Headlines News :
Home » » ਸਿਰ੍ਹਾਣੇ ਥੱਲੇ ਬਾਂਹ - ਜਰਨੈਲ ਸਿੰਘ ‘ਮਾਗਟ’ ਖੰਨਾ

ਸਿਰ੍ਹਾਣੇ ਥੱਲੇ ਬਾਂਹ - ਜਰਨੈਲ ਸਿੰਘ ‘ਮਾਗਟ’ ਖੰਨਾ

Written By Unknown on Saturday, 23 March 2013 | 00:50


      ਲਾਲਾ ਤੇਲੂ ਰਾਮ,ਆਪਣੀ ਹੱਟੀ ਉੱਤੇ ਰੋਜ਼ ਦੀ ਤਰ੍ਹਾਂ,ਯੂਰੀਏ ਦੇ ਖ਼ਾਲੀ ਥੈਲਿਆਂ ਦੀ ਬਣਾਈ ਹੋਈ ਪੱਲੀ ਵਿਛਾਕੇ,ਆਪਣੇ ਸਾਥੀਆਂ ਨਾਲ ਤਾਸ਼ ਖੇਡ ਰਿਹਾ ਸੀ ਕੁਝ ਬੰਦੇ ਆਲੇ ਦੁਆਲੇ ਬੈਠੇ ਉਨ੍ਹਾਂ ਨੂੰ ਵੇਖ ਰਹੇ ਸਨ।ਕਾਫੀ ਰੌਲ੍ਹਾ ਪੈ ਰਿਹਾ ਸੀ। ਸਰਦਾਰ ਰਾਮ ਸਿੰਹੁ ਦੇ ਸ਼ੀਰੀ ਰੁਲਦੇ ਨੇ ਆਕੇ ਕਿਹਾ “ਤੇਲੂ ਰਾਮਾ!ਸਰਦਾਰ ਨੇ ਘਰੇ ਪੰਜ ਕਿਲੋ ਬਰਫ,ਪੰਜ ਲਿਮਕੇ ਦੀਆਂ ਵੱਡੀਆਂ ਬੋਤਲਾਂ,ਦੋ ਪੈਕਟ ਵਧੀਆਂ ਬਿਸਕੁਟਾਂ ਦੇ ਅਤੇ ਦੋ ਪੈਕਟ ਵਧੀਆਂ ਨਮਕੀਨ ਦੇ ਮੰਗਵਾਏ ਨੇ,ਪੈਸੇ ਤੈਨੂੰ ਸਰਦਾਰ ਆਪੇ ਦੇ ਜਾਵੇਗਾ,ਘਰ ਰਾਣੀ ਦੇ ਸੁਹਿਰਆਂ ਤੋਂ ਮਹਿਮਾਨ ਆਏ ਹੋਏ ਨੇ।”
      “ ਰੁੱਕਜਾ ਬਾਈ,ਰੁਦਿਆ!ਦੋ ਕੁ ਮਿੰਟ,ਆਹ ਬੱਸ ਰਹਿਗੇ ਚਾਰ ਕੁ ਪੱਤੇ,ਬਾਜ਼ੀ ਮੁੱਕਣ ਵਾਲੀ ਹੀ ਐ,ਹੁਣੇ ਦਿੰਨਾਂ ਮੈਂ ਉੱਠਕੇ।”ਤੇਲੂ ਰਾਮ ਨੇ ਬੜੇ ਪਿਆਰ ਜਿਹੇ ਨਾਲ ਰੁਲਦੇ ਨੂੰ ਕਿਹਾ।ਦਲੀਪਾ ਲੰਬੜਦਾਰ ਵੀ ਉਹਨਾਂ ਨੂੰ ਖੇਡਦਿਆਂ ਨੂੰ ਵੇਖ ਰਿਹਾ ਸੀ।ਉਸਨੇ ਰੁਲਦੇ ਵੱਲ ਨੂੰ ਮੂੰਹ ਘੁੰਮਾਕੇ,ਦੋਹਾਂ ਹੱਥਾਂ ਨਾਲ ਅਪਣੀ ਐਨਕ ਨੂੰ ਲੋਟ ਜਿਹੀ ਕਰਕੇ,ਖੰਘੂਰਾ ਜਿਹਾ ਮਾਰਕੇ ਕਿਹਾ “ਓੂਏ ਰੁਲਦਿਆ!ਆਹ ਤੇਰੇ ਸਰਦਾਰ ਨੇ ਕੀ ਕੀਤੈ…? ਮੈਨੂੰ ਤਾਂ ਲਗਦੈ ਰਾਮ ਸਿੰਹੁ ਦੀ ਜਮਾਂ ਈਂ ਮੱਤ ਮਾਰੀ ਗਈ,ਕੁੱਝ ਵੀ ਨਹੀਂ ਸੋਚਿਆ ਸਹੁਰੇ ਨੇ।ਸੋਹਣੀ,ਸੁਨੱਖੀ ਪਰੀਆਂ ਵਰਗੀ ਧੀ,ਵਿਆਹਤੀ ਝਿਊਰਾਂ ਦੇ ਮੁੰਡੇ ਨਾਲ।ਮੁੰਡੇ ਦਾ ਬਾਪ ਸੁਣਿਐ,ਬੱਸਾਂ ਦੇ ਅੱਡੇ ਵਿੱਚ ਸਾਈਕਲਾਂ ਨੂੰ ਪੈਂਚਰ ਲਾਉਂਦੈ,ਰੱਖੀਂ ਬੈਠੈ ਕਹਿੰਦੇ ਇਕ ਟੁੱਟਿਆ ਜਿਹਾ ਖੋਖਾ।ਆਪ ਇਹ ਸੱਠ ਕਿੱਲਿਆਂ ਦਾ ਮਾਲਕ,ਘਰਦੀ ਟਰਾਂਸਪੋਰਟ,ਕਾਹਦਾ ਘਾਟਾ ਸੀ ਇਹਦੇ ਕੋਲ, ਕਨੇਡਾ ਵਿੱਚ ਪੱਕੇ ਤੌਰ ਤੇ ਰਹਿ ਰਹੀ ਕੁੜੀ ਨੂੰ ਮੁੰਡਿਆਂ ਦਾ ਘਾਟਾ ਸੀ? ਕਿਸੇ ਰਿਸ਼ਤੇਦਾਰ ਨੇ,ਕਿਸੇ ਘਰਦੇ ਮੈਂਬਰ ਨੇ ਰੋਕਿਆ ਈ ਨਹੀਂ ਉਹਨੂੰ,ਬਈ ਤੂੰ ਇਹ ਕੀ ਕਰਨ ਲੱਗਿਐਂ।ਭਾਈ ਮੇਰੀ ਤਾਂ ਸਮਝ ਤੋਂ ਬਾਹਰ ਐ ਇਹ ਗੱਲ,ਸਾਰੇ ਪਿੰਡ ਦੀ ਪੱਟੀ ਮੇਸ ਕਰਵਾਤੀ।ਬੰਨੇ-ਚੰਨੇ ਦੇ ਲੋਕ ਮੂੰਹ ਆਈਆਂ ਬੋਲਦੇ ਨੇ,ਸੁਣੀਆਂ ਨਹੀਂ ਜਾਂਦੀਆਂ।”
      ਮੈਨੂੰ ਤਾਂ ਲੰਬੜਦਾਰਾ ਐਨਾ ਬਹੁਤਾ ਪਤਾ ਨਹੀਂ,ਪਰ ਸੁਣਿਐ ਮੁੰਡਾ ਸੋਹਣਾ ਸੁਨੱਖੈ ਐਮ.ਏ ਪਾਸ ਐ,ਰਾਣੀ ਦੇ ਹਾਣ ਪ੍ਰਮਾਣ ਐ।ਨਾਲੇ ਸਰਦਾਰ ਨੇ ਕਿਹੜਾ ਇਕੱਲੇ ਨੇ ਕੀਤੈ ਸਾਰੇ ਟੱਬਰ ਦੀ ਅਤੇ ਸਾਕ ਸਬੰਧੀਆਂ ਦੀ ਰਾਏ ਲੈਕੇ ਹੀ ਕੀਤੈ ਰਿਸ਼ਤਾ। ਰਾਣੀ ਨੇ ਵੀ ਖੁਦ ਪਸੰਦ ਕੀਤੈ।ਉਹ ਕਹਿੰਦੀ ਵੱਡਿਆਂ ਘਰਾਂ ਦੇ ਮੁੰਡੇ ਤਾਂ ਕੁੜੀਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਜਾਕੇ ਬਹੁਤ ਤੰਗ ਕਰਦੇ ਨੇ,ਕੁੱਟਦੇ ਨੇ ਮਾਰਦੇ ਨੇ,ਝੱਟ ਤਲਾਕ ਲੈ ਲੈਂਦੇ ਨੇ।ਐਨੇ ਨੂੰ ਤੇਲੂ ਰਾਮ ਨੇ ਸਾਰੇ ਸੌਦੇ ਪੈਕ ਕਰਕੇ ਰੁਲਦੇ ਨੂੰ ਫੜ੍ਹਾ ਦਿੱਤੇ ਉਹ ਸੌਦੇ ਲੈਕੇ ਘਰ ਨੂੰ ਤੁਰ ਪਿਆ।
