Headlines News :
Home » » ਅੰਨ੍ਹਾ ਝੋਟਾ - ਡਾ. ਰਾਜਿੰਦਰ ਸਿਘ ਦੋਸਤ

ਅੰਨ੍ਹਾ ਝੋਟਾ - ਡਾ. ਰਾਜਿੰਦਰ ਸਿਘ ਦੋਸਤ

Written By Unknown on Saturday, 23 March 2013 | 00:46


      ‘ਬਾਪੂ ਜੀ ਫਿਰ ਉਹ ਅੰਨ੍ਹਾ ਝੋਟਾ ਕਿਥੇ ਗਿਆ’ਅਸੀਂ ਇੱਕਠਿਆਂ ਹੀ ਕਹਿ ਦੇਣਾ।
      ‘ਐਥੇ ਹੀ ਕਿਤੇ ਫਿਰਦਾ ਹੋਣੈ’ਬਾਪੂ ਜੀ ਦਾ ਪੱਕਾ ਹੀ ਜਵਾਬ ਹੁੰਦਾ।
     ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਸੀਂ ਕੱਛੀਆਂ ਨੂੰ ਹੱਥ ਪਾਕੇ ਗਲ਼ੀਆਂ ਵਿੱਚ ਦੜੰਗੇ ਮਾਰਦੇ ਫਿਰਦੇ ਹੁੰਦੇ ਸੀ।ਭੂਰੂ ਦੇ ਬਾਬੇ ਨੂੰ ਅਸੀਂ ਸਾਰੇ ਬਾਪੂ ਜੀ ਹੀ ਕਹਿੰਦੇ ਹੁੰਦੇ ਸੀ, ਬਚਪਨ ਤੋਂ ਹੀ।ਅਸੀਂ ਪਤਾ ਹੀ ਨਹੀਂ ਕਿ ਕਿੰਨੀ ਵਾਰ ਅੰਨ੍ਹੇ ਝੋਟੇ ਦੀ ਕਹਾਣੀ ਉਹਨਾਂ ਤੋਂ ਸੁਣੀ ਸੀ। ਉਹ ਸੁਣਾਉਦੇ ਵੀ ਬੜੇ ਮਸਾਲੇਦਾਰ ਤਰੀਕੇ ਨਾਲ ਸੀ। ਅਸੀਂ ਸਾਰੇ ਨਿਆਣਿਆਂ ਨੇ ਅਕਸਰ ਹੀ ਬਾਪੂ ਦੀ ਮੰਜੀ ਦੁਆਲੇ ਅੰਨ੍ਹੇ ਝੋਟੇ ਦੀ ਕਹਾਣੀ ਸੁਨਣ ਵਾਸਤੇ ਝੁਰਮਟ ਪਾ ਲੈਣਾ।
    ਬਾਪੂ ਨੇ ਕਹਿਣਾ, “ਪਹਿਲਾ ਤਾਂ ਉਹ ਝੋਟਾ ਬਿਲਕੁਲ ਠੀਕ ਹੁੰਦਾ ਸੀ, ਪਰ ਸੀ ਬੜਾ ਅੜਬ ,ਮਾਰਖੁੰਡਾ।ਕਾਬੂ ਵਿੱਚ ਘੱਟ ਹੀ ਆਉਂਦਾ ਸੀ। ਏਧਰ ਉਧਰ ਫਿਰਦਾ ਰਹਿੰਦਾ।ਖੇਤਾਂ ਵਿੱਚੋਂ ਛਾਂਟ ਛਾਂਟ ਕੇ ਵਧੀਆ ਵਧੀਆ,ਨਰਮ ਨਰਮ ਪੱਠੇ ਖਾ ਜਾਂਦਾ। ਦੂਰ ਦੂਰ ਤੱਕ ਘੁੰਮਦਾ ਫਿਰਦਾ ਸੀ।ਕਿਸੇ ਦੇ ਕਾਬੂ ਆਉਂਦਾ ਨਹੀਂ ਸੀ।ਨਾ ਰੇਹੜੇ ਜੁੜਦਾ ,ਨਾ ਚਓੁਣੇ ਵਿੱਚ ਰਹਿੰਦਾ ਨਾ ਮੰਡੀ ਜਾਣ ਜੋਗਾ।ਬਸ ਹਰੀ ਅੰਗੂਰੀ ਲਭਦਾ ਫਿਰਦਾ ਰਹਿੰਦਾ। ਫਿਰ ਪਤਾ ਨਹੀਂ ਕਿਵੇਂ ਅੰਨ੍ਹਾ ਹੋ ਗਿਆ। ਕਦੇ ਕੰਧਾਂ ਵਿੱਚ ਵਜਦਾ ਫਿਰੇ ਕਦੇ ਦਰੱਖਤਾਂ ਵਿੱਚ, ਬਸ ਭਟਕਣ ਜੋਗਾ।”
       ਅਸੀਂ ਅਖੀਰ ਵਿੱਚ ਰੋਜ ਹੀ ਪੁੱਛ ਲੈਣਾ ,
      “ਬਾਪੂ ਜੀ, ਉਹ ਝੋਟਾ ਗਿਆ ਕਿਥੇ?”
