Headlines News :
Home » » ਇਹ ਵੀ ਲੇਖਕ ਹੀ ਹੋਣੈਂ! - ਡਾ. ਕੁਲਵਿੰਦਰ ਕੌਰ ਮਿਨਹਾਸ

ਇਹ ਵੀ ਲੇਖਕ ਹੀ ਹੋਣੈਂ! - ਡਾ. ਕੁਲਵਿੰਦਰ ਕੌਰ ਮਿਨਹਾਸ

Written By Unknown on Saturday, 2 March 2013 | 21:21



ਲੇਖਕ ਹੋਣਾ ਬਹੁਤ ਵੱਡੀ ਗੱਲ ਹੈ। ਇਹ ਪਰਮਾਤਮਾ ਦੀ ਬਖ਼ਸ਼ਿਸ਼ ਹੁੰਦੀ ਹੈ ਕਿ ਉਹ ਕਿਸੇ ਵਿਰਲੇ ਨੂੰ ਕਲਮ ਦੀ ਤਾਕਤ ਨਾਲ ਨਿਵਾਜਦਾ ਹੈ। ਹਰ ਇਨਸਾਨ ਨਾਵਲ, ਕਹਾਣੀ, ਨਿਬੰਧ ਤੇ ਕਵਿਤਾ ਨਹੀਂ ਲਿਖ ਸਕਦਾ। ਕਲਮ ਵਿਚ ਤਲਵਾਰ ਨਾਲੋਂ ਜ਼ਿਆਦਾ ਸ਼ਕਤੀ ਹੁੰਦੀ ਹੈ, ਜੋ ਕਿਸੇ ਸਮਾਜ ਨੂੰ ਬਦਲ ਕੇ ਰੱਖ ਦਿੰਦੀ ਹੈ। ਇਸ ਲਈ ਲੇਖਕਾਂ ਨੂੰ ਚਾਹੀਦਾ ਹੈ ਕਿ ਉਹ ਬਹੁਤ ਸੋਚ-ਸਮਝ ਕੇ ਆਪਣੀ ਕਲਮ ਦੀ ਵਰਤੋਂ ਕਰਨ ਤੇ ਲੋਕਾਂ ਨੂੰ ਚਾਹੀਦਾ ਹੈ ਕਿ ਲੇਖਕਾਂ ਦਾ ਸਤਿਕਾਰ ਕਰਨ।

ਪਰ, ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਲੇਖਕਾਂ ਨੂੰ ਉਨ੍ਹਾਂ ਦਾ ਬਣਦਾ ਸਤਿਕਾਰ ਨਹੀਂ ਦਿੱਤਾ ਜਾਂਦਾ। ਘਰ ਦੇ ਸੋਚਦੇ ਨੇ ਕਿ ਪਤਾ ਨਹੀਂ ਇਹ ਘੰਟਿਆਂ ਬੱਧੀ ਕੀ ਲਿਖਦਾ ਰਹਿੰਦਾ, ਮਿਲਦਾ ਕੁਝ ਹੈ ਨਹੀਂ, ਐਵੇਂ ਕਾਗਜ਼ ਕਾਲੇ ਕਰਦਾ ਰਹਿੰਦਾ; ਪਰ ਉਨ੍ਹਾਂ ਨੂੰ ਕੀ ਪਤਾ ਕਿ ਜਦੋਂ ਤੀਕਰ ਲੇਖਕ ਲਿਖ ਨਾ ਲਵੇ ਉਸ ਦੇ ਅੰਦਰ ਹਲਚਲ ਮਚੀ ਰਹਿੰਦੀ ਹੈ, ਜੋ ਉਸ ਨੂੰ ਸ਼ਾਂਤੀ ਨਾਲ ਬੈਠਣ ਨਹੀਂ ਦਿੰਦੀ।

