ਬਦਲਦੇ ਮੌਸਮਾਂ ਵਾਂਗ ਮਨ ਅੰਦਰਲਾ ਮੌਸਮ ਵੀ ਬਦਲਦਾ ਹੈ ਗਲੋਬਲ ਵਾਰਮਿੰਗ ਧਰਤੀ ਉਤਲੇ ਮੌਸਮ ਨੂੰ ਤਾਂ ਬੇਤਰਤੀਬੀ ਦੇ ਹੀ ਰਹੀ ਹੈ ਉਵੇਂ ਹੀ ਰਿਸ਼ਤਿਆਂ ਅੰਦਰਲੀ ਖੁਸ਼ਕ ਵਾਰਮਿੰਗ (ਤਨਾਅ) ਨੇ ਮਨ ਨੂੰ ਵੀ ਪ੍ਰਭਾਵਿਤ ਕਰਨਾ ਹੀ ਹੋਇਆ। ਜਦ ਰਿਸ਼ਤਿਆਂ ਵਿੱਚੋਂ ਅਪਣੱਤ ਦੀ ਬਾਰਿਸ਼ ਰੁਕ ਜਾਂਦੀ ਹੈ ਤਾਂ ਆਪਸੀ ਸਿੱਕ ਔੜ ’ਚ ਬਦਲ ਜਾਂਦੀ ਹੈ ਤੇ ਮਨ ਅੰਦਰ ਖਲਾਅ ਆਪਣੇ ਪੈਰ ਪਸਾਰਨ ਲੱਗਦਾ ਹੈ।ਜ਼ਿਵੇਂ ਔੜ ਮਾਰੀ ਧਰਤੀ ਤਰੇੜਾਂ ਛੱਡ ਆਉਂਦੀ ਹੈ ਉਵੇਂ ਮਨ ਦਾ ਧਰਾਤਲ ਵੀ ਤਰੇੜਿਆ ਜਾਂਦਾ ਹੈ। ਦੂਰ ਤੱਕ ਇੱਕ ਖਲਾਅ, ਇੱਕ ਚੁੱਪ ਬਸੇਰਾ ਕਰ ਲੈਂਦੀ ਹੈ। ਸ਼ਹਿਨਸ਼ੀਲਤਾ ਦੀ ਕਮੀ ਨੇ ਰਿਸ਼ਤਿਆ ਅੰਦਰਲੀ ਨਮੀ ਨੂੰ ਸੋਖ ਲਿਆ ਹੈ। ਪਦਾਰਥਵਾਦ ਦਾ ਪਸਾਰਾ ਹੀ ਸਹਾਰਾ ਖੋਹ ਕੇ ਮਨੁੱਖ ਨੂੰ ਇਕੱਲਤਾ ਦੇ ਖੂਹ ਵਿੱਚ ਸੁੱਟ ਦਿੰਦਾ ਹੈ।
ਸਿਰਜਣ ਪ੍ਰੀਕ੍ਰਿਆ ਵਿੱਚ ਮਾਹਿਰ ਲੋਕ ਤਾਂ ਇੱਸ ਇਕੱਲਤਾ ਦਾ ਤਵੀਤ ਪਾ ਲੈਂਦੇ ਹਨ ਉਹਨਾਂ ਨੂੰ ਤਨਹਾਈ ਰਾਸ ਲਾਉਣ ਲੱਗਦੀ ਹੈ ਤੇ ਉਹ ਚੁੱਪ ਚਾਪ ਕੁਝ ਨਾ ਕੁਝ ਸਿਰਜਦਾ ਰਹਿੰਦਾ ਹੈ। ਜ਼ਿਵੇਂ ਧਰਤੀ ਦੀ ਇਕਾਂਤ ਕੁੱਖ ਵਿੱਚ ਪਿਆ ਕੋਈ ਬੀਜ ਹੌਲੀ ਹੌਲੀ ਪੁੰਗਰਦਾ ਰਹਿੰਦਾ ਹੈ।
ਪਰ ਇਹ ਤੋਹਫਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਅਨੁਭਵੀ ਵਿਅਕਤੀ ਵੀ ਅਜਿਹੀ ਇਕੱਲਤਾ ਨੂੰ ਬੀਤੇ ਦੀਆਂ ਯਾਦਾਂ ਰਾਹੀਂ ਵਿੰਨਦਾ ਰਹਿੰਦਾ ਹੈ ਤੇ ਇਕੱਲਤਾ ਉਸ ਉੱਤੇ ਭਾਰੂ ਨਹੀਂ ਹੁੰਦੀ ਪਰ ਇਹ ਇਕੱਲਤਾ ਉਸ ਵੇਲੇ ਮਾਰੂ ਹੋ ਨਿਬੜਦੀ ਹੈ ਜਿੱਥੇ ਆਮ ਸਧਾਰਨ ਇਨਸਾਨ ਇਸਦੀ ਬੁੱਕਲ ਵਿੱਚ ਆ ਡਿੱਗਦਾ ਹੈ।
