ਦੋਗਾਣਾ ਗਾਇਕੀ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ।ਪੰਜਾਬੀ ਰਿਸ਼ਤਾ-ਨਾਤਾ ਪ੍ਰਣਾਲੀ ਦੇ ਕੁੱਝ ਲੁੱਕਵੇਂ ਭੇਤਾਂ ਨੂੰ ਜਿਸ ਹੱਦ ਤੱਕ ਦੋਗਾਣਾ ਗਾਇਕੀ ਪੇਸ਼ ਕਰ ਜਾਂਦੀ ਹੈ ਉਸ ਨੂੰ ਕੋਈ ਹੋਰ ਗਾਇਨ-ਸ਼ੈਲੀ ਨਹੀਂ ਕਰ ਸਕਦੀ।ਆਪਣੀ ਇਸ ਵਿਲੱਖਣ ਪੇਸ਼ਕਾਰੀ ਸਦਕਾ ਹੀ ਦੋਗਾਣਾ ਗਾਇਕੀ ਸ੍ਰੋਤਿਆਂ/ਦਰਸ਼ਕਾਂ(ਖਾਸ ਕਰਕੇ ਪੇਂਡੂ ਤਬੀਅਤ ਵਾਲਿਆਂ) ਦੀ ਪ੍ਰਥਮ ਤਰਜ਼ੀਹ ਬਣਦੀ ਆ ਰਹੀ ਹੈ।
ਅਜੋਕੇ ਸਮੇਂ ਨਵੀਂ ਪੀੜ੍ਹੀ ਦੀਆਂ ਕੁਝ ਗਾਇਕ ਜੋੜੀਆਂ ਵੀ ਸ੍ਰੋਤਿਆਂ/ਦਰਸ਼ਕਾਂ ਦੀ ਇਸ ਰੁਚੀ ਨੂੰ ਕੈਸ਼ ਕਰ ਰਹੀਆਂ ਹਨ।ਇਥੇ ਹੀ ਬੱਸ ਨਹੀਂ ਇਸ ਰੁਝਾਨ ਦਾ ਕੁੱਝ ਟੀ.ਵੀ ਚੈਨਲਾਂ ਵਾਲੇ ਵੀ ਭਰਪੂਰ ਲਾਹਾ ਲੈ ਰਹੇ ਹਨ।
ਵਿਗਿਆਨ ਅਤੇ ਤਕਨੀਕ ਵਿਚ ਆਈ ਇਨਕਲਾਬੀ ਤਬਦੀਲੀ ਕਾਰਨ ਅਤੇ ਮੀਡੀਏ ਦੀ ਪ੍ਰਸਾਰਤਾ ਸ਼ਕਤੀ ਦੇ ਵੱਧ ਜਾਣ ਕਾਰਨ ਅੱਜਕੱਲ੍ਹ ਹਰੇਕ ਕਿਸਮ ਦੀ ਗਾਇਕੀ ਆਮ ਲੋਕਾਂ ਦੇ ਡਰਾਇੰਗ/ਬੈੱਡ ਰੂਮਾਂ ਤੱਕ ਪ੍ਰਵੇਸ਼ ਕਰ ਗਈ ਹੈ।ਪਰ ਕੋਈ ਸਮਾਂ ਸੀ ਜਦੋਂ ਇਹ ਗਾਇਕੀ ਖੁਸ਼ੀਆਂ-ਖੇੜਿਆਂ ਮੌਕੇ ਲੱਗਣ ਵਾਲਿਆਂ ਅਖਾੜਿਆਂ ਜਾਂ ਤਵਿਆਂ ਵਿੱਚ ਕੈਦ ਕੀਤੀ ਗਈ ਆਵਾਜ਼ ਤੱਕ ਹੀ ਸੀਮਤ ਹੁੰਦੀ ਸੀ।ਗਾਇਕੀ ਦਾ ਇਹ ਵਿਧੀ- ਵਿਧਾਨ ਕਿਸੇ ਗਾਇਕ ਕਲਾਕਰ ਦੀ ਕਲਾ ਦੀ ਪਰਖ ਦੀ ਕਸਵੱਟੀ ਵੀ ਹੋਇਆ ਕਰਦਾ ਸੀ।ਇਸ ਕਸਵੱਟੀ ਉਪਰ ਖ਼ਰਾ ਉਤਰਨ ਵਾਲਾ ਗਾਇਕ ਹੀ ਸੁਣਨ/ਦੇਖਣ ਵਾਲਿਆਂ ਮਨ ਨੂੰ ਭਾਉਂਦਾ ਸੀ।ਇਨ੍ਹਾਂ ਮਨ ਭਾਉਂਦੇ ਲੋਕ-ਗਇਕਾਂ ਵਿੱਚ ਹੀ ਸ਼ਾਮਿਲ ਹੈ ਦੋਗਾਣਾ-ਗਾਇਕੀ ਦੇ ਸ਼ਾਹ ਸਵਾਰ ਬਖਤੜੀ ਪਿੰਡ ਵਾਲੇ ਹਾਕਮ ਸ਼ੋਕੀਨ ਦਾ ਨਾਮ।