       ‘ਉਏ ਇਥੇ ਹੀ ਕਿਤੇ ਭਟਕਦਾ ਫਿਰਦਾ ਹੋਣੈ’ ਕਹਿ ਕੇ ਬਾਪੂ ਨੇ ਕਹਾਣੀ ਖਤਮ ਕਰ ਦੇਣੀ।ਅਸੀਂ ਪਿੰਡ ਦੇ ਸਾਰੇ ਪਸ਼ੂਆਂ ਦੀ ਜਾਚ ਕਰਦੇ ਫਿਰਨਾ…, ਅੰਨ੍ਹੇ ਝੋਟੇ ਦੀ ਤਲਾਸ਼ ਵਿੱਚ।
        ਭਰਪੂਰ ਦੇ ਮੰਗਣੇ ਤੇ ਜਾਣਾ ਸੀ, ਰਿੰਗ ਦੀ ਰਸਮ ਲਈ।ਮੈਂ ਪਹਿਲੀ ਵਾਰ ਦੇਖਿਆ ਸੀ ਕਿ ਰਿੰਗ ਦੀ ਰਸਮ ਦਾ ਸਾਰਾ ਪਰਬੰਧ ਮੁੰਡੇ ਵਾਲਿਆਂ ਜਾਣੀ ਕੇ ਭਰਪੂਰ ਹੋਰਾਂ ਨੇ ਕੀਤਾ ਸੀ। ਪਹਿਲਾਂ ਤਾਂ ਇਸ ਗੱਲ ਦਾ ਯਕੀਨ ਨਹੀਂ ਸੀ ਆਇਆ,ਪਰ ਜਦ ਪੈਸੇ ਕਰਨੈਲ ਸਿੰਘ ਤਾਏ ਨੇ ਦਿਤੇ ਤਾਂ ਯਕੀਨ ਹੋ ਗਿਆ ਸੀ।
       ਬਾਪੂ ਲੜਕੀ ਦੇਖਦਿਆਂ ਹੀ ਬਾਹਰ ਆਕੇ ਬੁੜ ਬੁੜ ਕਰਨ ਲੱਗ ਪਿਆ, “ਉਏ ਤੁਹਾਂ ਮੇਰੀ ਨਸਲ ਕਿਓਂ ਖਰਾਬ ਕਰਨ ਲਗੇ ਓ। ਕੋਈ ਰਾਇ ਕਿਓਂ ਨਾ ਕੀਤੀ,ਕੁਝ ਜੋੜ ਮੇਲ ਤਾਂ ਦੇਖ ਲੈਂਦੇ।ਏਸ ਹਸਾਬ ਤਾਂ ਹੁਣ ਹਲਵੇ ਕੱਦੂ ਦੀ ਵੇਲ ਨੂੰ ਚਿੱਬੜ ਹੀ ਲੱਗਣਗੇ।”
       “ਬਸ ਬਾਪੂ ਬਸ” ਕਰਨੈਲ ਤਾਏ ਨੇ ਕਿਹਾ।
       “ਬਸ ਕੀ ਕਰਾਂ ,ਕੁੜੀ ਤਾਂ ਮੁੰਡੇ ਦੇ ਲੱਕ ਤੱਕ ਮਸੀਂ ਆ, ਨਾ ਰੰਗ ਨਾ ਰੂਪ ਕੁਝ ਵੀ ਨਾ ।ਮਧਰਾ ਕੱਦ ਫਿਰ ਭਾਰੀ ਵੀ ਆ।ਕੀ ਮੇਲ ਬਣਦਾ?”ਬਾਪੂ ਬੋਲ ਰਿਹਾ ਸੀ।
       “ਸਬਰ ਤਾਂ ਕਰ, ਬਾਪੂ, ਜਰਾ ਸਬਰ ਤਾਂ ਕਰ, ਮੇਰੀ ਵੀ ਸੁਣ” ਕਰਨੈਲ ਨੇ ਕਿਹਾ, “ਕੁੜੀ ਤਾਂ ਬੜੇ ਗੁਣਾਂ ਵਾਲੀ ਐ, ਐਲਟ ਕੀਤੀ ਹੋਈਐ ਐਲਟ…, ਝੱਟ ਵੀਜ਼ਾ ਲੱਗ ਜਾਣੈ।”
       “ਬਾਪੂ ਤੂੰ ਰੰਗ ਵਿੱਚ ਭੰਗ ਨਾ ਪਾ। ਇਹਦੇ ਨਾਲ ਭੂਰੂ ਨੇ ਵੀ ਬਾਹਰ ਚਲਿਆ ਜਾਣੈ, ਫਿਰ ਸਾਡੇ ਸਾਰਿਆਂ ਦੇ ਬਾਰੇ ਨਿਆਰੇ।”
      “ਤੁਹਾਨੂੰ ਬਾਹਰ ਜਾਣ ਦੀ ਲੱਗੀ ਐ, ਮੈਨੂੰ ਤਾਂ ਆਪਣੀ ਜੜ ਹਿਲਦੀ ਲੱਗਦੀ ਐ…ਸਬਰ ਕਿਵੇਂ ਕਰ ਲਵਾਂ।ਜਦੋਂ ਅਸੀਂ ਉੱਜੜ ਕੇ ਆਏ ਸੀ ਕਈ ਸਾਲ ਸਲਵਾੜ੍ਹ ਦੇ ਛੱਪਰ ਵਿੱਚ ਹੀ ਰਹਿੰਦੇ ਰਹੇ ਸੀ। ਤੁਹਾਨੂੰ ਕੋਠੀ ਜਾਇਦਾਦ ਸਭ ਕੁਝ ਬਣਿਆ ਬਣਾਇਆ ਮਿਲ ਗਿਆ। ਐਥੇ ਹੀ ਮਿਹਨਤ ਕਰੋ ਮੇਰੀ ਜੜ ਜਰੂਰ…। ਜਿੰਨੀ ਮਿਹਨਤ ਬਾਹਰ ਜਾਕੇ ਮੁੰਡੇ ਕੁੜੀਆਂ ਕਰਦੇ ਆ ਓਨੀ ਏਥੇ ਹੀ ਕਰਨ ਕੋਈ ਔਖਾ ਨੀ ਰਹਿ ਸਕਦਾ।”ਬਾਪੂ ਨੇ ਪਤਾ ਨਹੀਂ ਹੋਰ ਕੀ ਕੀ ਸੁਣਾ ਦਿੱਤਾ, ਉਸਨੂੰ ਤਾਂ ਸਾਹ ਚੜ੍ਹਨ ਲਗ ਪਿਆ ਸੀ।
     ਭੂਰੂ ਦੇ ਤਾਂ ਬਾਹਰ ਜਾਣ ਦਾ ਭੂਤ ਸਵਾਰ ਸੀ।ਉਸਨੇ ਵੀ ਬਾਪੂ ਨੂੰ ਹੀ ਮੰਨ ਜਾਣ ਲਈ ਜੋਰ ਪਾਇਆ।ਬਾਪੂ ਨੇ ਆਪਣੇ ਦਿਲ ਉੱਤੇ ਪੱਥਰ ਰੱਖ ਲਿਆ।
     ਬਾਪੂ ਵੈਸੇ ਕਹਿੰਦਾ ਬਿਲਕੁਲ ਠੀਕ ਸੀ।ਇਹ ਰਿਸ਼ਤਾ ਥੋੜੇ ਹੋ ਰਿਹਾ ਸੀ, ਸੌਦਾ ਹੋ ਰਿਹਾ ਸੀ।ਸ਼ਗਨ ਪੈਣ ਤੋਂ ਮਹੀਨੇ ਕੁ ਬਾਅਦ ਹੀ ਲੜਕੀ ਵਾਲਿਆਂ ਨੇ ਦੋ ਲੱਖ ਰੁਪੈ ਦਾ ਸਵਾਲ ਪਾ ਦਿੱਤਾ। ਉਹ ਵੀ ਕਰਨੈਲ ਤਾਏ ਨੇ ਚੁੱਪ ਚੁਪੀਤੇ ਜਿਹੇ ਹੀ ਦੇ ਦਿੱਤੇ।