      ਤਾਸ਼ ਖੇਡਣ ਵਾਲੀ ਢਾਣੀ ਵੀ ਕੁਝ ਸਮੇਂ ਲਈ ਖੇਡ ਬੰਦ ਕਰਕੇ ਰਾਣੀ ਦੇ ਵਿਆਹ ਦੀ ਚਰਚਾ ਕਰਨ ਲੱਗ ਪਈ। ਕੋਈ ਕੁਝ ਬੋਲ ਰਿਹਾ ਸੀ,ਕੋਈ ਕੁਝ ਕਹਿ ਰਿਹਾ ਸੀ,ਜਾਣੀ ਜਿੰਨ੍ਹੇ ਮੂੰਹ ਉਨੀਆਂ ਹੀ ਗੱਲਾਂ ਹੋ ਰਹੀਆਂ ਸਨ।ਅਸਲ ਗੱਲ ਦਾ ਤਾਂ ਕਿਸੇ ਨੂੰ ਵੀ ਪਤਾ ਨਹੀਂ ਸੀ। ਬੱਸ ਮਗਜ਼ ਖਪਾਈ ਹੋ ਰਹੀ ਸੀ। ਉਂਝ ਸਰਦਾਰ ਨੂੰ ਪੁੱਛਣ ਦੀ ਕਿਸੇ ਵਿੱਚ ਵੀ ਹਿੰਮਤ ਨਹੀਂ ਸੀ।ਕਿਉਂਕਿ ਸਰਦਾਰ ਦਾ ਦੱਬ-ਦਬਾ ਸਾਰੇ ਪਿੰਡ ਉੱਤੇ ਸੀ।
      “ਚੱਲੋ ਛੱਡੋ!ਆਪਾਂ ਨੇ ਕੀ ਲੈਣੈ,ਜਿਵੇਂ ਅਗਲਿਆਂ ਨੂੰ ਠੀਕ ਲੱਗਿਆ ਕਰ ਲਿਆ,ਜਿਸ ਦੀਆਂ ਅੱਖਾਂ ਦੁੱਖਣਗੀਆਂ ਆਪੇ ਸੁਰਮਾ ਪਾਊ।ਚੱਲ ੳਏ ਧੀਰਿਆ!ਵੰਡ ਪੱਤੇ ,ਲਾਈਏ ਇਕ ਅੱਧੀ ਬਾਜ਼ੀ ਹੋਰ।”ਤੇਲੂ ਰਾਮ ਦੁਬਾਰਾ ਪੱਲੀ ਉੱਤੇ ਬੈਠਣ ਲੱਗਿਆ ਕਹਿੰਦਾ।ਹੁਣ ਸਾਰਿਆਂ ਦਾ ਧਿਆਨ ਫੇਰ ਤਾਸ਼ ਦੀ ਖੇਡ ਵਿੱਚ ਜੁੜ ਗਿਆ।
       ਧੰਨਾ!ਜੋ ਹੁਣ ਰਾਮ ਸਿੰਹੁ ਦਾ ਕੁੜਮ ਬਣ ਚੁੱਕਿਆ ਸੀ,ਉਸਦਾ ਪਿੰਡ ਸਾਡੇ ਪਿੰਡ ਤੋਂ ਛੇ ਸੱਤ ਕੁ ਕਿਲੋਮੀਟਰ ਦੂਰ ਪੈਂਦੈ।ਉਹ ਅਤੇ ਰਾਮ ਸਿੰਹੁ ਇਕੋ ਸਕੂਲ ਵਿੱਚ ਛੇਵੀਂ ਜਮਾਤ ਤੋਂ ਲੈਕੇ ਪਲੱਸ ਟੂ ਤੱਕ ਇਕੱਠੇ ਪੜ੍ਹਦੇ ਰਹੇ ਨੇ।ਉਹ ਸਕੂਲ ਦੀ ਹਾਕੀ ਦੀ ਟੀਮ ਦੇ ਚੋਟੀ ਦੇ ਖਿਡਾਰੀ ਸਨ।ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਸਨ।ਦੋਹਾਂ ਦੀ ਦੋਸਤੀ ਵੀ ਬਹੁਤ ਗੂੜ੍ਹੀ ਸੀ।ਇਕ ਦੂਜੇ ਲਈ ਜਾਨ ਵਾਰਨ ਤੱਕ ਜਾਂਦੇ ਸਨ।ਭਰਾਵਾਂ ਨਾਲੋਂ ਵੀ ਵੱਧ ਪਿਆਰ ਸੀ।