ਸੁੰਦਰਤਾ ਨੂੰ ਗਹਿਣਿਆਂ ਦੀ ਲੌੜ ਨਹੀਂ’ ਇਹ ਮਾਟੋ ਭਾਰਤੀ ਨਾਰੀ ਲਈ ਅੱਜ ਦੇ ਸਾਇੰਸ ਯੁੱਗ ਵਿੱਚ ਮਹੱਤਵਪੂਰਨ ਥਾਂ ਰੱਖਦਾ ਹੈ। ਭਾਰਤੀ ਨਾਰੀ ਦਾ ਗਹਿਣਿਆਂ ਨਾਲ ਲੱਦੇ ਜਾਣਾ ਪੁਰਾਤਨ ਰਵਾਇਤਾਂ ਅਨੁਸਾਰ ਅੱਜ ਵੀ ਪੜੇ ਲਿਖੇ ਯੁੱਗ ਵਿਚ ਪ੍ਰਚੱਲਤ ਹੈ । ਕੀ ਸੁੰਦਰਤਾ ਸਿਰਫ ਗਹਿਣਿਆਂ ਨਾਲ ਸ਼ਿੰਗਾਰ ਕਰਕੇ ਹੀ ਹੁੰਦੀ ਹੈ ? ਇਹ ਪ੍ਰਸ਼ਨ ਅੱਜ ਦੀ ਨਾਰੀ ਸਾਹਮਣੇ ਵਿਚਾਰਨਯੋਗ ਹੈ । ਜਦੋਂ ਕਿ ਤੇਜ਼ ਰਫਤਾਰ ਯੁੱਗ ਵਿਚ ਬਾਹਰਲੇ ਦੇਸ਼ ਅਗਾਂਹ ਲੰਘ ਚੁੱਕੇ ਹਨ । ਗਹਿਣਿਆਂ ਦੇ ਜ਼ਿਆਦਾ ਨੁਕਸਾਨ ਹੀ ਹਨ, ਫਾਇਦੇ ਤਾਂ ਸ਼ਾਇਦ ਹੀ ਕੋਈ ਹੋਣ ।
ਗਹਿਣਿਆਂ ਦੇ ਸਿਲਸਿਲੇ ਵਿਚ ਪਰਿਵਾਰ ਦੀ ਆਰਥਿਕ ਦਸ਼ਾ ਕਮਜ਼ੋਰ ਹੋ ਜਾਂਦੀਹੈ । ਵਿਆਹ ਨੂੰ ਲੜਕੀ ਲਈ ਦੋਹਾਂ ਪਾਸਿਆਂ ਤੋਂ ਗਹਿਣੇ ਪਾਏ ਜਾਂਦੇ ਹਨ । ਇਸ ਤਰ੍ਹਾਂ ਪੈਸੇ ਦੀ ਬਰਬਾਦੀ ਹੁੰਦੀ ਹੈ । ਲੜਕੀ ਵਾਲੇ ‘ਨੱਕ ਰੱਖਣ’ ਕਰਕੇ ਆਪਣੇ ਵਿਤੋਂ ਬਾਹਰ ਹੋ ਕੇ ਗਹਿਣੇ ਬਣਵਾਉਂਦੇ ਹਨ । ਪਿੰਡਾਂ ਵਿਚ ਤਾਂ ਜ਼ਿਮੀਂਦਾਰ ਜ਼ਮੀਨਾਂ ਗਹਿਣੇ ਕਰਕੇ ਜਾਂ ਵੇਚ ਕੇ ਵਿਆਹ ਉØØੱਪਰ ਰੀਸੋ-ਰੀਸ ਇਕ ਦੂਜੇ ਤੋਂ ਵੱਧ ਪੈਸਾ ਖਰਚਦੇ ਹਨ ਜਿਹੜਾ ਕਿ ਜਿਆਦਾ ਗਹਿਣਿਆਂ ਉਪੱਰ ਖਰਚਿਆ ਜਾਂਦਾ ਹੈ । ਗਹਿਣੇ ਬਣਵਾ ਕੇ ਉਨ੍ਹਾਂ ਨੂੰ ਸੰਭਾਲਣ ਲਈ ਸਮੱਸਿਆ ਪੈਦਾ ਹੋ ਜਾਂਦੀ ਹੈ । ਅਗਰ ਕਿਸੇ ਕੋਲ ਜ਼ਿਆਦਾ ਕੀਮਤੀ ਗਹਿਣੇ ਹਨ ਤਾਂ ਉਸ ਨੂੰ ਰਾਤ ਨੂੰ ਚੋਰੀ ਦੇ ਡਰ ਕਾਰਨ ਨੀਂਦ ਵੀ ਨਹੀਂ ਆਉਂਦੀ । ਬਾਹਰ ਰਸਤੇ ਵਿਚ ਸਫਰ ਕਰਦੇ ਸਮੇਂ ਹਮੇਸ਼ਾ ਮਨ ਅੰਦਰ ਇਹੋ ਡਰ ਰਹੇਗਾ । ਬੱਸਾਂ, ਮੇਲਿਆਂ, ਭੀੜ-ਭੜੱਕੇ ਵਾਲੀਆਂ ਥਾਵਾਂ ਅੰਦਰ ਅਕਸਰ ਜ਼ਨਾਨੀਆਂ ਦੀਆਂ ਚੇਨੀਆਂ, ਗਲ ਦੇ ਹਾਰ, ਕੰਨਾਂ ਦੇ ਵਾਲੇ ਆਦਿ ਅੱਖ ਝਮਕਦਿਆਂ ਲਾਹੁਣ ਜਾਂ ਭੀੜ ਕਾਰਨ ਡਿੱਗਣ ਦੀਆਂ ਘਟਨਾਵਾਂ ਸਾਡੇ ਸਾਹਮਣੇ ਆਮ ਵਾਪਰਦੀਆਂ ਹਨ । ਗਹਿਣੇ ਅਕਸਰ ਭੁੱਖੇ ਮਰ ਰਹੇ ਬੰਦੇ ਨੂੰ ਚੋਰੀ ਅਤੇ ਲੁੱਟ ਲਈ ਉਕਸਾਉਂਦੇ ਹਨ । ਕਈ ਜ਼ਨਾਨੀਆਂ ਗਿਰੋਹ ਬਣਾ ਕੇ ਅਕਸਰ ਬੱਸਾਂ ਅਤੇ ਹੋਰ ਜਨਤਕ ਥਾਵਾਂ ਅੰਦਰ ਗਹਿਣੇ ਚੁਰਾਉਣ ਜਾਂ ਲਾਹੁਣ ਦੀ ਭਾਲ ਵਿਚ ਫਿਰਦੀਆਂ ਰਹਿੰਦੀਆਂ ਹਨ । ਸਾਨੂੰ ਆਪਣੇ ਅੰਦਰ ਝਾਤ ਮਾਰ ਕੇ ਵੇਖਣਾ ਚਾਹੀਦਾ ਹੈ ਕਿ ਕੀ ਅਸੀਂ ਚੋਰ ਅਤੇ ਲੁਟੇਰੇ ਬਣਾਉਣ ਵਿਚ ਜ਼ਿੰਮੇਵਾਰ ਤਾਂ ਨਹੀਂ ?
ਗਹਿਣੇ ਪਾਉਣ ਨਾਲ ਕੰਮ-ਕਾਰ ਕਰਨ ਵਿਚ ਰੁਕਾਵਟ ਪੈਂਦੀ ਹੈ । ਇਕ ਸਾਦਾ ਇਸਤਰੀ ਫੈਕਟਰੀ ਵਿਚ ਜਾਂ ਕਿਤੇ ਵੀ ਹੱਥ ਨਾਲ ਕੰਮ ਕਰਨ ਸਮੇਂ ਲਾਜ਼ਮੀ ਵੱਧ ਕੰਮ ਕਰੇਗੀ । ਗਹਿਣੇ ਮਨ ਦੀ ਇਕਾਗਰਤਾ ਨੂੰ ਭੰਗ ਕਰਦੇ ਹਨ । ਗਹਿਣੇ ਛਣਕਦੇ ਰਹਿਣ ਕਾਰਨ ਦਫਤਰੀ ਕੰਮ-ਕਾਰ ਵਿਚ ਵਿਘਨ ਪੈਂਦਾ ਹੇ । ਦੂਸਰਿਆਂ ਦਾ ਧਿਆਨ ਵੀ ਖਿੱਚਿਆ ਜਾਂਦਾ ਹੈ । ਮਰਦ ਮੁਲਾਜ਼ਮਾਂ ਨੂੰ ਗਹਿਣਿਆਂ ਦੇ ਛਣਕਣ ਦੀ ਆਵਾਜ਼ ਮੱਲੋ-ਮੱਲੀ ਉਕਸਾਉਂਦੀ ਹੈ ਜਿਸ ਨਾਲ ਕੰਮ ’ਚ ਰੁਕਾਵਟ ਪੈਦਾ ਹੁੰਦੀ ਹੈ ।
ਹਰ ਸਮੇਂ ਗਹਿਣੇ ਪਾਉਣ ਨਾਲ ਇਹ ਘਸਦੇ ਰਹਿੰਦੇ ਹਨ । ਕਈ ਵਾਰੀ ਟੁੱਟ ਵੀ ਜਾਂਦੇ ਹਨ । ਇਸ ਤਰ੍ਹਾਂ ਦੁਬਾਰਾ- ਦੁਬਾਰਾ ਬਣਾਉਣ ਨਾਲ ਇਹ ਸੁਨਿਆਰੇ ਜੋਗੇ ਹੀ ਰਹਿ ਜਾਂਦੇ ਹਨ । ਇਨ੍ਹਾਂ ਦੀ ਕੀਮਤ ਤੇ ਵਜ਼ਨ ਘੱਟ ਜਾਂਦਾ ਹੈ । ਅੱਜ-ਕੱਲ੍ਹ ਸੋਨੇ ਦੇ ਗਹਿਣਿਆਂ ਦੀ ਨਕਲ ਵੀ ਚੱਲ ਪਈ ਹੈ ।
ਨਕਲੀ ਅਤੇ ਅਸਲੀ ਦਾ ਪਤਾ ਨਹੀਂ ਲਗਦਾ ਤੇ ਕਈ ਵਾਰੀ ਹੇਰਾ-ਫੇਰੀ ਵੀ ਹੋ ਜਾਂਦੀ ਹੈ । ਗਹਿਣਿਆਂ ’ਤੇ ਹਰ ਕੋਈ ਅੱਖ ਰੱਖਦਾ ਹੈ । ਅਖਬਾਰਾਂ ਵਿਚ ਅਕਸਰ ਜ਼ਨਾਨੀਆਂ ਤੋਂ ਪਾਂਡੇ, ਜੋਤਸ਼ੀ ਅਤੇ ਸਿਆਣਿਆਂ ਵੱਲੋਂ ਗਹਿਣੇ ਲੁੱਟ ਕੇ ਫਰਾਰ ਹੋਣ ਦੀਆਂ ਖਬਰਾਂ ਪੜ੍ਹਦੇ ਹਾਂ । ਭੋਲੀਆਂ ਜ਼ਨਾਨੀਆਂ ਗੱਲਾਂ ਵਿਚ ਆ ਕੇ ਸਾਰੇ ਗਹਿਣੇ ਉਤਾਰ ਕੇ ਜਾਂ ਅੰਦਰੋਂ ਕੱਢ ਕੇ ਬਾਬੇ ਨੂੰ ਦੇ ਦਿੰਦੀਆਂ ਹਨ । ਬਾਬਾ ਦੁੱਗਣਾ ਕਰਨ ਦਾ ਲਾਲਚ ਦੇ ਕੇ ਰਫੂ-ਚੱਕਰ ਹੋ ਜਾਂਦਾ ਹੈ । ਬਾਅਦ ਵਿਚ ਇਹੋ ਜਿਹਿਆਂ ਜ਼ਨਾਨੀਆਂ ਫਿਕਰ ਵਿਚ ਮਾਨਸਿਕ ਰੋਗਾਂ ਦੀ ਜਕੜ ਵਿਚ ਆ ਜਾਂਦੀਆਂ ਹਨ ।
ਬੱਚਿਆਂ ਅੰਦਰ ਗਹਿਣਿਆਂ ਦਾ ਸ਼ੌਕ ਵੱਡਿਆਂ ਨੂੰ ਦੇਖ ਕੇ ਕੁਦਰਤੀ ਹੋ ਜਾਂਦਾ ਹੈ । ਕਈ ਮਾਪੇ ਸਕੂਲੀ ਬੱਚਿਆਂ ਨੂੰ ਲਾਡ-ਲਾਡ ਵਿਚ ਗਹਿਣੇ ਪਾਉਣ ਦੀ ਆਦਤ ਪਾ ਦਿੰਦੇ ਹਨ । ਇਹ ਬੱਚੇ ਪਹਿਲਾਂ ਤਾਂ ਫੈਸ਼ਨ ਮੁਤਾਬਿਕ ਡੁਪਲੀਕੇਟ ਗਹਿਣੇ ਪਾਉਂਦੇ ਹਨ ਪਰ ਬਾਅਦ ਵਿਚ ਅਸਲੀ ਗਹਿਣੇ ਮੰਗਣ ਲੱਗ ਪੈਂਦੇ ਹਨ । ਇਹੋ ਜਿਹੇ ਰੁਝਾਨ ਕਾਰਨ ਪੜ੍ਹਾਈ ਵੱਲੋਂ ਉਨ੍ਹਾਂ ਬੱਚਿਆਂ ਦਾ ਧਿਆਨ ਪਾਸੇ ਚਲਾ ਜਾਂਦਾ ਹੈ । ਅਗਰ ਸਕੂਲ ਅਧਿਆਪਕਾਂ ਦੇ ਗਹਿਣੇ ਪਾਏ ਹੋਣਗੇ, ਸੁਭਾਵਿਕ ਹੀ ਬੱਚੇ ਉØØØੱਪਰ ਇਸ ਦਾ ਪ੍ਰਭਾਵ ਪਵੇਗਾ । ਬੱਚਿਆਂ ਦਾ ਧਿਆਨ ਵੀ ਪੜ੍ਹਾਈ ਵਿਚ ਨਹੀਂ ਲੱਗੇਗਾ ।