      ਵਿਆਹ ਤੋਂ ਤਿੰਨ ਕੁ ਮਹੀਨੇ ਬਾਅਦ ਵੀਜ਼ੇ ਲਈ ਫਾਈਲ ਤਿਆਰ ਕਰਕੇ ਭੇਜ ਦਿੱਤੀ। ਕਈ ਮਹੀਨੇ ਉਡੀਕ ਹੁੰਦੀ ਰਹੀ ਆਖਰ ਫਾਈਲ ਇਤਰਾਜ਼ ਲਗ ਕੇ ਵਾਪਸ ਆ ਗਈ। ਲਗੇ ਇਤਰਾਜ਼ ਸਹੀ ਕਰਵਾਉਣ ਲਈ ਕਾਰਵਾਈ ਚਲ ਰਹੀ ਸੀ।ਕੁਝ ਹੋਰ ਕਾਗਜ਼ ਬਣੇ ਫਾਈਲ ਦੁਬਾਰਾ ਭੇਜ ਦਿੱਤੀ। ਏਜੇਂਟ ਨੇ ਕੁਝ ਪੈਸੇ ਹੋਰ ਵਟੋਰ ਲਏ।
      ਇਸੇ ਦੌਰਾਨ ਭਾਬੀ ਯਾਨੀ ਕਿ ਭਰਪੂਰ ਦੀ ਘਰਵਾਲੀ ਦਾ ਪੈਰ ਭਾਰੀ ਹੋ ਗਿਆ। ਤਾਈ ,ਤਾਇਆ,ਭੂਰੂ … ਭਾਬੀ ਸਾਰੇ ਹੀ ਸਫਾਈ ਕਰਵਾਉਣ ਲਈ ਕਾਹਲੇ ਪੈ ਗਏ।ਚੁੱਪ ਚੁਪੀਤੇ ਲੇਡੀ ਡਾ.ਕੋਲ ਜਾਕੇ ਆਪਣਾ ਕੰਮ ਕਰਵਾ ਲਿਤਾ।ਬਾਪੂ ਨੂੰ ਕੀਹਨੇ ਪੁੱਛਣਾ ਸੀ। ਬਾਪੂ ਨੇ ਤਾਂ ਗਾਲ਼ਾਂ ਕੱਢਣੀਆਂ ਸੀ।ਬਾਪੂ ਤਾਂ ਪੋਤ ਨੂੰਹ ਦੀ ਗੋਦੀ ਬੱਚਾ ਦੇਖਣਾ ਚਾਹੁੰਦਾ ਸੀ।
      ਵੀਜ਼ਾ ਦਫਤਰ ਵਿੱਚੋਂ ਪੰਜ ਮਹੀਨੇ ਬਾਅਦ ਫੇਰ ਫਾਈਲ ਨਾ ਮੰਨਜੂਰ ਹੋਕੇ ਵਾਪਸ ਆ ਗਈ। ਸਾਰਿਆਂ ਦੇ ਮੂੰਹ ਮਸੋਸੇ ਗਏ।
     ‘ਪਤਾ ਨਹੀਂ ਕਿਹੜੀ ਕਸਰ ਰਹਿ ਗਈ ਜਿਹੜਾ ਕੰਮ ਨੀ ਬਣਦਾ’ ਤਾਈ ਕਹਿਣ ਲਗੀ।
