![]() |
| ਅੰਮ੍ਰਿਤਾ ਪ੍ਰੀਤਮ |
ਅਮ੍ਰਿਤਾ ਪ੍ਰੀਤਮ ਇੱਕ ਅਜਿਹਾ ਸ਼ਬਦ ਹੈ ਜਿਸ ਪੜਦਿਆਂ ਜਾਂ ਸੁਣਦਿਆਂ ਹੀ ਜ਼ਹਿਨ ਵਿੱਚ ਇੱਕ ਬਿਜਲੀ ਜਿਹੀ ਲਹਿਰ ਜਾਂਦੀ ਹੈ। ਇੱਕ ਫੁੱਲ ਦੇ ਅਚਾਨਕ ਖਿੜ ਜਾਣ ਵਾਂਗ, ਇੱਕ ਖੁਸ਼ਬੋ ਚਾਰੇ ਪਾਸੇ ਫੈਲ ਜਾਂਦੀ ਹੈ। ਕਿਸੇ ਕਿਸੇ ਲੇਖਕ ਦੇ ਹਿੱਸੇ ਹੀ ਆਉਂਦਾ ਹੈ ਇੰਝ ਗੈਰ ਹਾਜ਼ਰ ਹੋ ਕੇ ਵੀ ਹਰਦਮ ਹਾਜ਼ਰ ਰਹਿਣਾ। ਕਿਸੇ ਪ੍ਰੇਰਨਾ ਵਾਂਗ ਇੱਕਦਮ ਤੁਹਾਡਾ ਦਾਮਨ ਪਕੜ ਲੈਣਾ। ਤੁਹਾਡੀ ਹਸਤੀ ਨੂੰ ਸੰਮੋਹਿਤ ਕਰਕੇ ਤੁਹਾਡੇ ਤੋਂ ਮਨਚਾਹਿਆ ਕੰਮ ਕਰਵਾ ਲੈਣ ਦਾ ਹੁਨਰ ਜਿੰਨਾ ਅੰਮ੍ਰਿਤਾ ਦੇ ਸ਼ਬਦਾਂ ਨੂੰ ਬਾਖੂਬੀ ਆਉਂਦਾ ਹੈ, ਓਨਾ ਹੋਰ ਕਿਸੇ ਇਸਤਰੀ ਲੇਖਿਕਾ ਦੇ ਹਿੱਸੇ ਨਹੀਂ ਆਇਆ। ਮੈਂ ਕਦੇ ਵੀ ਅੰਮਿਤਾ ਨੂੰ ਰੂਬਰੂ ਨਹੀਂ ਦੇਖਿਆ ਪਰ ਉਹ ਸਾਰੀ ਦੀ ਸਾਰੀ ਅਕਸਰ ਮੇਰੇ ਕੋਲ ਹੁੰਦੀ ਹੈ। ਮੈਨੂੰ ਉਸਦੇ ਦੇਹ ਰੂਪ ਨਾਲ ਨਾ ਕੋਈ ਸਰੋਕਾਰ ਸੀ ਤੇ ਨਾ ਹੈ ਬਸ ਉਸਦਾ ਸ਼ਬਦਰੂਪ ਹੀ ਮੇਰੇ ਲਈ ਮਹੱਤਵਪੂਰਣ ਹੈ। ਅੰਮ੍ਰਿਤਾ ਪ੍ਰੀਤਮ ਤਾਂ ਸ਼ਬਦਾਂ ਤੋਂ ਵੀ ਪਾਰ ਸਦੀਵੀਂ ਹੋਂਦ ਦੀ ਮੱਲਿਕਾ ਹੈ। ਜਦ ਵੀ ਮੈਂ ਅੰਮ੍ਰਿਤਾ ਜੀ ਦੇ ਸ਼ਬਦ ਪੜ•ਦੀ ਹਾਂ ਤਾਂ ਉਸ ਨਾਲ ਪਤਾ ਨਹੀਂ ਕਿਸ ਰੰਗ ਦੇ ਧਾਗੇ ਦਾ ਰਿਸ਼ਤਾ ਜੁੜ ਜਾਂਦਾ ਹੈ, ਜਿਸਦੀ ਪੀਚਵੀਂ ਗੰਢ ਨੂੰ ਹੋਰ ਜ਼ਿਆਦਾ ਪੀਡੀ ਕਰਨਾ ਲੋਚਦੀ ਰਹਿੰਦੀ ਹਾਂ। ਉਸਦਾ ਕੋਈ ਨਾ ਕੋਈ ਸਬਦ ਮੇਰੇ ਅੰਦਰ ਨਵੇਂ ਵਿਚਾਰ ਪੈਦਾ ਕਰ ਦਿੰਦਾ ਹੈ। ਜਿਵੇਂ ਅਚਾਨਕ ਪਈ ਬਰਸਾਤ ਤੇ ਅਨੇਕਾਂ ਛੋਟੇ ਟੈਡਪੋਲ ਡੱਡੂ ਬਣ ਕੇ ਉਛਲਣ ਲੱਗ ਪੈਂਦੇ ਹਨ । ਤੇ ਫਿਰ ਵਿਚਾਰਾਂ ਦੇ ਉਛਲਦੇ ਡੱਡੂਆਂ ਦੀ ਟਰ ਟਰ ਦੀ ਆਵਾਜ਼ ਇੱਕ ਕੁਦਰਤੀ ਸੰਗੀਤ ਬਣ ਜਾਂਦੀ ਹੈ। ਇਸ ਸੰਗੀਤ ਨਾਲ ਝੂਮਦਾ ਹੋਇਆ ਮਨ ਆਪ ਮੁਹਾਰੇ ਕੁਝ ਗੁਨਗੁਨਾਉਣ ਲੱਗ ਪੈਂਦਾ ਹੈ। ਫਿਰ ਇਹੀ ਗੁਨਗੁਨਾਹਟ ਹੀ ਸ਼ਬਦਾਂ ਦਾ ਰੂਪ ਧਾਰ ਲੈਂਦੀ ਹੈ। ਇੰਝ ਮੈਂ ਕਹਿ ਸਕਦੀ ਹਾਂ ਕਿ ਅੰਮ੍ਰਿਤਾ ਪ੍ਰੀਤਮ ਜੀ ਦੇ ਸ਼ਬਦ ਮੇਰੇ ਅੰਦਰ ਨਵੇਂ ਵਿਚਾਰਾਂ ਅਤੇ ਸ਼ਬਦਾਂ ਦਾ ਪਰਾਗ ਸੁੱਟਦੇ ਹਨ।
ਅੰਮ੍ਰਿਤਾ ਜੀ ਦੁਆਰਾ ਰਚੇ ਗਏ ਚਿਰ ਸਥਾਈ ਪਾਤਰ ਅਕਸਰ ਹੀ ਜਾਗਦੀਆਂ ਅੱਖਾਂ ਦਾ ਸੁਪਨਾ ਬਣ ਜਾਂਦੇ ਹਨ। ਸੁਪਨਿਆਂ ਦੀ ਕੁਆਰੀ ਸੋਚ ਅੰਮ੍ਰਿਤਾ ਦੇ ਡਾਕਟਰ ਦੇਵ ਨੂੰ ਲੱਭਦੀ ਹੈ। ਉਸਦੇ ਪਾਤਰ ਕਿਸੇ ਪਰੀਲੋਕ ਦੇ ਵਾਸੀ ਨਹੀਂ ਬਲਕਿ ਮਾਤਲੋਕ ਵਿੱਚ ਵਿਚਰਦੇ ਹੋਣ ਕਾਰਨ ਅਕਸਰ ਹੀ ਬੇਹੱਦ ਉਦਾਸ ਲਮਹਿਆਂ ਵਿੱਚ ਕੋਲ ਆ ਕੇ ਡੋਲਦੇ ਮਨ ਨੂੰ ਹੌਂਸਲੇ ਦੀ ਥੰਮੀ ਦੇ ਕੇ ਫਿਰ ਤੋਂ ਜਿਊਣ ਜੋਗਾ ਕਰ ਜਾਂਦੇ ਹਨ।
