੇ ਕਾਰਨ ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ 11 ਹਜ਼ਾਰ ਵਰ੍ਹੇ ਨਿਵਾਸ ਕਰਕੇ ਤੱਪਸਿਆ ਕੀਤੀ। ਇੱਕ ਦਿਨ ਜਦੋਂ ਭਗਵਾਨ ਸ਼ਿਵ ਤੱਪਸਿਆ ਵਿੱਚ ਲੀਨ ਸਨ ਤਾਂ ਜਲ-ਕ੍ਰੀੜਾ ਕਰਦਿਆਂ ਮਾਤਾ ਪਾਰਬਤੀ ਦੀ ਕੰਨ ਵਿੱਚ ਪਾਈ ਮਨੀ ਪਾਣੀ ਵਿੱਚ ਕਿਧਰੇ ਗੁਆਚ ਗਈ। ਮਨੀ ਨੂੰ ਬਹੁਤ ਲੱਭਿਆ  ਗਿਆ, ਪਰ ਮਨੀ ਕਿਧਰੇ ਵੀ ਨਾ ਮਿਲੀ। ਮਾਤਾ ਪਾਰਬਤੀ ਦੀ ਮਨੀ ਪਾਣੀ ਅੰਦਰ ਗੁਆਚੀ ਸੁਣ ਕੇ ਭਗਵਾਨ ਸ਼ਿਵ ਕ੍ਰੋਦਿਤ ਹੋ ਗਏ ਅਤੇਤਾਂਡਵ ਨਾਚ ਕਰਕੇ ਆਪਣੇ ਨੇਤਰ ’ਚੋਂ ਨੈਣਾਂ ਦੇਵੀ ਪ੍ਰਗਟ ਕੀਤੀ। ਸਾਰੀ ਧਰਨੀ ਕੰਬਣ ਲਗ ਪਈ। ਨੈਣਾਂ ਦੇਵੀ ਨੇ ਆਪਣੀ ਦਿਵਯ ਦ੍ਰਿਸ਼ਟੀ ਨਾਲ ਪਤਾ ਕੀਤਾ ਕਿ ਮਨੀ ਪਾਤਾਲ ਲੋਕ ਵਿੱਚ ਸ਼ੇਸ਼ਨਾਗ ਕੋਲ ਹੈ। ਦੇਵਤਿਆਂ ਨੇ ਸ਼ੇਸ਼ਨਾਗ ਨੂੰ ਮਾਤਾ ਪਾਰਬਤੀ ਦੀ ਮਨੀ ਵਾਪਸ ਕਰਨ ਲਈ ਕਿਹਾ। ਜਦੋਂ ਸ਼ੇਸ਼ਨਾਗ ਨੇ ਜੋਰ ਦਾ ਫੁੰਕਾਰਾ ਮਾਰਿਆ ਤਾਂ ਕਹਿੰਦੇ ਹਨ ਕਿ ਇਸ ਅਸਥਾਨ ਉੱਤੇ ਗਰਮ ਪਾਣੀ ਦਾ ਚਸ਼ਮਾ ਪ੍ਰਗਟ ਹੋਇਆ। ਮਾਤਾ ਪਾਰਬਤੀ ਦੀ ਮਨੀ ਸਮੇਤ ਹੋਰ ਬਹੁਤ ਸਾਰੀਆਂ ਮਨੀਆਂ ਧਰਤੀ ਉੱਤੇ ਆਈਆਂ। ਮਾਤਾ ਪਾਰਬਤੀ ਨੇ ਆਪਣੀ ਮਨੀ ਵਾਪਸ ਲਈ ਅਤੇ ਇਸ ਤਰ੍ਹਾਂ ਭਗਵਾਨ ਸ਼ਿਵ ਦਾ ਗੁੱਸਾ ਸ਼ਾਂਤ ਹੋਇਆ। ਇਸ ਤਰ੍ਹਾਂ ਹੀ ਅਸਥਾਨ ਦਾ ਨਾਂ ਮਨੀਕਰਣ ਪੈ ਗਿਆ। ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਦੇ ਚਰਨ ਸ਼ੋਹ ਕਾਰਨ ਇਸ ਅਸਥਾਨ ਨੂੰ ਅਰਧਨਾਰੀਰਸਵਰ ਵੀ ਆਖਿਆ ਜਾਂਦਾ ਹੈ। 
ਮਹਾਂਭਾਰਤ ਕਾਲ ਵਿੱਚ ਦੇਵਰਾਜ ਇੰਦਰ ਵੱਲੋਂ ਦਿੱਤੇ ਗਏ ਪ੍ਰਸ਼ੂਪਾਤ ਸ਼ਸ਼ਤਰ ਚਲਾਉਣ ਲਈ ਅਰਜੁਨ ਦੀ ਪ੍ਰੀਖਿਆ ਲੈਣ ਲਈ ਭਗਵਾਨ ਸ਼ਿਵ ਨਾ ਵਿਰਾਟ ਰੂਪ ਧਾਰਨ ਕਰਕੇ ਅਰਜ਼ੁਨ ਨਾਲ ਯੁੱਧ ਕੀਤਾ ਅਤੇ ਇਸ ਅਸਥਾਨ ਨੂੰ ਵਰਦਾਨ ਦਿੱਤਾ। ਭਗਵਾਨ ਸ਼ਿਵ ਨੂੰ ਇਹ ਅਸਥਾਨ ਇੰਨਾ ਪਿਆਰਾ ਸੀ ਕਿ ਕਾਂਸ਼ੀ ਵਿਖੇ ਆਪਣੇ ਅਸਥਾਨ ਦਾ ਨਾਂ ‘ਮਨੀਕਰਣ ਘਾਟ’ ਰੱਖਿਆ। ਆਪਣੇ ਤਪੋ ਬਲ ਵਿੱਚ ਵਾਧਾ ਕਰਨ ਅਤੇ ਭਗਵਾਨ ਸ਼ਿਵ ਦੀ ਕ੍ਰਿਪਾ ਪ੍ਰਾਪਤ ਕਰਨ ਲਈ ਇਥੇ ਬਹੁਤ ਸਾਰੇ ਰਿਸ਼ੀਆਂ-ਮੁੰਨੀਆਂ, ਗੁਰੂਆਂ-ਪੀਰਾਂ, ਸੰਤ-ਮਹਾਤਮਾਵਾਂ ਨੇ ਆਪਣੇ-ਆਪਣੇ ਸਮੇਂ ਇਸ ਅਸਥਾਨ ਦੀ ਯਾਤਰਾ ਕੀਤੀ। ਇਹ ਅਸਥਾਨ ਬੇਔਲਾਦ ਨੂੰ ਔਲਾਦ ਅਤੇ ਗਰੀਬਾਂ ਨੂੰ ਧਨ ਦੇਣ ਵਾਲਾ ਕਿਹਾ ਜਾਂਦਾ ਹੈ। ਭਗਵਾਨ ਸ਼ਿਵ ਦੇ ਪ੍ਰੱਤਖ  ਪ੍ਰਤੀਕ ਰੂਪ ਵਿੱਚ ਉਬਲਦੇ ਪਾਣੀ ਦੇ ਚਸ਼ਮੇ ਦਰਸ਼ਨਾਂ ਲਈ ਆਉਣ ਵਾਲਿਆਂ ਦਾ ਮਨ ਮੋਹ ਲੈਂਦੇ ਹਨ। ਇਨ੍ਹਾਂ ਪਵਿੱਤਰ ਊਸ਼ਣ ਜਲ ਧਰਾਵਾਂ ਦੇ ਜੈਵਿਕ, ਅਧਿਆਤਮਕ ਅਤੇ ਭੌਤਿਕ ਗੁਣ ਕਿਸੇ ਕੋਲੋਂ ਲੁੱਕੇ ਹੋਏ ਨਹੀਂ ਹਨ। ਲੋਕਾਂ ਦੀ ਆਸਥਾ ਹੈ ਕਿ ਇਥੇ ਗਰਮ ਪਾਣੀ ਵਿੱਚ ਨਹਾਉਣ ਨਾਲ ਜਨਮ-ਜਨਮ ਦੇ ਪਾਪ ਧੁਲਦੇ ਹਨ ਅਤੇ ਸ਼ਰੀਰ ਦੇ ਅਨੇਕਾਂ ਰੋਗ ਮਿੱਟਦੇ ਹਨ।
ਜਤਿੰਦਰ ਸਿੰਘ ਬੈਂਸ,
ਗੁਰਦਾਸਪੁਰ।
94781-93370 

ਮਨੀਕਰਣ ਸਾਹਿਬ ਵਿਖੇ ਗਰਮ ਪਾਣੀ ਦੇ ਚਸ਼ਮੇਂ ਅੰਦਰ ਲੰਗਰ ਤਿਆਰ ਕੀਤੇ ਜਾਣ ਦਾ ਦ੍ਰਿਸ਼।
ਮਨੀਕਰਣ ਸਾਹਿਬ ਕੰਪਲੈਕਸ ਅੰਦਰ ਭਗਵਾਨ ਸ਼ਿਵ ਦੀ ਯਾਦ ’ਚ ਸਥਾਪਤ ਮੰਦਰ।
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template