ਸਾਦਗੀ ਗਹਿਣਿਆਂ ਨਾਲੋਂ ਕਿਤੇ ਵੱਧ ਪ੍ਰਭਾਵਿਤ ਕਰਦੀ ਹੈ ਬਸ਼ਰਤੇ ਕਿ ਔਰਤ ਬਾਕੀ ਗੁਣਾਂ ਨਾਲ ਮਾਲੋ-ਮਾਲ ਹੋਵੇ । ਤਿੱਖੇ ਨੈਣ-ਨਕਸ਼, ਗੋਰਾ ਰੰਗ, ਸੁਹੱਪਣਤਾ ਦਾ ਜ਼ਰੂਰ ਪ੍ਰਤੀਕ ਹਨ ਪਰ ਸ਼ਖਸੀਅਤ ਦਾ ਪ੍ਰਭਾਵ ਅੰਦਰਲੇ ਗੁਣਾਂ ਕਰਕੇ ਹੀ ਪੈਂਦਾ ਹੇ । ਨੈਣ-ਨਕਸ਼ ਤੇ ਰੰਗ-ਰੂਪ ਜੋ ਕੁਦਰਤ ਨੇ ਦਿੱਤੇ ਹਨ ਉਨ੍ਹਾਂ ਨੂੰ ਹੀ ਸਵੀਕਾਰ ਕਰਨਾ ਚਾਹੀਦਾ ਹੈ ਨਾ ਕਿ ਬਿਊਟੀ ਪਾਰਲਰਾਂ ਵਿਚ ਜਾ ਕੇ ਉਨ੍ਹਾਂ ਵਿਚ ਤਬਦੀਲੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਇਸ ਤਰ੍ਹਾਂ ਕਰਨ ਨਾਲ ਬਾਅਦ ਵਿਚ ਸਮਾਂ ਬੀਤਣ ਨਾਲ ਚਿਹਰੇ ਦੀ ਚਮੜੀ ਹੋਰ ਵੀ ਖਰਾਬ ਹੋ ਜਾਂਦੀ ਹੈ। ਇਹੋ ਜਿਹੀਆਂ ਆਦਤਾਂ ਪਾਉਣਾ ਜ਼ਿੰਦਗੀ ਨੂੰ ਨੀਰਸ ਬਣਾਉਣ ਤੋਂ ਸਿਵਾਏ ਕੁਝ ਪੱਲੇ ਨਹੀਂ ਪਾਉਂਦੀਆਂ । ਸਾਦਗੀ ਵਿਚ ਰਹਿ ਰਹੀਆਂ ਔਰਤਾਂ ਮਾਨਸਿਕ ਸ਼ਾਂਤੀ ਦਾ ਆਨੰਦਮਈ ਜੀਵਨ ਬਤੀਤ ਕਰਦੀਆਂ ਹਨ । ਪਹਿਰਾਵਾ, ਗੱਲਬਾਤ ਦਾ ਢੰਗ, ਸੁਭਾਅ ਅਤੇ ਕਿੱਤਾ ਆਦਿ ਸ਼ਖਸੀਅਤ ਨੂੰ ਚੰਗਾ ਬਣਾਉਣ ਲਈ ਸਹਾਈ ਹੁੰਦੇ ਹਨ ਨਾ ਕਿ ਗਹਿਣੇ।
ਮੇਜਰ ਸਿੰਘ ਨਾਭਾ
9463553962

0 comments:
Speak up your mind
Tell us what you're thinking... !