Headlines News :
Home » » ਤਿਲ੍ਹਕਣ ਉੱਤੇ ਜੰਮੇ ਪੈਰ - ਮਨਜੀਤ ਕੌਰ ਬਰਾੜ

ਤਿਲ੍ਹਕਣ ਉੱਤੇ ਜੰਮੇ ਪੈਰ - ਮਨਜੀਤ ਕੌਰ ਬਰਾੜ

Written By Unknown on Sunday, 3 March 2013 | 01:08


ਮੇਰੀਆਂ ਤਿੰਨ ਭੈਣਾਂ ਅਤੇ ਇੱਕ ਭਰਾ ਸੀ । ਮੈਂ ਸਾਰਿਆਂ ਵਿੱਚੋਂ ਵੱਡੀ ਸੀ ਅਤੇ ਮੇਰਾ ਭਰਾ ਛੋਟਾ ਸੀ। ਮੈਂ ਨਹੀਂ ਜਾਣਦੀ ਮਾਂ ਬਾਪ ਦਾ ਪਿਆਰ ਕੀ ਹੁੰਦਾ ਹੈ। ਜਦੋਂ ਦੀ ਮੈਂ ਸੁਰਤ ਸੰਭਾਲੀ ਸੀ ਮੈਂ ਬੇ-ਕਦਰੀ, ਨਫਰਤ ਅਤੇ ਗਾਲ੍ਹਾਂ ਦਾ ਹੀ ਸਾਹਮਣਾ ਕੀਤਾ ਸੀ । ਭੈਣਾਂ ਵਿੱਚੋਂ ਛੋਟੀ ਭੈਣ ਦੀ ਕੁੱਝ ਕਦਰ ਸੀ ਕਿਉਂਕਿ ਉਹ ਵੀਰ ਦੀ ਬਾਂਹ ਫੜ ਕੇ ਲੈ ਕੇ ਆਈ ਸੀ । ਮੇਰੇ ਭਰਾ ਦਾ ਨਾਂ ਰਾਜਕੁਮਾਰ ਸੀ । ਮਾਂ ਬਾਪ ਨੇ ਉਸ ਨੂੰ ਬਹੁਤ ਸਿਰ ਚੜ੍ਹਾਇਆ ਹੋਇਆ ਸੀ । ਉਹ ਸਾਰਾ ਦਿਨ ਸਾਨੂੰ ਮਾਰਦਾ, ਗਾਲਾਂ ਕੱਢਦਾ, ਵਾਲ ਪੁੱਟ ਦਿੰਦਾ ਅਤੇ ਚੀਜਾਂ ਡ੍ਹੋਲ ਦਿੰਦਾ, ਮੇਰੀ ਮਾਂ ਉਸ ਨੂੰ ਕੁੱਝ ਨਾ ਕਹਿੰਦੀ ਸਾਡੀ ਤਾਂ ਮਜਾਲ ਹੀ ਕੀ ਸੀ ।ਰਾਜਕੁਮਾਰ ਨੂੰ ਚੰਗਾ ਖਾਣ ਨੂੰ ਅਤੇ ਚੰਗਾ ਪਾਉਣ ਨੂੰ ਮਿਲਦਾ ਸੀ ।ਰਾਤ ਨੂੰ ਮਾਂ ਉਸ ਨੂੰ ਸੁੱਤੇ ਨੂੰ ਉਠਾ ਕੇ ਲੱਖ ਮਿਨੰਤਾਂ ਕਰਕੇ ਦੁੱਧ ਅਤੇ ਬਦਾਮ ਦੀਆਂ ਗਿਰੀਆਂ ਦਿੰਦੀ। ਉਹ ਹੱਥ ਮਾਰ ਕੇ ਸਾਰਾ ਦੁੱਧ ਡੋਲ ਦਿੰਦਾ। 
ਮੈਂ ਸੋਚਦੀ ਕਾਸ਼ ! ਮੈਂ ਮੁੰਡਾ ਹੁੰਦੀ। ਫੇਰ ਸੋਚਦੀ ਕਿੰਨਾ ਮਾਰਦੈ ਰਾਜਕੁਮਾਰ ਸਾਨੂੰ ਜੇ ਇਹੀ ਨਾ ਹੁੰਦਾ- ਮੈਂ ਮਾਂ ਦੇ ਡਰ ਤੋਂ ਅੰਦਰ ਤੱਕ ਕੰਬ ਜਾਂਦੀ। ਫੇਰ ਮੇਰਾ ਵਿਆਹ ਹੋ ਗਿਆ । ਮੈਂ ਵੀ ਇੱਕ ਕੁੜੀ ਦੀ ਮਾਂ ਬਣ ਗਈ।ਸਹੁਰੇ ਘਰ ਵੀ ਮੇਰੀ ਕਦਰ ਘਟ ਗਈ ਕਿਉਂਕਿ ਮੇਰੀ ਜਠਾਣੀ ਕੋਲ ਦੋ ਮੁੰਡੇ ਸਨ।ਤਿੰਨ ਸਾਲਾਂ ਬਾਦ ਜਦ ਮੈਂ ਦੂਜੀ ਵਾਰ ਮਾਂ ਬਣਨ ਵਾਲੀ ਸੀ ਤਾਂ ਪਰਿਵਾਰ ਦੇ ਸਾਰੇ ਹੀ ਮੈਂਬਰ ਮੇਰੀ ਇਸ ਫਿਕਰ ਵਿੱਚ ਸਨ ਕਿ ਕਿਤੇ ਕੁੜੀ ਨਾ ਹੋਵੇ, ਟੈਸਟ ਜਰੂਰ ਕਰਵਾ ਲੈਣਾ ਚਾਹੀਦਾ ਹੈ । ਸੱਸ ਦੀ ਭਤੀਜੀ ਡਾਕਟਰ ਸੀ ਚੋਰੀ ਛਿਪੇ ਊਸ ਤੋਂ ਟੈਸਟ ਕਰਵਾਇਆ ਰਿਪੋਰਟ ਵਿੱਚ ਕੁੜੀ ਹੀ ਦੱਸੀ। ਉਸ ਦਿਨ ਘਰ ਦਾ ਮਾਹੌਲ ਉਦਾਸ ਅਤੇ ਉਲਝਣ ਭਰਿਆ ਰਿਹਾ । ਫੈਸਲਾ ਹੋਇਆ ਕਿ ਕੱਲ੍ਹ ਨੂੰ ਗਰਭਪਾਤ ਕਰਵਾ ਦਿਆਂਗੇ, ਕੁੜੀਆਂ ਨਾਲ ਘਰ ਤਾਂ ਨਹੀਂ ਭਰਨਾ । 