     ਹੁਣ ਸਿਆਣਿਆਂ ਦੇ ਚੱਕਰ ਵਿੱਚ ਪੈ ਗਏ ਸਾਰੇ।ਹਰ ਮਹੀਨੇ ਕਿਸੇ ਬਾਬੇ ਦੇ ਚੌਂਕੀ ਭਰਨ ਜਾਣਾ।ਟੇਵਾ ਪਤਰੀ ਲੈਕੇ ਪਾਂਧਾ ਪੁੱਛਣ ਤੁਰੇ ਰਹਿੰਦੇ। ਜਿਥੇ ਕੋਈ ਦਸਦਾ।ਕਦੇ ਪਾਣੀ ਵਿੱਚ ਮਾਂਹ ਤਾਰਨ ਜਾਂਦੇ ਕਦੀ ਚਾਵਲ।ਕਦੇ ਬਾਂਦਰਾਂ ਨੂੰ ਕੇਲੇ ਖੁਆਉਣ ਜਾਂਦੇ ਕਦੇ ਕਾਲੇ ਕੁੱਤੇ ਨੂੰ ਰੋਟੀ।ਪਤਾ ਨਹੀਂ ਕੀ ਕੀ ਪਾਪੜ ਵੇਲੇ ਜਾਣੇ ਸ਼ੁਰੂ ਹੋ ਗਏ। ਗਿਆਰਾਂ ਵਾਰ ਦੇਗ ਵੀ ਕਰਵਾਈ। ਹੁਣ ਇਹ ਲਾਣਾ ਘਰੋਂ ਤੁਰਿਆ ਹੀ ਰਹਿੰਦਾ।ਬਾਪੂ ਤਾਂ ਪਹਿਲਾਂ ਹੀ ਦੁਖੀ ਸੀ ਇਹਨਾਂ ਦੀ ਘਟੀਆ ਸੋਚ ਤੋਂ,ਹੁਣ ਉਹ ਹੋਰ ਵੀ ਦੁਖੀ ਰਹਿਣ ਲੱਗ ਪਿਆ।ਘਰ ਕੱਲਾ ਬੈਠਾ ਬੂਹੇ ਵੱਲ ਦੇਖਦਾ ਰਹਿੰਦਾ।ਕਿਰਤ ਕਰਨ ਵਾਲਾ ਦੂਸਰੇ ਦੇ ਘਰੋਂ ਕਿੰਨੀ ਕੁ ਵਾਰੀ ਖਾ ਪੀ ਸਕਦਾ ਸੀ।ਅਸੀਂ ਕਹਿੰਦੇ ਵੀ,ਉਹ ਮੁੱਕਰ ਜਾਂਦਾ, ਕਹਿ ਦਿੰਦਾ ‘ਮੈਨੂੰ ਤਾਂ ਪੁੱਤ ਭੁੱਖ ਨੀ’
       ਇਸੇ ਦੋਰਨ ਸ਼ਰਨੀ ਭਾਬੀ ਨੂੰ ਕੁਝ ਦਿਨ ਫੇਰ ਟੱਪ ਗਏ।ਬੱਚੇ ਨੂੰ ਉਹ ਬਾਹਰ ਜਾਣ ਵਿੱਚ ਅੜਿੱਕਾ ਸਮਝਦੇ ਸੀ।ਚੁੱਪ ਚਾਪ ਬੱਚਾ ਖਲਾਸ ਕਰਵਾ ਕੇ ਆ ਗਏ।
       ਹੁਣ ਵੀਜ਼ੇ ਦੀ ਫਾਈਲ ਸ਼ਾਰੀ ਹੀ ਦੁਬਾਰਾ ਤਿਆਰ ਕਰਵਾਈ। ਨਵਾਂ ਏਜੇਂਟ ਲਭਿਆ ਸੀ। ਇਸ ਵਾਰ ਪੈਸੇ ਵੀ ਪਹਿਲਾਂ ਨਾਲੋਂ ਚੌਖੇ ਭਰੇ ਸੀ।ਏਜੇਂਟ ਨੇ ਪੂਰੀ ਗਰੰਟੀ ਦਿੱਤੀ ਸੀ, ਵੀਜ਼ਾ ਲਗਵਾ ਕੇ ਦੇਣ ਦੀ।ਪਰ ਪੈਸੇ ਲੈਣ ਤੋਂ ਬਾਅਦ ਤਾਂ ਏਜੇਂਟ ਮਿਲਣਾ ਹੀ ਬੰਦ ਹੋ ਗਿਆ।ਕਈ ਮਹੀਨੇ ਬੀਤ ਗਏ।