ਲੇਖਕ ਆਮ ਲੋਕਾਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦਾ ਹੈ। ਉਹ ਹਰ ਗੱਲ ਨੂੰ ਬੜੀ ਬਾਰੀਕੀ ਨਾਲ ਘੋਖਦਾ ਹੈ। ਇੱਕ ਟਾਂਗਾ ਚਲਾਉਣ ਵਾਲਾ ਜਦੋਂ ਆਪਣੇ ਘੋੜੇ ਦੇ ਚਾਬੁਕ ਮਾਰਦਾ ਹੈ ਤਾਂ ਇੱਕ ਸੰਵੇਦਨਸ਼ੀਲ ਵਿਅਕਤੀ ਦੀਆਂ ਅੱਖਾਂ ਵਿਚ ਘੋੜੇ ਨੂੰ ਮਾਰ ਪੈਂਦਿਆਂ ਵੇਖ ਕੇ ਪਾਣੀ ਆ ਜਾਂਦਾ ਹੈ, ਜਦਕਿ ਸਧਾਰਣ ਇਨਸਾਨ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹ ਸੋਚਦਾ ਹੈ ਕਿ ਜਾਨਵਰ ਨੂੰ ਜੇ ਮਾਰ ਪੈ ਵੀ ਗਈ ਫੇਰ ਕੀ ਹੋਇਆ? ਸੰਵੇਦਨਸ਼ੀਲ ਵਿਅਕਤੀ ਇਸ ਬਾਰੇ ਕੁਝ ਨਾ ਕੁਝ ਲਿਖ ਵੀ ਸਕਦਾ ਹੈ ਜਿਵੇਂ ਮੈਂ ਆਪਣਾ ਪਹਿਲਾਂ ਨਿਬੰਧ ਘੋੜੇ ਨੂੰ ਮਾਰ ਪੈਂਦਿਆਂ ਵੇਖ ਕੇ ਹੀ ਲਿਖਿਆ ਸੀ। ਟਾਂਗੇ ਉੱਤੇ ਬਹੁਤ ਸਾਰਾ ਭਾਰ ਲੱਦਿਆ ਹੋਇਆ ਸੀ, ਘੋੜੇ ਕੋਲੋਂ ਟਾਂਗਾ ਖਿੱਚਿਆ ਨਹੀਂ ਸੀ ਜਾ ਰਿਹਾ ਤੇ ਟਾਂਗੇ ਵਾਲਾ ਘੋੜੇ ਨੂੰ ਲਗਾਤਾਰ ਚਾਬੁਕ ਮਾਰੀ ਜਾ ਰਿਹਾ ਸੀ। ਅਖ਼ੀਰ ਮਾਰ ਨਾ ਸਹਿੰਦਿਆਂ ਹੋਇਆ ਘੋੜਾ ਵਿਚਾਰਾ ਜ਼ਮੀਨ 'ਤੇ ਡਿੱਗ ਪਿਆ।

ਇਕ ਦਿਨ ਮੈਂ ਸਕੂਟਰ ਉੱਤੇ ਭਾਰਤ ਨਗਰ ਚੌਂਕ ਕੋਲੋਂ ਜਦੋਂ ਲੰਘਣ ਲੱਗੀ ਤਾਂ ਮੇਰਾ ਸਕੂਟਰ ਅਚਾਨਕ ਬੰਦ ਹੋ ਗਿਆ। ਉੱਥੇ ਖੜੋਤਾ ਇੱਕ ਪੁਲਿਸ ਵਾਲਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ, "ਮੈਡਮ ਤੁਸੀਂ ਲੇਖਿਕਾ ਹੋ।" ਜਦੋਂ ਮੈਂ 'ਹਾਂ' ਵਿਚ ਜਵਾਬ ਦਿੱਤਾ ਤਾਂ ਉਹ ਕਹਿਣ ਲੱਗਾ, "ਕੱਲ੍ਹ ਇਕ ਬੰਦੇ ਦਾ ਸਕੂਟਰ ਬੰਦ ਹੋ ਗਿਆ, ਮੈਂ ਸਟਾਰਟ ਕਰਕੇ ਦਿੱਤਾ, ਉਹ ਵੀ ਲੇਖਕ ਸੀ। ਅੱਜ ਸਵੇਰੇ ਇੱਕ ਬਜ਼ੁਰਗ ਦਾ ਸਕੂਟਰ ਇੱਥੇ ਰੁਕ ਗਿਆ, ਉਹ ਵਿਚਾਰਾਂ ਕਿੱਕਾਂ ਮਾਰੀ ਜਾਵੇ ਪਰ ਸਕੂਟਰ ਸਟਾਰਟ ਹੀ ਨਾ ਹੋਵੇ। ਉਸ ਦੇ ਸਕੂਟਰ ਦੀ ਬੜੀ ਖਸਤਾ ਹਾਲਤ ਸੀ। ਮੈਂ ਦੂਰ ਖੜੋਤਾ ਸੋਚ ਰਿਹਾ ਸੀ ਇਹ ਵੀ ਜ਼ਰੂਰ ਲੇਖਕ ਹੀ ਹੇਣੈਂ"।

ਮੈਂ ਉਸ ਸਿਪਾਹੀ ਨੂੰ ਹਲੀਮੀ ਨਾਲ ਕਿਹਾ, "ਤੁਸੀਂ ਲੇਖਕਾਂ ਦਾ ਮਜ਼ਾਕ ਨਾ ਉਡਾਓ, ਲੇਖਕ ਵਿਚਾਰੇ ਗਰੀਬੜੇ ਜਿਹੇ ਬੰਦੇ ਹੁੰਦੇ ਨੇ, ਕੋਲੋਂ ਪੈਸਾ ਦੇ ਕੇ ਕਿਤਾਬਾਂ ਛਪਵਾਉਂਦੇ ਨੇ। ਪਹਿਲਾਂ ਮਿਹਨਤ ਕਰਕੇ ਲਿਖਦੇ ਨੇ, ਫਿਰ ਪੱਲਿਓਂ ਪੈਸਾ ਲਾਉਂਦੇ ਨੇ, ਉੱਤੋਂ ਪ੍ਰਕਾਸ਼ਕ ਉਨ੍ਹਾਂ ਦੇ ਹੱਥ ਪੱਲੇ ਕੁਝ ਪੈਣ ਨਹੀਂ ਦਿੰਦੇ। ਲੇਖਕ ਸਮਾਜ ਨੂੰ ਬਹੁਤ ਕੁਝ ਦਿੰਦੇ ਨੇ ਪਰ ਉਨ੍ਹਾਂ ਨੂੰ ਮਿਲਦਾ ਕੁਝ ਨਹੀਂ।

ਮੈਂ, ਡਾ. ਸੁਰਜੀਤ ਪਾਤਰ ਜੀ ਕੋਲੋਂ ਸੁਣੀ ਹੋਈ ਪ੍ਰੋ:ਮੋਹਨ ਸਿੰਘ ਦੀ ਗੱਲ ਉਸ ਨੂੰ ਸੁਣਾਈ, "ਇਕ ਕਵੀ ਦਰਬਾਰ ਦੌਰਾਨ ਪ੍ਰੋ: ਮੋਹਨ ਸਿੰਘ ਨੇ ਕਿਹਾ ਕਿ ਮੈਨੂੰ ਇਕ ਵਾਰੀ ਕਿਸੇ ਨੇ ਪੁੱਛਿਆ ਕਿ ਇਹ ਜੋ ਕੁਝ ਤੁਸੀਂ ਲਿਖਦੇ ਹੋ ਤੁਹਾਨੂੰ ਇਸ ਵਿਚੋਂ ਕੀ ਮਿਲਦਾ ਹੈ? ਤਾਂ ਮੈਂ ਉੱਤਰ ਦਿੱਤਾ ਕਿ ਇਸ ਤਰ੍ਹਾਂ ਦਾ ਹੀ ਪ੍ਰਸ਼ਨ ਜਦੋਂ ਇਕ ਟਾਂਗੇ ਵਾਲੇ ਨੂੰ ਕਿਸੇ ਨੇ ਪੁੱਛਿਆ ਕਿ ਤੂੰ ਸਾਰਾ ਦਿਨ ਟਾਂਗਾ ਚਲਾਉਂਦਾ ਏਂ, ਤੈਨੂੰ ਕੀ ਬਚਤ ਹੁੰਦੀ ਹੈ ਤਾਂ ਉਹ ਕਹਿਣ ਲੱਗਾ ਕਿ ਘੋੜੇ ਦੀ ਖ਼ੁਰਾਕ ਤੇ ਘਰ ਦੇ ਖ਼ਰਚੇ ਉੱਤੇ ਹੀ ਸਾਰੇ ਪੈਸੇ ਲੱਗ ਜਾਂਦੇ ਨੇ। ਮੇਰੇ ਲਈ ਤਾਂ ਸਿਰਫ਼ ਟਾਂਗੇ ਦੇ ਝੂਟੇ ਹੀ ਬਚਦੇ ਨੇ। ਸੋ ਮੈਨੂੰ ਵੀ ਤਾੜੀਆਂ ਮਾਰ ਕੇ ਸ੍ਰੋਤੇ ਜੋ ਦਾਦ ਦਿੰਦੇ ਹਨ ਉਹੀ ਬਚਦੀ ਹੈ, ਹੋਰ ਕੁਝ ਨਹੀਂ"।
ਇਸ ਲਈ ਭਾਈ ਸਾਹਿਬ, ਤੁਸੀਂ ਲੇਖਕਾਂ ਦਾ ਆਦਰ-ਸਤਿਕਾਰ ਕਰਿਆ ਕਰੋ, ਉਨ੍ਹਾਂ ਦੇ ਖਸਤਾ ਹਾਲਤ ਵਿਚ ਸਕੂਟਰ ਨਾ ਦੇਖਿਆ ਕਰੋ। ਮੇਰੀ ਗੱਲ ਸੁਣ ਕੇ ਉਹ ਸਿਪਾਹੀ ਮੁਸਕਰਾ ਕੇ ਕਹਿਣ ਲੱਗਾ, "ਮੈਡਮ ਗੱਲ ਤਾਂ ਤੁਸੀਂ ਠੀਕ ਕਹਿੰਦੇ ਹੋ"।

ਡਾ. ਕੁਲਵਿੰਦਰ ਕੌਰ ਮਿਨਹਾਸ
# ੯੦੬, ਪਿੰਡ ਭੌਰ, 
ਡਾਕਖਾਨਾ: ਨੇਤਾ ਜੀ ਨਗਰ, 
ਲੁਧਿਆਣਾ
੯੮੧੪੧ ੪੫੦੪੭
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template