ਡਿਕਸ਼ਨਰੀ ਆਖਦੀ ਹੈ ਕਿ ‘ ਖੋਹਲਣਾਂ ਅਤੇ ਬੰਦ ਕਰਨਾਂ ਦੋਨੋ ਇੱਕ ਦੂਸਰੇ ਦੇ ਉੱਲਟ ਸ਼ਬਦ ਹਨ। ਪ੍ਰੰਤੂ ਜਿੰਦਗੀ ਸਾਨੂੰ ਸਿਖਾਂਉਦੀ ਹੈ, ਕਿ ਅਸੀ ਸਿਰਫ ਉਸੇ ਚੀਜ ਨੂੰ ਹੀ ਖੋਹਲ ਸਕਦੇ ਹਾਂ ਜੋ ਬੰਦ ਹੋ ਚੁੱਕੀ ਹੁੰਦੀ ਹੈ। ਅੱਜ ਅਜਿਹੀ ਹੀ ਕਸ਼ਮਕਸ਼ ਵਿਚ ਹੈ, ਭਾਰਤੀ ਖੇਡ ਜਗਤ ਜਿਨ੍ਹਾਂ ਨੇ ਉਲੰਪਿਕ ਵਿਚੋ ਮੈਡਲ ਹਾਸਿਲ ਕਰਨ ਦੀ ਤਮੰਨਾ ਨੂੰ ਪੂਰਾ ਕਰਨ ਲਈ ਬਾਕਸਿੰਗ ਅਤੇ ਕੁਸ਼ਤੀ ਵਰਗੀਆਂ ਵਿਅਕਤੀਗਤ ਖੇਡਾਂ ਦੇ ਖਿਡਾਰੀ ਤਿਆਰ ਕਰਕੇ ਅਪਣੇ ਲਈ ਉਲੰਪਿਕ ਮੈਡਲਾ ਦਾ ਜੋ ਦਰਵਾਜਾ ਖੋਲਿਆ ਸੀ, ਅੱਜ ਉਹ ਦਰਵਾਜਾ ਵੀ ਭਾਰਤ ਲਈ ਬੰਦ ਹੋ ਗਿਆ ਹੈ, ਕਿਉਂਕਿ ਕੌਮਾਂਤਰੀ ਉਲੰਪਿਕ ਸੰਘ ਨੇ ਖੇਡਾਂ ਨਾਲ ਜੁੜੇ ਜਿਵਂੇ ਟੈਲੀਵਿਜਨ ਰੇਟਿੰਗ, ਟਿਕਟਾਂ ਦੀ ਵਿਕਰੀ, ਡੋਪਿੰਗ ਰੋਧਿਕ ਨੀਤੀ, ਕਿੰਨੇ ਦੇਸ਼ਾਂ ਵਿੱਚ ਖੇਡੀ ਜਾਣ ਵਾਲੀ ਖੇਡ, ਲੋਕਪ੍ਰਿਅਤਾ ਵਰਗੇ ਅਹਿਮ ਮੁੱਦਿਆ ਦਾ ਅਧਿਅਨ ਕੀਤਾ। ਇਸ ਅਧਿਅਨ ਤਂੋ ਬਾਦ ਕੌਮਾਂਤਰੀ ਉਲੰਪਿਕ ਸੰਘ ਵਲਂੋ ਕੁਸ਼ਤੀ ਖੇਡ ਨੂੰ 2020 ਉਲੰਪਿਕ ਖੇਡਾਂ ਵਿੱਚੋ ਬਾਹਰ ਕੱਢਣ ਦਾ ਫੈਸਲਾ ਲਿਆ। ਦੇਖਿਆ ਜਾਵੇ ਤਾਂ ਦੇਵੀ ਦੇਵਤਿਆਂ ਅਤੇ ਗੁਰੂਆਂ ਪੀਰਾਂ ਵੇਲੇ ਵੀ ਪਹਿਲਵਾਨ ਹੁੰਦੇ ਸਨ। ਮੱਲ ਯੁੱਧ ਵੀ ਹੁੰਦੇ ਸਨ। ਰਾਜੇ ਮਹਾਰਾਜੇ ਵੀ ਆਪਣੇ ਦਰਵਾਰੀ ਪਹਿਲਵਾਨਾਂ ਨੂੰ ਹੀ ਰੱਖਦੇ ਸਨ। ਕਿਉਕਿ ਉਨ੍ਹਾਂ ਦੀ ਸੋਚ ਸੀ, ਕਿ ਪਹਿਲਵਾਨੀ ਤਂੋ ਬਿਨ੍ਹਾਂ ਕੋਈ ਵੀ ਖੇਡ ਨਹੀ ਖੇਡੀ ਜਾ ਸਕਦੀ। ਸੁਢੋਲ ਅਤੇ ਰਿਸ਼ਟ-ਪੁਸ਼ਟ ਸਰੀਰ ਨਾਲ ਹੀ ਚੰਗੀਆਂ ਖੇਡਾਂ ਖੇਡੀਆਂ ਜਾ ਸਕਦੀਆਂ ਹਨ। ਪ੍ਰੰਤੂ 2020 ਉਲੰਪਿਕ ਵਿਚਂੋ ਕੁਸ਼ਤੀ ਹਟਾਉਣਾ ਪਹਿਲਵਾਨੀ ਲਈ ਬਹੁਤ ਮੰਦਭਾਗਾ ਹੈ। ਖੇਡ ਪ੍ਰੇਮੀਆਂ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ, ਕਿ ਪੰਜ ਖੇਡਾਂ ਵਿਚੋ ਇੱਕ ਖੇਡ ਨੂੰ ਉਲੰਪਿਕ ਵਿੱਚੋ ਹਟਾਉਣ ਦੇ ਮੁੱਦੇ ਨੂੰ ਲੈ ਕੇ ਚਾਰ ਰਾਂਊਡ ਵੋਟਿਗ ਕਰਨੀ ਪਈ। ਇਹ ਪੰਜ ਖੇਡਾਂ ਵਿੱਚ ਕੁਸ਼ਤੀ, ਅਧੁਨਿਕ ਪੈਟਾਥਲਿਨ, ਕੈਨੋਇੰਗ, ਤਾਈਕਵਾਡੋ ਅਤੇ ਹਾਕੀ ਵੀ ਸੀ। ਇਥੇ ਇਹ ਵੀ ਜਿਕਰÝੋਗ ਹੈ, ਕਿ ਇਸ ਵਿੱਚ ਕੌਮਾਂਤਰੀ ਉਲੰਪਿਕ ਸੰਘ ਦੇ ਪ੍ਰਧਾਨ ਜੈਕਸ ਰੋਗੇ ਨੇ ਅਪਣਾ ਮੱਤਦਾਨ ਨਹੀ ਕੀਤਾ। ਕੈਨੋਇਗ ਪਹਿਲੇ ਰਾਂਊਡ ਦੇ ਮਤਦਾਨ ਵਿੱਚ ਸੁਰਖਿਅਤ ਬੱਚ ਗਿਆ। ਅਗਲੇ ਗੇੜ ਵਿੱਚ ਤਾਈਕਵਾਂਡੋ ਬਚ ਗਈ। ਹੁਣ ਤਿੰਨ ਖੇਡਾਂ ਵਿਚੋ ਕਿਸੇ ਇਕ ਨੇ ਬਾਹਿਰ ਹੋਣਾ ਸੀ। ਸੋ ਕੁਸ਼ਤੀ ਨੂੰ ਬਾਹਿਰ ਕਰਨ ਲਈ ਅੱਠ-ਅੱਠ ਵੋਟਾਂ ਪਈਆ ਅਤੇ ਹਾਕੀ ਅਤੇ ਪੈਂਟਾਥਲਿਨ ਨੂੰ ਤਿੰਨ-ਤਿੰਨ ਵੋਟਾਂ ਪਈਆਂ। ਇਸ ਤਰ੍ਹਾਂ ਹਾਕੀ ਅਤੇ ਪੈਂਟਾਥਲਿਨ ਕੁਸ਼ਤੀ ਖੇਡ ਤੇ ਇੰਨੇ ਭਾਰੂ ਪਈ, ਕਿ ਕੁਸ਼ਤੀ ਖੇਡ ਨੂੰ ਆਖਿਰ ਉਲੰਪਿਕ ਵਿਚਂੋ ਬਾਹਿਰ ਦਾ ਰਸਤਾ ਵੇਖਣਾ ਪਿਆ। ਇਸ ਹੈਰਾਨੀ ਜਨਕ ਫੈਸਲੇ ਨੇ ਦੁਨੀਆਂਭਰ ਦੇ ਪਹਿਲਵਾਨਾਂ ਦੇ ਨਾਲ-ਨਾਲ ਭਾਰਤੀ ਪਹਿਲਵਾਨਾਂ ਦੇ ਭਵਿੱਖ ਨੂੰ ਵੀ ਦਾਅ ਤੇ ਲਗਾ ਦਿੱਤਾ। ਕੁਸ਼ਤੀ ਇੱਕ ਪੁਰਾਤਣ ਖੇਡ ਹੈ, ਜੋ ਚਿਰ੍ਹਾ ਤੋ ਚੱਲੀ ਆ ਰਹੀ ਹੈ, ਇਤਿਹਾਸ ਗਵਾਹ ਹੈ ਕਿ ਕੁਸ਼ਤੀ 1896 ਵਿੱਚ ਏਂਥਨਜ ਵਿਖੇ ਹੋਈਆਂ ਪਹਿਲੀਆਂ ਅਧੁਨਿਕ ਉਲੰਪਿਕ ਖੇਡਾਂ ਤੋ ਹੀ ਉਲੰਪਿਕ ਖੇਡਾਂ ਦਾ ਹਿੱਸਾ ਬਣੀ ਚਲੀ ਆ ਰਹੀ ਸੀ। ਲੰਡਨ 2012 ਵਿੱਚ ਹੋਈਆਂ ਉਲੰਪਿਕ ਖੇਡਾਂ ਵਿੱਚ ਫਰੀ ਸਟਾਈਲ ਕੁਸ਼ਤੀ ਲਈ ਗਿਆਰਾਂ ਅਤੇ ਗਰੀਕੋ ਰੋਮਨ ਵਿੱਚ ਛੇ ਸੋਨ ਤਗਮੇ ਦਾਅ ਤੇ ਲੱਗੇ ਸਨ। ਭਾਰਤ ਨੇ ਆਖਿਰ ਥੱਕ ਹਾਰ ਕੇ ਟੀਮ ਖੇਡਾਂ ਤਂੋ ਤਗਮੇ ਦੀਆਂ ਉਮੀਦਾਂ ਲਾਹ ਕੇ ਕੁਸ਼ਤੀ ਵਰਗੀਆਂ ਵਿਅਕਤੀਗਤ ਖੇਡਾਂ ਤੇ ਆਸਾ ਲਗਾ ਲਈਆਂ ਸਨ, ਕਿਉਂਕਿ ਵਿਅਕਤੀਗਤ ਖੇਡਾਂ ਦੀ ਤਿਆਰੀ ਤੇ ਟੀਮ ਖੇਡਾਂ ਨਾਲੋ ਘੱਟ ਖਰਚਾ ਆਂਉਦਾ ਹੈ ਅਤੇ ਜਿਆਦਾ ਤਮਗਿਆਂ ਦੀ ਆਸ ਰੱਖੀ ਜਾ ਸਕਦੀ ਹੈ। 1952 ਵਿੱਚ ਹੇਲਸਿੰਕੀ ਵਿਖੇ ਹੋਈਆਂ ਉਲੰਪਿਕ ਖੇਡਾ ਵਿਚੋ ਕੇ. ਡੀ ਯਾਦਵ ਨੇ ਕੁਸ਼ਤੀ ਵਿੱਚੋਂ ਭਾਰਤ ਲਈ ਕਾਂਸੀ ਦਾ ਤਗਮਾਂ ਜਿਤਿਆ ਸੀ ਉਸ ਤੋ ਬਾਦ ਸ਼ੁਸ਼ੀਲ ਕੁਮਾਰ ਨੇ 2008 ‘ਚ ਬੀਜਿੰਗ ਉਲੰਪਿਕ ਵਿਚਂੋ ਭਾਰਤ ਲਈ ਕਾਂਸੀ ਦਾ ਤਗਮਾਂ ਜਿੱਤ ਕੇ ਲੰਬੇ ਸਮੇ ਤਂੋ ਲੱਗੇ ਵਿਰਾਮ ਚਿੰਨ੍ਹ ਨੂੰ ਤੋੜਿਆ ਸੀ। 