Headlines News :
Home » » ਚਸਕਾ ਫੋਟੋ ਛਪਵਾਉਣ ਦਾ-ਸੰਦੀਪ ਜੈਤੋਈ

ਚਸਕਾ ਫੋਟੋ ਛਪਵਾਉਣ ਦਾ-ਸੰਦੀਪ ਜੈਤੋਈ

Written By Unknown on Monday, 8 July 2013 | 07:38

ਫੋਟੋ ਖਿੱਚਣਾ ਤੇ ਖਿਚਵਾਉਣਾ ਵੀ ਇੱਕ ਕਲਾ ਹੈ। ਇੱਕ ਫੋਟੋਗ੍ਰਾਫਰ ਬੜੀ ਮਿਹਨਤ ਨਾਲ ਕੁਝ ਖ਼ਾਸ ਤਸਵੀਰਾਂ ਖਿੱਚਦਾ ਹੈ ਤੇ ਫੋਟੋ ਖਿਚਵਾਉਣ ਦੇ ਚਸਕਾਲੂ ਵੀ ਬੜੀ ਮੁਸ਼ਕਿਲ ਨਾਲ ਫੋਟੋ ਖਿਚਵਾਉਣ ’ਚ ਸਫਲ ਹੁੰਦੇ ਹਨ। ਕੁਝ ਸਮਾਂ ਪਹਿਲਾਂ ਲੋਕ ਵਿਆਹਾਂ ’ਚ ਆਪਣੀ ਮੂਵੀ ਬਨਵਾਉਣ ਤੇ ਫੋਟੋ ਖਿਚਵਾਉਣ ਲਈ ਹੀ ਕਾਹਲੇ ਰਹਿੰਦੇ ਸਨ। ਵਿਆਹ ਚਾਹੇ ਕਿਸੇ ਦਾ ਵੀ ਹੋਵੇ, ਲੋਕ ਆਪਣੀ ਮੂਵੀ ਬਨਵਾਉਣ ਤੇ ਫੋਟੋ ਖਿਚਵਾਉਣ ਲਈ ਬਿਨ ਬੁਲਾਏ ਹੀ ਲੋਕਾਂ ਦੇ ਵਿਆਹਾਂ ’ਚ ਚਲੇ ਜਾਂਦੇ ਸਨ।
ਅੱਜ ਦੇ ਸਮੇਂ ’ਚ ਫੋਟੋਆਂ ਖਿਚਵਾਉਣ ਤੇ ਅਖ਼ਬਾਰਾਂ ’ਚ ਛਪਵਾਉਣ ਦਾ ਚਸਕਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਰਸੂਖਦਾਰ ਤੇ ਨੇਤਾ ਛੋਟੇ ਤੋਂ ਛੋਟੇ ਪ੍ਰੋਗਰਾਮਾਂ ’ਚ ਜਾ ਕੇ ਫੋਟੋਆਂ ਖਿੱਚ ਕੇ ਅਖ਼ਬਾਰਾਂ ’ਚ ਛਪਣ ਲਈ ਭਿਜਵਾ ਦਿੰਦੇ ਹਨ, ਚਾਹੇ ਉਨ੍ਹਾਂ ਦਾ ਉਸ ਪ੍ਰੋਗਰਾਮ ’ਚ ਕੋਈ ਯੋਗਦਾਨ ਹੋਵੇ ਜਾਂ ਨਾ ਪਰ ਫੋਟੋ ਆਪਣੀ ਹੀ ਭਿਜਵਾਉਂਦੇ ਹਨ। ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ਵੀ ਵਿਚਾਰਆਪਣੀਆਂ ਫੋਟੋਆਂ ਅਖ਼ਬਾਰਾਂ ਨੂੰ ਭੇਜ ਦਿੰਦੇ ਹਨ, ਕਿ ਅਸੀਂ ਫਲ੍ਹਾਣੇ ਦੇ ਭੋਗ ਤੇ ਸੋਗ ਵਿਅਕਤ ਕਰਕੇ ਆਏ ਹਾਂ। ਇਹ ਭਲੇ ਮਾਣਸ ਕਦੇ ਇਹ ਨਹੀਂ ਸੋਚਦੇ ਹੋਣੇ ਕਿ ਜਿਨ੍ਹਾਂ ਦਾ ਕੋਈ ਮਰ ਗਿਆ ਉਨ੍ਹਾਂ ’ਤੇ ਕੀ ਬੀਤ ਰਹੀ ਹੈ, ਬਸ ਆਪਣੀ ਵਾਹ-ਵਾਹੀ ਲਈ ਮਰਗ ਤੇ ਭੋਗ ਦੀਆਂ ਫੋਟੋਆਂ ਵੀ ਅਖ਼ਬਾਰਾਂ ਨੂੰ ਭੇਜੀ ਜਾਂਦੇ ਨੇ। ਕਈ ਵਾਰ ਤਾਂ ਇਹ ਫੋਟੋ ਖਿਚਵਾਉਣ ਦੇ ਚਸਕਾਲੂ ਸਿਰੋਪਾਓ ਵੀ ਆਪਣੇ ਵੱਲੋਂ ਦੇ ਦਿੰਦੇ ਹਨ ਤੇ ਕਹਿੰਦੇ ਹਨ ਕਿ ਜਦ ਅਸੀਂ ਆਵਾਂਗੇ ਤੁਸੀਂ ਸਾਨੂੰ ਸਿਰੋਪਾਓ ਭੇਂਟ ਕਰ ਦਿਓ। ਇਸ ਨਾਲ ਤੁਹਾਡੀ ਫੋਟੋ ਵੀ ਛਪ ਜਾਊ ਤੇ ਸਾਡੀ ਵੀ।
ਕਈ ਵਾਰ ਅਖ਼ਬਾਰਾਂ ’ਚ ਛਪੀਆਂ ਫੋਟੋਆਂ ਵੇਖ ਕੇ ਅਚੰਭਾ ਹੁੰਦਾ ਹੈ ਕਿ ਖੂਨਦਾਨ ਕੈਂਪ ’ਚ ਖੂਨਦਾਨੀ ਇੱਕ ਦੋ ਹੁੰਦੇ ਹਨ ਤੇ ਫੋਟੋ ਖਿਚਵਾਉਣ ਵਾਲੇ ਪੱਚੀ (25) ਜਣੇ ਖੜ੍ਹੇ ਹੁੰਦੇ ਨੇ। ਕਈ ਲੋਕ ਤਾਂ ਆਪਣੀ ਫੋਟੋ ਖਿਚਵਾਉਣ ਲਈ ਹੀ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹਨ, ਜਿਨ੍ਹਾਂ ਕਰਕੇ ਉਨ੍ਹਾਂ ਦੀ ਫੋਟੋ ਅਖ਼ਬਾਰਾਂ ’ਚ ਛਪ ਜਾਵੇ। ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਤੇ ਲੰਗਰ ਤਾਂ ਪਹਿਲਾਂ ਵੀ ਲੱਗਦੇ ਸਨ ਪਰ ਹੁਣ ਇਨ੍ਹਾਂ ਛਬੀਲਾਂ ’ਤੇ ਵੀ ਰਸੂਖਦਾਰ ਤੇ ਨੇਤਾ ਸੇਵਾਦਾਰ ਬਣ ਕੇ ਫੋਟੋਆਂ ਖਿਚਵਾ ਕੇ ਅਖ਼ਬਾਰਾਂ ਨੂੰ ਭੇਜ ਦਿੰਦੇ ਹਨ। ਖੂਨਦਾਨ ਕੈਂਪ ਦੀਆਂ ਫੋਟੋਆਂ ਅਖ਼ਬਾਰਾਂ ’ਚ ਛਪੀਆਂ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ, ਨਾ ਤਾਂ ਕਿਉਂਕਿ ਖੂਨਦਾਨੀ ਜਿਸ ਤਰ੍ਹਾਂ ਪਿਆ ਹੁੰਦਾ ਹੈ ਉਸਨੂੰ ਵੇਖ ਕੇ ਇਹ ਨਹੀਂ ਲੱਗਦਾ ਕਿ ਇਹ ਖੂਨਦਾਨ ਕਰ ਰਿਹਾ ਹੈ।