ਮੇਰੀ ਗਲੀ ਦੀ ਨੁੱਕਰ ਵਾਲੇ ਵੱਡੇ ਘਰ ਵਿੱਚ ਰਹਿੰਦੀ ਉਹ ਬੁੱਢੀ ਔਰਤ ਇਸ ਇਕੱਲਤਾ ਹੱਥੋਂ ਪਿਸਦੀ ਹੈ ਉਸਦੀਆਂ ਵਿਰਾਨ ਅੱਖਾਂ ਹਰ ਲੰਘਣ ਵਾਲੇ ਨੂੰ ਘੂਰਦੀਆਂ ਹਨ। ਉਸਦੇ ਕੰਨਾਂ ਦੀ ਸੁਨਣ ਸ਼ਕਤੀ ਕਿੱਧਰੇ ਖੁੱਸ ਗਈ ਹੈ ਤੇ ਅੱਜ ਕੱਲ ਦੇ ਬਾਸ਼ਿਦੇ ਉਚੀ ਆਵਾਜ਼ ’ਚ ਗੱਲ ਕਰਨਾ ਗਵਾਰਪਣ ਸਮਝਦੇ ਤੇ ਸ਼ਾਇਦ ਇਹੀ ਕਾਰਨ ਹੈ ਕਿ ਉਸ ਬੁੱਢੀ ਔਰਤ ਦੇ ਬੁੱਲ੍ਹ ਮੈਂ ਘੱਟ ਹੀ ਬੋਲਦੇ ਸੁਣੇ ਹਨ। ਅਜਿਹਾ ਨਹੀਂ ਕਿ ਉਸ ਔਰਤ ਦਾ ਪਰਿਵਾਰ ਨਹੀਂ। ਉਸਦਾ ਇਕਲੌਤਾ ਪੁੱਤਰ ਫੌਜ਼ ਵਿੱਚ ਭਰਤੀ ਹੈ। ਨੂੰਹ ਤੇ ਪੋਤਾ ਪੋਤੀ ਘਰ ਦੇ ਅੰਦਰਲੇ ਹਿੱਸੇ ਵਿੱਚ ਰਹਿੰਦੇ ਹਨ ਤੇ ਉਹ ਬਾਹਰਲੇ ਹਿੱਸੇ ਵਿੱਚ। ਦੋਹਾਂ ਘਰਾਂ ਵਿੱਚ ਤਿੰਨ ਕੁ ਫੁੱਟ ਚੌੜਾ ਦੱਰਾ ਨੁਮਾ ਦਰਵਾਜ਼ਾ ਹੈ ਜੋ ਕਿ ਸਿਰਫ ਰਾਤ ਨੂੰ ਹੀ ਖੁੱਲਦਾ ਹੈ ਜਾਂ ਫਿਰ ਕੈਦੀਆਂ ਵਾਂਗ ਰੋਟੀ ਫੜਾਉਣ ਲਈ ਸਿਰਫ ਚੂੜੀਆਂ ਵਾਲਾ ਇੱਕ ਹੱਥ ਹੀ ਅੰਦਰ ਆਉਂਦਾ ਹੈ। ਨਵੀਂ ਪੀੜੀ ਦੀ ਨੂੰਹ ਦੇ ਵਿਚਾਰ ਸੱਸ ਨਾਲ ਮੇਲ ਨਾ ਖਾਂਦੇ ਹੋਣ ਕਾਰਨ ਇਹ ਅਹਿਤਆਤ ਹੈ।
ਕੁਝ ਦਿਨਾਂ ਤੋਂ ਉਹ ਅਕਸਰ ਹੌਲੀ ਹੌਲੀ ਤੁਰਦੀ ਪਾਰਕ ਜਾਂ ਗੁਰਦੁਆਰੇ ਤੱਕ ਜਾਂਦੀ ਦਿਖਾਈ ਦੇ ਜਾਂਦੀ ਹੈ। ਲੰਘਦਿਆਂ ਟੱਪਦਿਆਂ ਮੈਂ ਉਸਦਾ ਹਾਲ ਚਾਲ ਜ਼ਰਾ ਉੱਚੀ ਆਵਾਜ਼ ਵਿੱਚ ਪੁੱਛ ਲੈਂਦੀ ਹਾਂ। ਉਹ ਬਹੁਤ ਖੁਸ਼ ਹੁੰਦੀ ਦੂਰ ਤੱਕ ਅਸੀਸਾਂ ਦਿੰਦੀ ਜਾਂਦੀ ਹੈ।
ਮੈਨੂੰ ਅਕਸਰ ਹੀ ਮੇਰੇ ਸ਼ਹਿਰ ਦੇ ਵਿਰਾਨ ਪਏ ਓਪਨ ਥੀਏਟਰ ਦੀ ਪੌੜੀਆਂ ਤੇ ਇੱਕਲਾ ਬੈਠਣਾ ਚੰਗਾ ਲੱਗਦਾ ਹੈ।ਉੱਥੇ ਬੈਠ ਕੇ ਅਕਸਰ ਹੀ ਮੈਂ ਲੋਕਾਂ ਦੇ ਚਿਹਰੇ ਪੜਦੀ ਹਾਂ। ਸ਼ਾਂਤ ਦਿਸਦੇ ਚਿਹਰਿਆਂ ਤੇ ਸੋਚਾਂ ਦੇ ਕਈ ਭੰਵਰ ਨਜ਼ਰ ਆਉਂਦੇ ਹਨ ਜਿੰਨਾਂ ਨੂੰ ਮੈਂ ਆਪਣੀ ਕਲਪਨਾ ਰਾਹੀਂ ਸਾਕਾਰ ਰੂਪ ਦੇਣ ਦੀ ਕੋਸ਼ਿਸ ਕਰਦੀ ਹਾਂ। ਇੱਕ ਦਿਨ ਮੈਨੂੰ ਉੱਥੇ ਬੈਠਿਆਂ ਦੇਖ ਉਹ ਔਰਤ ਵੱਲ ਪਾ ਕੇ ਮੇਰੇ ਕੋਲ ਆਈ ਤੇ ਮੇਰੇ ਇਕੱਲੇ ਬੈਠਣ ਦਾ ਕਾਰਨ ਪੁੱਛਣ ਲੱਗੀ। ਮੈਂ ਕਿਹਾ , ਕੁਛ ਨਹੀਂ ਮਾਤਾ ਜੀ ਮੈਨੂਤਾਂ ਉਈਂ ਇਕੱਲੇ ਬੈਠਣਾ ਚੰਗਾ ਲੱਗਦਾ ਹੈ’’। ਇਹ ਸੁਣਦਿਆਂ ਹੀ ਉਸਨੇ ਪਹਾੜ ਜਿੱਡਾ ਹਉਂਕਾ ਲਿਆ। ਉਹ ਇੱਕਦਮ ਕੰਬ ਜਿਹੀ ਗਈ ਤੇ ਬੋਲੀ, ਨਾ ਵੇ ਪੁੱਤ ਇਉਂ ਨੀ ਆਖੀਂਦਾ। ’ਕੱਲੀ ਤਾਂ ਵਣਾਂ ਵਿੱਚ ਲੱਕੜੀ ਵੀ ਨਾ ਹੋਵੇ। ਮਾਤੜ੍ਹ ਨੂੰ ਪੁੱਛ ਇਕੱਲ ਕਿਵੇਂ ਵੱਢ ਖਾਣ ਨੂੰ ਆਉਂਦੀ ਹੈ। ਨਾ ਧੀਏ ਨਾ ! ਇਉਂ ਨਾ ਬੈਠਿਆ ਕਰ ਪਤਾ ਨਹੀਂ ਕਿਹੜੇ ਵੇਲੇ ਦੀ ਆਖੀ ਸੱਚ ਹੋ ਜਾਂਦੀ ਹੈ’’।
ਤੇ ਉਹ ਪਤਾ ਨਹੀਂ ਕਿੰਨਾ ਕੁਝ ਬੋਲਦੀ ਤੁਰ ਪਈ। ਮੇਰੀਆਂ ਸੋਚਾਂ ਵੀ ਉਸਦੇ ਨਾਲ ਹੀ ਤੁਰ ਪਈਆਂ ਤੇ ਕਲਪਨਾ ਦੇ ਚਿੱਤਰਪੱਟ ਤੇ ਉੱਭਰੀ ਇੱਕ ਹੋਰ ਔਰਤ ਜੋ ਇਸ ਬੀਬੀ ਦੇ ਘਰ ਤੋਂ ਦੋ ਕੁ ਘਰ ਛੱਡ ਕੇ ਸਾਹਮਣੇ ਵਾਲੇ ਪਾਸੇ ਇੱਕ ਡੱਬਾ ਨੁਮਾ ਬੈਠਕ ਵਿੱਚ ਇਕੱਲੀ ਰਹਿੰਦੀ ਹੈ ਜਿਸਦੇ ਪੁੱਤਰਾਂ ਨੇ ਹੇਠਾਂ ਸ਼ੋਅਰੂਮ ਬਣਾ ਕੇ ਕਿਰਾਏ ਤੇ ਦਿੱਤਾ ਹੋਇਆ ।