ਉਸ ਰਾਤ ਮੈਂ ਬਹੁਤ ਰੋਈ, ਮੈਂ ਰੱਬ ਨੂੰ ਲੱਖ ਉਲਾਂਭੇ ਦਿੱਤੇ। ਆਪਣੀ ਕਿਸਮਤ ਨੂੰ ਕੋਸਿਆ । ਕਿੰਨਾ ਚੰਗਾ ਹੁੰਦਾ ਜੇ ਮੁੰਡਾ ਹੁੰਦਾ । ਕਿੰਨੀਆਂ ਵਧਾਈਆਂ ਮਿਲਦੀਆਂ, ਮਠਿਆਈਆਂ ਵੰਡਦੇ..................ਮੇਰਾ ਪਤੀ ਜੋ ਪਿੱਠ ਕਰੀ ਪਿਆ ਸੀ ਇੰਝ ਨਾ ਕਰਦਾ- ਉਹ ਕਿੰਨਾ ਮਾਣ ਮਹਿਸੂਸ ਕਰਦਾ............... ਮੈਂ ਵੀ ਫੁੱਲੀ ਨਾ ਸਮਾਉਂਦੀ। 
ਅਚਾਨਕ ਮੇਰੇ ਨਾਲ ਸੁੱਤੀ ਪਈ ਮੇਰੀ ਧੀ ਤ੍ਰਬਕੀ ਅਤੇ ਬੁੱਲ੍ਹ ਟੇਰ ਕੇ ਹਾਉਂਕੇ ਭਰਨ ਲੱਗੀ, ਮੈਂ ਉਸ ਨੂੰ ਚੁੱਕ ਕੇ ਆਪਣੀ ਗੋਦੀ ਵਿੱਚ ਪਾ ਲਿਆ। ਮੈਂਨੂੰ ਲੱਗਾ ਜਿਵੇਂ ਉਹ ਮੈਂ ਹੀ ਹੋਵਾਂ ਮੈਂ ਘੁੱਟ ਕੇ ਉਸ ਨੂੰ ਆਪਣੀ ਛਾਤੀ ਨਾਲ ਲਾ ਲਿਆ । ਮੇਰੀਆ ਅੱਖਾਂ ਵਿੱਚੋਂ ਹੰਝੂਆਂ ਦੀਆ ਝੜੀਆਂ ਲੱਗ ਗਈਆਂ । ਮੈਂ ਉਸ ਨੂੰ ਪਿਆਰ ਕੀਤਾ ਉਸ ਦਾ ਮੂੰਹ ਚੁੰਮਿਆਂ-ਮੇਰੇ ਅੰਦਰੋਂ ਆਵਾਜ ਨਿੱਕਲੀ ਨਹੀਂ......ਨਹੀਂ ਮੈਂ ਤੇਰੇ ਨਾਲ ਉਹ ਕੁੱਝ ਨਹੀਂ ਹੋਣ ਦਿਆਂਗੀ, ਜੋ ਮੇਰੇ ਨਾਲ ਹੋਇਆ ਹੈ। 
ਅਗਲੇ ਦਿਨ ਮੇਰਾ ਫੈਸਲਾ ਸੁਣ ਕੇ ਸਾਰੇ ਸੁੰਨ ਹੋ ਗਏ, ਮੇਰੀ ਸੱਸ ਬੋਲੀ ‘‘ਹੈਂ....ਕੀ ਕਿਹਾ, ਬੱਸ ਦੋ ਕੁੜੀਆਂ ਹੀ ਰੱਖੇਂਗੀ, ਮੱਤ ਮਾਰੀ ਗਈ ਏ ਤੇਰੀ........ ਕੀ ਕਰੇਂਗੀ ਤੂੰ ਦੋ ਪਥਰਾਂ ਦਾ.......?” 
ਮੈਂ ਕਿਹਾ ‘‘ ਇੱਕ ਨੂੰ ਮੈਂ ਕਿਰਨ ਬੇਦੀ ਵਰਗੀ ਬਣਾਂਵਾਂਗੀ ਅਤੇ ਦੂਜੀ ਨੂੰ ਕਲਪਨਾ ਚਾਵਲਾ ਵਰਗੀ........”
ਮਨਜੀਤ ਕੌਰ ਬਰਾੜ 
ਜੇ. ਐਨ. ਜੇ. ਡੀ. ਏ. ਵੀ. ਪਬਲਿਕ ਸਕੂਲ, 
ਗਿੱਦੜਬਾਹਾ (ਪੰਜਾਬ) 
Mobile 94641-‍52236 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template