ਜ਼ਿਲ੍ਹਾ ਸੰਗਰੂਰ ਦੇ ਇੱਕ ਛੋਟੇ ਜਿਹੇ ਪਿੰਡ ਬਖਤੜੀ ਵਿੱਚ ਪੈਦਾ ਹੋਇਆ ਹਾਕਮ ਆਪਣੀ ਸਾਥਣ ਗਾਇਕਾ(ਪਤਨੀ)ਦਲਜੀਤ ਕੌਰ ਨਾਲ ਪਿੱਛਲੇ ਚਾਰ ਦਹਾਕਿਆਂ ਤੋਂ ਦੋਗਾਣਾ ਗਾਇਕੀ ਦੇ ਮੈਦਾਨ ਵਿੱਚ ਝੰਡਾ ਗੱਡੀ ਬੈਠਾ ਹੈ।ਉਮਰ ਦਾ ਪ੍ਰਛਾਵਾਂ ਭਾਵੇਂ ਕੁਝ ਢਲ ਗਿਆ ਹੈ ਪਰ ਗਾਇਕੀ ਵਿਚ ਉਸ ਦੀ ਚੜ੍ਹਤ ਅਜੇ ਕਾਇਮ ਹੈ।ਇਸ ਕਾਇਮੀ ਪਿੱਛੇ ਉਸ ਦੀ ਸਖਤ ਮਿਹਨਤ(ਰਿਆਜ਼ ਦੇ ਰੂਪ ਵਿੱਚ)ਅਤੇ ਲਗਨ ਖੜ੍ਹੀ ਹੋਈ ਹੈ।
ਹਾਕਮ ਬਖਤੜੀਵਾਲਾ ਮੂਲ ਰੂਪ ਵਿਚ ਇੱਕ ਗੀਤਕਾਰ ਹੈ । ਗੀਤਕਾਰੀ ਪੱਖੋਂ ਵੀ ਉਹ ਕਿਸੇ ਦੀ ਨੂੰਹ-ਧੀ ਨਾਲੋਂ ਘੱਟ ਨਹੀਂ।ਉਸ ਦਾ ਲਿਖਿਆ ਪਹਿਲਾ ਦੋਗਾਣਾ ‘ਦੇਖੀ ਬੁੜੇ ਦੇ ਗੁਣ ਨੀ’ ਆਪਣੇ ਸਮਿਆਂ ਦੀ ਚਰਚਿਤ ਗਾਇਕ-ਜੋੜੀ ਕਰਤਾਰ ਰਮਲਾ ਅਤੇ ਸੁਖਵੰਤ ਕੌਰ ਸੁੱਖੀ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ।ਇਹ ਦੋਗਾਣਾ ਜਦੋਂ ਦੋ ਮੰਜਿਆਂ ਵਾਲੇ ਸਪੀਕਰਾਂ ਰਾਹੀਂ ਸ੍ਰੋਤਿਆਂ ਦੇ ਕੰਨਾਂ ਤੱਕ ਪਹੁੰਚਿਆ ਤਾਂ ਹਾਕਮ ਬਖਤੜੀਵਾਲਾ ਗੀਤਕਾਰਾਂ ਦੀ ਪਹਿਲੀ ਕਤਾਰ ਵਿੱਚ ਆ ਗਿਆ।ਹਾਕਮ ਨੇ ਸਮਾਜ ਦੇ ਰਿਸ਼ਤਾ-ਨਾਤਾ ਪ੍ਰਬੰਧ ਦੀ ਤਰਜ਼ਮਾਨੀ ਕਰਨ ਵਾਲੇ ਅਨੇਕਾਂ ਦੋਗਾਣੇ ਲਿਖੇ/ਗਾਏ ਹਨ ਪਰ ਉਸ ਦੇ ਲੋਕ-ਤੱਥਾਂ/ਸਚਾਈਆਂ ਨੂੰ ਬਿਆਨ ਕਰਨ ਵਾਲੇ ਗੀਤ/ਦੋਗਾਣੇ ਉਸ ਦਾ ਵਿਸ਼ੇਸ਼ ਹਾਸਲ ਕਿਹਾ ਜਾ ਸਕਦਾ ਹੈ।ਉਸ ਦੇ ਗੀਤਾਂ ਵਿਚਲੀਆਂ ਤਸ਼ਬੀਹਾਂ ਕਾਬਲ-ਏ-ਤਰੀਫ਼ ਹੁੰਦੀਆਂ ਹਨ।