       ਬਾਪੂ ਉਹਨਾਂ ਦੀ ਨੱਠ ਭੱਜ ਦੇਖ ਰਿਹਾ ਸੀ, ਉਹਨਾਂ ਦੀ ਤੜਫਣ ਜਾਂਚ ਰਿਹਾ ਸੀ। ਵਾਹ ਲਗਦੀ ਸਮਝਉਣ ਦੀ ਕੋਸ਼ਿਸ਼ ਕਰਦਾ ਰਹਿੰਦਾ, “ਪੁੱਤ,ਜਿੰਨੀ ਨੱਠ ਭੱਜ ਪਾਈ ਐ, ਏਥੇ ਹੀ ਏਨੀ ਮਿਹਨਤ ਕਰਨ ਲਗ ਜਾਓ, ਸਭ ਬਾਰੇ ਨਿਆਰੇ ਹੋ ਜਾਣਗੇ।”
      ਬਾਪੂ ਤਾਂ ਪੋਤੇ ਨੂੰ  ਦੂਰ ਜਾਣਾ ਦੇਖਣਾ ਹੀ ਨਹੀਂ ਸੀ ਚਾਹੁੰਦਾ।ਤਰਸ ਰਿਹਾ ਸੀ ਪੋਤ ਨੂੰਹ ਦੀ ਗੋਦੀ ਬੱਚਾ ਦੇਖਣ ਲਈ।ਹੁਣ ਤਾਂ ਉਸਨੂੰ ਚਿੰਤਾ ਵੀ ਹੋਣ ਲਗੀ ਸੀ। ਵਿਆਹ ਨੂੰ ਤਾਂ ਦੋ ਸਾਲ ਦੇ ਕਰੀਬ ਹੋ ਚੁੱਕੇ ਸੀ। 
      ਤੀਸਰੀ ਵਾਰ ਸ਼ਰਨੀ ਦੀ ਕੁੱਖ ਹਰੀ ਹੋਈ ਸੀ।ਉਹ ਫਿਰ ਸਫਾਈ ਲਈ ਡਾ. ਕੋਲ ਚਲੇ ਗਏ। ਡਾ. ਨੇ ਹੁਣ ਸਾਫ ਜਵਾਬ ਦੇ ਦਿੱਤਾ, “ਜੇ ਹੁਣ ਸਫਾਈ ਕਰਵਾਈ ਤਾਂ ਫਿਰ ਇਸਦੇ ਬੱਚਾ ਨਹੀਂ ਹੋ ਸਕੇਗਾ।ਇਸ ਲਈ ਮੈਂ ਸਫਾਈ ਨਹੀਂ ਕਰਾਂਗੀ।ਅਕਲ ਮੰਦੀ ਇਸੇ ਵਿੱਚ ਹੈ, ਕਿ ਤੁਸੀਂ ਬੱਚੇ ਨੂੰ ਜਨਮ ਦਿਓ।” ਪਰ ਝੋਟਾ ਤਾਂ ਹਰੀ ਅੰਗੂਰੀ ਦੇ ਲਾਲਚ ਵਿੱਚ ਅੰਨ੍ਹਾ ਹੋ ਚੁੱਕਿਆ ਸੀ। ਉਹਨਾਂ ਨੇ ਕਿਸੇ ਹੋਰ ਡਾ. ਕੋਲੋਂ ਦਵਾਈ ਲੈ ਲਈ।ਸ਼ਰਨੀ ਦੀ ਕੁੱਖ ਖਾਲੀ ਹੋ ਗਈ…, ਇਸ ਵਾਰ ਸ਼ਇਦ ਉਹ ਸਦਾ ਲਈ ਖਾਲੀ ਹੋ ਗਈ ਸੀ।
