ਪਿਛਲੇ ਕਾਫ਼ੀ ਸਮੇਂ ਤੋਂ ਆਏ ਦਿਨ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੀਆਂ ਨੇ। ਸਮਾਜ ਅੰਦਰ ਵੱਸਦੇ ਇਨਸਾਨਾਂ ਵਿੱਚ ਵਹਿਸ਼ੀਪੁਣਾ ਵਧਦਾ ਚਲਾ ਜਾ ਰਿਹਾ ਏ। ਆਏ ਦਿਨ ਮਾਸੂਮ ਬੱਚੀਆਂ ਕਿਸੇ ਵਹਿਸ਼ੀ ਦੀ ਹਵਸ਼ ਦਾ ਸ਼ਿਕਾਰ ਬਣਦੀਆਂ ਜਾ ਰਹੀਆਂ ਨੇ। ਆਖਰ ਕੀ ਕਸੂਰ ਇਨਾਂ ਦਾ ਜੋ ਇਨਸਾਨੀ ਵਹਿਸ਼ੀ ਇਨਾਂ ਦੀ ਜਿੰਦਗੀ ਨੂੰ ਨਰਕ ਬਣਾਈ ਜਾ ਰਹੇ ਨੇ। ਅੰਮ੍ਰਿਤਸਰ ਵਿੱਚ ਇੱਕ ਏ.ਐਸ.ਆਈ. ਨੇ ਆਪਣੀ ਧੀ ਦੀ ਇੱਜਤ ਬਚਾਉਂਦਿਆਂ ਆਪਣੀ ਜਾਨ ਗਵਾ ਦਿੱਤੀ। ਪਰ ਕਈ ਧੀਆਂ ਦੀਆਂ ਇੱਜਤਾ ਤਾਰ ਤਾਰ ਹੋ ਰਹੀਆਂ ਨੇ। ਦਿੱਲੀ ਗੈਂਗਰੇਪ ਦੀ ਸ਼ਿਕਾਰ ‘ਦਾਮਿਨੀ’ ਜਿੰਦਗੀ ਨੂੰ ਤਰਸਦੀ ਹੋਈ ਮਰ ਗਈ, ਉਸਦਾ ਕਸੂਰ ਕੀ ਸੀ? ਸਿਰਫ ਇੰਨਾਂ ਕਿ ਉਹ ਅਜਾਦ ਭਾਰਤ ਵਿੱਚ ਰਾਜਧਾਨੀ ਦੀਆਂ ਸੜਕਾਂ ’ਤੇ ਰਾਤ ਵੇਲੇ ਬਾਹਰ ਨਿਕਲੀ ਤੇ ਆਪਣੀ ਜਿੰਦਗੀ ਦੀ ਕੁਰਬਾਨੀ ਦੇਣੀ ਪਈ ਉਸਨੂੰ। ਦਾਮਿਨੀ ਨਾਲ ਤਾਂ ਉਸਦਾ ਮਰਦ ਦੋਸਤ ਵੀ ਸੀ। ਇਸਦਾ ਮਤਲਬ ਔਰਤ ਆਪਣੇ ਨਾਲ ਵਫਾਦਾਰ ਮਰਦ ਦੇ ਹੁੰਦਿਆਂ ਹੋਇਆਂ ਵੀ, ਗੈਰਾਂ ਤੋਂ ਅਸੁੱਰਖਿਅਤ ਏ? ਕੀ ਔਰਤ ਕਦੀ ਵੀ ਰਾਤ ਬਾਹਰ ਸੜਕ ਤੇ ਅਜਾਦ ਨਹੀਂ ਘੁੰਮ ਸਕਦੀ? ਕੀ ਅੱਜ ਵੀ ਔਰਤ ਅਜਾਦ ਦੇਸ਼ ਦੀ ਗੁਲਾਮ ਏ? ਆਖਿਰ ਕਿਉਂ? ਕਿਉਂ ਮਨੁੱਖ ਦੀ ਜਮੀਰ ਮਰ ਜਾਂਦੀ ਏ। ਤੇ ਉਹ ਇਹੋ ਜਿਹੀਆਂ ਕੋਝੀਆਂ ਹਰਕਤਾਂ ਤੇ ਉਤਰ ਆਉਂਦਾ ਏ ਕਿ ਇਕ ਔਰਤ ਦੀ ਕੁੱਖ ਤੋਂ ਪੈਦਾ ਹੋ ਕੇ, ਔਰਤ ਦੀ ਹੀ ਇੱਜਤ ਤਾਰ ਤਾਰ ਕਰ ਦਿੰਦਾ ਏ। ਦਾਮਿਨੀ ਗੈਂਗਰੇਪ ਕਾਂਡ ਤੋਂ ਬਾਅਦ ਤਾਂ ਇਕ ਸਰੀਫ ਮਰਦ ਵੀ ਔਰਤ ਨਾਲ ਨਜਰ ਮਿਲਾਉਣੋ ਝਿਜਕਦਾ ਏ। ਕਿਉਂਕਿ ਕੁਝ ਲੋਕਾਂ ਦੀਆਂ ਗਲਤੀਆਂ, ਪੂਰੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੀਆਂ ਨੇ। ਉਹ ਵੀ ਮਰਦ ਨੇ, ਜੋ ਔਰਤ ਨੂੰ ਅੱਜ ਵੀ ਰੱਬ ਦਾ ਦਰਜਾ ਦਿੰਦੇ ਹਨ, ਪਰ ਵਹਿਸੀ ਮਰਦਾਂ ਨੇ ਉਨ੍ਹਾਂ ਦਾ ਅਕਸ ਵੀ ਧੁੰਦਲਾ ਕਰ ਦਿੱਤਾ ਹੈ। ਹਰਿਆਣੇ ਦੀ ਸਰਕਾਰ ਨੇ ਕਾਨੂੰਨ ਬਣਾਇਆ ਕਿ ਸਮਾਜ ਵਿਚ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਹਰਿਆਣੇ ਵਿਚ ਕੁੜੀਆਂ ਦੀ ਵਿਆਹ ਦੀ ਉਮਰ 18 ਸਾਲ ਤੋਂ ਘਟਾ ਕੇ, 15 ਸਾਲ ਕਰ ਦਿੱਤੀ ਜਾਵੇ ਪਰ ਜਦੋਂ ਇਕ 19 ਸਾਲ ਦੀ ਗਰਭਵਤੀ ਔਰਤ ਨਾਲ ਸਮੂਹਿਕ ਬਲਾਤਕਾਰ ਹੋਇਆ, ਉਦੋਂ ਕਾਨੂੰਨ ਕੀ ਮਾਇਨੇ ਰੱਖਦਾ ਏ।
ਜਦੋਂ ਇਨਸਾਨ ਦੀ ਜਮੀਰ ਮਰ ਜਾਵੇ, ਤੇ ਉਹ ਹੈਵਾਨ ਬਣਿਆ ਇਕ ਬਲਾਤਕਾਰੀ ਦਾ ਰੂਪ ਧਾਰਨ ਕਰ ਲਵੇ, ਉਸ ਵੇਲੇ ਉਸਨੂੰ ਇਹ ਫਰਕ ਬਿਲਕੁਲ ਨਹੀਂ ਪੇਂਦਾ ਕਿ ਉਸਦੀ ਹਵਸ਼ ਦਾ ਸ਼ਿਕਾਰ ਹੋਣ ਵਾਲੀ ਔਰਤ ਮਾਸੂਮ ਬੱਚੀ ਏ, ਜਾ ਬਜੁਰਗ ਔਰਤ। ਇਹੋ ਜਿਹੇ ਦਰਿੰਦੇ, ਮਾਸੂਮ ਬੱਚੀਆਂ, ਜੋ ਸਿਰਫ ਦਸ ਬਾਰਾਂ ਸਾਲ ਦੀਆਂ ਹੁੰਦੀਆਂ ਨੇ, ਉਨ੍ਹਾਂ ਨੂੰ ਵੀ ਨਹੀਂ ਬਖਸ਼ਦੇ, ਤੇ ਇੰਨੇ ਗਿਰ ਜਾਂਦੇ ਨੇ ਕਿ ਆਪਣੀ ਮਾਂ ਸਮਾਨ ਔਰਤ ਦੀ ਵੀ ਪੱਤ ਲੁੱਟ ਲੈਂਦੇ ਨੇ। ਕੀ ਮਰਦ ਨੇ ਅੱਜ ਵੀ ਔਰਤ ਨੂੰ ਸਿਰਫ ਭੋਗਣ ਵਾਲੀ ਵਸਤੂ ਹੀ ਸਮਝ ਰੱਖਿਆ ਏ? ਸ਼ਾਇਦ ਇਸੇ ਲਈ ਹੀ ਲੋਕ ਕੁੜੀਆਂ ਜੰਮਣ ਤੋਂ ਇਨਕਾਰੀ ਹੋ ਗਏ ਨੇ? ਕਿਉਂਕਿ ਕਿਤੇ ਤਾਂ ਧੀ ਦਾਜ ਦੀ ਬਲੀ ਚੜ੍ਹ ਕੇ ਸਹੁਰਿਆਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ, ਤੇ ਕਿਸੇ ਇਨਸਾਨ ਦੀ ਹਵਸ਼ ਦਾ।
ਸਮਾਜ ਅੰਦਰ ਵੱਧ ਰਹੇ ਬਲਾਤਕਾਰਾਂ ਦੇ ਪਿੱਛੇ ਕਿਤੇ ਨਾ ਕਿਤੇ ਅਜੋਕੀ ਗਾਇਕੀ ਵੀ ਜਰੂਰ ਜਿੰਮੇਵਾਰ ਹੈ। ਜਿਸਦੇ ਬੋਲਾਂ ਵਿਚ ਕੁੜੀਆਂ ਨੂੰ ਘਟੀਆ ਸ਼ਬਦਾਂ ਨੂੰ ਸੰਬੋਧਿਤ ਕੀਤਾ ਜਾਂਦਾ ਹੈ, ਤੇ ਆਮ ਛੇੜਖਾਨੀ ਕਰਦੇ ਦਿਖਾਇਆ ਜਾਂਦਾ ਏ, ਕੁੱਝ ਹੱਥ ਪੱਛਮੀ ਸੱਭਿਅਤਾ ਦਾ ਹੈ, ਜੋ ਔਰਤਾਂ ਤੇ ਮਰਦਾ ਦੋਹਾਂ ਦੁਆਰਾ ਅਪਣਾਈ ਜਾਂਦੀ ਹੈ। ਔਰਤਾਂ ਵਿਚ ਪੱਛਮੀ ਢੰਗ ਦੇ ਕੱਪੜੇ ਪਾਉਣੇ ਅਸੱਭਿਅਕ ਨੇ, ਤੇ ਅਜਿਹੇ ਰੂਪ ਵਿੱਚ ਗਲਤ ਪੱਖ ਦਾ ਵਿਰੋਧ ਨਹੀਂ ਕੀਤਾ ਜਾ ਸਕਦਾ ਤੇ ਸ਼ਾਇਦ ਠੀਕ ਵੀ ਇੰਝ ਹੀ ਏ। ਕਿ ਕਿਸੇ ਹੋਰ ਦੀ ਗਲਤੀ ਦੀ ਸਜਾ ਕੋਈ ਹੋਰ ਭੋਗਦਾ ਹੈ। ਇਸ ਲਈ ਇੱਕ ਸੁਧਾਰ ਔਰਤਾਂ ਲਈ ਵੀ ਜਰੂਰੀ ਹੈ ਕਿ ਪੱਛਮੀ ਪਹਿਰਾਵੇ ਤੋਂ ਗੁਰੇਜ ਕਰਕੇ, ਸੱਭਿਅਕ ਪਹਿਰਾਵਾ ਪਾਉਣ ਤਾਂ ਜੋ ਕਿਸੇ ਦੀ ਗਲਤ ਗੱਲ ਦਾ ਜਵਾਬ ਦੇਣਾ ਮੁਸ਼ਕਿਲ ਨਾ ਹੋਵੇ ਕਿਉਂਕਿ ਜੇ ਅਸੀਂ ਆਪਣਾ ਸੁਧਾਰ ਕਰਾਂਗੇ ਤਾਂ ਹੀ ਤਾਂ ਅਸੀਂ ਸਮਾਜ ਨੂੰ ਸੁਧਾਰ ਸਕਾਂਗੇ। ਸਮਾਜ ਵਿਚ ਹੁੰਦੀ ਕਿਸੇ ਗਲਤ ਗੱਲ ਦਾ ਵਿਰੋਧ ਕਰ ਸਕਾਂਗੇ।
ਜੇ ਸਾਡਾ ਦੇਸ਼ ਆਜਾਦ ਹੈ, ਤਾਂ ਅਜਾਦੀ ਹਰ ਇਨਸਾਨ ਦੇ ਹਿੱਸੇ ਬਰਾਬਰ ਦੀ ਹੋਣੀ ਚਾਹੀਦੀ ਏ, ਭਾਵੇਂ ਮਰਦ ਹੋਵੇ ਜਾਂ ਔਰਤ। ਸਮਾਜ ਵਿੱਚ ਔਰਤਾਂ ਨੂੰ ਵੀ ਹੱਕ ਏ, ਕਿ ਉਹ ਕਿਤੇ ਵੀ ਆ ਜਾ ਸਕਣ, ਪਰ ਅੱਜ ਬਹੁਤ ਸਾਰੀਆਂ ਔਰਤਾਂ ਡਰ ਨਾਲ ਘਰੋਂ ਬਾਹਰ ਨਹੀਂ ਨਿਕਲਦੀਆਂ, ਕਿਉਂਕਿ ਅਜੇ ਵੀ ਗੰਦੀਆਂ ਨਜਰਾਂ ਦਾ ਡਰ ਹੈ, ਉਨ੍ਹਾਂ ਅੰਦਰ। ਇਕ ਬਲਾਤਕਾਰੀ ਨੂੰ ਇਹੋ ਜਿਹੀ ਸਜਾ ਮਿਲੇ, ਕਿ ਦੁਬਾਰਾ ਕੋਈ ਵੀ ਇਨਸਾਨ, ਅਜਿਹਾ ਕੁਕਰਮ ਕਰਨ ਤੋਂ ਪਹਿਲਾਂ ਹੀ ਕੰਬ ਜਾਵੇ, ਪਰ ਅਜਿਹਾ ਹੋਵੇਗਾ ਕਦੋਂ? ਆਏ ਦਿਨ ਤਾਂ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਦੀਆਂ ਹੀ ਜਾ ਰਹੀਆਂ ਨੇ। ਕਦੋਂ ਇਕ ਔਰਤ ਨੂੰ ਇਹ ਮਹਿਸੂਸ ਹੋਵੇਗਾ, ਕਿ ਉਹ ਸਮਾਜ ਅੰਦਰ ਸੁਰੱਖਿਅਤ ਹੈ ਅਤੇ ਆਪਣੀ ਮਰਜੀ ਨਾਲ ਬਿਨ੍ਹਾਂ ਡਰ ਤੋਂ ਕਿਤੇ ਆ ਜਾ ਸਕਦੀ ਏ, ਜਾਂ ਅੱਜ ਵੀ ਔਰਤ ਆਜਾਦ ਦੇਸ਼ ਦੀ ਗੁਲਾਮ ਹੀ ਹੈ? ਤੇ ਕਦੋਂ ਤੱਕ ਰਹੇਗੀ?
ਹਰਪ੍ਰੀਤ ਕੌਰ ਹੈਪੀ
ਪਿੰਡ ਸਰਲੀ ਕਲਾਂ
ਤਰਨ ਤਾਰਨ


0 comments:
Speak up your mind
Tell us what you're thinking... !