2012 ਦੀਆਂ ਲੰਡਨ ਉਲੰਪਿਕ ਖੇਡਾਂ ਵਿੱਚੋ ਸ਼ੁਸ਼ੀਲ ਨੇ ਚਾਂਦੀ ਅਤੇ ਯੋਗੇਸ਼ਵਰ ਦੱਤ ਨੇ ਕਾਂਸੀ ਦੇ ਤਗਮੇ ਜਿੱਤ ਕੇ ਦੋਹਰੀ ਖੁਸ਼ੀ ਦਾ ਤੋਹਫਾ ਭਾਰਤ ਦੀ ਝੋਲੀ ‘ਚ ਪਾਇਆ। ਇਸ ਪਰਫਾਰਮੈਂਸ ਨੂੰ ਦੇਖ ਕੇ ਲੱਗਦਾ ਹੈ। ਕਿ ਕੁਸ਼ਤੀ ਵਰਗੀਆਂ ਵਿਅਕਤੀਗਤ ਖੇਡਾ ਨੂੰ ਭਾਰਤ ਵਲੋ ਤਵੱਜੋ ਦੇਣ ਦਾ ਇਹ ਤਜਰਬਾ ਕਾਫੀ ਹੱਦ ਤੱਕ ਠੀਕ ਵੀ ਰਿਹਾ। ਪ੍ਰੰਤੂ ਆਉਣ ਵਾਲੇ ਸਮਂੇ ਵਿੱਚ ਉੁਲੰਪਿਕ ਵਿਚੋ ਤਗਮਾਂ ਜਿੱਤਣ ਦਾ ਸੁਪਨਾ ਦੇਖ ਕੇ ਤਿਆਰੀ ਵਿੱਚ ਲੱਗੇ ਪਹਿਲਵਾਨਾਂ ਦਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਹੈ । ਕਿਉਕਿ ਉਲੰਪਿਕ ਵਿੱਚ ਭਾਗ ਲੈਣਾਂ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ । ਜਿਵਂੇ ਹਾਜੀ ਯਾਤਰੀਆ ਲਈ ਮੱਕੇ ਦੀ ਅਹਮਿਅਤ ਹੁੰਦੀ ਹੈ। ਉਵੇ ਹੀ ਇੱਕ ਖਿਡਾਰੀ ਦਾ ਮੱਕਾ ਉਲੰਪਿਕ ਖੇਡਾਂ ਹੁੰਦੀਆ ਹਨ। ਜੇ ਉਲੰਪਿਕ ਵਿਚਂੋ ਕੁਸ਼ਤੀ ਨੂੰ ਕੱਢ ਦਿੱਤਾ ਗਿਆ ਤਾਂ ਇਹ ਖੇਡਾਂ ਬਿਲਕੁਲ ਹੀ ਅਧੂਰੀਆਂ ਰਹਿ ਜਾਣਗੀਆਂ। ਇਸ ਸਭ ਦੇ ਬਾਵਜੂਦ ਵੀ ਕੁਸ਼ਤੀ ਖੇਡ ਦੇ ਅਧਿਕਾਰੀਆਂ ਅਤੇ ਖੇਡ ਪ੍ਰੇਮੀਆਂ ਨੇ ਹਾਰ ਨਹੀ ਮੰਨੀ, ਅਤੇ ਭਾਰਤੀ ਉਲੰਪਿਕ ਸੰਘ ਦੇ ਅਹੁਦੇਦਾਰਾਂ ਨੇ ਉਮੀਦ ਜਤਾਈ ਹੈ, ਕਿ ਕੌਮਾਂਤਰੀ ਉਲੰਪਿਕ ਸੰਘ 2020 ਵਿੱਚ ਹੋਣ ਵਾਲੀ ਉਲੰਪਿਕ ਵਿੱਚ ਕੁਸ਼ਤੀ ਨੂੰ ਬਾਹਿਰ ਕਰਨ ਦੇ ਇਸ ਗਲਤ ਫੈਸਲੇ ਨੂੰ ਬਦਲ ਦੇਵੇਗੀ ਅਤੇ ਕੁਸ਼ਤੀ ਖੇਡ ਖੇਡਾਂ ਦੇ ਇਸ ਮਹਾਂਕੁੰਭ ਦੀ ਸ਼ਾਨ ਬਣੀ ਰਹੇਗੀ। ਭਾਰਤੀ ਖੇਡ ਮੰਤਰਾਲਾ ਅਤੇ ਭਾਰਤੀ ਖੇਡ ਪ੍ਰੇਮੀ ਇਸ ਮੁੱਦੇ ਨੂੰ ਉਨ੍ਹਾਂ ਦੇਸ਼ਾ ਦੇ ਸਨਮੁੱਖ ਰੱਖੇਗਾ, ਜਿਥੇ ਕੁਸ਼ਤੀ ਖੇਡ ਜਿਆਦਾ ਹਰਮਨ ਪਿਆਰੀ ਹੈ। ਇਸ ਤਂੋ ਇਲਾਵਾ ਮੰਤਰਾਲਾ ਆਈ.ੳ. ਸੀ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਵੀ ਆਵਾਜ ਬੁਲੰਦ ਕਰੇਗਾ। ਭਾਰਤ ਦੀ ਇਸ ਖੇਡ ਵਿਚ ਬਾਕੀ ਖੇਡਾਂ ਨਾਲੋ ਕਾਫੀ ਬੇਹਤਰ ਪਰਫਾਰਮੈਸ ਹੈ, ਅਗਰ ਇਹ ਫੈਸਲਾ ਰੱਦ ਨਾਂ ਹੋਇਆ ਤਾਂ ਭਾਰਤ ਦਾ ਨਾਂ ਉਲੰਪਿਕ ਮੈਡਲ ਟੈਲੀ ਦੇ ਨਕਸ਼ੇ ਉੇਤੋਂ ਬਿਲਕੁਲ ਜਮੀਨ ਤੇ ਆ ਸਕਦਾ ਹੈ। ਭਾਰਤ ਨੂੰ ਇਸ ਘਾਟੇ ਨੂੰ ਪੂਰਾ ਕਰਨ ਲਈ ਕਿਸੇ ਹੋਰ ਖੇਡ ਦਾ ਦਰਵਾਜਾ ਖੜਕਾਉਣਾ ਪੈ ਸਕਦਾ ਹੈ।
ਬਲਜੀਤ ਕੌਰ ,
ਸਾਈ ਹਾਕੀ ਕੋਚ , 353, ਸਪੋਰਟਸ ਵਿਲ੍ਹਾ,
ਕਾਲੀਆ ਕਲੋਨੀ (ਜਲੰਧਰ)
ਮੋਬਾਇਲ-98146-91122.


0 comments:
Speak up your mind
Tell us what you're thinking... !