       ਵੀਜ਼ਾ ਦਫਤਰ ਵਿੱਚੋਂ ਫਾਈਲ ਵਾਪਸ ਆ ਗਈ।ਇਸ ਵਾਰ ਤਾਂ ਫਾਈਲ ਉੱਤੇ ‘ਫਰਾਡ’ ਯਾਨੀ ਧੋਖਾ ਦੀ ਮੋਹਰ ਲਗੀ ਹੋਈ ਸੀ।ਬਹੁਤੇ ਕਾਗਜ਼ ਜਾਲੀ ਸੀ, ਜੋ ਨਵੇਂ ਏਜੇਂਟ ਨੇ ਬਣਵਾਏ ਸੀ।
      ਘਰ ਵਿੱਚ ਮਾਤਮ ਵਰਗਾ ਮਹੌਲ ਬਣ ਗਿਆ। ਬਾਪੂ ਪੁੱਛ ਰਿਹਾ ਸੀ “ਭਾਈ ਕੀ ਹੋ ਗਿਆ, ਫੈਲ ਫੇਰ ਮੁੜ ਆਈ?” ਕੋਈ ਕੁਝ ਵੀ ਜਬਾਬ ਨਹੀਂ ਸੀ ਦੇ ਰਿਹਾ।
      ਸ਼ਰਨੀ ਨੂੰ ਛੱਡ ਦੇਣ ਦੀ ਘੁਸਰ ਮੁਸਰ ਘਰ ਵਿੱਚ ਹੋਣ ਲਗੀ ਸੀ। ਬਾਪੂ ਵਧਦੀ ਵੇਲ ਦੇਖਣ ਲਈ ਸਾਹਾਂ ਉੱਤੇ ਕਾਬੂ ਪਾਈ ਜਿਊਂਦਾ ਬੈਠਾ ਸੀ।ਬਾਪੂ ਦੀ ਕੰਨੀ ਸਾਰਾ ਸੱਚ ਪਤਾ ਨਹੀਂ ਕੀਹਦੇ ਮੂੰਹੋਂ ਪੈ ਗਿਆ।
     “ਓਏ ਏਨਾਂ ਨੇ ਤਾਂ ਮੇਰੀ ਨਸਲ ਹੀ ਕਤਲ ਕਰ ਦਿੱਤੀ, ਉਏ ਤਿੰਨ ਵਾਰ” ਬਾਪੂ ਦਾ ਹਉਕਾ ਨਿਕਲ ਗਿਆ।ਉਸਦੀ ਧੜਕਣ ਵਧ ਗਈ, ਬਹੁਤ ਤੇਜ ਹੋ ਗਈ, ਅੱਖਾਂ ਪਥਰਾ ਗਈਆਂ।ਕੋਈ ਉਸਦੇ ਹੱਥ ਝੱਸ ਰਿਹਾ ਸੀ ਕੋਈ ਤਲੀਆਂ ,ਮੈਂ ਉਸਦੀ ਛਾਤੀ ਵੀ ਦਬਾਈ,ਮਲ਼ੀ। ਬਿਨਾ ਬੋਲੇ ਹੀ ਅੰਨ੍ਹੇ ਝੋਟੇ ਦੀ ਕਹਾਣੀ ਕਹਿੰਦਾ ਕਹਿੰਦਾ ਬਾਪੂ ਸੌਂ ਗਿਆ …ਸਦਾ ਲਈ………  

ਡਾ. ਰਾਜਿੰਦਰ ਸਿਘ ਦੋਸਤ 
ਕ੍ਰਿਸਨਾ ਨਗਰ ਗਲੀ ਨੰ-12 
ਅਮਲੋਹ ਰੋਡ ਖੰਨਾ 141401
ਮੋਬਾਇਲ ਨੰ:-98765 77827
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template