ਪੜ੍ਹਨੋਂ ਹੱਟ ਕੇ ਰਾਮ ਸਿੰਹੁ ਨੇ ਤਾਂ ਸ਼ਹਿਰ ਵਿੱਚ ਆਪਣੀ ਘਰ ਦੀ ਟਰਾਂਸਪੋਰਟ ਖੋਲ੍ਹ ਲਈ। ਜਿਸ ਵਿੱਚ ਉਸ ਕੋਲ ਹੁਣ ਕਈ ਟਰੱਕ ਸਨ। ਘਰ ਖੇਤੀ ਬਾੜੀ ਵੀ ਵਧੀਆ ਚਲ ਰਹੀ ਸੀ।ਕਈ ਸਾਲਾਂ ਤੋਂ ਪਿੰਡ ਦਾ ਸਰਬ-ਸੰਮਤੀ ਨਾਲ ਸਰਪੰਚ ਵੀ ਬਣਦਾ ਆ ਰਿਹਾ ਸੀ।ਉਸਦੇ ਦੋਵੇਂ ਲੜਕੇ ਵਿਆਹੇ ਵਰ੍ਹੇ ਸਨ।ਜੋ ਸਰਦਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਅਪਣਾ ਕਾਰੋਬਾਰ ਚਲਾ ਰਹੇ ਸਨ।ਸਰਦਾਰ ਦੀ ਧੀ ਰਾਣੀ ਦੋਵਾਂ ਮੁੰਡਿਆਂ ਤੋਂ ਛੋਟੀ ਸੀ ਜਿਸਨੂੰ ਉਸਦੀ ਮਾਸੀ ਗੋਦ ਲੈਕੇ ਕਨੇਡਾ ਅਪਣੇ ਨਾਲ ਲੈ ਗਈ ਸੀ।ਗੱਲ ਮੁਕਾਉ ਸਾਰਾ ਟੱਬਰ ਬੜੀ ਅਰਾਮ ਦੀ ਜਿੰਦਗੀ ਜਿਉਂ ਰਿਹਾ ਸੀ।
       ਧੰਨਾ ਪੜ੍ਹਣੋ ਹੱਟਕੇ ਫੌਜ ਵਿੱਚ ਭਰਤੀ ਹੋ ਗਿਆ ਸੀ। ਜਦੋਂ ਉਹ ਰੰਗਰੂਟੀ ਪਾਸ ਕਰਕੇ ਪਿੰਡ ਛੁੱਟੀ ਕੱਟਣ ਆਇਆ ਤਾਂ ਉਸਦਾ ਵਿਆਹ ਹੋ ਗਿਆ।ਪਰ ਜਿਵੇਂ ਸਿਆਣਿਆ ਨੇ ਸੱਚ ਕਿਹੈ, “ਗਰੀਬ ਨੇ ਰੱਖੇ ਰੋਜ਼ੇ,ਦਿਨ ਓਡੇ ਦੇ ਓਡੇ।” ਦੋ ਕੁ ਸਾਲਾਂ ਮਗਰੋਂ ਧੰਨੇ ਦਾ ਟਰੇਨਿੰਗ ਕਰਦੇ ਦਾ ਇਕ ਪਹਾੜੀ ਉੱਤੋਂ ਪੈਰ ਫਿਸਲ ਗਿਆ।ਕਾਫੀ ਸੱਟਾਂ ਲੱਗੀਆਂ ਇਕ ਬਾਂਹ ਅਤੇ ਇਕ ਲੱਤ ਵੀ ਟੁੱਟ ਗਈ।ਜਿਸ ਕਰਕੇ ਉਸਨੂੰ ਨੌਕਰੀ ਛੱਡਕੇ ਘਰ ਵਾਪਿਸ ਆਉਣਾ ਪੈ ਗਿਆ।ਸਰਕਾਰ ਨੇ ਥੋੜ੍ਹੀ ਬਹੁਤੀ ਮੱਦਦ ਵੀ ਕੀਤੀ, ਥੋੜੀ ਜਿਹੀ ਪੈਨਸ਼ਨ ਵੀ ਲਗਾ ਦਿੱਤੀ। ਪਰ ਉਸ ਨਾਲ ਘਰ ਦਾ ਗੁਜ਼ਾਰਾ ਨਹੀਂ ਸੀ ਚੱਲ ਰਿਹਾ।ਉਸ ਦੀਆਂ ਦੋਵੇਂ ਲੜਕੀਆਂ ਅਤੇ ਲੜਕਾ ਜਸਵੀਰ ਸਕੂਲ ਵਿੱਚ ਪੜ੍ਹ ਰਹੇ ਸਨ।ਧੰਨੇ ਨੇ ਪਿੰਡ ਦੇ ਬੱਸ ਅੱਡੇ ਵਿੱਚ ਇਕ ਖੋਖਾ ਰੱਖਕੇ ਸਾਈਕਲ ਮੁਰੰਮਤ ਕਰਨ ਦੀ ਦੁਕਾਨ ਕਰ ਲਈ।