Headlines News :
Home » » ਜਦੋਂ ਮੈਂ ਮੇਰੇ ਦਾਦਾ ਜੀ ਨੂੰ ਰੋਂਦਾ ਵੇਖਿਆ - ਰਮੇਸ ਸੇਠੀ ਬਾਦਲ

ਜਦੋਂ ਮੈਂ ਮੇਰੇ ਦਾਦਾ ਜੀ ਨੂੰ ਰੋਂਦਾ ਵੇਖਿਆ - ਰਮੇਸ ਸੇਠੀ ਬਾਦਲ

Written By Unknown on Saturday, 23 March 2013 | 02:01


               ਮਾਂ ਬਾਪ ਤੇ ਔਲਾਦ ਦੇ ਸਬੰਧ ਭਾਵਨਾਤਮਿਕ ਰੂਪ ਵਿੱਚ ਗਹਰੇ ਹੁੰਦੇ ਹਨ। ਗੱਲ ਕੋਈ 1965-66 ਦੀ ਹੋਦੀ ਹੈ। ਜਦੋਂ ਮੈਂ ਮਾਤਰ ਪੰਜ ਜਾਂ ਛੇ ਸਾਲਾਂ ਦਾ ਹੁੰਦਾ ਸੀ । ਮੇਰੇ ਦਾਦਾ ਜੀ ਦਾ ਸੁਭਾਅ ਕੁਝ ਸਖਤ ਮਿਜਾਜ ਸੀ। ਘਰੇ ਗਰਬਤ ਦੇ ਦਿਨ ਸਨ। ਪਰ ਪਿੰਡ ਵਿੱਚ ਭਾਵੇਂ ਸੇਠਾਂ ਦਾ ਦਰਜਾ ਹਾਸਿਲ ਸੀ ਪਰ ਦੋ ਸਮੇਂ ਦੀ ਰੋਟੀ ਲਈ ਸਖਤ ਮਿਹਨਤ ਕਰਨੀ ਪੈਂਦੀ ਸੀ। ਜਦੋਂ ਹੱਥ ਤੰਗ ਹੋਵੇ ਤੇ ਘਰੇ ਤੰਗੀਆਂ ਤਰੁਸ਼ੀਆਂ ਹੋਣ ਤਾਂ ਲੜਾਈ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਹੀ ਹੋ ਜਾਂਦੀ ਹੈ । ਪਤਾ ਨਹੀਂ ਕਿਸ ਗੱਲ ਨੂੰ ਲੈਕੇ ਮੇਰੇ ਪਿਤਾ ਜੀ ਤੇ ਮੇਰੇ ਦਾਦਾ ਜੀ ਵਿੱਚ ਹੋਈ ਤਕਰਾਰ ਵੱਧ ਗਈ। ਮੇਰੇ ਪਾਪਾ ਜੀ ਨੇ ਗੁੱਸੇ ਵਿੱਚ ਆ ਕੇ ਸਾਨੂੰ ਤਿੰਨਾਂ ਭੈਣ ਭਰਾਵਾਂ ਨੂੰ ਸਾਈਕਲ ਤੇ ਬਿਠਾਇਆ ਤੇ ਨਾਲ ਮੇਰੀ ਮਾਂ ਨੂੰ ਲਿਆ ਤੇ ਰੁੱਸ ਕੇ ਸ਼ਹਿਰ ਨੂੰ ਚਾਲੇ ਪਾ ਦਿੱਤੇ। 