ਉਹ ਆਪ ਉਪਰ ਚੁਬਾਰਿਆਂ ਵਿੱਚ ਰਹਿੰਦੇ ਨੇ ਤੇ ਉਸ ਔਰਤ ਦੀ ਭਾਰੀ ਦੇਹ ਅਤੇ ਦੁਖਦੇ ਗੋਡਿਆਂ ਕਾਰਨ ਉਸਨੂੰ ਕਾਲ ਕੋਠੜੀ ਵਰਗੀ 10 ਬਾਇ 8 ਕੁ ਫੁੱਟ ਦੀ ਬੈਠਕ ਬਣਾ ਕੇ ਦਿੱਤੀ ਹੋਈ ਹੈ। ਉਸਦੀਆਂ ਨੂੰਹਾਂ ਹੇਠਾਂ ਘੱਟ ਹੀ ਉਤਰਦੀਆਂ ।
ਪਰ ਉਹ ਜ਼ਿੰਦਾਦਿਲ ਔਰਤ ਬੈਠਕ ਦੀਆਂ ਪੌੜੀਆਂ ਤੇ ਬੈਠੀ ਅੱਜ ਵੀ ਫੁਲਕਾਰੀ ਟਾਂਕੇ ਨਾਲ ਚੁੰਨੀਆਂ ਕੱਢਦੀ ਰਹਿੰਦੀ ਹੈ। ਮੇਰੀ ਉਤਸੁਕਤਾ ਅਕਸਰ ਉਸ ਔਰਤ ਕੋਲ ਵੀ ਰਕ ਜਾਂਦੀ ਹੈ। ਉਹ ਕਹਿੰਦੀ ਹੈ , ਬੀਬਾ ਮੈਂ ਆਵਦੀ ਇਕੱਲਤਾ ਨੂੰ ਇੰਨ੍ਹਾਂ ਰੰਗਦਾਰ ਧਾਗਿਆਂ ਨਾਲ ਹੀ ਰੰਗੀਨ ਬਣਾ ਲੈਂਦੀ ਹਾਂ। ਸਾਰੀ ਉਮਰ ਕਿਸੇ ਦੀ ਟੈਂ ਨੀ ਝੱਲੀ। ਸਾਰਿਆਂ ਦੀ ਜ਼ਿੰਦਗੀ ’ਚ ਖੁਸ਼ੀ ਦੇ ਰੰਗ ਭਰੇ ਨੇ । ਆਪਣੇ ਜੋਗੀ ਤਾਂ ਹਾਂ ਹੀ ਹਾਲੇ। ਜਦੋਂ ਨਾ ਹੋਈ ਤਾਂ ਅਹੁ ਪਈ ਐ ਟਾਣ ਤੇ ਮੇਰੀ ਦਾਰੂ, ਪਾਰ ਜਾਣ ਆਲੀ ।’’ ਤੇ ਉਹ ਹੱਥ ਤੇ ਹੱਥ ਮਾਰ ਹੱਸ ਪੈਂਦੀ ਹੈ। ਮੈਂ ਦੋਹਾਂ ਔਰਤਾਂ ਵਿਚਲੇ ਫਰਕ ਨੂੰ ਅਤੇ ਦੋ ਰੰਗੀ ਇਕੱਲਤਾ ਨੂੰ ਸਮਝਣ ਦੀ ਕੋਸ਼ਿਸ ਕਰਨ ਲੱਗਦੀ ਹਾਂ।
ਹਰਪਿੰਦਰ ਰਾਣਾ (950109177)
7956,ਦਸ਼ਮੇਸ਼ ਨਗਰ,
ਗਲੀ ਨੰਬਰ 2,
ਸ੍ਰੀ ਮੁਕਤਸਰ ਸਾਹਿਬ।


0 comments:
Speak up your mind
Tell us what you're thinking... !