ਕੁੜੀਆਂ ਨੂੰ ਤਾਂ ਉਸਨੇ ਮਿਡਲ ਪਾਸ ਕਰਵਾਕੇ ਪੜ੍ਹਣੋਂ ਹਟਾ ਲਿਆ ਪਰ ਜਸਵੀਰ ਨੂੰ ਉਹ ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜ਼ੂਦ ਪੜ੍ਹਾਉਂਦਾ ਰਿਹਾ।ਜਸਵੀਰ ਵੀ ਪੜ੍ਹਣ ਵਿੱਚ ਬਹੁਤ ਹੁਸ਼ਿਆਰ ਸੀ ਕਦੇ ਵੀ ਫੇਲ੍ਹ ਨਹੀਂ ਸੀ ਹੋਇਆ।ਹੁਣ ਵੀ ਉਹ ਐਮ.ਏ ਵਿਚੋਂ ਮੈਰਿਟ ਲਿਸਟ ਵਿੱਚ ਆਇਆ ਸੀ।ਬਹੁਤ ਸਾਊ ਸੁਭਾ ਦਾ,ਸੋਹਣਾ ਸੁਨੱਖਾ, ਭਰ ਨੌਜੁਆਨ ਗਭਰੂ ਸੀ।ਸਾਰੇ ਲੋਕ ਉਸਦੀਆਂ ਸਿਫਤਾਂ ਕਰਦੇ ।ਪਰ ਉਸਨੂੰ ਅਜੇ ਕੋਈ ਨੌਕਰੀ ਨਹੀਂ ਸੀ ਮਿਲੀ।ਜਿਥੇ ਵੀ ਜਾਂਦਾ ਅਪਲਾਈ ਕਰਦਾ ਪਰ ਸਲੈਕਟ ਨਾ ਹੁੰਦਾ। ਕਿਉਂ ਕਿ ਹਰੇਕ ਜਗ੍ਹਾ ਰਿਸ਼ਵਤ ਅਤੇ ਸਿਫਾਰਸ਼ ਦਾ ਬੋਲ ਬਾਲਾ ਸੀ।ਉਸ ਗ਼ਰੀਬ ਕੋਲ ਨਾ ਰਿਸ਼ਵਤ ਨਾ ਸਿਫਾਰਸ਼,ਦੋਵੇਂ ਹੀ ਨਹੀਂ ਸਨ।ਹੁਣ ਉਸਦੀਆਂ ਭੈਣਾਂ ਵੀ ਭਰ ਜੁਆਨ ਮੁਟਿਅਰਾਂ ਹੋ ਗਈਆਂ।ਧੰਨੇ ਅਤੇ ਉਸਦੀ ਘਰਵਾਲੀ ਨੂੰ ਕੁੜੀਆਂ ਦੀ ਹੀ ਚਿੰਤਾ ਵੱਢ ਵੱਢ ਖਾ ਰਹੀ ਸੀ।ਕਿਉਂ ਕਿ ਲੋਕ ਦਾਜ-ਦਹੇਜ ਬਹੁਤ ਮੰਗਦੇ ਸਨ,ਵਿਆਹ ਪੈਲਸਾਂ ਵਿੱਚ ਕਰਨ ਦੀਆਂ ਸ਼ਰਤਾਂ ਰੱਖਦੇ ਸਨ ਉਹ ਦੋਵੇ ਜੀਅ ਇਸੇ ਚਿੰਤਾ ਵਿੱਚ ਸਰੀਰ ਪੱਖੋਂ ਵੀ ਕਮਜ਼ੋਰ ਹੋ ਗਏ।ਜਾਣੀ ਸੌ ਬੁੱਢਿਆਂ ਦੇ ਬੁੱਢੇ ਲੱਗ ਰਹੇ ਸਨ।
      ਇਕ ਦਿਨ ਧੰਨੇ ਨੇ ਕਿਤੇ ਹੱਥ ਨਾ ਪੈਂਦਾ ਵੇਖਕੇ ਅਪਣੇ ਘਰ ਵਾਲੀ ਕੋਲ ਗੱਲ ਤੋਰੀ,ਕਹਿੰਦਾ ਭਾਗਵਾਨੇ!ਜੇ ਤੂੰ ਕਹੇਂ,ਤਾਂ ਮੈਂ ਅਪਣੇ ਇਕ ਪੁਰਨੇ ਦੋਸਤ ਕੋਲੋਂ ਕੁਝ ਪੈਸੇ ਉਧਾਰ ਮੰਗਕੇ ਵੇਖਦਾਂ,ਜੇ ਉਸਨੇ ਦੇ ਦਿੱਤਾ ਪੰਜ ਚਾਰ ਹਜ਼ਾਰ ਤਾਂ ਆਪਾਂ ਵੱਡੀ ਕੁੜੀ ਨੂੰ ਤਾਂ ਤੋਰੀਏ ਕਿਤੇ ਚੁੰਨੀ ਚੜ੍ਹਾਕੇ,ਧੀਆਂ ਕਿਹੜਾ ਕਿਸੇ ਤੋਂ ਘਰ ਰੱਖੀਆਂ ਜਾਂਦੀਆਂ ਨੇ,ਤੋਰਨੀਆਂ ਤਾਂ ਪੈਣੀਆਂ ਹੀ ਨੇ। ਮੈਨੂੰ ਪੱਕੀ ਉਮੀਦ ਹੈ ਕਿ ਉਹ ਮੈਨੂੰ ਜੁਆਬ ਨਹੀਂ ਦਿੰਦਾ।”
