ਸਾਡੇ ਸਮਾਜ ਅੰਦਰ ਇਸਤਰੀ ਨੂੰ ਮਰਦ ਦੇ ਮੁਕਾਬਲੇ ਨੀਵਾਂ ਸਮਝਿਆ ਜਾਂਦਾ ਹੈ। ਇਸਤਰੀ ਆਪਣੇ ਉਪਰ ਪੁਰਾਤਨ ਸਮਿਆਂ ਤੋਂ ਅੱਤਿਆਚਾਰ ਸਹਿੰਦੀ ਹੋਈ ਮਰਦਾਂ ਦਾ ਮੁਕਾਬਲਾ ਕਰਦੀ ਆ ਰਹੀ ਹੈ। ਇਸਤਰੀ ਦੇ ਹੱਕ ਵਿਚ ਸਾਡੇ ਗੁਰੂ ਸਾਹਿਬਾਨ ਨੇ ਆਵਾਜ਼ ਉਠਾਈ,
‘‘ਸੋ ਕਿਓੁ ਮੰਦਾ ਆਖੀਐ ਜਿਤ ਜੰਮੈ ਰਾਜਾਨੁ।’’
ਵੱਡੇ ਵੱਡੇ ਰਾਜੇ, ਮਹਾਰਾਜਿਆਂ, ਪੀਰਾਂ-ਪੈਗੰਬਰਾਂ ਨੂੰ ਜਨਮ ਦੇਣ ਵਾਲੀ ਮਾਂ ਰੂਪੀ ਇਸਤਰੀ ਨੂੰ ਨੀਵਾਂ ਕਿਉਂ ਦੇਖਿਆ ਜਾਂਦਾ ਹੈ? ਇਸ ਬਾਰੇ ਸਾਨੂੰ ਡੁੰਘਾਈ ਨਾਲ ਸੋਚਣ ਦੀ ਲੋੜ ਹੈ।
ਸਾਡੇ ਦੇਸ਼ ਵਿਚ ਅਨਪੜ੍ਹਤਾ ਦੀ ਦਰ ਉੱਚੀ ਹੋਣ ਕਾਰਨ ਸਮਾਜ ਬੁਰਾਈਆਂ ਦਾ ਜ਼ਿਆਦਾ ਹੋਣਾ ਸੁਭਾਵਕ ਹੀ ਹੈ। ਸਾਖਰਤਾ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਸਾਡੇ ਦੇਸ਼ ਵਿਚ ਕੁੱਲ ਅਨਪੜ੍ਹਾਂ ਵਿਚੋਂ ਬਹੁਤੀ ਗਿਣਤੀ ਔਰਤ ਅਨਪੜ੍ਹਾਂ ਦੀ ਹੈ, ਜਿਨ੍ਹਾਂ ਵਿਚੋਂ ਬਹੁਤੀਆਂ ਪਛੜੇ ਵਰਗਾਂ ਦੀਆਂ ਔਰਤਾਂ ਹੀ ਹਨ। ਔਰਤ ਦਾ ਇਸੇ ਲਈ ਰੂੜੀਵਾਦ ਵਿਚਾਰਾਂ ਦਾ ਹੋਣਾ ਵੀ ਸੁਭਾਵਿਕ ਹੈ ਜਿਸ ਸਦਕਾ ਕਈ ਸਮਾਜਿਕ ਬੁਰਾਈਆਂ ਦੀ ਜੜ੍ਹ ਔਰਤ ਆਪ ਹੀ ਹੈ। ਧੀ ਤੋਂ ਲੈ ਕੇ ਸੱਸ ਦਾ ਸਫ਼ਰ ਨਾਰੀ ਲਈ ਅਹਿਮ ਹੈ। ਹਰੇਕ ਨਾਰੀ ਆਪਣੀ ਧੀ ਨੂੰ ਸੁਖੀ ਵਸਦੀ ਵੇਖਣਾ ਚਾਹੁੰਦੀ ਹੈ। ਨੂੰਹ ਸੱਸ ਦੇ ਸੰਬੰਧਾਂ ਨੂੰ ਸਾਡੇ ਸਮਾਜ ਵਿਚ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ। ਇਹਨਾਂ ਸੰਬੰਧਾਂ ਵਿਚ ਅਕਸਰ ਤ੍ਰੇੜਾਂ ਪੈਣ ਦਾ ਖਦਸ਼ਾ ਰਹਿੰਦਾ ਹੈ। ਇਹਨਾਂ ਰਿਸ਼ਤਿਆਂ ਨੂੰ ਮਾਂ ਅਤੇ ਧੀ ਦੇ ਰੂਪ ਵਿਚ ਬਦਲਣ ਦੀ ਲੋੜ ਹੈ ਜੋ ਕਿ ਨਾਰੀ ਹੀ ਕਰ ਸਕਦੀ ਹੈ। ਅੱਜ ਕੱਲ੍ਹ ਧੀ ਨੂੰ ਜਨਮ ਤੋਂ ਪਹਿਲਾਂ ਹੀ ਮਾਰਿਆ ਜਾ ਰਿਹਾ ਹੈ। ਇਹ ਬੜੀ ਗੰਭੀਰ ਮਸਲਾ ਹੈ। ਇਸ ਨਾਲ ਕੁਦਰਤੀ ਸੰਤੁਲਿਨ ਵਿਗੜਨ ਦਾ ਡਰ ਵਧਦਾ ਜਾ ਰਿਹਾ ਹੈ। ਲੜਕੇ ਦੀ ਅਹਿਮੀਅਤ ਸਾਡੇ ਸਮਾਜ ਵਿਚ ਅੱਜ ਵੀ ਲੜਕੀਆਂ ਨਾਲੋਂ ਵੱਧ ਸਮਝੀ ਜਾ ਰਹੀ ਹੈ ਭਾਵੇਂ ਕਿ ਪਰਿਵਾਰ ਪੜਿਆ ਲਿਖਿਆ ਹੋਵੇ ਉਹ ਵੀ ਆਪਣੇ ਮਨ ਅੰਦਰ ਇਹੀ ਧਾਰਨਾ ਬਣਾਈ ਬੈਠਾ ਹੈ। ਔਰਤ ਵੀ ਮਰਦ ਨਾਲੋਂ ਮੁੰਡੇ ਨੂੰ ਜ਼ਿਆਦਾ ਅਹਿਮੀਅਤ ਦੇਂਦੀ ਹੈ। ਗਰਭਪਾਤ ਦੀ ਸਮੱਸਿਆ ਔਰਤ ਲਈ ਸਰੀਰਕ ਅਤੇ ਮਾਨਸਿਕ ਪੱਖੋਂ ਵੀ ਹਾਨਟੀਕਾਰਕ ਸਾਬਤ ਹੋ ਰਹੀ ਹੈ। ਅੱਸੀਵਿਆਂ ਵਿਚ ਆਈ ਅਲਟਰਾ ਸਾਉਂਡ ਵਿਧੀ ਨੇ ਅਣਜੰਮੀਆਂ ਧੀਆਂ ਨੂੰ ਮਾਰ ਮੁਕਾਉਣ ਦਾ ਇਹ ਰਾਹ ਖੋਲ੍ਹ ਦਿੱਤਾ।
ਸਾਡੇ ਸਮਾਜ ਵਿਚ ਮੁੰਡੇ ਦਾ ਭਾਵ ਨਰ (ਪ੍ਰਾਣੀ) ਦੇ ਪੈਦਾ ਹੋਣ ਤੇ ਖੁਸ਼ੀ ਅਤੇ ਕੁੜੀ ਦੇ ਪੈਦਾ ਹੋਣ ਤੇ ਅਫਸੋਸ ਪ੍ਰਗਟ ਕੀਤਾ ਜਾਂਦਾ ਹੈ ਪਰ ਦੂਸਰੇ ਪਾਸੇ ਜੇਕਰ ਪਸ਼ੂ ਦੇ ਪ੍ਰਜਨਣ ਮਗਰੋਂ ਵੱਛੀ ਜਾਂ ਕੱਟੀ ਹੋਵੇ ਤਾਂ ਖੁਸ਼ੀ ਮਨਾਈ ਜਾਂਦੀ ਹੈ। ਆਮ ਧਾਰਨਾ ਬਣੀ ਹੋਈ ਹੈ ਕਿ ਕੱਟੀ/ਵੱਛੀ ਨੇ ਵੱਡੇ ਹੋ ਕੇ ਮੱਝ/ਗਾਂ ਬਣਨਾ ਹੈ ਜੋ ਪਰਿਵਾਰ ਲਈ ਸਹਾਰਾ ਬਣੇਗੀ ਪਰ ਕੁੜੀ ਨੇ ਦੂਸਰੇ ਘਰ ਚਲੇ ਜਾਣਾ ਹੈ ਅਤੇ ਨਾਲੇ ਦਾਜ ਤੇ ਹੋਰ ਜਿੰਮੇਵਾਰੀਆਂ ਅੱਡ। ਇਸ ਲਈ ਮਨੁੱਖੀ ਹੋਂਦ ਨੂੰ ਬਰਕਾਰ ਰੱਖਣ ਲਈ ਸਾਨੂੰ ਵੀ ਪਸ਼ੂਆਂ ਵਾਂਗ ਲੜਕੀਆਂ ਪ੍ਰਤੀ ਸੋਚ ਅਪਨਾਉਣੀ ਚਾਹੀਦੀ ਹੈ।