ਜੇਕਰ ਹਾਕਮ ਬਖਤੜੀਵਾਲੇ ਦੀ ਗਾਇਕੀ ਦੀ ਗੱਲ ਕਰੀਏ ਤਾਂ ਇਸ ਪਿੜ ਵਿੱਚ ਉਸ ਦਾ ਪ੍ਰਵੇਸ਼ ਇੱਕ ਸਾਂਝੇ ਕਲਾਕਾਰਾਂ ਦੇ ਐਲ.ਪੀ ਰਿਕਾਰਡ ਰਾਹੀਂ ਹੁੰਦਾ ਹੈ।ਇਸ ਰਿਕਾਰਡ ਵਿੱਚ ਉਸ ਦੇ ਅਤੇ ਦਲਜੀਤ ਕੌਰ ਦੇ ਗਾਏ ਹੋਏ ਚਾਰ ਦੋਗਾਣੇ ਸਨ।ਇਨ੍ਹਾਂ ਦੋਗਾਣਿਆਂ ਵਿੱਚ ਡਰਾਇਵਰ ਭਾਈਚਾਰੇ ਦੀ ਇਖ਼ਲਾਕੀ ਉੱਚਤਾ ਦੀ ਗੱਲ ਕਰਨ ਵਾਲਾ ਇੱਕ ਦੋਗਾਣਾ ਸੀ ‘ਗੱਡੀ ਉਪਰੀ ਚਲਾਉਣੀ ਛੱਡ ਤੀ ਮੈਂ ਜਦੋਂ ਦਾ ਟਰੱਕ ਲੈ ਲਿਆ’।ਇਸ ਦੋਗਾਣੇ ਨੇ ਹਾਕਮ ਨੂੰ ਜਿੱਥੇ ਇੱਕ ਨਿਵੇਕਲੀ ਪਹਿਚਾਣ ਦਿੱਤੀ ਉਥੇ ਉਸ ਨੂੰ ਸਟਾਰ ਕਲਾਕਾਰਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ।ਇਸ ਤੋਂ ਬਾਅਦ ਬਖਤੜੀਵਾਲੇ ਨੇ ਅੱਜ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ।ਉਸ ਨੇ ਬੇਅੰਤ ਕੈਸਟਾਂ, ਸੀ.ਡੀਜ਼ ਅਤੇ ਡੀ.ਵੀ.ਡੀਜ਼ ਦੋਗਾਣਾ ਗਾਇਕੀ ਦੇ ਸ਼ੌਕੀਨਾਂ ਦੀ ਨਜ਼ਰ ਕੀਤੀਆਂ ਹਨ ਜਿਨ੍ਹਾਂ ਨੂੰ ਸ੍ਰੋਤਿਆਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।
ਇੱਕ ਵਧੀਆ ਗਾਇਕ ਅਤੇ ਗੀਤਕਾਰ ਹੋਣ ਦੇ ਨਾਲ-ਨਾਲ ਹਾਕਮ ਇੱਕ ਸਮਾਜ-ਸੇਵੀ ਵੀ ਹੈ।ਇਸ ਤੋਂ ਵੱਧ ਕੇ ਉਹ ਯਾਰਾਂ ਦਾ ਯਾਰ ਵੀ ਹੈ।ਕਲਾਕਾਰਾਂ ਦੇ ਕਲਿਆਣ ਹਿੱਤ ਉਸ ਨੇ ਇੱਕ ਮੰਚ ਵੀ ਬਣਾਇਆ ਹੋਇਆ ਹੈ ਜਿਸ ਦਾ ਉਹ ਸਰਬਰਾਹ ਵੀ ਹੈ।ਹਾਉਮੈ ਤੋਂ ਰਹਿਤ ਹੋਣ ਕਰਕੇ ਉਸ ਨੂੰ ਚਾਹੁਣ ਵਾਲਿਆਂ ਦੀ ਤਦਾਦ ਕਾਫੀ ਵੱਡੀ ਹੈ ਜਿਸ ਵਿੱਚ ਇਨ੍ਹਾਂ ਸਤਰਾਂ ਦਾ ਲੇਖਕ ਵੀ ਸ਼ਾਮਿਲ ਹੈ। -

0 comments:
Speak up your mind
Tell us what you're thinking... !