       “ਦੇਖ ਲੈ,ਤੇਰੀ ਮਰਜ਼ੀ ਐ,ਮੈਂ ਕੀ ਕਹਿਣੀ ਆਂ।ਪਰ ਇਹ ਵੱਡੇ ਲੋਕ ਕਿੱਥੇ ਚੇਤੇ ਰੱਖਦੇ ਨੇ,ਭੁੱਲ ਜਾਂਦੇ ਨੇ ਬਚਪਨ ਦੀਆਂ ਯਾਰੀਆਂ ਦੋਸਤੀਆਂ ਨਾਲੇ ਮੁੱਦਤਾਂ ਹੋ ਗਈਆਂ,ਖਬਰੈ ਤੈਨੂੰ ਪਛਾਣੂਗਾ ਕਿ ਨਹੀ।”ਧੰਨੇ ਦੀ ਘਰ ਵਾਲੀ ਨੇ ਹਊਕਾ ਜਿਹਾ ਭਰਕੇ ਕਿਹਾ।
        “ਓਏ ਕਮਲੀਏ !ਜੇ ਨਹੀਂ ਪਛਾਣੂਗਾ,ਨਹੀਂ ਕੁਝ ਦਿਊਗਾ ਤਾਂ ਮੈਨੂੰ ਤਾਂ ਨੀ ਬੰਨ੍ਹਕੇ ਬਿਠਾਉਣ ਲੱਗਿਆ,ਭਲਾਂ ਜਾਣ ਵਿੱਚ ਕੀ ਹਰਜ਼ ਐ।” ਧੰਨੇ ਨੇ ਅਪਣੀ ਘਰ ਵਾਲੀ ਨੂੰ ਸਮਝਾਇਆ।
ਅਗਲੇ ਦਿਨ ਧੰਨੇ ਨੇ ਅਪਣਾ ਉਹੀ ਪੁਰਾਣਾ ਸੂਟ ਜੋ ਧੋਕੇ ਰੱਖਿਆ ਹੋਇਆ ਸੀ। ਜਿਸਨੂੰ ਉਹ ਕਦੇ ਕਦਾਈਂ ਕਿਸੇ ਦੇ ਦੁੱਖ ਸੁੱਖ ਸਮੇਂ ਹੀ ਪਾਕੇ ਜਾਂਦਾ ਸੀ।ਅਪਣੀ ਘਰਵਾਲੀ ਤੋਂ ਲੈਕੇ ਪਾ ਲਿਆ ਅਤੇ ਚੁੱਕਿਆ ਸਾਈਕਲ ਤੁਰ ਪਿਆ ਰਾਮ ਸਿੰਹੁ ਦੇ ਪਿੰਡ ਨੂੰ।ਪੁਰਾ ਚੜ੍ਹਿਆ ਹੋਇਆ, ਮੂਹਰਲੀ ਹਵਾ ਕਦੇ ਸਾਈਕਲ ਤੇ ਚੜ੍ਹ ਜਾਂਦਾ ਕਦੇ ਪੈਦਲ ਤੁਰ ਪੈਂਦਾ।ਮੁੜਕੋ ਮੁੜਕੀ ਹੋਇਆ,ਪੁੱਛਦਾ ਪੁਛਾਂੳਂੁਦਾ ਰਾਮ ਸਿੰਹੁ ਦੀ ਕੋਠੀ ਮੂਹਰੇ ਪਹੁੰਚ ਗਿਆ।ਸਾਈਕਲ ਨੂੰ ਬਾਹਰ ਕੰਧ ਨਾਲ ਲਾਕੇ ਖੜਾ ਦਿੱਤਾ ਅਤੇ ਦਰਵਾਜ਼ਾ ਖੜਕਾਉਣ ਲੱਗ ਪਿਆ।ਰੁਲਦੇ ਨੇ ਦਰਵਾਜ਼ਾ ਖੜਕਦਾ ਸੁਣਕੇ ਆਕੇ ਕੁੰਢਾ ਖੋਲ੍ਹ ਦਿੱਤਾ।ਅਤੇ ਬਾਹਰ ਖੜੇ ਧੰਨੇ ਨੂੰ ਪੁੱਛਿਆ “ਹਾਂ ਭਾਈ!ਕੀਹਨੂੰ ਮਿਲਣੈਂ,ਕਿਥੋਂ ਆਇਐਂ ਅਤੇ ਕੰਮ ਕੀ ਐ?”
