Headlines News :
Home » » ਸੁਰੱਖਿਆ ਪੱਖੋਂ ਅਜੇ ਵੀ ਅਵੇਸਲੀ ਹੈ ਸਾਡੀ ਰੇਲ ਪ੍ਰਣਾਲੀ - ਧਰਮਿੰਦਰ ਸਿੰਘ ਵੜ੍ਹੈਚ (ਚੱਬਾ)

ਸੁਰੱਖਿਆ ਪੱਖੋਂ ਅਜੇ ਵੀ ਅਵੇਸਲੀ ਹੈ ਸਾਡੀ ਰੇਲ ਪ੍ਰਣਾਲੀ - ਧਰਮਿੰਦਰ ਸਿੰਘ ਵੜ੍ਹੈਚ (ਚੱਬਾ)

Written By Unknown on Saturday, 31 August 2013 | 06:58

ਬੀਤੇਂ ਸੋਮਵਾਰ 19-8-13 ਨੂੰ ਬਿਹਾਰ ਵਿੱਚ ਖਗਾੜੀਆ ਜ਼ਿਲ੍ਹੇ ਵਿੱਚ ਧਮਾਰਾ ਘਾਟ ਸਟੇਸ਼ਨ ਤੇ ਰਾਜਯਰਾਣੀ ਐਕਸਪ੍ਰੈਸ ਟ੍ਰੇਨ ਨੰ: 12567 ਨਾਲ ਸੋਮਵਾਰ ਸਵੇਰੇ ਅੱਠ ਵਜੇ ਇੱਕ ਹੋਰ ਭਿਆਨਕ ਰੇਲ ਹਾਦਸਾ ਵਾਪਰਿਆ। ਜਿਸ ਵਿੱਚ 35 ਤੋਂ 40 ਦੇ ਦਰਮਿਆਨ ਸ਼ਿਵ ਭਗਤਾਂ ਦੀ ਮੌਤ ਹੋ ਗਈ ਤੇ ਤਕਰੀਬਨ 100 ਤੋਂ ਜ਼ਿਆਦਾ ਦੇ ਜ਼ਖਮੀ ਹੋਣ ਦਾ ਦੁੱਖਦ ਸਮਾਚਾਰ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਕਿਉਂਕਿ ਹਰ ਸਾਲ ਸਾਉਣ ਮਹੀਨੇ ਦੇ ਹਰ ਸੋਮਵਾਰ ਖਗੜੀਆਂ ਦੇ ਕਾਤਿਆਨੀ ਵਿੱਚ ਬੜਾ ਭਾਰੀ ਮੇਲਾ ਲੱਗਦਾ ਹੈ। ਬਹੁਤ ਭਾਰੀ ਇੱਕਠ ਵਿੱਚ ਸ਼ਰਧਾਲੂ  ਸੋਮਵਾਰ ਸਵੇਰੇ ਅੱਠ ਵਜ਼ੇ ਸਮਸਤੀਪੁਰ ਸਹਰਸਾ ਪੈਸੇਂਜ਼ਰ ਤੋਂ ਧਮਾਰਾ ਘਾਟ ਸਟੇਸ਼ਨ  ਤੇ ਰੇਲਵੇ ਟਰੈਕ ਪਾਰ ਕਰਨ ਲੱਗਿਆਂ ਦੂਜੀ ਸਾਈਡ ਤੋਂ ਆ ਰਹੀ ਰਾਜਯਰਾਣੀ ਐਕਸਪ੍ਰੈਸ ਨੇ ਬਿਨ੍ਹਾਂ ਰੁਕਿਆਂ ਉਸ ਟਰੈਕ ਤੋਂ ਗੁਜ਼ਰਨਾ ਸੀ ਜੋ ਤਕਰੀਬਨ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਆ ਰਹੀ ਸੀ ਜੋ ਟਰੈਕ ਤੋਂ ਲੰਘ ਰਹੇ ਕਾਂਵੜੀਆਂ ਨੂੰ ਦਰੜਦੀ ਹੋਈ ਐਮਰਜੈਂਸੀ ਬਰੇਕ ਲਾਉਣ ਦੇ ਬਾਵਜੂਦ ਵੀ ਕਈਆਂ ਦੀ ਜਾਨ ਲੈ ਗਈ। ਉ ੱਥੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਸਟੇਸ਼ਨ ਤੇ ਨਾ ਤਾਂ ਗੱਡੀ ਦੇ ਆਉਣ ਦੀ ਅਨਾਊਂਸਮੈਂਟ ਹੀ ਹੋਈ ਤੇ ਨਾ ਹੀ ਗੱਡੀ ਦੇ ਡਰਾਈਵਰ ਵੱਲੋਂ ਹਾਰਨ ਵਜਾਇਆ ਗਿਆ। ਨਹੀ ਤਾਂ ਇਹ ਜਾਨਾਂ ਬਚ ਸਕਦੀਆਂ ਸਨ। ਭੜਕੀ ਹੋਈ ਜਨਤਾ ਨੇ ਕਈ ਗੱਡੀਆਂ  ਨੂੰ ਅੱਗ ਦੇ ਹਵਾਲੇ ਕਰ ਦਿੱਤਾ ਤੇ ਦੋਵੇਂ ਡਰਾਈਵਰਾਂ  ਰਾਜਾਰਾਮ ਪਾਸਵਾਨ ਤੇ ਸੁਸ਼ੀਲ ਕੁਮਾਰ ਨਾਲ ਕੁੱਟਮਾਰ ਕੀਤੀ। ਅਧਮੋਏ ਹੋਏ ਦੋਵੇਂ ਡਰਾਈਵਰ ਲਾਪਤਾ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮ੍ਰਿਤਕਾਂ ਦੇ ਪ੍ਰੀਵਾਰਾਂ ਨੂੰ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਜੋ ਸ਼ਾਇਦ ਐਲਾਨ ਤੱਕ ਹੀ ਸੀਮਿਤ ਰਹਿ ਜਾਵੇ।ਉ ੱਥੇ ਮੌਜੂਦ ਜਨਤਾ ਦੇ ਕਹਿਣ ਮੁਤਾਬਿਕ ਅਗਰ  ਸੁਰੱਖਿਆ ਦੇ ਮੱਦੇ ਨਜ਼ਰ ਅਗਰ ਜੇ ਵੇਖਿਆ ਜਾਵੇ ਤਾਂ ਇਹ ਹਾਦਸਾ ਵੀ ਰੇਲਵੇ ਕਰਮਚਾਰੀਆਂ ਦੀ ਲਾਪ੍ਰਵਾਹੀ ਦਾ ਹੀ ਸਿੱਟਾ ਮੰਨਿਆ ਜਾ ਰਿਹਾ ਹੈ। ਦੂਜੇ  ਪਾਸੇ ਕਿਹਾ ਜਾ ਰਿਹਾ ਹੈ ਕਿ ਰਾਜਯਰਾਣੀ ਐਕਸਪ੍ਰੈਸ ਨੇ ਬਿਨ੍ਹਾਂ ਰੁਕਿਆਂ ਗੁਜ਼ਰਨਾ ਸੀ, ਇਸ ਲਈ ਕਾਂਵੜੀਆਂ ਨੇ ਟਰੈਕ ਤੇ ਖਲੋ ਕੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ, ਇਸ ਲਈ ਇਹ ਭਿਆਨਕ ਹਾਦਸਾ ਵਾਪਰ ਗਿਆ। ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।। ਜੇ ਗੱਲ ਕਰੀਏ ਹਾਦਸਿਆ ਦੀ ਤਾਂ 1 ਜਨਵਰੀ ਨੂੰ ਟਾਡਾਂ ਵਿੱਚ ਮਨੁੱਖ ਰਹਿਤ ਫਾਟਕ ਤੇ ਰੇਲ ਕਾਰ ਵਿਚਾਲੇ ਟੱਕਰ ਹੋ ਜਾਣ ਨਾਲ 2 ਵਿਆਕਤੀਆਂ ਦੀ ਮੌਤ ਹੋ ਗਈ ਸੀ। 20 ਮਾਰਚ ਨੂੰ ਯੂ.ਪੀ ਦੇ ਮਹਾਂਮਾਇਆ ਨਗਰ ਵਿੱਚ ਇੱਕ ਟੈਕਸੀ ਕੁਚਲੇ ਜਾਣ ਨਾਲ 15 ਵਿਆਕਤੀ ਮਾਰੇ ਗਏ ਸਨ। 30 ਜੁਲਾਈ ਨੂੰ ਸਵੇਰੇ 7.10 ਮਿੰਟ ਤੇ ਬਿਆਸ ਗੌਇੰਦਵਾਲ ਸਾਹਿਬ ਨੂੰ ਜਾਂਦੀ ਰੇਲਵੇ ਲਾਈਨ ਤੇ ਬਾਬਾ ਬਕਾਲਾ ਨੇੜੇ ਸਕੂਲ ਵੈਨ ਨਾਲ ਟੱਕਰ ਹੋ ਜਾਣ ਕਾਰਨ 4 ਬੱਚਿਆਂ ਦੀ ਮੌਤ ਤੇ 19 ਦੇ ਜਖਮੀ ਹੋ ਜਾਣ ਦਾ ਭਿਆਨਕ ਸਮਾਚਾਰ ਸੀ। 