ਅੱਜ 31 ਅਗਸਤ ਉਸ ਮਹਾਨ ਔਰਤ ਦਾ ਜਨਮ ਦਿਨ ਹੈ ਜੋ ਤਮਾਮ ਉਮਰ ਇੱਕ ਮਿੱਥ ਵਾਂਗ ਹਰੇਕ ਦੇ ਜ਼ਿਹਨ ਤੇ ਛਾਈ ਰਹੀ ਹੈ। ਹਰ ਕੋਈ ਉਸ ਨਾਲ ਨੇੜੇ ਦਾ ਰਿਸ਼ਤਾ ਜੋੜਨਾ ਚਾਹੁੰਦਾ ਸੀ । ਕਈ ਤਾਂ ਕਲਪਨਾ ਵਿੱਚ ਹੀ ਉਸਨੂੰ ਆਪਣੇ ਨੇੜੇ ਮਹਿਸੂਸ ਕਰ ਆਪਨਾ ਮਨ ਚਾਹਿਆ ਰਿਸ਼ਤਾ ਨਿਭਾ ਲੈਣ ਦਾ ਭਰਮ ਪਾਲਦੇ ਸਨ। ਹਰ ਸਾਹਿਤਕ ਮਹਿਫਿਲ ਵਿੱਚ ਉਸਦਾ ਜ਼ਿਕਰ ਤਾਂ ਉਸਦੇ ਹਮੇਸ਼ਾ ਲਈ ਚਲੇ ਜਾਣ ਤੋਂ ਅੱਠ ਸਾਲ ਬਾਅਦ ਤੱਕ ਵੀ ਛਿੜ ਹੀ ਪੈਂਦਾ ਹੈ।
ਅੰਮ੍ਰਿਤਾ ਪ੍ਰੀਤਮ ਦਾ ਆਖਰੀ ਕਾਵਿ ਸੰਗ੍ਰਹਿ '' ਮੈਂ ਤੈਨੂੰ ਫਿਰ ਮਿਲਾਂਗੀ'' ਇੱਕ ਕਮਿੱਟਡ ਲੇਖਕ ਦਾ ਆਪਣੇ ਪਾਠਕਾਂ ਨਾਲ ਕੀਤਾ ਬੇਹੱਦ ਭਾਵਪੂਰਤ ਵਾਅਦਾ ਹੀ ਤਾਂ ਹੈ। ਹੋ ਸਕਦਾ ਹੈ ਕਿ ਇਹ ਕਿਤਾਬ ਉਸ ਆਪਣੇ ਮਨਚਾਹੇ ਸਾਥੀ ਇਮਰੋਜ਼ ਜੀ ਲਈ ਹੀ ਲਿਖੀ ਹੋਵੇ ਪਰ ਅੰਮ੍ਰਿਤਾ ਪ੍ਰੀਤਮ ਜੀ ਦੀ ਸ਼ਾਇਰੀ ਤਾਂ ਇੱਕ ਆਬਗੀਨਾ(ਸ਼ੀਸ਼ਾ) ਹੈ ਜਿਸ ਵੱਲ ਨਜ਼ਰ ਮਾਰਨ ਵਾਲੇ ਹਰ ਸ਼ਖ਼ਸ਼ ਨੂੰ ਆਪਣਾ ਹੀ ਚਿਹਰਾ ਨਜ਼ਰ ਆਉਂਦਾ ਹੈ। ਜਦ ਵੀ ਮੈਂ ਗੁਲਜ਼ਾਰ ਸਾਹਿਬ ਦੀ ਆਵਾਜ਼ ਵਿੱਚ ਅੰਮ੍ਰਿਤਾ ਜੀ ਦੀਆਂ ਕਵਿਤਾਵਾਂ ਸੁਣਦੀ ਹਾਂ ਤਾਂ ਦੋ ਦੋ ਲਰਜ਼ਿਸ਼ਾਂ ਮੇਰੇ ਲਹੂ ਚ ਘੁਲ ਜਾਂਦੀਆਂ ਹਨ। ਉਸਦੇ ਅਮਰ ਸ਼ਬਦਾਂ ਨੂੰ ਮੇਰਾ ਸਿਜਦਾ।
ਹਰਪਿੰਦਰ ਰਾਣਾ
9501009177



ਅਮ੍ਰਿਤਾ ਪ੍ਰੀਤਮ ..
ReplyDelete