      “ਮੈਂ ਭਾਈ ਮਿਲਣੈਂ ਰਾਮ ਸਿੰਹੁ ਨੂੰ,ਕਿਥੋਂ ਆਇਆਂ ਅਤੇ ਕੀ ਕੰਮ ਐਂ,ਇਹ ਸਭ ਕੁਝ ਤਾਂ ਮੈਂ ਰਾਮ ਸਿੰਹੁ ਨੂੰ ਹੀ ਦੱਸਾਂਗਾ।ਤੂੰ ਜਾਕੇ ਉਸਨੂੰ ਦੱਸਦੇ ਬਈ ਤੇਰਾ ਜਮਾਤੀ ਧੰਨਾ ਫੌਜੀ ਆਇਐ।” ਧੰਨੇ ਨੇ ਰੁਲਦੇ ਨੂੰ ਕਿਹਾ।
       ਰੁਲਦਾ ਅੰਦਰ ਜਾਕੇ ਸਰਦਾਰ ਨੂੰ ਕਹਿੰਦਾ, ਜੋ ਬੈਠਾ ਰੋਟੀ ਖਾ ਰਿਹਾ ਸੀ, “ਸਰਦਾਰ ਜੀ!ਬਾਹਰ ਕੋਈ ਤੁਹਾਡਾ ਦੋਸਤ ਧੰਨਾ ਫੌਜੀ ਆਇਐ ਤੁਹਾਨੂੰ ਮਿਲਣ ਲਈ।” ਸਰਦਾਰ ਨੇ ਸੁਣਦੀ ਸਾਰ ਥਾਲ ਇਕ ਪਾਸੇ ਰੱਖ ਦਿੱਤਾ ਅਤੇ ਨੰਗੇ ਪੈਰੀਂ ਹੀ ਬਾਹਰ ਆ ਗਿਆ।ਧੰਨੇ ਨੂੰ ਵੇਖਕੇ ਸਰਦਾਰ ਫੁੱਲ ਵਾਗੂੰ ਖਿੜ ਗਿਆ।ਘੁੱਟਕੇ ਜੱਫੀ ਪਾਕੇ ਮਿਲਿਆ ਅਤੇ ਅੰਦਰ ਲਿਆਕੇ ਗੈਸਟ ਰੂਮ ਵਿੱਚ ਸੋਫੇ ਉਪਰ ਬਿਠਾ ਲਿਆ।ਚਾਹ ਪਾਣੀ ਨਾਲ ਵਧੀਆ ਆਉ-ਭਗਤ ਕੀਤੀ।ਸਕੂਲ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।ਕਾਫੀ ਗੱਲਾਂ ਬਾਤਾਂ ਕਰਕੇ ਰਾਮ ਸਿੰਹੁ ਕਹਿੰਦਾ “ਹੋਰ ਸੁਣਾ ਬਈ ਧੰਨਿਆ,ਅੱਜ ਕਿਵੇਂ ਆਉਣਾ ਹੋਇਆ ਐਨੇ ਸਾਲ੍ਹਾਂ ਬਾਅਦ ਕਿਥੋਂ ਤੈਨੂੰ ਮੇਰਾ ਚੇਤਾ ਆ ਗਿਆ ਪਤੰਦਰਾ। ਕਿਵੇਂ ਯਾਦ ਕਰ ਲਿਆ ਤੈਂ ਅੱਜ ਮੈਨੂੰ।” ਰਾਮ ਸਿੰਹੁ ਨੂੰ ਕਦੇ ਐਨਾ ਖੁਸ਼ ਨਹੀਂ ਸੀ ਦੇਖਿਆ ਜਿੰਨਾ ਅੱਜ ਉਹ ਧੰਨੇ ਨੂੰ ਮਿਲਕੇ ਖੁਸ਼ ਦਿੱਸ ਰਿਹਾ ਸੀ।
       ਧੰਨੇ ਨੇ ਅਪਣੀ ਸਾਰੀ,ਏ ਟੂ ਜੈਡ ਹੱਡ- ਬੀਤੀ ਦੱਸੀ ਉਸਨੇ ਇਕ ਵੀ ਗੱਲ ਨਾ ਲੁਕਾਈ।ਜਸਵੀਰ ਦੀ ਪੜ੍ਹਾਈ ਲਿਖਾਈ ਵਾਰੇ ਉਸਦੇ ਸੁਭਾ ਬਾਰੇ ਸਭ ਕੁਝ ਦੱਸਿਆ।ਕੁੜੀਆਂ ਦੇ ਵਿਆਹ ਕਰਨ ਦੀ ਗੱਲ ਵੀ ਕੀਤੀ।