30 ਜੁਲਾਈ ਨੂੰ ਹੀ ਇੱਕ ਹੋਰ ਭਿਆਨਕ ਰੇਲ ਹਾਦਸਾ 12622 ਅੱਪ ਤਾਮਿਲਨਾਡੂ ਐਕਸਪ੍ਰੈਸ ਦੇ ਡੱਬੇ ਵਿੱਚ 4.14  ਵਜੇ ਸਵੇਰੇ ਸ਼ਾਟ ਸਰਕਟ ਨਾਲ ਅੱਗ ਲੱਗਣ ਕਾਰਨ ਹੋਇਆ। ਜਿਸ ਵਿੱਚ 45 ਲੋਕ ਅੱਗ ਵਿੱਚ ਸੜ ਗਏ ਸਨ। ਇੰਨ੍ਹਾਂ ਵਿੱਚੋਂ ਕਈ ਮੁਸਾਫਿਰਾਂ ਦੀ ਮੌਤ ਹੋ ਗਈ ਤੇ ਕਈ ਜਖਮੀ ਹੋ ਗਏ। ਇੱਕ ਹੋਰ ਰੇਲ ਹਾਦਸਾ ਜੋ ਰੇਲ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਵਾਪਰਿਆ। 9 ਦਸੰਬਰ ਦੇਰ ਸ਼ਾਮ ਨੂੰ ਝਿੰਗੜ ਕਲਾਂ ਰੇਲਵੇ ਫਾਟਕ ਏ-82 ‘ਤੇ ਡੀ.ਐੱਮ.ਯੂ ਦੀ ਲਪੇਟ ‘ਚ ਅਸਟੀਮ ਕਾਰ ਦੇ ਆਉਣ ਦਾ ਕਾਰਣ ਰੇਲਵੇ ਵਿਭਾਗ ਨੂੰ ਹੀ ਮੰਨਿਆ ਜਾਂਦਾ ਹੈ। ਫਾਟਕ ਖੁੱਲਾ ਰਹਿਣ ਕਾਰਣ ਰੇਲ ਗੱਡੀ ਦਾ ਡਰਾਈਵਰ ਸੁਰਿੰਦਰ ਸਿੰਘ ਦੋਸ਼ ਫਾਟਕਮੈਨ ਸਰਦਾਰ ਮਸੀਹ ਦੇ ਮੱਥੇ ਮੜ ਰਿਹਾ ਹੈ। ਅੱਗੋਂ ਫਾਟਕਮੈਨ ਆਪਣੀ ਸਫਾਈ ਰੇਲ ਗੱਡੀ ਦੇ ਆਉਣ ਦਾ ਸੰਦੇਸ਼ ਨਹੀ ਮਿਲਿਆ ਕਹਿ ਕੇ ਦੇ ਰਿਹਾ ਹੈ। ਭਾਰਤ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਰੇਲ ਨੈ ੱਟਵਰਕ ਹੈ, ਪਰ ਸਹੂਲਤਾਂ ਪੱਖੋਂ ਵੇਖਿਆ ਜਾਵੇ ਤਾਂ ਇਹ ਫਾਡੀ ਹੀ ਨਜ਼ਰ ਆਉਂਦਾ ਹੈ। ਸਰਕਾਰ ਨੂੰ ਰੋਡੇ ਫਾਟਕਾਂ ਅਤੇ ਹੋਰ ਕਾਰਨਾਂ ਕਰਕੇ ਵਾਪਰ ਰਹੇ ਰੇਲ ਹਾਦਸਿਆਂ ਨੂੰ ਰੋਕਣ ਲਈ ਤੁਰੰਤ ਵਿਸ਼ੇਸ਼ ਕਦਮ ਉਠਾਉਣੇ ਚਾਹੀਦੇ ਹਨ। ਆਏ ਦਿਨ ਅਖਬਾਰਾਂ ਦੀਆਂ ਸੁੱਰਖੀਆਂ ਹੁੰਦੀਆਂ ਹਨ ਕਿ ਫਲਾਣੇ ਥਾਂ ਰੇਲ ਹਾਦਸਾ ਐਨੇ ਜ਼ਖਮੀ, ਐਨੇ ਮਰ ਗਏ ਤਾਂ ਪੜ੍ਹ ਕੇ ਮਨ ਬੜਾ ਦੁਖੀ ਹੁੰਦਾ ਹੈ ਕਿ ਨਾਂ ਤਾਂ ਜਨਤਾ ਹੀ ਆਪਣੀ ਜ਼ਿੰਮੇਵਾਰੀ ਸਮਝਦੀ ਹੈ ਅਤੇ ਨਾ ਹੀ ਸਰਕਾਰਾਂ ਬਣਦਾ ਯੋਗਦਾਨ ਪਾਉਦੀਆਂ ਹਨ ।