Headlines News :
Home » » ਕੁੜੀਆਂ ਦੀ ਹੋਂਦ ਬਚਾਉਣ ਲਈ ਕੁੜੀਆਂ ਦੀ ਸੁਰੱਖਿਆ ਯਕੀਨੀ ਹੋਵੇ - ਕੁਲਦੀਪ ਸਿੰਘ ਢਿੱਲੋਂ

ਕੁੜੀਆਂ ਦੀ ਹੋਂਦ ਬਚਾਉਣ ਲਈ ਕੁੜੀਆਂ ਦੀ ਸੁਰੱਖਿਆ ਯਕੀਨੀ ਹੋਵੇ - ਕੁਲਦੀਪ ਸਿੰਘ ਢਿੱਲੋਂ

Written By Unknown on Saturday, 2 March 2013 | 23:09


ਦਿੱਲੀ ਵਿੱਚ ਹਈ ਸਮੂਹਿਕ ਬਲਾਤਕਾਰ ਦੀ ਘਟਨਾ ਤੋਂ ਬਾਅਦ ਇੱਕ ਵਾਰ ਤਾਂ ਸਾਰਾ ਦੇਸ਼ ਸੜ੍ਹਕਾਂ ਤੇ ਆ ਗਿਆ ਤੇ ਇੰਝ ਜਾਪਦਾ ਸੀ ਕਿ ਹੁਣ ਸਰਕਾਰ ਨੂੰ ਕੋਈ ਸਖਤ ਫੈਸਲਾ ਲੈਣਾ ਹੀ ਪਵੇਗਾ ਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਮਿਲਣਗੀਆਂ। ਪਰ ਹੋਇਆ ਕੀ ਜੋ ਅਕਸਰ ਸਾਡੇ ਦੇਸ਼ ਵਿੱਚ ਹੁੰਦਾ ਆਇਆ ਹੈ। ਕੀ ਹੋਇਆ ਬਸ ਕੁੱਝ ਦਿਨ ਰੌਲਾ ਰੱਪਾ ਪਿਆ, ਕਈ ਤਰ੍ਹਾਂ ਦੇ ਬਿਆਨ ਆਏ ਪਰ ਅਖੀਰ ਨੂੰ ਸਭ ਚੁੱਪ ਚਾਪ ਹੋ ਗਏ ਤੇ ਦੋਸ਼ੀ ਜੇਲ੍ਹ ਪੁੱਜ ਗਏ ਪਰ ਉਹਨਾਂ ਨੂੰ ਹਾਲੇ ਤੱਕ ਕੋਈ ਸਜ਼ਾ ਨਹੀਂ ਹੋਈ ਤੇ ਇਹ ਵੀ ਨਹੀਂ ਪਤਾ ਕਿ ਹੁਣ ਹੋਰਨਾਂ ਕੇਸਾਂ ਦੀ ਤਰ੍ਹਾਂ ਇਹ ਕੇਸ ਵੀ ਕਿੰਨਾ ਸਮਾਂ ਲਮਕੇ। ਇਹ ਤਾਂ ਸੀ ਪੰਜਾਬ ਤੋਂ ਬਾਹਰ ਦੀ ਗੱਲ ਜੇਕਰ ਅਸੀਂ ਪੰਜਾਬ ਅੰਦਰ ਵੀ ਝਾਤੀ ਮਾਰੀਏ ਤਾਂ ਬਹੁਤ ਕੁੱਝ ਅਜਿਹਾ ਵਾਪਰ ਰਿਹਾ ਹੈ। ਜਿਸ ਤੋਂ ਇਹ ਸਾਫ਼ ਪਤਾ ਲੱਗ ਜਾਵੇਗਾ ਕਿ ਕੁੜੀਆਂ ਅੱਜ ਸਮਾਜ ਅੰਦਰ ਸੁਰੱਖਿਅਤ ਨਹੀਂ ਹਨ ਚਾਹੇ ਉਹ ਵਿਆਹ ਤੋਂ ਪਹਿਲਾਂ ਚਾਹੇ ਵਿਆਹ ਤੋਂ ਬਾਅਦ। ਅੱਜ ਸਾਡੇ ਪੰਜਾਬ ਅੰਦਰ ਹਫ਼ਤੇ ਅੰਦਰ 10 ਕੇਸ ਜਬਰ ਜਿਨਾਹ ਤੇ 4 ਤੋਂ 5 ਕੇਸ ਦਾਜ ਖਾਤਰ ਕੁੜੀਆਂ ਨੂੰ ਮਾਰਨ ਦੇ ਦਰਜ ਹੁੰਦੇ ਹਨ ਪਰ ਨਤੀਜਾ ਕੋਈ ਠੋਸ ਨਹੀਂ ਨਿਕਲਦਾ ਹੈ। ਇੱਕ ਜਾਣਕਾਰੀ ਮੁਤਾਬਿਕ 2002 ਤੋਂ ਲੈ ਕੇ 2012 ਤੱਕ ਸੂਬੇ ਵਿੱਚ 4974 ਇਕੱਲੇ ਬਲਾਤਕਾਰ ਦੇ ਕੇਸ ਦਰਜ ਹੋਏ । ਹੈਰਾਨੀਜਨਕ ਸੱਚਾਈ ਇਹ ਹੈ ਕਿ 251 ਕੇਸਾਂ ਦੀ ਹਾਲੇ ਤੱਕ ਜਾਂਚ ਚੱਲ ਰਹੀ ਹੈ। ਪਿਛਲੇ ਸਮੇਂ ਦੌਰਾਨ ਬਲਾਤਕਾਰ ਦੀਆਂ 39 ਛੇੜਛਾੜ ਦੇ ਅਗਵਾ ਦੀਆਂ ਲਗਭਗ 12 ਘਟਨਾਵਾਂ ਵਾਪਰ ਚੁੱਕੀਆਂ ਹਨ। ਸ਼ਾਇਦ ਅੱਜ ਕੱਲ ਦੇ ਮਾਪੇ ਇਸੇ ਲਈ ਕੁੜੀ ਦਾ ਜਨਮ ਹੋਣ ਤੋਂ ਡਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਅੱਜ ਸਮਾਜ ਵਿੱਚ ਕੁੜੀਆਂ ਸੁਰੱਖਿਅਤ ਨਹੀਂ ਪਤਾ ਨਹੀਂ ਕਦੋਂ ਕੀ ਵਾਪਰ ਜਾਵੇ। ਜੇਕਰ ਕੁੜੀ ਦਾ ਵਿਆਹ ਵੀ ਹੋ ਜਾਂਦਾ ਹੈ ਤਾਂ ਵੀ ਮਾਪਿਆਂ ਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਕਿਤੇ ਸਾਡੀ ਧੀ ਦਾਜ ਦੀ ਬਲੀ ਹੀ ਚੜ੍ਹ ਨਾ ਜਾਵੇ।
ਜਦੋਂ ਇਕ ਕੁੜੀ ਦਾ ਜਨਮ ਹੁੰਦਾ ਹੈ ਤਾਂ ਮਾਪੇ ਆਪਣੇ ’ਤੇ ਬੋਝ ਪਿਆ ਸਮਝਦੇ ਹਨ। ਚਾਹੇ ਕੁੱਝ ਮਾਪੇ ਅੱਜ ਕੱਲ ਇਸ ਬੋਝ ਨੂੰ ਜੱਗ ਜਾਹਿਰ ਨਹੀਂ ਕਰਦੇ। ਪਰ ਫਿਰ ਵੀ ਐਹੋ ਜਿਹੇ ਪਰਿਵਾਰ ਦੇਖਣ ਨੂੰ ਮਿਲ ਜਾਣਗੇ, ਜੋ ਲੋਕਾਂ ਸਾਹਮਣੇ ਤਾਂ ਖੁਸ਼ੀਆਂ ਮਨਾਈ ਜਾਣਗੇ ਪਰ ਅੰਦਰੋਂ ਅੰਦਰੀਂ ਕੁੜੀ ਜੰਮਣ ਦਾ ਉਹਨਾਂ ਦੀ ਆਤਮਾ ’ਤੇ ਬੋਝ ਹੁੰਦਾ ਹੈ। ਪਹਿਲਾਂ ਮੈਂ ਸੋਚਦਾ ਹੁੰਦਾ ਸੀ ਕਿ ਪਤਾ ਨਹੀਂ ਲੋਕ ਕੁੜੀਆਂ ਜੰਮਣ ਤੋਂ ਕਿਉਂ ਡਰਦੇ ਹਨ। ਕੁੜੀਆਂ ਕਿਹੜਾ ਕਿਸੇ ਕੰਮ ਵਿੱਚ ਪਿੱਛੇ ਹਨ ਕਿਸੇ ਤੋਂ । ਪਰ ਹੁਣ ਸਮਝ ਆਉਣ ਲੱਗੀ ਕਿ ਲੋਕਾਂ ਦੀ ਧਾਰਨਾ ਕੁੜੀ ਮਾਰੂ ਕਿਉਂ ਹੋਈ ਪਈ ਹੈ। ਇਹਦਾ ਸਭ ਤੋਂ ਵੱਡਾ ਕਾਰਨ ਜੋ ਅੱਜ ਦੇ ਸਮੇਂ ਵਿੱਚ ਹੈ, ਉਹ ਹੈ ਕੁੜੀਆਂ ਦੀ ਸਮਾਜ ਵਿੱਚ ਅਸੁਰੱਖਿਆ ਦਾ ਹੋਣਾ ਕਹਿਣ ਤੋਂ ਭਾਵ ਕਿ ਦਿਨੋ ਦਿਨ ਕਦਰਾਂ-ਕੀਮਤਾਂ ਤੇ ਨੈਤਿਕਤਾ ਡਿੱਗਦੀ ਜਾ ਰਹੀ ਹੈ। ਸਕੂਲ ਕਾਲਜ ਬੱਸਾਂ, ਗੱਡੀਆਂ ਕਿਤੇ ਮਰਜੀ ਚਲੇ ਜਾਵੋ, ਹਰ ਇੱਕ ਥਾਂ ਤੇ ਕਿਸੇ ਨਾ ਕਿਸੇ ਤਰੀਕੇ ਕੁੜੀਆਂ ਦਾ ਅਪਮਾਨ ਹੁੰਦਾ ਹੈ। ਇਹ ਸਭ ਚੀਜ਼ਾਂ ਮਾਂ ਬਾਪ ਦੇ ਮਨ ਤੇ ਬਹੁਤ ਅਸਰ ਪਾਉਂਦੀਆਂ ਹਨ। ਇੱਕ ਅਨਪੜ੍ਹ ਮਾਂ ਪਿਉ ਤਾਂ ਇਹ ਸੋਚ ਕੇ ਸਬਰ ਕਰ ਲੈਂਦੇ ਹਨ ਕਿ ਚਲੋ ਇਸ ਨੇ ਤਾਂ ਆਪਣੇ ਕਰਮਾਂ ਦਾ ਖਾਣਾ ਹੈ। ਪਰ ਪੜ੍ਹੇ ਲਿਖੇ ਮਾਪੇ ਇਸ ਗੱਲ ਤੋਂ ਜਾਣੂੰ ਹੁੰਦੇ ਹਨ ਘਰ ਹੈ ਜਾ ਕੋਈ ਹੋਰ ਥਾਂ ਕੁੜੀ ਨੂੰ ਕਿੰਨੀਆਂ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਇਹ ਸਭ ਗੱਲਾਂ ਸੋਚ ਕੇ ਇੱਕ ਵਾਰ ਤਾਂ ਮਾਂ ਵੀ ਕੁੜੀ ਨੂੰ ਜਨਮ ਦੇਣ ਤੋਂ ਡੋਲ ਜਾਂਦੀ ਹੈ। ਦੇਖੋ ਆਪਣੇ ਆਲੇ ਦੁਆਲੇ ਕੀ ਹੋ ਰਿਹੈ? ਇਨਸਾਨੀਅਤ ਨਾਤੇ ਆਪਣੇ ਅੰਦਰ ਝਾਤ ਮਾਰ ਦੇ ਦੇਖੀਏ ਜਿਨ੍ਹਾਂ ਕੁੜੀਆਂ ਨਾਲ ਗਲਤ ਵਿਹਾਰ ਹੁੰਦਾ ਹੈ ਕੀ ਉਹ ਕਿਸੇ ਦੀਆਂ ਧੀਆਂ ਭੈਣਾਂ ਨਹੀਂ ਹਨ। ਕੀ ਸਾਡੀਆਂ ਧੀਆਂ ਭੈਣਾਂ ਕਿਸੇ ਕੰਮਕਾਰ ਘਰੋਂ ਬਾਹਰ ਨਹੀਂ ਜਾਂਦੀਆਂ ਹੋਣਗੀਆਂ। ਕੁੜੀ ਜੰਮਣ ਤੋਂ ਲੈ ਕੇ ਹੀ ਕੁੜੀ ਦੇ ਜਵਾਨ ਹੋਣ ਤੇ ਉਸਦਾ ਵਿਆਹ ਤੇ ਵਿਆਹ ਹੋਣ ਤੋਂ ਬਾਅਦ ਵੀ ਕੁੜੀ ਅਸੁਰੱਖਿਅਤ ਹੀ ਹੈ। ਪਹਿਲਾਂ ਗੱਲ ਭਰੂਣ ਹੱਤਿਆ ਦੀ, ਚਾਹੇ ਅੱਜ ਕੱਲ ਕੋਈ ਜਿੰਨਾ ਮਰਜੀ ਕਹਿ ਲਵੇ ਕਿ ਭਰੂਣ ਹੱਤਿਆ ਰੁਕ ਚੁੱਕੀ ਹੈ ਪਰ ਨਹੀਂ। ਸਭ ਕੁੱਝ ਅੱਜ ਵੀ ਸਭ ਕੁੱਝ ਜਾਰੀ ਹੈ, ਚਾਹੇ ਭਰੂਣ ਹੱਤਿਆ ਸਬੰਧੀ ਬਥੇਰੇ ਕਾਨੂੰਨ ਬਣ ਗਏ ਹੋਣ ਪਰ ਅੱਜ ਤੱਕ ਨਾ ਤਾਂ ਭਰੂਣ ਹੱਤਿਆ ਦੇ ਦੋਸ਼ੀ ਕਿਸੇ ਮਾਂ ਬਾਪ ਨੂੂੰ ਸਜਾ ਹੋਈ ਐ ਤੇ ਨਾ ਹੀ ਕਿਸੇ ਦੋਸ਼ੀ ਡਾਕਟਰ ਨੂੰ ਤੇ ਕੁੜੀਆਂ ਨਾਲ ਜਿਸਮਾਨੀ ਸੋਸ਼ਣ ਦੀਆਂ ਖਬਰਾਂ ਦਾ ਕੋਈ ਅੰਤ ਪਰ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਕਿੰਨੇ ਕੁ ਅਜਿਹੇ ਦੋਸ਼ੀ ਹੋਣਗੇ ਜਿਨ੍ਹਾਂ ਨੂੰ ਸਜ਼ਾ ਹੋਈ ਹੋਵੇ। ਕੋਈ ਪੈਸੇ ਦੇ ਜੋਰ ਕੋਈ ਆਪਣੀ ਸਿਆਸੀ ਪਹੁੰਚ ਕਾਰਨ ਕਿਸੇ ਕੁੜੀ ਦੀ ਜਿੰਦਗੀ ਨਾਲ ਖਿਲਵਾੜ ਕਰਕੇ ਆਪ ਬਾਇੱਜ਼ਤ ਬਰੀ ਹੋ ਜਾਂਦੇ ਹਨ। ਕੁੜੀ ਦੇ ਮੱਥੇ ਉਮਰ ਭਰ ਲਈ ਬਦਨਾਮੀ ਦਾ ਦਾਗ ਲਾ ਜਾਂਦੇ ਹਨ। ਕਿੰਨੀਆਂ ਹੀ ਕੁੜੀਆਂ ਨੂੰ ਦਾਜ ਦੇ ਲੋਭੀਆ ਨੇ ਕਿਸੇ ਨਾਂ ਕਿਸੇ ਤਰੀਕੇ ਮਾਰ ਮੁਕਾਇਆ ਪਰ ਅੱਜ ਤੱਕ ਕੁੱਝ ਫੀਸਦੀ ਕੇਸਾਂ ਨੂੰ ਛੱਡ ਕੇ ਕਿਸੇ ਨੂੰ ਵੀ ਸਜ਼ਾ ਨਹੀਂ ਹੋਈ ਹੋਣੀ।
ਅੱਜ ਕਿਸੇ ਕੁੜੀ ਦੇ ਸਹੁਰਿਆਂ ਵੱਲੋਂ ਸ਼ਰੇਆਮ ਦਾਜ ਖਾਤਰ ਕੁੜੀ ਨੂੰ ਕਿਸੇ ਤਰੀਕੇ ਮਾਰਨ ਵਾਲੇ ਉਸ ਦੇ ਸਹੁਰੇ ਕੋਈ ਨਾ ਕੋਈ ਬਹਾਨਾ ਬਣਾ ਦੇਣਗੇ ਜਾਂ ਫਿਰ ਆਪਣੀ ਸਿਆਸੀ ਪਹੁੰਚ ਵਰਤ ਕੇ ਕਤਲ ਨੂੰ ਘਟਨਾ ਦਰਸ਼ਾ ਕੇ ਸਾਫ਼ ਬਚ ਨਿਕਲਦੇ ਹਨ ਅਗਲੇ ਸ਼ਿਕਾਰ ਲਈ। ਜੇਕਰ ਅਸੀਂ ਸਭ ਚਾਹੁੰਦੇ ਹਾਂ ਕਿ ਕੁੜੀਆਂ ਦੀ ਹੋਂਦ ਖਤਮ ਨਾ ਹੋਵੇ ਤਾਂ ਪਹਿਲਾਂ ਸਾਡੇ ਸਮਾਜ ਅੰਦਰ ਕੁੜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪਵੇਗਾ। ਇਹ ਤਾਂ ਹੀ ਸੰਭਵ ਹੈ ਜੇਕਰ ਭਰੂਣ ਹੱਤਿਆ ਦੇ ਦੋਸ਼ੀਆਂ, ਕੁੜੀਆਂ ਨਾਲ ਜਿਆਦਤੀ ਕਰਨ ਵਾਲੇ ਤੇ ਦਾਜ ਖਾਤਰ ਕੁੜੀਆਂ ਦੀਆਂ ਬਲੀਆਂ ਦੇਣ ਵਾਲੇ ਦੋਸ਼ੀਆਂ ਨੂੰ ਉਹਨਾਂ ਦੀ ਕੀਤੀ ਦਾ ਫ਼ਲ ਮਿਲੇਗਾ।
ਅੱਜ ਸਾਡੇ ਆਸ ਪਾਸ ਹੀ ਦੇਖ ਲਵੋ ਕੋਈ ਨਾ ਕੋਈ ਅਜਿਹੇ ਵਿਅਕਤੀ ਜਰੂਰ ਹੋਵੇਗਾ ਜੋ ਭਰੂਣ ਹੱਤਿਆ, ਜਬਰ ਜਨਾਹ ਜਾਂ ਕਿਸੇ ਵਿਆਹੁਤਾ ਨੂੰ ਮਾਰ ਕੇ ਸ਼ਰੇਆਮ ਘੁੰਮ ਰਿਹਾ ਹੋਵੇ। ਜੇਕਰ ਅਸੀਂ ਚਾਹੁੰਦੇ ਹਾਂ ਕਿ ਕੁੜੀ ਮਾਰੂ ਪ੍ਰਥਾ ਖਤਮ ਹੋਵੇ ਤਾਂ ਆਓ ਸਾਰੇ ਰਲ ਮਿਲ ਕੇ ਆਪਣੀ ਆਪਣੀ ਸੋਚ ਬਦਲ ਕੇ ਸਮਾਜ ਵਿੱਚ ਕੁੜੀਆਂ ਦੀ ਸੁਰੱਖਿਆ ਯਕੀਨੀ ਬਣਾਈਏ ਨਹੀਂ ਤਾਂ ਸੱਚ ਹੀ ਕੁੜੀਆਂ ਦੀ ਹੋਂਦ ਖਤਮ ਹੋ ਜਾਵੇਗੀ। ਇਸ ਲਈ ਅਸੀਂ ਵੀ ਕਿਸੇ ਨਾ ਕਿਸੇ ਤਰੀਕੇ ਦੋਸ਼ੀ ਹੋਵਾਂਗੇ ਕਿਉਂਕਿ ਅਸੀਂ ਵੀ ਕਈ ਵਾਰ ਕਿਸੇ ਨਾਲ ਕੋਈ ਧੱਕਾ ਹੁੰਦੇ ਵੇਖ ਕੇ ਚੱਲ ਆਪਾਂ ਕੀ ਲੈਣੈ ਆਖ ਕੇ ਸਾਰ ਛੱਡਦੇ ਹਾਂ, ਪਰ ਸੱਚਾਈ ਇਹ ਹੈ ਕਿ ਜੇਕਰ ਹੁਣ ਵੀ ਸਾਰੇ ਲਾਮਬੰਧ ਹੋ ਕੇ ਇਸ ਤਰ੍ਹਾਂ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਨਾ ਤੁਰੇ ਤਾਂ ਕਿਸੇ ਨਾ ਕਿਸੇ ਦਿਨ ਅਜਿਹੀ ਘਟਨਾ ਸਾਡੇ ਨਾਲ ਜਾਂ ਸਾਡੇ ਕਿਸੇ ਸਕੇ ਸਬੰਧੀ ਨਾਲ ਵੀ ਵਾਪਰ ਸਕਦੀ ਹੈ।
ਕੁਲਦੀਪ ਸਿੰਘ ਢਿੱਲੋਂ
ਪਿੰਡ ਜੰਡਵਾਲਾ ਚੜ੍ਹਤ ਸਿੰਘ
ਤਹਿ. ਮਲੋਟ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ
ਮੋ: 98559-64276
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template