ਤਿੰਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਤਹਾਸਕ ਨਗਰ ਪਲਾਹੀ, ਪੰਜਾਬ ਦੇ ਵਿਕਾਸ ਕਰ ਰਹੇ ਇੱਕ ਵਿੱਲਖਣ ਪਿੰਡ ਵਜੋਂ ਜਾਣਿਆ ਜਾਂਦਾ ਹੈ। ਇਸ ਪਿੰਡ ਨੂੰ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿ ਰਾਏ ਸਾਹਿਬ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ।
ਇਤਹਾਸਕਾਰਾਂ ਅਨੁਸਾਰ ਛੇਵੇਂ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੀ ਆਖਰੀ ਲੜਾਈ ਇਸ ਪਿੰਡ ਵਿੱਚ ਹੀ ਲੜੀ ਸੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮਕਰਨ ਤਿਆਗ ਮੱਲ ਤੋਂ ਤੇਗ ਬਹਾਦਰ ਇਸੇ ਨਗਰ ਵਿਚ ਲੜਾਈ ਜਿੱਤਣ ਉਪਰੰਤ ਰੱਖਿਆ ਸੀ, ਇਹ ਪਿੰਡ ਕਪੂਰਥਲਾ ਜ਼ਿਲੇ ਦੀ ਫਗਵਾੜਾ ਤਹਿਸੀਲ ਵਿਚ ਫਗਵਾੜਾ ਸ਼ਹਿਰ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਇਸ ਪਿੰਡ ਦਾ ਨਾਮ ਇਸ ਇਲਾਕੇ ਵਿੱਚ ਉਗੇ ਹੋਏ ਦਰਖਤ ਜੋ ‘‘ਫਲਾਹ’’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੋਂ ਪਲਾਹ ਅਤੇ ਫਿਰ ਪਲਾਹੀ ਪਿਆ ਦੱਸਿਆ ਜਾਂਦਾ ਹੈ।
ਪਿੰਡ ਪਲਾਹੀ ਦੇ ਲੋਕਾਂ ਵਲੋਂ ਅਜ਼ਾਦੀ ਸੰਗਰਾਮ ਦੀ ਲੜਾਈ ਵਿਚ ਖਾਸ ਕਰਕੇ ਬੱਬਰ ਲਹਿਰ ਦੌਰਾਨ ਭਰਪੂਰ ਹਿੱਸਾ ਪਾਇਆ ਗਿਆ, ਇਸ ਪਿੰਡ ਦੇ ਬਜ਼ੁਰਗਾਂ ਨੇ ਅਕਾਲੀ ਮੋਰਚਿਆਂ ਵਿੱਚ ਵੀ ਹਿੱਸਾ ਲਿਆ।
ਖੇਡਾਂ ਦੇ ਖੇਤਰ ਖਾਸ ਕਰਕੇ ਫੁਟਬਾਲ ਅਤੇ ਪਹਿਲਵਾਨੀ ‘ਚ ਇਸ ਨਗਰ ਦੇ ਲੋਕਾਂ ਨੇ ਆਪਣੀ ਵਿਸ਼ੇਸ਼ ਥਾਂ ਬਣਾਈ ।