ਸਰਦਾਰ ਨੇ ਵੀ ਧੰਨੇ ਦਾ ਦੁੱਖ ਬੜੇ ਧਿਆਨ ਨਾਲ ਸੁਣਿਆ। ਅਤੇ ਉਸਨੂੰ ਦਿਲਾਸਾ ਦੇਕੇ ਕਹਿਣ ਲੱਗਿਆ “ਧੰਨਿਆਂ ਤੂੰ ਮੇਰਾ ਭਰਾਵਾਂ ਵਰਗਾ ਯਾਰ ਐਂ ਹੁਣ ਮੈਂ ਤੇਰਾ ਹਰੇਕ ਦੁੱਖ ਦੂਰ ਕਰਨ ਦੀ ਕੋਸ਼ਿਸ ਕਰੂੰਗਾ। ਹੁਣ ਤੂੰ ਤੱਕੜਾ ਰਹਿ ਦਿੱਲ ਨਾ ਛੋਟਾ ਕਰ।ਮੇਰੀ ਲੜਕੀ ਰਾਣੋ ਨੇ ਕੁਝ ਦਿਨਾਂ ਬਾਅਦ ਕਨੇਡਾ ਤੋਂ ਆਉਣੈ,ਲੋਕ ਮੇਰੇ ਮਗਰ ਲੱਖਾਂ ਰੁਪਏ ਚੁੱਕੀਂ ਫਿਰਦੇ ਨੇ ਕਿ ਸਾਡੇ ਮੁੰਡੇ ਨੂੰ ਰਾਣੋਂ ਨਾਲ ਵਿਆਹ ਕਰਕੇ ਬਾਹਰ ਕੱਢ ਲਵੋ ਜੋ ਕੁਝ ਕਹੋਗੇ ਅਸੀਂ ਦੇਣ ਲਈ ਤਿਆਰ ਹਾਂ। ਰੋਜ਼ ਫੋਨ ਤੇ ਫੋਨ ਖੜਕ ਰਹੇ ਨੇ।
       ਪਰ ਧੰਨਿਆ ਮੈਂ ਤੈਨੂੰ ਯਕੀਨ ਦੁਆਉਣਾਂ ਕਿ ਦੁਨੀਆਂ ਮੈਨੂੰ ਭਾਵੇਂ ਕੁਝ ਆਖੇ ਕੋਈ ਪ੍ਰਵਾਹ ਨਹੀ। ਮੇਰਾ ਸਾਰਾ ਪ੍ਰਵਾਰ ਅਗਾਂਹ ਵਧੂ ਸੋਚ ਦਾ ਮਾਲਕ ਹੈ।ਮੈਂ ਤੇਰੇ ਪੁੱਤਰ ਜਸਵੀਰ ਦੀ ਪੜ੍ਹਾਈ ਅਤੇ ਨੇਕ ਚਾਲ ਚੱਲਣ ਨੂੰ ਦੇਖਦਾ ਹੋਇਆ ਅਪਣੀ ਧੀ ਦਾ ਵਿਆਹ ਉਸ ਨਾਲ ਹੀ ਕਰੂੰਗਾ।ਰਾਣੋ ਉਸਨੂੰ ਅਪਣੇ ਨਾਲ ਕਨੇਡਾ ਲੈ ਜਾਵੇਗੀ।ਜਸਵੀਰ ਕਨੇਡਾ ਸੈਟ ਹੋਕੇ ਤੁਹਾਨੂੰ ਸਾਰਿਆਂ ਨੂੰ ਹੀ ਸੱਦ ਲਵੇਗਾ। ਫੇਰ ਆਪਾਂ ਤੇਰੀਆਂ ਦੋਨਾਂ ਕੁੜੀਆਂ ਦੇ ਵਿਆਹ ਗੱਜ-ਵੱਜਕੇ ਕਰਾਂਗੇ।ਹੁਣ ਤੂੰ ਮਿੱਤਰਾਂ ਮੇਰੇ ਸਿਰ ਤੇ ਮੌਜਾਂ ਮਾਣ, ਜਾਹ ਜਾਕੇ ਸੌਂ ਜਾ “ਸਿਰ੍ਹਾਣੇ ਥੱਲੇ ਬਾਂਹ ਧਰਕੇ”

ਜਰਨੈਲ ਸਿੰਘ ‘ਮਾਗਟ’ ਖੰਨਾ
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-94633-19453
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template