              ਸਾਡੇ ਘਰੇ ਪਾਪਾ ਜੀ ਦੀ ਭੁਆ ਸਾਵੋ ਆਈ ਹੋਈ ਸੀ। ਸਾਡੇ ਘਰ ਛੱਡਣ ਤੋ ਬਾਅਦ ਉਸ ਨੇ ਮੇਰੇ ਦਾਦਾ ਜੀ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸਮਝਾਇਆ ਦੇਖ ਬਾਈ(ਮੇਰੇ ਦਾਦਾ ਜੀ ਦੀਆਂ ਭੈ ਧੀਆਂ, ਪੁੱਤ ਨੂੰਹਾਂ ਸਾਰੇ ਓਹਨਾ ਨੂੰ ਬਾਈ ਕਹਿ ਕੇ ਹੀ ਬਲਾਉਂਦੇ ਸੀ)। ਉਪਰੋਂ ਕਾਲੀ ਬੋਲੀ ਹਨੇਰੀ ਆਉਂਦੀ ਪਈ ਹੈ ਕੱਚੇ ਰਾਹਾਂ ਦਾ ਸਫਰ ਹੈ ਉਹ ਘਰੋਂ ਚਲਾ ਗਿਆ ਹੈ ਨਾਲ ਜਵਾਨ ਬਹੁ ਹੈ ( ਮੇਰੀ ਮਾਂ ) ਤੇ ਛੋਟੇ -ਛੋਟੇ ਬੱਚੇ ਹਨ। ਜੇ ਕੋਈ ਭਾਣਾ ਵਰਤ ਗਿਆ ਤਾਂ ਬੱਝੇ ਹੱਥ ਨਹੀਂ ਆਉਣੇ। ਉਸ ਦੀਆਂ ਗੱਲਾਂ ਨੇ ਮੇਰੇ ਦਾਦਾ ਜੀ ਤੇ  ਅਸਰ ਕੀਤਾ । ਤੇ ਮੇਰਾ ਦਾਦਾ ਨੂੰ ਸਾਨੂੰ ਮਨਾਉਣ ਲਈ ਤੇ ਘਰੇ  ਵਾਪਿਸ ਲਿਆਉਣ ਲਈ ਸ਼ਹਿਰ ਨੂੰ ਜਾਂਦੇ ਮੁੱਖ ਰਾਹ ਤੇ ਸਾਡੇ ਪਿੱਛੇ ਹੀ ਆ ਗਏ। ਚਾਹੇ ਉਹ ਸਾਨੂੰ ਮਨਾਉਣ ਹੀ ਆਏ ਸੀ ਪਰ ਪਹਿਲੋ ਪਹਿਲ ਤਾਂ ਉਹਨਾ ਨੇ ਕਾਫੀ ਤਲਖੀ ਦਿਖਾਈ ਤੇ ਫੇਰ ਜਦੋਂ ਕੋਈ ਗੱਲ ਬਣਦੀ ਨਜ਼ਰ ਨਾ ਆਈ ਤਾਂ ਉਹਨਾ ਨੇ ਨਰਮੀ ਤੇ ਹਲੀਮੀ ਦਾ ਸਹਾਰਾ ਲੈਂਦੇ ਹੋਏ ਮੇਰੀ ਮਾਂ ਨੂੰ ਘਰੇ ਚੱਲਣ ਦਾ ਹੁਕਮ ਸੁਣਾ ਦਿੱਤਾ । ਤੇ ਮੇਰੇ ਦਾਦਾ ਜੀੇ ਨੇ ਸਾਡੀ ਤਿੰਨਾਂ ਦੀ ਉਂਗਲੀ ਫੜ ਕੇ ਸਾਨੂੰ ਨਾਲ ਲੈ ਲਿਆ ।ਘੁੰਡ ਵਿਚ ਚਿਹਰਾ ਛੁਪਾਈ ਮੇਰੀ ਮਾਂ ਸਹੁਰੇ ਦਾ ਕਿਹਾ ਟਾਲ ਨਾ ਸਕੀ ਤੇ ਘਰ ਨੂੰ ਵਾਪਿਸ ਪਰਤ ਆਈ ।
                       ਮੇਰੇ ਦਾਦਾ ਜੀ ਦੇ ਸਕਾਰਤਮਿਕ ਰੁੱਖ ਤੇ ਹਲੀਮੀ ਦੇ ਦਾਉ ਪੇਚ ਵੇਖ ਕੇ ਮੇਰੇ ਪਾਪਾ ਜੀ ਵੀ ਪਿੰਘਲ ਗਏ ਤੇ ਘਰ ਨੂੰ ਵਾਪਿਸ ਚਲ ਪਏ । ਘਰ ਪਹੁੰਚਾ ਕੇ ਮੇਰੇ ਦਾਦਾ ਜੀ ਨੇ ਮੇਰੀ ਮਾਂ ਨੂੰ ਤੇ ਮੁਖਾਤਿਬ ਹੋ ਕੇ ਆਖਿਆ ‘‘ਦੇਖ ਕਰਤਾਰ ਕੁਰੇ ਹੁਣ ਚਾਹੇ ਤੁਸੀ ਜੋ ਮਰਜ਼ੀ ਕਰੋ। ਮੈਂ ਬਹੁਤ ਮਸੀਬਤਾਂ ਤੇ ਦੁੱਖਾਂ ਨਾਲ ਬੱਚੇ ਪਾਲੇ ਹਨ। ਤੇਰੀ ਸੱਸ ਛੋਟੇ ਮੰਗਲ ਨੂੰ ਚੌਵੀ ਦਿਨਾਂ ਦਾ ਛੱਡ ਕੇ ਗੁਜ਼ਰ  ਗਈ ਸੀ। ਤੇ ਮੰਗਲ ਨੂੰ ਭੂਆ ਸੋਧਾਂ ਲੰਬੀ ਪਿੰਡ ਨੇ ਆਪਣੇ ਦੁੱਧ ਤੇ ਪਾਲਿਆ ਹੈ । ਮੈਂ  ਕੋਈ ਹੋਰ ਚਾਰਾ ਵੀ ਨਹੀਂ ਕੀਤਾ । ਕਿਉਂਕਿ ਮੈਂ ਮੇਰੇ ਚਾਰੇ ਬੱਚਿਆਂ ਨੂੰ ਮਤਰੇਈ ਮਾਂ ਨਹੀਂ ਸੀ ਦੇਣੀ ਚਾਹੁਂਦਾ। ਮੈਂ ਦਿਨੇ ਇੱਥੇ ਖੇਤੀ ਤੇ ਦੁਕਾਨਦਾਰੀ ਕਰਦਾ ਸ਼ਾਮ ਨੂੰ ਲੰਬੀ ਜਾਂ ਕੇ ਮੰਗਲ ਨੂੰ ਸੰਭਾਲਦਾ ਤੇ ਸਵੇਰੇ ਫਿਰ ਪਿੰਡ ਘੁਮਿਆਰੇ ਆ ਜਾਂਦਾ । ਮੈਂ ਚਾਰ ਭੈਣਾਂ ਤੇ ਦੋ ਧੀਆਂ ਦਾ ਵਿਆਹ ਬੜੀ ਗੁਰਬਤ ਦੇ ਦਿਨਾਂ ਚ ਕੀਤਾ । ਪਿੰਡ ਵਿਚੋ ਕਿਸੇ ਤੋ ਓਏ ਨਹੀਂ ਸੀ ਅਖਵਾਈ । ਹੁਦ ਜਦੋਂ ਇਹ  (ਮੇਰੇ ਪਾਪਾਜੀ ਤੇ ਚਾਚਾ ਜੀ ) ਵੱਡੇ ਹੋ ਗਏ ਹਨ ਤਾਂ ਹੁਣ ਇਹ ਮੈਨੂੰ ਅੱਖਾਂ ਦਿਖਾਉਂਦੇ ਹਨ। ਹੁਣ ਹੀ ਤਾਂ ਮੇਰੇ ਸੁੱਖ ਲੈਣ ਅਤੇ ਚਿੰਤਾ ਰਹਿਤ ਜਿੰਦਗੀ ਜਿਉਣ ਦੇ ਦਿਨ ਹਨ। ਮੈਂ ਤਾਂ ਸਾਰੀ ਉਮਰ ਚਾਰੇ ਭੈਣਾਂ ਤੇ ਦੋਹਾਂ ਧੀਆਂ ਦੀ ਇੱਜਤ ਨੂੰ ਮਹਿਫੂਜ਼ ਰੱਖਣ ਲਈ ਇਕ ਪਹਿਰੇਦਾਰ ਦੀ ਤਰ੍ਹਾ ਕੱਢ ਦਿੱਤੀ ਤੇ ਪੁੱਤਾਂ ਨੂੰ ਪੜਾਇਆ ਲਿਖਾਇਆ ਤੇ ਪਟਵਾਰੀ ਲਾ ਦਿੱਤਾ। ਇਹ ਗੱਲਾਂ ਕਰਦੇ ਮੇਰੇ ਦਾਦੇ ਦੀਆਂ ਅੱਖਾਂ ਚੌਂ ਪਰਲ ਪਰਲ ਹੰਝੂ ਕਿਰਣ ਲੱਗ ਪਏ।ਅੱਖਾਂ ਚੌਂ ਛਲਕਦੇ ਹੰਝੂਆਂ ਨਾਲ ਮੇਰੇ ਦਾਦੇ ਤੋਂ ਬੋਲਿਆ ਨਾ ਗਿਆ ।ਤੇ ਉਹ ਸਾਫੇ ਨਾਲ ਅੱਖਾਂ ਪੂਝ ਕੇ ਚੁੱਪ ਕਰ ਗਿਆ। ਰੋਂਦੇ ਹੋਏ ਮੇਰੇ ਦਾਦਾ ਜੀ ਦਾ ਚੇਹਰਾ ਅਜੇ ਵੀ ਮੇਰੀਆਂ ਅੱਖਾਂ ਅੱਗੇ ਘੁੰਮਦਾ ਰਹਿੰਦਾ ਹੈ। 
                ਕਈ ਵਾਰੀ ਮਾਂ ਪਿਓੁ ਵੀ ਔਲਾਦ ਅੱਗੇ ਕਿੰਨੇ ਬੇਵੱਸ ਹੋ ਜਾਂਦੇ ਹਨ। ਤੇ ਜਾਂ ਮਾਂ ਪਿਓੁ ਦਾ ਸੁਭਾਅ ਕਈ ਵਾਰੀ ਏਨਾ ਕੜਕ ਕਿਉਂ ਹੁੰਦਾ ਹੈ ਉਸਦੇ ਪਿੱਛੇ ਵੀ ਕਈ ਨਾ ਕੋਈ  ਰਾਜ ਜਾਂ ਮਜ਼ਬੂਰੀ ਹੁੰਦੀ ਹੈ। ਵਾਕਿਆ ਹੀ ਮੇਰੇ ਦਾਦਾ ਜੀ ਦੇ ਸੋਚ ਤੇ ਕੁਰਬਾਨੀ ਦੀ ਕੋਈ ਮਿਸਾਲ ਨਹੀਂ ਹੋਣੀ ਜ਼ੋ ੳਹਨਾਂ ਨੇ ਆਪਣੇ ਬੱਚਿਆਂ ਨੂੰ ਪਾਲਣ ਪੌਸ਼ਣ ਵਾਸਤੇ ਕੀਤੀ।ਅੱਜ ਵੀ ਜਦੋਂ ਮੈਨੂੰ ਆਪਣੇ ਬੱਚਿਆ ਦੀ ਜਿੱਦ ਅੱਗੇ ਝੁਕਣਾ ਪੈਂਦਾ ਹੈ ਜਾਂ ਕਦੇ ਕਿਸੇ ਮਾਂ ਪਿਓ ਨੂੰ ਔਲਾਦ ਅੱਗੇ ਬੇਵਸ ਦੇਖਦਾ ਹਾਂ ਤਾਂ  ਮੇਰੇ ਦਾਦਾ ਜੀ ਦਾ ਓਹ ਰੂਪ ਮੇਰੀਆਂ ਅੱਖਾਂ ਅੱਗੇ ਆ ਜਾਦਾਂ ਹੈ।
ਰਮੇਸ ਸੇਠੀ ਬਾਦਲ
ਸੰਪਰਕ 98766 27233
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template