ਪੰਜਾਬ ਦੀ ਧਰਤੀ ਗੁਰੂਆਂ, ਸੰਤਾਂ, ਮਹਾਂਪੁਰਸ਼ਾਂ, ਭਗਤਾਂ, ਸੂਰਬੀਰਾਂ, ਸ਼ਹੀਦਾਂ,ਯੋਧਿਆਂ ਤੇ ਬਹਾਦਰ ਜਰਨੈਲਾਂ ਦੀ ਧਰਤੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਈ ਸੂਰਬੀਰ ਜਰਨੈਲ ਰਹੇ ਹਨ।ਸ੍ਰ.ਸ਼ਾਮ ਸਿੰਘ ਅਟਾਰੀਵਾਲਾ, ਸ੍ਰ.ਚਤਰ ਸਿੰਘ ਤੇ ਸ੍ਰ. ਸ਼ੇਰ ਸਿੰਘ ਅਟਾਰੀ ਪਿੰਡ ਦੇ ਸਰਦਾਰ ਸਨ। ਸ੍ਰ. ਸ਼ਾਮ ਸਿੰਘ ਅਟਾਰੀ ਦਾ ਜਨਮ ਪਿਤਾ ਸ੍ਰ. ਨਿਹਾਲ ਸਿੰਘ ਅਤੇ ਮਾਤਾ ਬੀਬੀ ਸ਼ਮਸ਼ੇਰ ਕੌਰ ਦੇ ਘਰ ਹੋਇਆ। ਆਪ ਦੇ ਪਿਤਾ ਸ੍ਰ. ਨਿਹਾਲ ਸਿੰਘ ਪਹਿਲਾਂ ਸਾਹਿਬ ਸਿੰਘ ਭੰਗੀ ਗੁਜਰਾਤੀਏ ਦੇ ਨੌਕਰ ਸਨ।ਥੋੜ੍ਹੇ ਸਮੇ ਬਾਅਦ ਹੀ ਆਪ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਏ ਸਨ। ਇਤਹਾਸ ਵਿੱਚ ਆਉਦਾ ਹੈ ਕਿ ਇੱਕ ਵਾਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਹੁਤ ਸਖਤ ਬੀਮਾਰ ਪੈ ਗਏ। ਕੋਈ ਦਵਾਈ ਦਾਰੂ ਕੰਮ ਨਹੀ ਸੀ ਕਰ ਰਿਹਾ। ਸ੍ਰ. ਨਿਹਾਲ ਸਿੰਘ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬੀਮਾਰੀ ਮੈਨੂੰ ਲੱਗ ਜਾਵੇ ਤੇ ਮਹਾਰਾਜਾ ਸਾਹਬ ਠੀਕ ਹੋ ਜਾਣ। ਸ੍ਰ. ਨਿਹਾਲ ਸਿੰਘ ਦੀ ਅਰਦਾਸ ਪੂਰੀ ਹੋਈ ਮਹਾਰਾਜਾ ਰਣਜੀਤ ਸਿੰਘ ਸਿਹਤਯਾਬ ਹੋ ਗਏੇ।ਸ੍ਰ.ਨਿਹਾਲ ਸਿੰਘ ਬੀਮਾਰ ਹੋ ਗਏ ਤੇ ਕੁਝ ਹੀ ਦਿਨਾਂ ਮਗਰੋਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ।ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਮ ਸਿੰਘ ਅਟਾਰੀ ਵਾਲਾ ਨੂੰ ਫੌਜ ਦਾ ਸਰਦਾਰ ਬਣਾ ਦਿੱਤਾ। ਸ੍ਰ.ਸ਼ਾਮ ਸਿੰਘ ਅਟਾਰੀ ਵਾਲਾ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਕਈ ਲੜਾਈਆਂ ਲੜੀਆਂ ਤੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ।ਸ੍ਰ. ਸ਼ਾਮ ਸਿੰਘ ਅਟਾਰੀ ਵਾਲਾ ਤੇ ਮਿਸਰ ਦੀਵਾਨ ਚੰਦ ਨੇ ਕਸ਼ਮੀਰ ਜਿੱਤ ਕੇ ਖਾਲਸਾ ਰਾਜ ਵਿੱਚ ਸ਼ਾਮਿਲ ਕਰ ਦਿੱਤਾ ਤੇ ਕਈ ਹੋਰ ਅਹਿਮ ਜੰਗਾਂ ਵੀ ਜਿੱਤੀਆਂ। ਜਿਸ ਲਈ ਸ਼ਾਮ ਸਿੰਘ ਅਟਾਰੀ ਵਾਲਾ, ਜੈ ਸਿੰਘ ਤੇ ਕੰਵਰ ਸ਼ੇਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਈ ਅਹਿਮ ਮਾਨ-ਸਨਮਾਨ ਦਿੱਤੇ ਗਏ। ਪਿਸ਼ਾਵਰ ਤੋਂ ਵਾਪਸ ਆ ਕੇ ਸ਼ਾਮ ਸਿੰਘ ਅਟਾਰੀ ਵਾਲਾ ਨੇ ਆਪਣੀ ਲੜਕੀ ਨਾਨਕੀ ਦਾ ਰਿਸ਼ਤਾ ਕੰਵਰ ਨੌਨਿਹਾਲ ਸਿੰਘ ਨਾਲ ਪੱਕਾ ਕਰ ਦਿੱਤਾ।ਕੰਵਰ ਨੌਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਸੀ। ਸ਼ਾਮ ਸਿੰਘ ਅਟਾਰੀ ਵਾਲਾ ਤੇ ਮਹਾਰਾਜਾ ਰਣਜੀਤ ਸਿੰਘ ਆਪਸ ਵਿੱਚ ਰਿਸ਼ਤੇਦਾਰ ਹੋ ਗਏ। ਕੁਝ ਸਮਾਂ ਪਾ ਕੇ ਮਹਾਰਾਜਾ ਰਣਜੀਤ ਸਿੰਘ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਇਸ ਉਪਰੰਤ ਸਿੱਖ ਰਾਜ ਵਿੱਚ ਹੋ ਰਹੇ ਰੋਲ ਘਚੋਲੇ ਕਾਰਨ ਆਪ ਆਪਣੇ ਪਿੰਡ ਅਟਾਰੀ ਵਾਪਸ ਆ ਕੇ ਰਹਿਣ ਲੱਗ ਪਏ। ਆਪ ਨੇ ਲਾਲਚ ਲੋਭ ਨੂੰ ਇੱਕ ਪਾਸੇ ਰੱਖ ਕੇ ਸਿੱਖ ਰਾਜ ਦੀ ਵਾਗਡੋਰ ਕਿਸੇ ਮਹਾਨ ਵਿਆਕਤੀ ਦੇ ਹੱਥ ਦੇਣ ਦੀ ਗੱਲ ਕਹੀ। ਅੰਗਰੇਜਾਂ ਨੇ ਤੇਜਾਂ ਸਿੰਘ ਅਤੇ ਵਜੀਰ ਲਾਲ ਸਿੰਘ ਨੂੰ ਲਾਲਚ ਵਿੱਚ ਫਸਾ ਕੇ ਆਪਣੇ ਨਾਲ ਮਿਲਾ ਲਿਆ। ਜਦ ਸਿੱਖ ਫੋਜਾਂ ਮੁੱਦਕੀ ਅਤੇ ਫੇਰੂ ਦੀਆਂ ਲੜਾਈਆਂ ਹਾਰ ਗਈ ਤਾਂ ਮਹਾਰਾਣੀ ਜਿੰਦਾਂ ਨੇ ਆਪ ਨੂੰ ਚਿੱਠੀ ਲਿੱਖ ਕੇ ਸਿੱਖ ਰਾਜ ਦੀ ਵਾਗਡੋਰ ਸੰਭਾਲਣ ਦੀ ਗੱਲ ਕਹੀ ਤਾਂ ਆਪ ਨੇ ਵਾਪਸ ਆ ਕੇ ਸਿੱਖ ਫੋਜਾਂ ਨੂੰ ਵੰਗਾਰਿਆ ਤੇ ਅੰਗਰੇਜਾਂ ਨਾਲ ਆਰ-ਪਾਰ ਦੀ ਲੜਾਈ ਕਰਨ ਲਈ ਪ੍ਰੇਰਿਆ। ਸਭਰਾਵਾਂ ਦੀ ਲੜਾਈ ਵਿੱਚ ਅੰਗਰੇਜਾਂ ਨਾਲ ਆਰ-ਪਾਰ ਦੀ ਲੜਾਈ ਹੋਈ। ਸ਼੍ਰ. ਸ਼ਾਮ ਸਿੰਘ ਅਟਾਰੀ ਵਾਲਾ ਜਾਨ ਹੀਲ ਕੇ ਇਸ ਲੜਾਈ ਵਿੱਚ ਅੱਗੇ ਹੋ ਕੇ ਲੜੇ। ਅੰਗਰੇਜਾਂ ਦੇ ਹੌਸਲੇ ਪਸਤ ਹੋ ਰਹੇ ਸਨ ਪਰ ਤੇਜਾ ਸਿੰਘ ਤੇ ਲਾਲ ਸਿੰਘ ਨੇ ਸਿੱਖ ਫੌਜਾਂ ਨਾਲ ਗਦਾਰੀ ਕਰਕੇ ਸਿੱਖਾਂ ਨੂੰ ਅਸਲੇ ਦੀ ਸਪਲਾਈ ਬੰਦ ਕਰਨ ਲਈ ਸਤਲੁਜ ਦਰਿਆ ਦਾ ਪੁਲ ਤੋੜ ਦਿੱਤਾ। ਨਿਹੱਥੇ ਸਿੱਖਾਂ ਦਾ ਅੰਗਰੇਜਾਂ ਨੇ ਭਾਰੀ ਨੁਕਸਾਨ ਕੀਤਾ। ਅੰਤ 10 ਫਰਵਰੀ 1846 ਨੂੰ ਅੰਗਰੇਜਾਂ ਨੇ ਸ੍ਰ.ਸ਼ਾਮ ਸਿੰਘ ਅਟਾਰੀਵਾਲਾ ਨੂੰ ਗੋਲੀਆਂ ਨਾਲ ਛੱਲਣੀ ਕਰ ਦਿੱਤਾ ਤੇ ਸ਼ਹੀਦ ਕਰ ਦਿੱਤਾ। ਸ਼ਹੀਦ ਹੋਣ ਤੇ ਪਤਾ ਲੱਗਣ ਤੇ ਆਪ ਦੀ ਧਰਮ ਪਤਨੀ ਵਿਆਹ ਵਾਲਾ ਜੋੜਾ ਪਾ ਕੇ ਸਤੀ ਹੋ ਗਈ। 12 ਫਰਵਰੀ ਨੂੰ ਦੋ ਦਿਨ ਬਾਅਦ ਸ੍ਰ. ਸ਼ਾਮ ਸਿੰਘ ਅਟਾਰੀਵਾਲਾ ਦੀ ਮ੍ਰਿਤਕ ਦੇਹ ਅਟਾਰੀ ਪਹੁੰਚਣ ਤੇ ਸਸਕਾਰ ਕੀਤਾ ਗਿਆ।ਪਿੰਡ ਅਟਾਰੀ ਵਿੱਚ ਸ੍ਰ.ਨਿਹਾਲ ਸਿੰਘ, ਸ੍ਰ.ਸ਼ਾਮ ਸਿੰਘ ਅਟਾਰੀਵਾਲਾ, ਸ੍ਰ. ਕਾਹਨ ਸਿੰਘ, ਸ੍ਰ. ਚੰਦ ਸਿੰਘ ਤੇ ਰਾਣੀ ਕਿਸ਼ਨ ਕੌਰ ਦੀਆਂ ਸਮਾਧਾਂ ਤੇ ਤਲਾਬ ਵੀ ਹੈ। ਸ੍ਰ.ਸ਼ਾਮ ਸਿੰਘ ਅਟਾਰੀਵਾਲਾ ਦੇ ਖਾਨਦਾਨ ਵਿੱਚੋਂ ਕਰਨਲ ਸ੍ਰ. ਕੁਲਦੀਪ ਸਿੰਘ ਸਿੱਧੂ,ਕਰਨਲ ਹਰਜਿੰਦਰ ਸਿੰਘ, ਸ੍ਰ. ਅਤਜੀਤ ਸਿੰਘ, ਸ੍ਰ. ਹਰਜੀਤ ਸਿੰਘ, ਸ੍ਰ. ਸਮਰਜੀਤ ਸਿੰਘ,ਸ੍ਰ. ਜਗਜੀਤ ਸਿੰਘ ਸਿੱਧੂ ਤੇ ਡਾ: ਸੰਦੀਪ ਸਿੰਘ, ਸ਼੍ਰ. ਸ਼ਾਮ ਸਿੰਘ ਅਟਾਰੀਵਾਲਾ ਟਰੱਸਟ ਦੇ ਮੈਂਬਰ ਹਨ। ਪੰਜਾਬ ਸਰਕਾਰ ਵੱਲੋਂ ਅਟਾਰੀ ਮਾਰਗ ਤੇ ਛੇਹਰਟਾ ਲਾਗੇ ਚੌਂਕ ਵਿੱਚ ਗੇਟ ਵੇ ਆਫ ਇੰਡੀਆ ਦੇ ਨਾਂ ਤੇ ਸ੍ਰ. ਸ਼ਾਮ ਸਿੰਘ ਅਟਾਰੀਵਾਲਾ ਦਾ ਬੁੱਤ ਲਗਾਇਆ ਗਿਆ ਹੈ ਜੋ ਸਾਨੂੰ ਸਦਾ ਇਸ ਮਹਾਨ ਸਿੱਖ ਜਰਨੈਲ ਦੀ ਯਾਦ ਦਿਵਾਉਂਦਾ ਰਹੇਗਾ। ਸ੍ਰ. ਸ਼ਾਮ ਸਿੰਘ ਅਟਾਰੀਵਾਲਾ ਦਾ ਸ਼ਹੀਦੀ ਦਿਹਾੜਾ 10 ਫਰਵਰੀ ਨੂੰ ਮਨਾਇਆ ਜਾਂਦਾ ਹੈ।
ਪਿੰਡ ਤੇ ਡਾਕ: ਚੱਬਾ, ਤਰਨਤਾਰਨ ਰੋਡ,
ਅੰਮ੍ਰਿਤਸਰ-143022 ,ਮੋਬਾ:97817-51690


0 comments:
Speak up your mind
Tell us what you're thinking... !