ਪਿੰਡ ਦੇ ਲੋਕਾਂ ਨੇ ਆਪਣੇ ਪੇਂਡੂ ਪ੍ਰਵਾਸੀ ਵੀਰਾਂ ਦੀ ਸਹਾਇਤਾ ਨਾਲ ਪੇਂਡੂ ਵਿਕਾਸ ਵਿੱਚ ਕੁੱਝ ਇਹੋ ਜਿਹੇ ਮੀਲ ਪੱਥਰ ਤਹਿ ਕੀਤੇ, ਜਿਸ ਤੋਂ ਪ੍ਰੇਰਨਾ ਲੈ ਕੇ ਪੰਜਾਬ ਦੇ ਹੋਰ ਪਿੰਡਾਂ ਨੇ ਵੀ ਆਪਣੇ ਪਿੰਡਾਂ ਦਾ ਮੂੰਹ ਮੱਥਾ ਸੁਆਰਿਆ।
ਐਨ.ਆਰ.ਆਈ ਵੀਰਾਂ ਦੀ ਸਹਾਇਤਾ ਨਾਲ ਉਸਾਰਿਆ ਗਿਆ ਸਾਉਂਡਪਰੂਫ ਕਮਿਉਨਿਟੀ ਹਾਲ, ਅਤੇ ਹੋਰ ਸੁਵਿਧਾਵਾਂ ਜਿਨ੍ਹਾਂ ਵਿਚ ਕੇਂਦਰ ਤੇ ਪੰਜਾਬ ਸਰਕਾਰ ਤੋਂ ਵੀ ਗ੍ਰਾਂਟ ਪ੍ਰਾਪਤ ਕੀਤੀ ਗਈ ਵਿਚ ਸਥਾਨਕ ਵਸ਼ਿੰਦਿਆਂ ਦਾ ਵੱਡਾ ਯੋਗਦਾਨ ਰਿਹਾ ਹੈ। ਇਸ ਨਗਰ ਦੇ ਸਮਾਜ ਸੇਵਕ ਸ. ਜਗਤ ਸਿੰਘ ਪਲਾਹੀ ਦੇ ਉੱਦਮ ਸਦਕਾ ਪਿੰਡ ਦਾ ਚਿਹਰਾ ਮੋਹਰਾ ਨਿਖਰਿਆ ਅਤੇ ਪਿੰਡ ਪੰਜਾਬ ਦੇ ਅਧੁਨਿਕ ਪਿੰਡ ਦੀ ਤਸਵੀਰ ਪੇਸ਼ ਕਰਦਾ ਹੈ।
ਸਾਲ 1922 ਵਿਚ ਤਿਆਰ ਹੋਈ ਸੱਤ ਮੰਜਲਾ ਗੁਰਦੁਆਰਾ ਸਾਹਿਬ ਦੀ ਇਮਾਰਤ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਿੰਡ ਪਲਾਹੀ ਆਗਮਨ ਅਤੇ ਇਥੇ ਹੋਈ ਜੰਗ ਦੀ ਯਾਦ ਤਾਜ਼ਾ ਰੱਖਣ ਲਈ ਸ਼ਰਧਾ ਪੂਰਬਕ ਬਣਾਈ ਗਈ ਅਤੇ ਇਥੇ ਸਲਾਨਾ ਧਾਰਮਿਕ ਦੀਵਾਨ ਤਿੰਨ ਦਿਨ ਲਈ ਸਜਾਏ ਜਾਂਦੇ ਹਨ। ਪਿੰਡ ਦਾ ਖਾਲਸਾ ਏ.ਵੀ.ਮਿਡਲ ਸਕੂਲ ਸਾਲ 1917 ਵਿੱਚ ਉਸਾਰਿਆ ਗਿਆ ਅਤੇ ਹੁਣ ਇਹ ਸੀਨੀਅਰ ਸਕੈਂਡਰੀ ਸਕੂਲ ਬਣ ਗਿਆ ਹੈ ਅਤੇ ਇਸਦੀ ਆਪਣੀ ਸੁੰਦਰ ਇਮਾਰਤ ਹੈ। ਇਲਾਕੇ ਦੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇਣ ਲਈ ਇੱਥੇ ਕਮਿਉੂਨਿਟੀ ਪੌਲੀਟੈਕਨਿਕ ਸਾਲ 1986 ‘ਚ ਚਾਲੂ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ‘ਚ ਮਾਡਲ ਅਤੇ ਦੋ ਸਰਕਾਰੀ ਸਕੂਲ ਵੀ ਹਨ। ਪਿੰਡ ‘ਚ ਤਿੰਨ ਬੈਂਕ, ਦੋ ਏ.ਟੀ.ਐਮ ਅਤੇ ਇੱਕ ਕੋਆਪ੍ਰੇਟਿਵ ਸੁਸਾਇਟੀ ਤੋਂ ਇਲਾਵਾ ਮਿਲਕ ਸੁਸਾਇਟੀ ਵੀ ਹੈ। ਦੋ ਸ਼ਮਸ਼ਾਨ ਘਾਟਾਂ ਤੋਂ ਇਲਾਵਾ ਗੁਰਦੁਆਰਾ ਗੁਰੂ ਰਵਿਦਾਸ ,ਦੋ ਜੰਜ ਘਰ , ਇੱਕ ਲਾਇਬ੍ਰੇਰੀ ਅਤੇ ਗੁਰੂ ਹਰਿ ਰਾਏ ਸਾਹਿਬ ਜੀ ਦਾ ਯਾਦ ਵਿਚ ਇੱਕ ਸੁੰਦਰ ਪਾਰਕ ਅਤੇ ਇੱਕ ਸਰੋਵਰ ਦੀ ਉਸਾਰੀ ਵੀ ਕੀਤੀ ਗਈ ਹੈ। ਪਿੰਡ ‘ਚ ਸੀਵਰੇਜ ਸਿਸਟਮ ਅਤੇ ਬਰਸਾਤੀ ਪਾਣੀ ਲਈ ਅੰਡਰਗਰਾਉਂਡ ਪਾਈਪ ਹਨ, ਅਤੇ ਪਿੰਡ ਦੇ ਆਲੇ ਦੁਆਲੇ ਸੜਕਾਂ ਉੱਤੇ ਅਤੇ ਪਿੰਡ ਦੀਆਂ ਗਲੀਆਂ, ਰਸਤਿਆਂ ਉੱਤੇ ਅੰਡਰਗਰਾਉਂਡ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ, ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਅਤੇ ਪਿੰਡ ਦੀ ਫਿਰਨੀ ਉੱਤੇ ਇੰਟਰ ਲਾਕਿੰਗ ਟਾਈਲਾਂ ਲਾਗਉਣ ਦੇ ਨਾਲ ਨਾਲ ਪਿੰਡ ਦੇ ਆਲੇ ਦੁਆਲੇ ਅਤੇ ਸੜਕ ਦੇ ਕੰਢਿਆਂ ਉੱਤੇ ਸੁੰਦਰ ਪੌਦੇ ਲਗਾਏ ਗਏ ਹਨ, ਜੋ ਪਿੰਡ ਦੀ ਦਿਖ ਨੂੰ ਸੁੰਦਰਤਾ ਪ੍ਰਦਾਨ ਕਰਦੇ ਹਨ। ਪਿੰਡ ‘ਚ ਦੋ ਮੰਦਰਾਂ ਤੋਂ ਇਲਾਵਾ ਗੁਰਦੁਆਰਾ ਪੱਤੀ ਬਸਰਾ, ਗੁਰਦੁਆਰਾ ਬਾਬਾ ਟੇਕ ਸਿੰਘ ਅਤੇ ਇੱਕ ਮਸੀਤ ਵੀ ਬਣੀ ਹੋਈ ਹੈ। ਖੇਡਾਂ ਲਈ ਦੋ ਗਰਾਉਂਡਾ ਹਨ, ਜਿਨ੍ਹਾਂ ਵਿਚ ਵਿਦਿਆਰਥੀ ਫੁੱਟਬਾਲ, ਬਾਸਕਟਵਾਲ ਅਤੇ ਵੇਟਿੰਗ ਲਿਫਟਿੰਗ ਕਰਦੇ ਹਨ, ਜਿਨ੍ਹਾਂ ਲਈ ਵਲੰਟੀਅਰ ਕੋਚ ਵੀ ਰੱਖੇ ਗਏ ਹਨ, ਜੋ ਛੋਟੇ ਛੋਟੇ ਬੱਚਿਆਂ ਨੂੰ ਕੋਚਿੰਗ ਦਿੰਦੇ ਹਨ।
ਪਿੰਡ ਦੀ ਮੌਜੂਦਾ ਸਰਪੰਚ ਚਰਨਜੀਤ ਕੌਰ ਬੀ.ਏ ਪੜ੍ਹੀ ਲਿਖੀ ਸੁਆਣੀ ਹੈ, ਜਿਸ ਵਲੋਂ ਵਿਕਾਸ ਕਾਰਜਾਂ ਦੇ ਨਾਲ ਨਾਲ ਪਿੰਡ ‘ਚ ਹੀ ਲੋਕਾਂ ਦੇ ਝਗੜੇ ਨਿਪਟਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ, ਪਹਿਲੇ ਸਰਪੰਚਾਂ ਵਿਚ ਹਰੀ ਸਿੰਘ ਬਸਰਾ, ਜਗਤ ਸਿੰਘ ਪਲਾਹੀ, ਜਗਤ ਸਿੰਘ ਸੱਲ, ਸੁਰਜੀਤ ਲਾਲ ਸੋਨੀ, ਦਰਬਾਰਾ ਸਿੰਘ ਸ਼ਾਮਲ ਹਨ, ਜਿਨ੍ਹਾਂ ਵਲੋਂ ਪਿੰਡ ਦੇ ਵਿਕਾਸ ਲਈ ਯਥਾਯੋਗ ਹਿੱਸਾ ਪਾਇਆ ਗਿਆ।
ਪਿੰਡ ਬਾਕੀ ਪਿੰਡਾਂ ਅਤੇ ਸ਼ਹਿਰ ਫਗਵਾੜਾ ਨਾਲ ਸੱਤ ਪੱਕੀਆਂ ਸੜਕਾਂ ਨਾਲ ਜੁੜਿਆਂ ਹੋਇਆ ਹੈ, ਅਤੇ ਪਿੰਡ ਦੇ ਖੂਹਾਂ ਦੇ ਰਸਤੇ ਵੀ ਪੰਚਾਇਤ ਵਲੋਂ ਇੱਟਾਂ ਲਗਾਕੇ ਪੱਕੇ ਕੀਤੇ ਗਏ ਹਨ। ਪਿੰਡ ਦੇ ਗੁਰਦੁਆਰਾ ਗੁਰੂ ਰਵਿਦਾਸ ਦੇ ਸਾਹਮਣੇ ਅੱਡੇ ਤੋਂ ਖੰਗੂੜਾ ਪੁਲ ਤੱਕ ਦੀ ਲਗਭਗ 20 ਫੁੱਟ ਚੋੜੀ ਸੜਕ ਜਿਸ ਉਤੇ ਅੰਡਰਗਰਾਉਂਡ ਲਾਈਟਾਂ ਲੱਗੀਆਂ ਹਨ, ਚੰਡੀਗੜ੍ਹ ਦੀਆਂ ਸੜਕਾਂ ਦਾ ਭੁਲੇਖਾ ਪਾਉਂਦੀ ਹੈ।
ਪਿੰਡ ਦੇ ਨੌਜਵਾਨ ਵਰਗ ਵਲੋਂ ਸਿਖਿਆ ਦੇ ਖੇਤਰ ‘ਚ ਮੱਲਾਂ ਮਾਰਨ ਦੇ ਉਪਰਾਲੇ ਤਹਿਤ ਲਗਭਗ 50 ਲੜਕੀਆਂ ਵੀ ਵੱਖੋ ਵੱਖਰੇ ਖੇਤਰਾਂ ‘ਚ ਡਿਗਰੀਆਂ ਪ੍ਰਾਪਤ ਕਰ ਚੱਕੀਆਂ ਹਨ। ਪਿੰਡ ਦਾ ਮੱਛੀ ਤਲਾਬ ਅਤੇ ਗੰਦੇ ਪਾਣੀ ਨੂੰ ਡੱਕਬੀਡ ਉਗਾਕੇ ਸਾਫ ਕਰਨ ਦਾ ਉਪਰਾਲਾ ਵੀ ਕੀਤਾ ਗਿਆ ਹੈ। ਪਿੰਡ ‘ਚ ਇਕ ਸਰਕਾਰੀ ਹਸਪਤਾਲ, ਡੰਗਰਾਂ ਦਾ ਹਸਪਤਾਲ ਤੋਂ ਬਿਨ੍ਹਾਂ ਆਯੂਰਵੈਦਿਕ ਡਿਸਪੈਂਸਰੀ ਵੀ ਹੈ। ਉਂਝ ਪਿੰਡ ‘ਚ ਇੱਕ ਬਜਾਰ ਵੀ ਬਣਿਆ ਹੈ, ਜਿਥੇ ਵੱਖੋ ਵੱਖਰੀ ਕਿਸਮ ਦੀ ਦੁਕਾਨਾਂ ਲੋਕਾਂ ਦੀ ਲੋੜ ਅਨੁਸਾਰ ਖਰੀਦ ਕਰਨ ਲਈ ਬਣੀਆਂ ਹਨ,ਪੀਣ ਦੇ ਪਾਣੀ ਲਈ ਸਰਕਾਰੀ ਟੈਂਕੀ ਅਤੇ ਸ਼ੁਧ ਪਾਣੀ ਲਈ ਆਰ.ਉ.ਸਿਸਟਮ ਲੱਗਿਆ ਹੈ। ਪਿੰਡ ਦੀ ਸੱਲ, ਗਿੱਲ, ਪੱਤੀ ਤੋਂ ਬਿਨ੍ਹਾਂ ਬਸਰਾ ਪੱਤੀ ਅਤੇ ਹੋਰ ਵਰਗਾਂ ਨਾਲ ਸਬੰਧਤ ਪੱਤੀਆਂ ਹਨ, ਅਤੇ ਪਿੰਡ ਦੀ ਕੁਲ ਵਸੋਂ 3500 ਹੈ, ਅਤੇ ਵੋਟਾਂ 2000 ਹਨ, ਅਤੇ ਇਥੇ ਦੇ ਲੋਕ ਮੁੱਖ ਰੂਪ ‘ਚ ਖੇਤੀ ਕਰਦੇ ਹਨ ਅਤੇ ਕੁਝ ਖੇਤ ਮਜ਼ਦੂਰ ਤੇ ਬਾਕੀ ਸ਼ਹਿਰਾਂ ‘ਚ ਨੌਕਰੀਆਂ ਕਰਦੇ ਹਨ। ਪਿੰਡ ਦੀ ਖਾਸੀਅਤ ਇਹ ਵੀ ਹੈ ਕਿ ਕੁੱਲ ਮਿਲਾਕੇ 600 ਘਰਾਂ ਵਿਚੋਂ 90% ਘਰਾਂ ਵਿਚੋਂ ਕੋਈ ਨਾ ਕੋਈ ਕੈਨੇਡਾ, ਅਮਰੀਕਾ, ਇੰਗਲੈਡ, ਜਰਮਨ ਜਾਂ ਅਰਬ ਦੇਸ਼ਾਂ ‘ਚ ਜਾਕੇ ਰੁਜਗਾਰ ਕਰ ਰਿਹਾ ਹੈ ਅਤੇ ਪਿੱਛੇ ਰਹਿੰਦੇ ਲੋਕਾਂ ਦੀ ਆਰਥਿਕ ਸਹਾਇਤਾ ਕਰਦਾ ਹੈ। ਲਗਭਗ 100 ਕਾਰਾਂ, 200 ਟਰੈਕਟਰ 10 ਕਣਕ ਝੋਨਾ ਕੱਟਣ ਵਾਲੀਆਂ ਮਸ਼ੀਨਾਂ ਤੋਂ ਇਲਾਵਾ ਆਮ ਘਰਾਂ ਦੇ ਮਾਲਕਾਂ ਕੋਲ ਮੋਟਰ ਸਾਈਕਲ, ਸਕੂਟਰ , ਮੋਪਿਡ ਆਦਿ ਹਨ।
ਬਾਵਜੂਦ ਆਧੁਨਿਕ ਦੇ ਸਹੂਲਤਾਂ ਦੇ ਪਿੰਡ ‘ਚ ਸਰਕਾਰ ਵਲੋਂ ਬਣਾਈਆ ਸੜਕਾਂ, ਮੁੱਖ ਸੜਕ ਫਗਵਾੜਾ ਪਲਾਹੀ ਰਾਣੀਪੁਰ ਸੜਕ ਛੱਡਕੇ ਬਾਕੀਆਂ ਦੀ ਹਾਲਤ ਖਰਾਬ ਹੈ।