ਕੁਝ ਸਮਾਂ ਪਹਿਲਾਂ ਫਿਲਮਾਂ ਦੀ ਪ੍ਰਮੋਸ਼ਨ ਨਹੀਂ ਕੀਤੀ ਜਾਂਦੀ ਸੀ ਪਰ ਅੱਜ ਦੇ ਸਮੇਂ ’ਚ ਕੀ ਬਾਲੀਵੁੱਡ ਤੇ ਕੀ ਪਾਲੀਵੁੱਡ ਲਗਪਗ ਹਰ ਫਿਲਮ ਦਾ ਪ੍ਰਮੋਸ਼ਨ ਕਰਨਾ ਜ਼ਰੂਰੀ ਹੋ ਗਿਆ ਹੈ। ਆਪਣੀ ਫਿਲਮ ਨੂੰ ਹਿੱਟ ਕਰਵਾਉਣ ਲਈ ਕਲਾਕਾਰ ਛੋਟੇ ਸ਼ਹਿਰਾਂ ਤੱਕ ਵੀ ਪੁੱਜ ਜਾਂਦੇ ਹਨ। ਫਿਲਮ ਦੀ ਮਸ਼ਹੂਰੀ ਕਰਨ ਤੋਂ ਬਾਅਦ ਇਨ੍ਹਾਂ ਕਲਾਕਾਰਾਂ ਨਾਲ ਫੋਟੋ ਖਿਚਵਾਉਣ ਵਾਲਿਆਂ ਦੀ ਲਾਈਨ ਕਾਫੀ ਵੱਡੀ ਹੁੰਦੀ ਹੈ। ਇਨ੍ਹਾਂ ਕਲਾਕਾਰਾਂ ਨਾਲ ਫੋਟੋ ਖਿਚਵਾਉਣ ਦੇ ਚਸਕਾਲੂਆਂ ਨਾਲ ਜਿਹੜੀ ਕੁੱਤੇ ਖਾਣੀ ਹੁੰਦੀ ਹੈ ਉਹ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਬਣਦੀ ਹੈ। ਕਲਾਕਾਰਾਂ ਨਾਲ ਫੋਟੋ ਖਿਚਵਾਉਣ ਦੇ ਚਸਕਾਲੂਆਂ ਨੂੰ ਕਈ ਵਾਰ ਛਿੱਤਰ ਵੀ ਖਾਣੇ ਪੈਂਦੇ ਹਨ ਪਰ ਫਿਰ ਵੀ ਇਹ ਚਸਕਾਲੂ ਹਟਦੇ ਹੀ ਨਹੀਂ। ਕਈ ਵਾਰ ਇਨ੍ਹਾਂ ਨੂੰ ਬਦਸਲੂਕੀ ਕਰਨ ਦੇ ਦੋਸ਼ ’ਚ ਥਾਣਿਆਂ ਦਾ ਸਫਰ ਵੀ ਤੈਅ ਕਰਨਾ ਪੈਂਦਾ ਹੈ।
ਅੱਜ ਦੇ ਸਮੇਂ ’ਚ ਚਾਹੇ ਕਿਤੇ ਲੰਗਰ ਲੱਗਾ ਹੋਵੇ, ਕਿਸੇ ਦਾ ਭੋਗ ਹੋਵੇ, ਕੋਈ ਧਾਰਮੀਕ ਸਮਾਗਮ ਹੋਵੇ, ਕੋਈ ਕੈਂਪ ਲੱਗਾ ਹੋਵੇ, ਕਿਤੇ ਜਗਰਾਤਾ ਹੋਵੇ, ਰਸੂਖਦਾਰ ਤੇ ਨੇਤਾ ਓਥੇ ਜ਼ਰੂਰ ਮਿਲਦੇ ਹਨ, ਇੱਕ ਤਾਂ ਲੋਕ ਇਨ੍ਹਾਂ ਨੂੰ ਇਸ ਲਈ ਬੁਲਾ ਲੈਂਦੇ ਹਨ ਕਿ ਜਾਂਦੇ ਹੋਏ ਇਹ ਕੁਝ ਤਾਂ ਦੇ ਕੇ ਹੀ ਜਾਣਗੇ ਤੇ ਦੂਜਾ ਇਹ ਆਪ ਵੀ ਆਪਣੀ ਵਾਹ-ਵਾਹੀ ਤੇ ਫੋਟੋ ਛਪਵਾਉਣ ਲਈ ਪੁੱਜ ਹੀ ਜਾਂਦੇ ਹਨ ਤੇ ਆਪਣੀਆਂ ਫੋਟੋਆਂ ਛਪਵਾਉਣ ਲਈ ਅਖ਼ਬਾਰਾਂ ਨੂੰ ਪਰੇਸ਼ਾਨ ਕਰਦੇ ਹਨ। ਇਨ੍ਹਾਂ ਮਤਲਬ ਪ੍ਰਸਤ ਲੋਕਾਂ ਨੂੰ ਕਿਸੇ ਧਰਮ ਕਰਮ ਨਾਲ ਕੋਈ ਮਤਲਬ ਨਹੀਂ ਮਤਲਬ ਹੈ ਤਾਂ ਸਿਰਫ ਤੇ ਸਿਰਫ ਆਪਣੀ ਫੋਟੋ ਛਪਵਾਉਣ ਦਾ।

ਸੰਦੀਪ ਜੈਤੋਈ
81465-73901

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template