ਸਾਡੇ ਦੇਸ਼ ਵਿੱਚ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ ਤੇ ਕਾਲਾ ਬਜ਼ਾਰੀ ਦਾ ਬੋਲ-ਬਾਲਾ ਹੈ। ਸਰਕਾਰ ਜਿਸ ਵੀ ਪਾਰਟੀ ਦੀ ਮਰਜ਼ੀ ਹੋਵੇ ਸਭ ਇੱਕੋ ਥਾਲੀ ਦੇ ਚੱਟੇ-ਵੱਟੇ ਹਨ। ਸਿਰਫ ਤੇ ਸਿਰਫ ਆਪਣੀਆਂ ਜੇਬਾਂ ਭਰਨ ਤੱਕ ਹੀ ਸੀਮਿਤ ਹਨ। ਜਾਪਦਾ ਹੈ ਕਿ ਦੇਸ਼ ਨਾਲ ਕਿਸੇ ਦਾ ਕੋਈ ਸਰੋਕਾਰ ਨਹੀ ਰਿਹਾ। ਕੋਈ ਮਰੇ ਕੋਈ ਜੀਵੇ ਲੀਡਰਾਂ ਨੂੰ ਕੋਈ ਫਰਕ ਨਹੀ ਪੈਣ ਵਾਲਾ। ਆਏ ਦਿਨ ਦੇਸ਼ ਵਿੱਚ ਕਈ ਹਾਦਸੇ ਹੁੰਦੇ ਰਹਿੰਦੇ ਹਨ, ਜਿੰਨ੍ਹਾਂ ਵਿੱਚੋਂ ਰੇਲ ਹਾਦਸੇ ਵੀ ਪ੍ਰਮੁੱਖ ਹਨ। ਇੰਨ੍ਹਾਂ ਰੇਲ ਹਾਦਸਿਆਂ ਵਿੱਚ ਕਈ ਘਰਾਂ ਦੇ ਘਰ ਤਬਾਹ ਹੋ ਗਏ ਹਨ । ਕਈ ਥਾਂਵਾ ਤੇ ਸਕੂਲ ਦੇ ਬੱਚੇ ,ਕਈ ਥਾਂਵਾ ਤੇ ਬਰਾਤੀਆਂ ਵਾਲੀਆਂ ਗੱਡੀਆਂ, ਕਈ ਥਾਂਵਾ ਤੇ ਟਰੈਕਟਰ-ਟਰਾਲੀਆਂ , ਘੜੁੱਕੇ ਆਦਿ ਇੰਨ੍ਹਾਂ ਦੀ ਭੇਟ ਚੜ੍ਹ ਚੁੱਕੇ ਹਨ। ਪਰ ਜਨਤਾ ਹੈ ਕਿ ਇਸ ਗੱਲ ਤੋਂ ਸਬਕ ਲੈਣ ਲਈ ਹੀ ਤਿਆਰ ਨਹੀ ਹੈ। ਦੇਸ਼ ਵਿੱਚ ਮਨੁੱਖੀ ਰਹਿਤ ਫਾਟਕਾਂ ਤੇ ਹਾਦਸਿਆ ਦਾ ਹੋਣਾ ਆਮ ਗੱਲ ਹੈ। ਕੋਈ ਹਾਦਸਾ ਹੋਣ ਤੇ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਪਾਉੋਣ ਲਈ ਇੰਨਕੁਆਰੀ ਬਿਠਾ ਦਿੱਤੀ ਜਾਦੀ ਹੈ। ਯੋਗ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਜਾਦਾ ਹੈ ਜੋ ਸ਼ਾਇਦ ਇੱਕ ਅਖਬਾਰੀ ਸੁਰਖੀ ਬਣ ਕੇ ਰਹਿ ਜ਼ਾਦਾ ਹੈ ਅਤੇ ਮਨੁੱਖ ਰਹਿਤ ਫਾਟਕਾਂ ਨੂੰ ਮਨੁੱਖੀ ਕੰਟਰੋਲ ਵਾਲੇ ਫਾਟਕ ਬਣਾਉਣ ਦਾ ਲਾਰਾ ਲਗਾ ਦਿੱਤਾ ਜਾਦਾ ਹੈ ਜੋ ਲਾਰਾ ਹੀ ਰਹਿ ਜਾਦਾ ਹੈ। ਇਸ ਸਾਲ ਦੇ ਸ਼ੁਰੂ ਤੋਂ ਜੁਲਾਈ ਅੰਤ ਤੱਕ ਤਕਰੀਬਨ ਬਾਰਾਂ ਰੇਲ ਹਾਦਸੇ ਹੋ ਚੁੱਕੇ ਹਨ। ਇੰਨ੍ਹਾਂ ਹਾਦਸਿਆ ਵਿੱਚ 80 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਰਕਾਰ ਨੇ ਮ੍ਰਿਤਕਾਂ ਦੇ ਪਰੀਵਾਰਾਂ ਨੂੰ ਲੱਖਾਂ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਜੋ ਸ਼ਾਇਦ ਐਲਾਨ ਤੱਕ ਹੀ ਸੀਮਿਤ ਰਹਿ ਜਾਵੇ। ਇੰਨ੍ਹੀ ਵੱਡੀ ਪੱਧਰ ਤੇ ਰੇਲ ਹਾਦਸਿਆਂ ਦਾ ਹੋਣਾ ਰੇਲਵੇ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਇਹ ਮੰਨਣਾ ਪਵੇਗਾ ਕਿ ਰੇਲਵੇ ਵਿਭਾਗ ਨੂੰ ਆਧੁਨਿਕੀਕਰਨ ਦੀ ਬੜੇ ਵੱਡੇ ਪੱਧਰ ਤੇ ਲੋੜ ਹੈ। ਰੇਲ ਮੰਤਰਾਲੇ ਨੂੰ ਸਭ ਤੋਂ ਜ਼ਿਆਦਾ ਆਮਦਨ ਹੋਣ ਦੇ ਬਾਵਜੂਦ ਵੀ ਰੇਲ ਪ੍ਰਣਾਲੀ ਸੁਰੱਖਿਆ ਪੱਖੋਂ ਅਵੇਸਲੀ ਹੈ। ਜੇ ਰੇਲਵੇ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਅੰਗਰੇਜਾਂ ਵੇਲੇ ਦੇ ਰੇਲਵੇ ਸਟੇਸ਼ਨ ਬਣੇ ਹੋਏ ਹਨ ਜੋ ਖਸਤਾ ਹਾਲਤ ਵਿੱਚ ਹਨ। ਅਜੇ ਤੱਕ ਕਈ ਨਾਲਿਆਂ, ਕੱਸੀਆਂ ਤੇ ਰੇਲਵੇ ਪੁਲ ਵੀ ਹਨ ਜੋ ਅੰਗਰੇਜਾਂ ਦੇ ਟਾਈਮ ਦੇ ਹਨ। ਜਿਸ ਨਾਲ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਕਈ ਰੇਲਵੇ ਲਾਈਨਾਂ ਵੀ ਬਹੁਤ ਪੁਰਾਣੀਆਂ ਹੋ ਚੁੱਕੀਆਂ ਹਨ। ਜਿਸ ਨੂੰ ਬਦਲਣ ਦੀ ਤੁਰੰਤ ਲੋੜ ਹੈ। ਕਈ ਰੇਲ ਡੱਬਿਆਂ ਦੀ ਹਾਲਤ ਵੀ ਬਹੁਤ ਤਰਸਯੋਗ ਬਣੀ ਹੋਈ ਹੈ। ਠੇਕੇਦਾਰੀ ਸਿਸਟਮ ਨੇ ਹਰ ਮਹਿਕਮੇ ਦਾ ਬੇੜਾ ਗਰਕ ਕਰ ਦਿੱਤਾ ਹੈ। ਹਰ ਮਹਿਕਮੇ ਵਿੱਚ ਸਟਾਫ ਦੀ ਕਮੀ ਹੁੰਦੀ ਹੈ। ਰੇਲਵੇ ਵਿੱਚ ਵੀ ਇੰਜੀਨੀਅਰਾਂ, ਫਿਟਰ, ਗੈਂਗਮੈਨਾਂ ਅਤੇ ਹੋਰ ਸਟਾਫ ਦੀ 22 ਤੋਂ 25 ਫੀਸਦੀ ਤੱਕ ਦੀ ਕਮੀ ਹੈ। ਰੇਲ ਆਮ ਆਦਮੀ ਲਈ ਆਵਾਜਾਈ ਦਾ ਮੁੱਖ ਸਾਧਨ ਹੈ। ਕਿਰਾਇਆ ਘੱਟ ਹੋਣ ਕਾਰਣ ਲੋਕ ਸਫਰ ਲਈ ਵਧੇਰੇ ਤਰਜੀਹ ਰੇਲ ਨੂੰ ਦਿੰਂਦੇ ਹਨ,  ਰੇਲ ਉਨ੍ਹਾਂ ਲਈ ਕਿੰਨ੍ਹੀ ਸੁਰੱਖਿਅਤ ਹੈ ਤੇ ਕਿੰਨ੍ਹੀ ਅਸੁਰੱਖਿਅਤ  ਸ਼ਾਇਦ ਇਸ ਪੱਖੋਂ ਲੋਕ ਅਵੇਸਲੇ ਹੀ ਨਜ਼ਰ ਆਉਂਦੇ ਹਨ। ਰੇਲ ਮੰਤਰਾਲੇ ਨੂੰ ਤੁਰੰਤ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਮਨੁੱਖੀ ਜਾਨਾਂ ਬਹੁਤ ਕੀਮਤੀ ਹਨ। ਹੁਣ ਲਾਰਿਆਂ ਨਾਲ ਨਹੀ ਬਲਕਿ ਹਕੀਕਤ ਨੂੰ ਅਮਲੀ ਜਾਮਾ ਪਹਿਨਾਉਣ ਦਾ ਵਕਤ ਆ ਗਿਆ ਹੈ।
ਜੇ ਗੱਲ ਕਰੀਏ ਮਨੁੱਖ ਰਹਿਤ ਫਾਟਕਾਂ ਦੀ ਤਾਂ ਪੂਰੇ ਦੇਸ਼ ਵਿੱਚ 14899 ਮਨੁੱਖ ਰਹਿਤ ਫਾਟਕ ਹਨ। ਜਿਸ ਵਿੱਚੋਂ ਇਕੱਲੇ ਪੰਜਾਬ ਵਿੱਚ ਕੁੱਲ 1672 ਰੇਲਵੇ ਫਾਟਕ ਹਨ। ਜਿੰਨ੍ਹਾਂ ’ਚੌਂ 854 ਤੇ ਮਨੁੱਖੀ ਪਹਿਰਾ ਹੈ ਤੇ 818 ਬਿਨ ਪਹਿਰਾ ਹਨ। ਪਿਛਲੇ ਪੂੁਰੇ ਇੱਕ ਸਾਲ ਦੇ ਦੌਰਾਨ ਅੱਜ ਤੱਕ ਮਨੁੱਖੀ ਰਹਿਤ ਫਾਟਕਾ ਤੇ 374 ਦੇ ਲਗਭਗ-ਲਗਭਗ ਮੌਤਾਂ ਹੋ ਚੁੱਕੀਆਂ ਹਨ। ਇੰਨ੍ਹਾਂ ਫਾਟਕਾਂ ਤੇ ਕਈ ਭਿਆਨਕ ਰੇਲ ਹਾਦਸੇ ਹੋ ਚੁੱਕੇ ਹਨ, ਜਿੰਨ੍ਹਾਂ ਵਿੱਚ ਸਕੂਲੀ ਵੈਨਾਂ, ਟਰੈਕਟਰ-ਟਰਾਲੀਆਂ, ਘੜੁੱਕੇ ਤੇ ਕਈ ਹੋਰ ਵਾਹਨ ਆਦਿ ਸ਼ਾਮਿਲ ਹੁੰਦੇ ਹਨ। ਇੰਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਸਰਕਾਰਾਂ ਦਾ ਅਹਿਮ ਯੋਗਦਾਨ ਹੁੰਦਾ ਹੈ, ਪਰ ਨਾਲ ਦੀ ਨਾਲ ਲੋਕਾਂ ਨੂੰ ਖੁੱਦ ਵੀ ਜਾਗਰੂਕ ਹੋਣਾ ਪਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋ ਜਲਦੀ ਮਨੁੱਖੀ ਕੰਟਰੋਲ ਵਾਲੇ ਫਾਟਕ ਲਗਾਏ ਜਾਣ। ਜਿੱਥੇ ਸਰਕਾਰ ਹਾਦਸਾ ਹੋਣ ਵੇਲੇ ਲੱਖਾਂ ਰੁਪਏ ਮੁਆਵਜੇ ਦੇ ਰੂਪ ਵਿੱਚ ਲੋਕਾਂ ਨੂੰ ਦੇਂਦੀ ਹੈ, ਉਨ੍ਹਾਂ ਰੁਪਿਆਂ ਨਾਲ ਹੀ ਸਰਕਾਰ ਮਨੁੱਖ ਰਹਿਤ ਫਾਟਕਾਂ ਨੂੰ ਪਹਿਰੇ ਵਾਲੇ ਫਾਟਕ ਬਣਾ ਸਕਣ ਦਾ ਸੰਭਵ ਯਤਨ ਕਰੇ। ਰੇਲ ਲਾਂਘਿਆ ਤੋ ਪਹਿਲਾਂ ਸੰਕੇਤਕ ਬੋਰਡ ਲਗਾਏ ਜਾਣ। ਫਿਲਮਾਂ ਵਿੱਚ ਰੇਲ ਨੂੰ ਉਵਰਟੇਕ ਕਰਦੇ ਜਾਂ ਰੇਲ ਨਾਲ ਸਟੰਟਬਾਜ਼ੀ ਵਾਲੇ ਦ੍ਰਿਸ਼ਾ ਤੇ ਮੁਕੰਮਲ ਪਾਬੰਦੀ ਹੋਣੀ ਲਾਜ਼ਮੀ ਹੋਣੀ ਚਾਹੀਦੀ ਹੈ। ਜਨਤਾ ਨੂੰ ਵੀ ਨਿਯਮਾਂ ਦਾ ਇੰਨ੍ਹ-ਬਿੰਨ੍ਹ ਪਾਲਣ ਕਰਨਾ ਚਾਹੀਦਾ ਹੈ। ਜਿਆਦਾ ਰੇਲ ਹਾਦਸੇ ਸਕੂਲੀ ਵੈਨਾਂ ਦੇ ਹੁੰਦੇ ਹਨ। ਇਹ ਜਿੰਮੇਵਾਰੀ ਸਕੁੂਲਾਂ, ਕਾਲਜਾਂ ਦੇ ਪ੍ਰਿੰਸੀਪਲ ਸਹਿਬਾਨਾ ਦੀ ਬਣਦੀ ਹੈ ਕਿ ਡਰਾਈਵਰਾਂ ਦੇ ਲਾਇਸੰਸ, ਇੰਕਸਪੀਰੀਅਸ ਸਰਟੀਫੀਕੇਟ ਚੰਗੀ ਤਰ੍ਹਾਂ ਜਾਂਚ ਪਰਖ ਕੇ ਹੀ ਡਰਾਈਵਰ ਨੂੰ ਨੌਕਰੀ ਤੇ ਰੱਖਿਆ ਜਾਵੇ। ਸਮੇਂ- ਸਮੇਂ ਤੇ ਡਰਾਈਵਰ ਦੀ ਡਾਕਟਰੀ ਜਾਂਚ ਵੀ ਹੁੰਦੀ  ਰਹਿਣੀ ਚਾਹੀਦੀ ਹੈ। ਡਰਾਈਵਰ ਗੱਡੀਆਂ ਚਲਾਉਂਦੇ ਸਮੇਂ ਪੂਰੀ ਸਾਵਧਾਨੀ ਵਰਤਣ ਜਿਵੇਂ ਦਾਰੂ ਪੀ ਕੇ ਗੱਡੀ ਨਾ ਚਲਾਉਣ, ਡਰਾਈਵਿੰਗ ਸਮੇਂ ਮੋਬਾਇਲ ਨਾ ਸੁਨਣ, ਗੱਡੀਆਂ ਵਿੱਚ ਸਟੀਰੀਉ ਨਾ ਲਗਾਏ ਜਾਣ, ਲਾਈਟਾਂ, ਬ੍ਰੇਕਾਂ ਸਹੀ ਸਲਾਮਤ ਹੋਣ ਕਿਉੋਂਕਿ ਜ਼ਿਆਦਾ ਰੇਲ ਹਾਦਸੇ ਰਾਤ ਸਮੇਂ ਜਾਂ ਧੁੰਦਾਂ ਕਾਰਣ ਹੀ ਹੁੰਦੇ ਹਨ। ਪਰ ਕੁਝ ਲੋਕ ਫਾਟਕ ਬੰਦ ਹੋਣ ਦੇ ਬਾਵਜੂਦ ਵੀ ਪੰਜ ਜਾਂ ਦੱਸ ਮਿੰਟ ਇੰਤਜਾਰ ਕਰਨ ਲਈ ਤਿਆਰ ਨਹੀ ਹੁੰਦੇ ਤੇ ਡੰਡੇ ਵਾਲੇ ਫਾਟਕ ਦੇ ਥੱਲਿਉਂ ਦੀ ਲੰਘਣਾ ਸ਼ੁਰੂ ਕਰ ਦਿੰਦੇ ਹਨ ਜੋ ਸਰਾਸਰ ਗਲਤ ਹੈ। ਇਸ ਤਰ੍ਹਾਂ ਫਾਟਕ ਪਾਰ ਕਰਦਿਆਂ ਕਈ ਮੌਤ ਦੀ ਭੇਟ ਚੜ੍ਹ ਜਾਂਦੇ ਹਨ ਜੇ ਗੱਡੀ ਚਲਾਉਂਦੇ ਸਮੇਂ ਇੰਨ੍ਹਾਂ ਗੱਲਾਂ ਦਾ ਪਾਲਣ ਹੋ ਜਾਵੇ ਤਾਂ ਇੰਨ੍ਹਾਂ ਭਿਆਨਕ ਰੇਲ ਹਾਦਸਿਆ ਤੋ ਬੱਚਿਆਂ ਜਾ ਸਕਦਾ ਹੈ। ਇੰਨ੍ਹਾਂ ਹਾਦਸਿਆ ਤੋਂ ਬੱਚਣਾ ਬੇਹੱਦ ਜ਼ਰੂਰੀ ਵੀ ਹੈ ਕਿੳਂਕਿ ਰੇਲਵੇ ਵੱਲੋਂ ਜੇ ਕੋਈ ਬੇਪਹਿਰੇ ਰੇਲ ਲਾਂਘੇ ਤੇ ਐੈਕਸੀਡੈਂਟ ਹੋ ਜਾਂਦਾ ਹੈ ਤਾਂ ਉਸ ਲਈ ਰੇਲਵੇ ਵੱਲੋਂ ਕੋਈ ਮੁਆਵਜ਼ਾ ਨਹੀ ਦਿੱਤਾ ਜਾਂਦਾ ਸਗੋਂ ਭਾਰਤੀ ਯਾਤਯਾਤ ਐੈਕਟ ਅਧੀਨ ਬੇਪਹਿਰੇ ਰੇਲ ਲਾਂਘੇ ਤੇ ਹਾਦਸਿਆ ਦੌਰਾਨ ਰੇਲਵੇ ਦੀ ਕੋਈ ਜ਼ਿੰਮੇਵਾਰੀ ਨਹੀ ਹੁੰਦੀ, ਕਿਉਂਕਿ ਰੇਲਵੇ ਲਾਈਨ ਤੋਂ ਸਭ ਤੋਂ ਪਹਿਲਾਂ ਗੁਜਰਨ ਦਾ ਹੱਕ ਸਿਰਫ ਰੇਲਵੇ ਦਾ ਹੁੰਦਾ ਹੈ। ਜਨਤਾ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਰੇਲਵੇ ਲਾਈਨ ਕਰਾਸਿੰਗ ਕਰਨ ਤੋਂ ਪਹਿਲਾਂ ਦੋਵੇਂ ਪਾਸੇ  ਚੰਗੀ ਤਰ੍ਹਾਂ ਵੇਖ ਕੇ ਰੇਲ ਲਾਈਨ ਪਾਰ ਕੀਤੀ ਜਾਵੇ, ਅਗਰ ਬੇਪਹਿਰੇ ਰੇਲ ਲਾਂਘੇ ਤੇ ਐੇਕਸੀਡੈਂਟ ਹੋ ਜਾਂਦਾ ਹੈ ਤਾਂ ਵਾਹਨ ਦੇ ਡਰਾਈਵਰ ਤੇ ‘ਟਰੈਸ ਪਾਸਿੰਗ’ ਦਾ ਕੇਸ ਦਰਜ ਕੀਤਾ ਜਾ ਸਕਦਾ ਹੈ ਤੇ ਰੇਲਵੇ ਵੱਲੋਂ ਸਗੋਂ ਸਮੇਂ ਦੇ ਹੋਏ ਨੁਕਸਾਨ ਦਾ ਮੁਆਵਜਾ ਵੀ ਵਸੂਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੁਰਮਾਨਾ ਜਾਂ ਸਜ਼ਾ ਵੀ ਹੋ ਸਕਦੀ ਹੈ। ਕੁੱਲ ਮਿਲਾ ਕੇ ਰੇਲ ਮੰਤਰਾਲੇ ਨੂੰ ਤੁਰੰਤ ਪਾਈਆਂ ਜਾਂਦੀਆ ਖਾਮੀਆਂ ਨੂੰ ਦੂਰ ਕਰਨ ਵੱਲ ਉਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅਣਭੋਲ ਤੇ ਅਣਮੁੱਲੀਆਂ ਜਾਨਾਂ ਅਜਾਈ ਨਾ ਜਾਣ, ਇਹ ਜਾਨਾਂ ਬਚਾਈਆਂ ਜਾ ਸਕਣ। ਇਹਨਾਂ ਰੇਲ ਹਾਦਸਿਆ ਤੋਂ ਸਾਨੂੰ ਸਾਰਿਆ ਨੂੰ ਵੀ ਹੁਣ ਸਬਕ ਸਿੱਖ ਹੀ ਲੈਣਾ ਚਾਹੀਦਾ ਹੈ। ਜੇ ਅਗਰ ਹਰ ਇੰਨਸਾਨ ਇਹ ਤੁਹੱਈਆ ਕਰ ਲਵੇ ਕਿ ਮੈਂ ਇਸ ਮਾਮਲੇ ‘ਚ ਗਲਤੀ ਨਹੀ ਕਰਨੀ ਤਾਂ ਭਵਿੱਖ ਵਿੱਚ ਅੱਗੇ ਤੋਂ ਅਜਿਹੇ ਭਿਆਨਕ ਰੇਲ ਹਾਦਸਿਆਂ ਤੋਂ ਬੱਚਿਆ ਜਾ ਸਕਦਾ ਹੈ।  

ਧਰਮਿੰਦਰ ਸਿੰਘ ਵੜ੍ਹੈਚ (ਚੱਬਾ),
 ਪਿੰਡ ਤੇ ਡਾਕ: ਚੱਬਾ, 
ਤਰਨਤਾਰਨ ਰੋਡ, 
ਅੰਮ੍ਰਿਤਸਰ-143022,   
ਮੋਬਾ: 97817-51690  
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template