ਪਿੰਡ ‘ਚ ਰਹਿੰਦੇ ਬਹੁਤ ਸਾਰੇ ਘਰਾਂ ਵਿਚ ਸਰਕਾਰ ਵਲੋਂ ਪਾਣੀ ਸਪਲਾਈ ਲਈ ਟੂਟੀਆਂ ਨਹੀਂ ਲਗੀਆਂ ਹੋਈਆਂ ਹਨ, ਪਿੰਡ ‘ਚ ਆਗਨਵਾੜੀ ਸਕੂਲਾਂ ਤੋਂ ਇਲਾਵਾ ਸਰਕਾਰੀ ਸਹੂਲਤਾਂ ਜਿਨ੍ਹਾਂ ਵਿਚ ਬੁਢਾਪਾ ਪੈਨਸ਼ਨ ਹੈ ਵੱਡੀ ਗਿਣਤੀ ‘ਚ ਲੋਕ ਲੈ ਰਹੇ ਹਨ।
ਪਿੰਡ ਦੇ ਨੌਜਵਾਨ ਲੜਕੇ ਲੜਕੀਆਂ ਜੋ ਪੜ੍ਹੇ ਲਿਖੇ ਹਨ, ਨੌਕਰੀ ਦੀ ਭਾਲ ‘ਚ ਬੇਰਜਗਾਰੀ ਦੀ ਮਾਰ ਹੇਠ ਹਨ, ਪਿੰਡ ‘ਚ ਸਥਾਪਿਤ ਇੱਕ ਗੈਰ ਸਰਕਾਰੀ ਸੰਸਥਾ ਵਲੋਂ ਕਮਿਉਨਿਟੀ ਕੈਰੀਅਰ ਸੈਂਟਰ ਦੀ ਉਸਾਰੀ ਕਰਕੇ ਇਥੇ ਨੌਜਵਾਨਾਂ ਨੂੰ ਵੱਖੋ ਵੱਖਰੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਦੀ ਯੋਜਨਾ ਹੈ ਤਾਂ ਕਿ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ ਪਿੰਡ ਦੇ ਲੋਕਾਂ ਵਲੋਂ ਇਸ ਕੰਮ ਲਈ ਇੱਕ ਹਾਲ ਦੀ ਉਸਾਰੀ ਆਰੰਭੀ ਗਈ ਹੈ ਅਤੇ ਇਸ ਵਾਸਤੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਸਹਾਇਤਾ ਦੀ ਉਮੀਦ ਲੋਕ ਲਾਈ ਬੈਠੇ ਹਨ।
ਪਿੰਡ ਦੇ ਵਿਕਾਸ -ਨਿਰਮਾਣ ਕਾਰਜਾਂ ‘ਚ ਹਰ ਵਰਗ ਦੇ ਲੋਕਾਂ ਨੇ ਯਥਾਯੋਗ ਹਿੱਸਾ ਪਾਇਆ ਹੈ ਅਤੇ ਉਨ੍ਹਾਂ ਦੀ ਸ਼ਮੂਲੀਅਤ ਨਾਲ ਹੀ ਕੰਮ ਸਿਰੇ ਚੜ੍ਹੇ ਹਨ।
ਭਾਵੇਂ ਕਿ ਇਸ ਪਿੰਡ ‘ਚ ਹਰ ਰਾਜਨੀਤਕ ਪਾਰਟੀ ਦੇ ਲੋਕ ਵਸਦੇ ਹਨ, ਪਰ ਪਿੰਡ ਦੇ ਵਿਕਾਸ ਦੇ ਕੀਤੇ ਜਾ ਰਹੇ ਕੰਮਾਂ ‘ਚ ਕੋਈ ਵੀ ਬਿਨ੍ਹਾਂ ਕਾਰਨ ਅੜਿੱਕਾ ਨਹੀਂ ਬਣਦਾ ।
ਫਗਵਾੜਾ
ਮੋਬਾ- 98158-02070



0 comments:
Speak up your mind
Tell us what you're thinking... !