ਕਾਫੀ ਲੰਮੀ ਗੁਲਾਮੀ ਤੋਂ ਬਾਅਦ ਭਾਰਤੀ ਔਰਤਾਂ ਪੜ੍ਹ ਲਿਖ ਕੇ ਆਪਣੀ ਯੋਗਤਾ ਰਾਹੀਂ ਮਰਦ ਪ੍ਰਧਾਨ ਸਮਾਜ ਵਿਚ ਬਰਾਬਰ ਖੜ੍ਹੇ ਹੋਣ ਦਾ ਹੱਕ ਪ੍ਰਾਪਤ ਕਰਨ ਦੇ ਯੋਗ ਹੋਈਆਂ ਹਨ। ਗੁਰੂਆਂ, ਪੀਰਾਂ ਅਤੇ ਕਈ ਮਹਾਨਪੁਰਸ਼ਾਂ ਨੇ ਔਰਤਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਕਿਉਂਕਿ ਸਮਾਜਿਕ ਬੁਰਾਈਆਂ ਅਤੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਇਸਤਰੀਆਂ ਦੀ ਦਿਸ਼ਾ ਤੇ ਦਸ਼ਾ ਉਨ੍ਹਾਂ ਨੇ ਅੱਖੀਂ ਵੇਖੀ ਤਾਂ ਫਿਰ ਸਮਾਜ ਨੂੰ ਵੰਗਾਰ ਪਾਈ। ਇਸ ਤਰ੍ਹਾਂ ਸਮਾਂ ਪਾ ਕੇ ਕੁੱਲ ਦਲੇਰ ਅਤੇ ਸੂਝਵਾਨ ਔਰਤਾਂ, ਦੇਸ਼, ਧਰਮ ਤੇ ਕੌਮ ਦੀ ਰੱਖਿਆ ਲਈ ਅੱਗੇ ਵਧੀਆ ਸਨ।
ਔਰਤਾਂ ਦੀ ਅਜਾਦੀ ਦੇ ਸੰਘਰਸ਼ ਦੀ ਕਹਾਣੀ ਬਹੁਤ ਲੰਮੀ ਹੈ। ਭਾਰਤ ਵਿੱਚ 1851 ਈ: ਨੂੰ ਆਰੀਆ ਸਮਾਜ ਦੇ ਬਾਨੀ ਸਵਾਮੀ ਦਯਾਨੰਦ ਸਰਸਵਤੀ ਨੇ ਇਸਤਰੀਆਂ ਦੇ ਹਰੇਕ ਖੇਤਰ ਵਿੱਚ ਮਰਦਾਂ ਦੇ ਬਰਾਬਰ ਅਧਿਕਾਰਾਂ ਦੀ ਗੱਲ ਕਹੀ ਸੀ। ਸਨ 1910 ਈ: ਵਿੱਚ ਸ੍ਰੀਮਤੀ ਐਸ.ਐਨ. ਸੇਨ ਨੇ ਪਹਿਲੀ ਵਾਰ ਪਾਰਤੀ ਇਸਤਰੀ ਮੰਡਲ ਦੀ ਸਥਾਪਨਾ ਕੀਤੀ। ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਸ਼ਾਹੀ ਘਰਾਣੇ ਦੀ ਕੰਵਰ ਰਾਣੀ ਹਰਨਾਮ ਕੌਰ ਪੰਜਾਬ ਦੀ ਅਜਿਹੀ ਪਹਿਲੀ ਮਹਿਲਾ ਸੀ, ਜਿਸਨੇ ਇਸਤਰੀ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿੱਤਾ। ਇਸ ਉਦੇਸ਼ ਲਈ ਉਸਨੇ ਭਾਰਤੀ ਇਸਤਰੀ ਯਾਦਗਾਰ (ਇੰਡੀਅਨ ਵੂਮੈਨ ਮੈਮੋਰੀਅਲ) ਦੀ ਸਥਾਪਨਾ ਕੀਤੀ ਸੀ। ਇਸੇ ਤਰ੍ਹਾਂ ਸਰੋਜਨੀ ਨਾਇਡੂ ਦੇ ਸੱਤ ਸਾਲਾਂ ਦੇ ਸੰਘਰਸ਼ ਬਾਅਦ ਔਰਤਾਂ ਲੂੰ ਸਨ 1921 ਈ: ਵਿੱਚ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਸੀ।
ਸਨ 1992 ਵਿੱਚ ਭਾਰਤੀ ਮਹਿਲਾ ਕਮਿਸ਼ਨ ਦੀ ਸਥਾਪਨਾ ਹੋਈ ਅਤੇ ਨਾਲ ਹੀ ਰਾਜ ਮਹਿਲਾ ਕਮਿਸ਼ਨ ਬਣੇ, ਜਿਨ੍ਹਾਂ ਦਾ ਉਦੇਸ਼ ਰਾਜਨੀਤੀ, ਧਰਮ, ਮਨੁੱਖੀ ਬਰਾਬਰਤਾ, ਦਹੇਜ, ਔਰਤਾਂ ਦਾ ਸ਼ੋਸ਼ਣ, ਪੁਲਿਸ ਦੁਆਰਾ ਔਰਤਾਂ ਦੀ ਬੇਇਜਤੀ ਅਤੇ ਇਸਤਰੀ ਸੁਰੱਖਿਆ ਆਦਿ ਮਾਮਲਿਆਂ ਦੇ ਵਿਚਾਰ ਕਰਨੀ ਸੀ। ਪ੍ਰੰਤੂ ਇਹ ਕਮਿਸ਼ਨ ਵੀ ਪਤੀ ਪਤਨੀ ਦੇ ਘਰੇਲੂ ਝਗੜਿਆਂ ਦੇ ਨਿਪਟਾਰੇ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਮਰਦਾਂ ਨੇ ਅਜੇ ਤੱਕ ਔਰਤਾਂ ਨੂੰ ਆਪ ਬਰਾਬਰ ਨਹੀਂ ਸਮਝਿਆ। ਅੱਜ ਵੀ ਉਸੇ ਤਰ੍ਹਾਂ ਔਰਤਾਂ ਗੁਲਾਮੀ ਦਾ ਜੀਵਨ ਬਤੀਤ ਕਰਦੀਆਂ ਹਨ।
ਵਿਗਿਆਨਿਕ ਤਰੱਕੀ ਨਾਲ ਨਾਮ ਜਰੂਰ ਬਦਲੇ ਹਨ ਜਿਵੇਂ ਕਿ ‘ਕੁੜੀ ਮਾਰਨ’ ਨੂੰ ‘ਕੰਨਿਆ ਭਰੂਣ ਹੱਤਿਆ’ ਦਾ ਨਾਮ ਦਿੱਤਾ ਗਿਆ। ਅਸਲੀਅਤ ਇਹ ਹੈ ਕਿ ਔਰਤਾਂ ਸਮਾਜ ਅਤੇ ਘਰ-ਪਰਿਵਾਰ ਵਿੱਚ ਮਰਦਾਂ ਦੇ ਮਾਨਸਿਕ ਤਸੀਹਿਆਂ ਦਾ ਸ਼ਿਕਾਰ ਹੋ ਕੇ ਗੁਲਾਮੀ ਨੂੰ ਆਪਣਾ ਸੁਭਾਅ ਬਣਾ ਚੁੱਕੀਆਂ ਹਨ। ਪੜ੍ਹੀਆਂ ਲਿਖੀਆਂ, ਨੌਕਰੀਪੇਸ਼ਾ, ਆਤਮ-ਨਿਰਭਰ ਇਸਤਰੀਆਂ ਨਾਲ ਇਸ ਵਸ਼ੇ ਤੇ ਇੱਕ ਸਰਵੇਖਣ ਕੀਤਾ ਗਿਆ। ਉਸਦੀ ਰਿਪੋਰਟ ਅਨੁਸਾਰ 90 ਪ੍ਰਤੀਸ਼ਤ ਔਰਤਾਂ ਨੇ ਕਿਹਾ ਕਿ ‘ਉਹ ਆਪਣੇ ਘਰ-ਪਰਿਵਾਰ ਨੂੰ ਟੁੱਟਣ ਅਤੇ ਬੱਚਿਆਂ ਦੇ ਭਵਿੱਖ ਬਰਬਾਦ ਹੋਣ ਦੇ ਡਰ ਤੋਂ ਆਪਣੇ ਪਤੀਆਂ ਦੇ ਹਰੇਕ ਅਣਮਨੁੱਖੀ ਵਰਤਾਰੇ ਨੂੰ ਝਲਦੀਆਂ ਹਨ।’’ ਘਰੇਲੂ ਅਤੇ ਨੌਕਰੀ ਦੇ ਦੂਹਰੇ ਕੰਮ ਕਰਦੀਆਂ ਇਸਤਰੀਆਂ ਮਰਦਾਂ ਤੋਂ ਕਿਤੇ ਵੱਧ ਅੱਗੇ ਲੰਘ ਚੁੱਕੀਆਂ ਹਨ ਪ੍ਰੰਤੂ ਪਤੀ ਦੇ ਹਰ ਫੈਸਲੇ ਅੱਗੇ ਸਮਰਪਣ ਦੀ ਭਾਵਨਾ ਉਨ੍ਹਾਂ ਦਾ ਸੁਭਾਅ ਬਣ ਚੁੱਕੀ ਹੈ ਜਿਸ ਕਰਕੇ ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਹੀ ਨਹੀਂ ਹੁੰਦਾ।
ਸਰਕਾਰੀ ਰਾਖਵੇਂਕਰਣ ਅਨੁਸਾਰ ਔਰਤਾਂ ਹਰ ਛੋਟੇ ਤੋਂ ਵੱਡੇ ਅਹੁਦੇ ਦੀ ਚੋਣ ਲੜਦੀਆਂ ਹਨ ਪ੍ਰੰਤੂ ਉਸ ਅਹੁਦੇ ਦੀ ਸਮਾਜਿਕ ਵਰਤੋਂ ਦਾ ਨਸ਼ਾ ਉਨ੍ਹਾਂ ਦੇ ਪਤੀ ਹੀ ਕਰਦੇ ਹਨ। ਲੜਕੀ ਦੇ ਪੈਦਾ ਹੋਣ ਤੇ ਜਿਆਦਾ ਔਰਤਾਂ ਖੁਸ਼ ਨਹੀਂ ਹੁੰਦੀਆਂ ਕਿਉਂਕਿ ਉਨ੍ਹਾਂ ਨੂੰ ਇਹੀ ਡਰ ਹੈ ਕਿ ਮੇਰੇ ਵਾਂਗ ਮੇਰੀ ਬੇਟੀ ਵੀ ਅਜਿਹਾ ਜੀਵਨ ਗੁਜਾਰੇਗੀ ਪ੍ਰੰਤੂ ਸਮਾਜ ‘ਔਰਤ ਦੀ ਔਰਤ ਦੁਸ਼ਮਣ’ ਕਹਿ ਕੇ ਮਰਦਾਂ ਦੇ ਹਓਮੈ ਭਰੇ ਰਵਈਏ ਨੂੰ ਹੋਰ ਉਤਸ਼ਾਹਿਤ ਕਰਦਾ ਹੈ। ਅਸਲੀਅਤ ਇਹ ਨਹੀਂ ਹੈ।
ਸੋ ਲੋੜ ਹੈ ਕਿ ਅੱਜ ਸਾਰੀਆਂ ਔਰਤਾਂ ਸਵੈ-ਪੜਚੋਲ ਕਰਨ ਅਤੇ ਆਪਣੇ ਘਰ-ਪਰਿਵਾਰ ਨੂੰ ਸੰਭਾਲਦਿਆਂ ਸਮਾਜ ਵਿੱਚ ਆਪਣੇ ਰੁਤਬੇ ਨੂੰ ਬਰਾਬਰ ਦਾ ਹੱਕ ਦਿਵਾਉਣ ਲਈ ਯਤਨ ਕਰਨ।
ਸ.ਸ. ਮਿਸਟ੍ਰੈਸ,
ਸ.ਸੀ.ਸੈ.ਸ. ਘੁਡਾਣੀ ਕਲਾਂ।
ਜਿਲ੍ਹਾ ਲੁਧਿਆਣਾ।
ਮੋਬਾ: 88721-32007


0 comments:
Speak up your mind
Tell us what you're thinking... !