2001 ਦੀ ਮਰਦਮ ਸੁਮਾਰੀ ਅਨੁਸਾਰ ਪੰਜਾਬ ’ਚ ਇਕ ਹਜਾਰ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ 874 ਰਹਿ ਗਈ ਹੈ। ਬਾਕੀ ਰਾਜਾਂ ਦੀ ਅਨੁਪਾਤ ਦੀ ਭਾਵੇਂ ਘੱਟ ਪਰ ਪੰਜਾਬ ਅੰਦਰ ਇਹ ਜ਼ਿਆਦਾ ਘੱਟ ਹੈ ਜੋ ਕਿ ਸਿੱਖ ਵਸੋਂ ਲਈ ਚਿੰਤਾ ਦਾ ਵਿਸ਼ਾ ਹੈ। ਨਵੀਂ ਦਿੱਲੀ ਵਿਖੇ ਪਿੱਛੇ ਜਿਹੇ ਘੱਟ ਗਿਣਤੀਆਂ ਬਾਰੇ ਕੌਮੀ ਕਮਿਸ਼ਨ ਦੇ ਉਦਮ ਸਦਕਾ ਹੋਈ ਇਕ ਕਾਨਫਰੰਸ ਵਿਚ ਉੱਘੇ ਆਬਾਦੀ ਮਾਹਰ ਤੇ ਵਿਸ਼ਲੇਸ਼ਣਕਾਰ ਆਸ਼ੀਸ ਬੋਸ ਨੇ ਖਦਸ਼ਾ ਪ੍ਰਗਟਾਇਆ ਕਿ ਸਿੱਖ ਭਾਈਚਾਰਾ ਵੀ ਪਾਰਸੀਆਂ ਵਾਲੇ ਰਾਹ ’ਤੇ ਪੈ ਕੇ ਅਲੋਪ ਹੋਣ ਵੱਲ ਵਧ ਰਿਹਾਹੈ। ਜੇਕਰ ਇਸਤਰੀਆਂ ਦੀ ਵਸੋਂ ਵਿਚ ਕਮੀ ਦਾ ਮੌਜੂਦਾ ਰੁਝਾਣ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਯੁਵਕਾਂ ਲਈ ਆਪਣੇ ਰਿਕੇ ’ਚ ਕੁੜੀਆਂ ਲੱਭਣੀਆਂ ਔਖੀਆਂ ਹੋ ਜਾਣਗੀਆਂ। ਇਸ ਤਰ੍ਹਾਂ ਮਾਵਾਂ ਦੇ ਪੁੱਤਰਾਂ ਪ੍ਰਤੀ ਲਾਡ ਧੀਆਂ ਤੋਂ ਬਗੈਰ ਅਧੂਰੇ ਰਹਿ ਸਕਦੇ ਹਨ।
ਭਾਰਤੀ ਨਾਰੀ ਨੇ ਬਹੁਤ ਸਾਰੇ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਜਿਵੇਂ ਸਾਹਿਤ ਦੇ ਖੇਤਰ ਵਿਚ ਅੰਮ੍ਰਿਤਾ ਪ੍ਰੀਤਮ, ਰਾਜਨੀਤੀ ਦੇ ਖੇਤਰ ਵਿਚ ਇੰਦਰਾ ਗਾਂਧੀ, ਕਲਾ ਦੇ ਖੇਤਰ ਵਿਚ ਅੰਮ੍ਰਿਤਾ ਸ਼ੇਰਗਿੱਲ, ਵਿਗਿਆਨ ਦੇ ਖੇਤਰ ਵਿਚ ਕਲਪਨਾ ਚਾਵਲਾ ਆਦਿ ਨੇ ਨਾਮਣਾ ਖੱਟਿਆ ਹੈ। ਕੇਂਦਰ ਅਤੇ ਰਾਜ ਸਰਕਾਰਾਂ ਵਿਚ ਔਰਤਾਂ ਉੱਚੇ ਅਹੁਦਿਆਂ ਉੱਪਰ ਕੰਮ ਕਰ ਰਹੀਆਂ ਹਨ ਕਿਰਨ ਬੇਦੀ ਨੇ ਇਹਨਾਂ ਚੋਂ ਦੁਨੀਆਂ ਭਰ ਵਿਚ ਇਕ ਮਿਸਾਲ ਪੇਸ਼ ਕੀਤੀ ਹੋਈ ਹੈ। ਜਿਸ ਨੇ ਚੁਣੌਤੀ ਭਰੇ ਪੁਲਿਸ ਮਹਿਕਮੇ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਪਿਛਲੇ ਕਈ ਸਾਲਾਂ ਤੋਂ ਬੋਰਡ ਦੀਆਂ ਪ੍ਰੀਖਿਆਵਾਂ ਚੋਂ ਪਹਿਲੀਆਂ ਪੁਜੀਸ਼ਨਾਂ ਤੇ ਕੁੜੀਆਂ ਹੀ ਕਾਬਜ਼ ਚਲੀਆਂ ਆ ਰਹੀਆਂ ਹਨ।
ਸਮਾਜ ਵਿਗਿਆਨੀ ਇਸ ਲਿੰਗ ਅਸੰਤੁਲਨ ਨੂੰ ਬਲਾਤਕਾਰ ਤੇ ਇਸਤਰੀਆਂ ਨਾਲ ਜੁਰਮਾਂ ਦੀਆਂ ਵਧ ਰਹੀਆਂ ਘਟਨਾਵਾਂ ਨਾਲ ਜੋੜਦੇ ਹਨ। ਹਾਲ ਹੀ ਵਿਚ ਅਸੀਂ ਅੰਤਰਜਾਤੀ ਪ੍ਰੇਮ ਵਿਆਹ ਕਰਾਉਣ ਵਾਲੇ ਜੋੜਿਆਂ ਦੇ ਕਤਲਾਂ ਨੂੰ ਅਖਬਾਰਾਂ ਵਿਚ ਪੜ੍ਹਿਆ ਜਦੋਂ ਕਿ ਇਕ ਜੋੜੇ ਨੂੰ ਤਾਂ ਕੁੜੀ ਦੇ ਬਾਪ ਨੇ ਖੁਦ ਹੀ ਆਪਣੀ ਪਿਸਤੌਲ ਨਾਲ ਕਤਲ ਕਰ ਦਿੱਤਾ। ਇਸ ਤਰ੍ਹਾਂ ਦਾਜ ਦੇ ਲਾਲਚੀਆਂ ਵੱਲੋਂ ਆਤਮ ਹੱਤਿਆ ਲਈ ਮਜ਼ਬੂਰ ਕਰਨਾਂ ਜਾਂ ਮਾਰ ਦੇਣਾ, ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਆਦਿ ਮਾਪਿਆਂ ਲਈ ਕੁੜੀ ਪ੍ਰਤੀ ਘ੍ਰਿਣਾ ਪੈਦਾ ਕਰਨ ’ਚ ਸਹਾਈ ਹੁੰਦੀਆਂ ਹਨ। ਸਾਡਾ ਸਮਾਜ ਮਾਂ-ਬਾਪ ਦੀ ਮਰਜ਼ੀ ਖਿਲਾਫ ਕੁੜੀਆਂ ਦੇ ਫੈਸਲੇ ਨੂੰ ਪ੍ਰਵਾਨਗੀ ਨਹੀਂ ਦਿੰਦਾ। ਇਹ ਲਿੰਗਕ ਅੰਤਰ ਮਿਟਾਉਣ ਲਈ ਲਾਰੀ ਨੂੰ ਖੁਦ ਅੱਗੇ ਆਉਣ ਦੀ ਲੋੜ ਹੈ। ਪੰਜਾਬ ਵਿਚ ਤਾਂ ਹੋਰਨਾਂ ਰਾਜਾਂ ਤੋਂ ਇਸਤਰੀਆਂ ਲਿਆ ਕੇ ਘਰ ਵਸਾਉਣ ਦਾ ਕਾਫੀ ਸਮੇਂ ਤੋਂ ਚਲਿਆ ਆ ਰਿਹਾ ਹੈ। ਤਕਰੀਬਨ ਹਰੇਕ ਪਰਿਵਾਰ ਵਿਚ ਛੜਾ ਹੋਣਾ ਸਾਡੇ ਪਿੰਡਾਂ ਦੀ ਹੋਣੀ ਰਹੀ ਹੈ। ਕਈ ਪਰਿਵਾਰਾਂ ਵਿਚ ਤਾਂ ਕਈ ਕਈ ਛੜੇ ਰਹਿ ਜਾਂਦੇ ਸੀ। ਇਹੋ ਜਿਹੀ ਸਥਿਤੀ ਦੁਬਾਰਾ ਭਵਿੱਖ ਵਿਚ ਆਉਣ ਦੀ ਸੰਭਾਵਨਾ ਜਾਪਦੀ ਹੈ।
ਭਾਵੇਂ ਜਨਮ ਤੋਂ ਪਹਿਲਾਂ ਸੈਕਸ ਨਿਰਧਾਰਨ ਤੇ ਪਾਬੰਦੀ ਲਾਉਣ ਵਾਲਾ ਕਾਨੂੰਨ (ਪੀ.ਐਨ.ਡੀ.ਟੀ.)1994 ਵਿਚ ਹੋਂਦ ’ਚ ਆ ਗਿਆ ਸੀ। ਇਸ ਕਾਨੂੰਨ ਤਹਿਤ ਡਾਕਟਰ ਤੇ ਮਾਪਿਆਂ ਨੂੰ ਸਜਾ ਤੇ ਜੁਰਮਾਨਾ ਹੋ ਸਕਦਾ ਹੈ। ਪਰ ਇਹ ਸਾਰੀਆਂ ਗੱਲਾਂ ਸਰਕਾਰੀ ਪ੍ਰਚਾਰ ਦਾ ਹੀ ਇੱਕ ਹਿੱਸਾ ਬਣ ਕੇ ਰਹਿ ਗਿਆ ਹੈ ਜਦੋਂ ਕਿ ਕੁੜੀਮਾਰਾਂ ਦੀ ਗਿਣਤੀ ਅਜੇ ਵੀ ਵਧ ਦੀ ਜਾ ਰਹੀ ਹੈ। ਅੱਜ ਤੱਕ ਕਿਸੇ ਡਾਕਟਰ ਜਾਂ ਮਾਪੇ ਨੂੰ ਇਸ ਐਕਟ ਅਧੀਨ ਸਜਾ ਹੋਈ ਸਾਹਮਣੇ ਨਹੀਂ ਆਈ। ਇਸ ਵਿਚ ਸਾਡਾ ਪ੍ਰਸਾਸ਼ਨ, ਡਾਕਟਰ ਅਤੇ ਮਾਪੇ ਬਰਾਬਰ ਦੇ ਜਿੰਮੇਵਾਰ ਹਨ। ਪਰ ਫਿਰ ਵੀ ਕਝ ਡਾਕਟਰ ਇਸ ਘਿਨਾਉਣੀ ਕਾਰਵਾਈ ਦੇ ਵਿਰੁੱਧ ਆਪਣੀ ਜ਼ਮੀਰ ਦੀ ਆਵਾਜ਼ ਉਠਾੳਣ ਲਈ ਸਾਹਮਣੇ ਆਏ ਹਨ। ਜਿਨਾਂ ਵਿਚੋਂ ਬੱਚਿਆਂ ਦੀ ਮਾਹਰ ਡਾਕਟਰ ਅਤੇ ਕਵਿੱਤਰੀ ਡਾ. ਗੁਰਮਿੰਦਰ ਸਿੱਧੂ ਨੇ ਇਕ ਗਰਭਪਾਤ ਕਰਾਉਣ ਆਏ ਜੋੜੇ ਤੋਂ ਪ੍ਰਭਾਵਿਤ ਹੋ ਕੇ ਇਕ ਪੋਸਟਰਨੁਮਾ ਪੱਤਰ ਦੇ ਰੂਪ ਵਿਚ ਅਣਜੰਮੀ ਧੀ ਦੀ ਪੁਕਾਰ ਬੜੇ ਦਿਲ ਕੰਬਾਊ ਸ਼ਬਦਾਂ ’ਚ ਪੇਸ਼ ਕੀਤੀ ਹੈ ਜਿਸ ਦਾ ਕੁਝ ਭਾਗ ਇਸ ਤਰ੍ਹਾਂ ਹੈ। ‘‘ਮੰਮੀ ਮੈਂ ਸਨਸਨੀਖੇਜ਼ ਖਬਰ ਸੁਣੀ ਹੈ, ਕਿ ਤੁਹਾਨੂੰ ਮੇਰੇ ਕੁੜੀ ਹੋਣ ਦਾ ਪਤਾ ਲੱਗ ਗਿਆ ਹੈ ਅਤੇ ਤੁਸੀਂ ਮੈਨੂੰ ਇਸ ਕੱਚੀ ਉਮਰੇ ਹੀ ਆਪਣੀ ਨਿੱਘੀ ਨਿੱਘੀ ਕੁੱਖ ਵਿਚੋਂ ਕੱਢ ਕੇ ਇਸ ਬੇਦਰਦ ਧਰਤੀ ’ਤੇ ਪਟਕਾਅ ਮਾਰੋਗੇ.......ਮੈਨੂੰ ਬਚਾ ਲੈ ਅੰਮੀਏ! ਮੈਂ ਜਿਊਣਾ ਚਾਹੁੰਦੀ ਹਾਂ।’’
ਹੋ ਸਕਦਾ ਅਣਜੰਮੀ ਧੀ ਨੇ ਸਾਡੇ ਦੇਸ਼ ਦੀ ਮਹਾਨ ਔਰਤ ਬਣਨਾ ਹੋਵੇ ਇਸ ਚਿੱਠੀ ਪੋਸਟਰਨੁਮਾ ਨੇ ਬਹੁਤ ਸਾਰੇ ਜੋੜਿਆਂ ਨੂੰ ਝੰਜੋੜਿਆ ਹੈ ਅਤੇ ਕਈ ਬੱਚੀਆਂ ਦੀ ਜਾਨ ਬਚਾਈ ਹੈ। ਭਾਵੇਂ ਸਿੱਖ ਸਮਾਜ ਲਈ ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖਤ ਦੇ ਜਥੇਦਾਰ ਨੇ ਭਰੁਣ ਹੱਤਿਆ ਦੇ ਬਾਰੇ ਅਜਿਹਾ ਕਰਨ ਵਾਲੇ ਦਾ ਸਮਾਜਿਕ ਬਾਈਕਾਟ ਕਰਨੇ ਲਈ ਹੁਕਮਨਾਮਾ ਜਾਰੀ ਕੀਤਾ ਹੈ ਪਰ ਸਿੱਖ ਸਮਾਜ ਦੀਆਂ ਔਰਤਾਂ ਅਜੇ ਵੀ ਨਹੀਂ ਚਾਹੁੰਦੀਆਂ ਕਿ ਉਹਨਾਂ ਦੇ ਘਰ ਕੁੜੀ ਜਨਮ ਲਵੇ ਇਥੇ ਔਰਤ ਹੀ ਔਰਤ ਦੀ ਦੁਸ਼ਮਣ ਬਣ ਕੇ ਸਾਹਮਣੇ ਆ ਰਹੀ ਹੈ। ਲੋੜ ਹੈ ਸਾਨੂੰ ਆਤਮ ਚਿੰਤਨ ਕਰਨ ਦੀ, ਕੋਈ ਵੀ ਕਾਨੂੰਨ ਜਾਂ ਹੁਕਮਨਾਮਾ ਇਸ ਸੰਬੰਧ ’ਚ ਕਾਰਗਰ ਸਾਬਤ ਨਹੀਂ ਹੋ ਸਕਦਾ ਸਗੋਂ ਸਾਡੇ ਸਮਾਜ ਦੀ ਮਾੜੀ ਸੋਚ ਬਦਲ ਕੇ ਹੀ ਅਸੀਂ ਸਮਾਜਿਕ ਬੁਰਾਈਆਂ ਤੋਂ ਬਚ ਸਕਦੇ ਹਾਂ।
ਮੇਜਰ ਸਿੰਘ ਨਾਭਾ

0 comments:
Speak up your mind
Tell us what you're thinking... !