1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ’ਤੇ ਵਿਸ਼ੇਸ਼
ਡਾ. ਅਮਨਦੀਪ ਸਿੰਘ ਟੱਲੇਵਾਲੀਆ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਸਿਰਫ਼ ਸਿੱਖਾਂ ਲਈ ਹੀ ਨਹੀਂ ਬਲਕਿ ਸਮੂਹ ਮਾਨਵ ਜਾਤੀ ਲਈ ਹੈ। ਜਿੱਥੇ ਇਸ ਵਿੱਚ ਗੁਰੂ ਸਾਹਿਬਾਨ ਜੀ ਦੀ ਬਾਣੀ ਦਰਜ ਹੈ ਉਥੇ ਭਗਤਾਂ, ਭੱਟਾਂ ਅਤੇ ਹੋਰ ਸੂਫ਼ੀ ਕਵੀਆਂ ਦੀ ਬਾਣੀ ਇਸ ਗੱਲ ਦਾ ਸੰਕੇਤ ਹੈ ਕਿ ਇਹ ਬਾਣੀ ਕਿਸੇ ਇੱਕ ਖਾਸ ਕੌਮ, ਮਜ੍ਹਬ ਜਾਂ ਜਾਤ ਦੀ ਰਹਿਨੁਮਾਈ ਹੀ ਨਹੀਂ ਕਰਦੀ ਸਗੋਂ ਇਸ ਬਾਣੀ ਵਿੱਚ ਇੱਕ ਜੀਵਨ ਜਾਂਚ, ਜ਼ਿੰਦਗੀ ਨੂੰ ਜਿਊਣ ਦਾ ਢੰਗ ਦਰਸਾਇਆ ਗਿਆ ਹੈ। ਜੋ ਮਨੁੱਖ ਬਾਣੀ ਨੂੰ ਪੜ੍ਹਕੇ, ਉਸ ਉਪਰ ਅਮਲ ਕਰਕੇ ਆਪਣਾ ਜੀਵਨ ਬਤੀਤ ਕਰਦਾ ਹੈ ਉਹ ਭਵਸਾਗਰ ਨੂੰ ਪਾਰ ਕਰਦਾ ਹੈ, ਇਹ ਨਹੀਂ ਕਿ ਕੇਵਲ ਮੱਥੇ ਟੇਕਣ ਨਾਲ ਹੀ ਪਾਰ ਉਤਾਰਾ ਹੋ ਜਾਵੇਗਾ, ਸਗੋਂ ਇਹ ਬਾਣੀ ਮਨੁੱਖ ਨੂੰ ਨ੍ਹੇਰੇ ਵਿੱਚੋਂ ਕੱਢਕੇ ਚਾਨਣੇ ਰਾਹ ਪਾਉਂਦੀ ਹੈ। ਬਾਣੀ ਕੋਈ ਮੰਤਰ ਜਾਪ ਨਹੀਂ ਬਲਕਿ ਇਹ ਤਾਂ ਇੱਕ ਸੇਧ ਹੈ ਜਿਸ ਰਾਹੀਂ ਮਨੁੱਖ ਆਪਣੀ ਜ਼ਿੰਦਗੀ ਦਾ ਰਾਹ ਸੁਖਾਲਾ ਬਣਾਉਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਸ਼ਾਮਿਲ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਸ ਵਿੱਚ ਸ਼ਾਮਲ ਕਰਕੇ, ਭਾਈ ਮਨੀ ਸਿੰਘ ਪਾਸੋਂ ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੰਪੂਰਨ ਕੀਤੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਨੁੱਖੀ ਸਰੋਕਾਰਾਂ ਦਾ ਸਮੁੱਚਾ ਸੰਕਲਨ ਹੈ।
ਬਰਾਬਰਤਾ ਦਾ ਸੰਕਲਪ :- ਜਿਵੇਂਕਿ ਉਪਰ ਦੱਸ ਹੀ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਇਸ ਗੱਲ ਦਾ ਕੋਈ ਭੇਦਭਾਵ ਜਾਂ ਵਿਤਕਰਾ ਨਹੀਂ ਕੀਤਾ ਗਿਆ ਕਿ ਕੌਣ ਕਿਸ ਜਾਤ ਨਾਲ ਸੰਬੰਧਿਤ ਹੈ, ਸਗੋਂ ਅਖੌਤੀ ਨੀਵੀਆਂ ਜਾਤਾਂ ਨਾਲ ਸੰਬੰਧਿਤ, ਬਾਣੀਕਾਰਾਂ ਦੀ ਬਾਣੀ ਸ਼ਾਮਿਲ ਕਰਕੇ ਬਰਾਬਰਤਾ ਦਾ ਸੰਕਲਪ ਪੇਸ਼ ਕੀਤਾ ਹੈ। ‘ਸਭੇ ਸਾਝੀਵਾਲ ਸਦਾਇਨਿ’ ਜਾਂ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੇ ਕਥਨ ਮੁਤਾਬਿਕ ਕੋਈ ਮਨੁੱਖ ਉੱਚਾ ਜਾਂ ਨੀਵਾਂ ਨਹੀਂ, ਸਗੋਂ ਗੁਰਬਾਣੀ ਵਿੱਚ ਤਾਂ ਉਸ ਮਨੁੱਖ ਨੂੰ ‘ਕਮਜਾਤਿ’ ਕਿਹਾ ਗਿਆ ਹੈ ਜੋ ਆਪਣੇ ‘ਖਸਮ’ ਭਾਵ ਪ੍ਰਮਾਤਮਾ ਨੂੰ ਵਿਸਾਰ ਦਿੰਦਾ ਹੈ। ‘ਖਸਮੁ ਵਿਸਾਰਹਿ ਤੇ ਕਮਜਾਤਿ’ ਅਤੇ ‘ਅਵਲਿ ਅਲਹ ਨੂਰੁ ਉਪਾਇਆ’ ਦੇ ਕਥਨ ਮੁਤਾਬਿਕ ਕੋਈ ਮਨੁੱਖ ਭਲਾ ਜਾਂ ਬੁਰਾ ਨਹੀਂ ਇਹ ਉਸ ਕਰਤੇ ਅਕਾਲਪੁਰਖ ਦੀ ਸ੍ਰਿਸ਼ਟੀ ਹੈ ਜਿਸ ਦਾ ਅਸੂਲ ਸਭ ਲਈ ਸਾਂਝਾ ਹੈ। ਇਹ ਧਰਤੀ, ਇਹ ਹਵਾ, ਇਹ ਪਾਣੀ, ਸਭ ਦਾ ਸਾਂਝਾ ਹੈ, ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਤਾਂ ਸਭ ਮਾਵਾਂ ਦੇ ਸਰੀਰ ਅੰਦਰ ਇੱਕੋ ਕਿਰਿਆ ਹੁੰਦੀ ਹੈ ਅਤੇ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਜਨਮ ਲੈਣ ਦਾ ਤਰੀਕਾ ਵੀ ਇੱਕੋ ਹੈ, ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਬ੍ਰਾਹਮਣ ਨੂੰ ਸਵਾਲ ਕਰਦਿਆਂ ਪੁੱਛਿਆ ਹੈ,
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ।। ਤਉ ਆਨ ਬਾਟ ਕਾਹੇ ਨਹੀ ਆਇਆ।।
ਤੁਮ ਕਤ ਬ੍ਰਾਹਮਣ ਹਮ ਕਤ ਸੂਦ।। ਹਮ ਕਤ ਲੋਹੂ ਤੁਮ ਕਤ ਦੂਧ।।
ਗੁਰਬਾਣੀ ਵਿੱਚ ਤਰਕ ਦੇ ਅਧਾਰ ’ਤੇ ਗੱਲ ਕੀਤੀ ਗਈ ਹੈ। ਜਦੋਂ ਸਾਰਿਆਂ ਦੇ ਸਰੀਰ ਅੰਦਰ ਇੱਕੋ ਲਾਲ ਰੰਗ ਦਾ ਖੂਨ ਦੌੜ ਰਿਹਾ ਹੈ। ਸਭ ਮਨੁੱਖਾਂ ਨੂੰ ਕਿਰਤ ਕਰਨ ਲਈ ਹੱਥ ਅਤੇ ਸੋਚਣ ਲਈ ਦਿਮਾਗ ਦਿੱਤਾ ਹੈ ਤਾਂ ਸਮਾਜ ਨੂੰ ਅਸੀਂ ਕਿਵੇਂ ਵੰਡ ਸਕਦੇ ਹਾਂ ਪਰ ਅਖੌਤੀ ਸ਼੍ਰੇਣੀਆਂ ਵਿੱਚ ਵੰਡੇ ਸਮਾਜ ਨੂੰ ਇਕ ਸਾਰ ਕਰਨ ਲਈ ਹੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਚਹੁੰ ਵਰਨਾਂ ਨੂੰ ਸਾਂਝਾ ਹੈ। ਗੁਰਬਾਣੀ ਦੇ ਬਰਾਬਰਤਾ ਦੇ ਸਿਧਾਂਤ ’ਤੇ ਪਹਿਰਾ ਦਿੰਦੇ ਹੋਏ ਹੀ ਪਹਿਲੇ ਪੰਗਤ ਪਾਛੈ ਸੰਗਤ ਦੀ ਚੱਲ ਰਹੀ ਪ੍ਰਥਾ ਸਾਡੇ ਲਈ ਮਾਣ ਵਾਲੀ ਗੱਲ ਹੈ ਜਿੱਥੇ ਬਿਨਾਂ ਕਿਸੇ ਭੇਦਭਾਵ ਦੇ ਸਭਨਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਬਾਬੇ ਨਾਨਕ ਨਾਲ ਭਾਈ ਮਰਦਾਨਾ ਜੀ ਦਾ ਸਾਥ ‘ਨੀਚਾ ਅੰਦਰਿ ਨੀਚ ਜਾਤਿ’ ਦੇ ਸੰਕਲਪ ਨੂੰ ਦ੍ਰਿੜ੍ਹ ਕਰਵਾਉਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਇਸੇ ਗੱਲ ਦਾ ਸੰਕੇਤ ਹਨ ਕਿ ‘ਚਹੁੰ ਵਰਨਾਂ’ ਲਈ ਸਾਂਝਾ ਸਥਾਨ, ਜਿੱਥੇ ਕਿਸੇ ਵੀ ਕੌਮ ਜਾਂ ਜਾਤ ਨਾਲ ਸੰਬੰਧਤ ਲੋਕ ਆਕੇ ਅਧਿਆਤਮਕਤਾ ਦਾ ਪਾਠ ਪੜ੍ਹ ਸਕਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇੱਕੋ ਬਾਟੇ ਵਿੱਚ ਅੰਮ੍ਰਿਤ ਦਾ ਛਕਾਇਆ ਜਾਣਾ ਵੀ ਇਸੇ ਗੱਲ ਦਾ ਸਬੂਤ ਹੈ।
ਅਨੰਦਪੁਰ ਸਾਹਿਬ ਦੀ ਜੰਗ ਸਮੇਂ ਭਾਈ ਘਨ੍ਹਈਆ ਜੀ ਦਾ ਦੁਸ਼ਮਣ ਦੀਆਂ ਫੌਜਾਂ ਨੂੰ ਪਾਣੀ ਪਿਆਉਣਾ ਵੀ ਸਭ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ ਹੈ।
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।।
ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਿੱਖ ਰਾਜ ਦੀ ਸਥਾਪਨਾ ਕਰਕੇ ਜਗੀਰਦਾਰਾਂ ਤੋਂ ਜ਼ਮੀਨਾ ਖੋਹ ਕੇ, ਕਿਰਤੀ ਕਾਮਿਆਂ ਨੂੰ ਉਨ੍ਹਾਂ ਜ਼ਮੀਨਾਂ ਦੀ ਮਾਲਕੀ ਬਖਸ਼ਣੀ ਕੀ ਇਹ ਬਰਾਬਰਤਾ ਜਾਂ ਜਿਸ ਨੂੰ ਅਸੀਂ ਸਮਾਜਵਾਦ ਕਹਿੰਦੇ ਹਾਂ ਉਹ ਨਹੀਂ। ਬੇਸ਼ੱਕ ਸਾਨੂੰ ਮਾਰਕਸਵਾਦ ਫਲਸਫੇ ਵਿੱਚ ਜਾਣ ਬੁੱਝਕੇ ਉਲਝਾਇਆ ਗਿਆ ਹੈ। ਪਰ ਜਦੋਂ ਤੱਕ ਅਸੀਂ ਆਪਣੀਆਂ ਜੜਾਂ ਨਾਲ ਨਹੀਂ ਜੁੜਦੇ ਉਦੋਂ ਤੱਕ ਸਮਾਜਵਾਦ, ਸਾਥੋਂ ਕੋਹਾਂ ਦੂਰ ਹੈ। ਸਮਾਜਵਾਦ ਤਾਂ ਦੂਰ ਹੁਣ ਤਾਂ ਸਾਡੇ ਗੁਰੂ ਘਰਾਂ ਵਿੱਚ ਵੀ ਮਨੂੰਵਾਦੀ ਸੋਚ ਵਾਲੇ ‘ਸੰਤਾਂ’ ਦਾ ਨਿਵਾਸ ਹੋ ਗਿਆ ਹੈ। ਜਿੰਨ੍ਹਾਂ ਨੇ ਵੱਡੇ ਵੱਡੇ ਚੋਲੇ ਪਹਿਨਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਤਰਾਂ ਅਤੇ ਜਾਪਾਂ ਤੱਕ ਸੀਮਤ ਕਰ ਰੱਖਿਆ ਹੈ ਅਤੇ ਇਕੋ ਸੰਗਤ ਅਤੇ ਪੰਗਤ ਵਿੱਚ ਬਹਿਕੇ ਖਾਣ ’ਤੇ ਮਨਾਹੀ ਕੀਤੀ ਹੋਈ ਹੈ। ਹੋਰ ਤਾਂ ਹੋਰ, ਹੁਣ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਉਸਰ ਰਹੇ ਹਨ ਅਤੇ ਬਰਾਬਰਤਾ ਦਾ ਸੰਕਲਪ ਸਾਡੇ ਮਨਾਂ ’ਚੋਂ ਖੰਭ ਲਾ ਕੇ ਉਡ ਰਿਹਾ ਹੈ, ਕਿਸੇ ਸੋਚੀ ਸਮਝੀ ਚਾਲ ਤਹਿਤ ਇਹ ਸਭ ਵਾਪਰ ਰਿਹਾ ਹੈ।
ਇਸਤਰੀ ਜਾਤੀ ਦਾ ਸਨਮਾਨ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸਤਰੀ ਜਾਤੀ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਵੈਸੇ ਤਾਂ ਸਾਰੀ ਗੁਰਬਾਣੀ ਵਿੱਚ ਜੀਵ ਆਤਮਾ ਨੂੰ ਇਸਤਰੀ ਰੂਪ (ਪਤਨੀ) ਵਿੱਚ ਉਭਾਰਿਆ ਗਿਆ ਹੈ ਅਤੇ ਪ੍ਰਭੂ ਨੂੰ ਪਤੀ ਦਾ ਦਰਜਾ ਦਿੱਤਾ ਗਿਆ ਹੈ।
ਜਿਤ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ।।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਹਾਲਾਤ ਹੀ ਅਜਿਹੇ ਸਨ ਜਦੋਂ ਇਸਤਰੀ ਨਾਲ ਮੁੱਢ ਕਦੀਮੋਂ ਵਿਤਕਰਾ ਕੀਤਾ ਜਾ ਰਿਹਾ ਸੀ, ਹੋਰ ਧਰਮ ਗ੍ਰੰਥਾਂ ਵਿੱਚ ਇਸਤਰੀ ਨੂੰ ਪੈਰ ਦੀ ਜੁੱਤੀ ਜਾਂ ਗੁੱਤ ਪਿਛੇ ਮੱਤ, ਕਹਿਕੇ ਸੰਬੋਧਿਤ ਕੀਤਾ ਜਾ ਰਿਹਾ ਸੀ ਉਸ ਵੇਲੇ ਗੁਰੂ ਸਾਹਿਬ ਨੇ ਔਰਤ ਨੂੰ ਰਾਜਿਆਂ ਦੀ ਜਣਨੀ ਕਹਿਕੇ ਸਤਿਕਾਰਿਆ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ।।
ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਮਾਤਮਾ ਦੇ ਰੂਪ ਵਿੱਚ ਵੇਖਣ ਦਾ ਮਾਣ ਵੀ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਨੂੰ ਹੀ ਪ੍ਰਾਪਤ ਹੋਇਆ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਉਨ੍ਹਾਂ ਦੀ ਸੁਪਤਨੀ ਬੀਬੀ ਖੀਵੀ ਜੀ ਨੇ ਲੰਗਰ ਦੀ ਸੇਵਾ ਸੰਭਾਲ ਕਰਦਿਆਂ ਆਏ ਸ਼ਰਧਾਲੂਆਂ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਪਾਣੀ ਛੁਕਾਉਣਾ ਵੀ ਇਸੇ ਗੱਲ ਦਾ ਪ੍ਰਤੀਕ ਹੈ ਗੁਰੂ ਘਰ ਵਿੱਚ ਮਰਦ-ਇਸਤਰੀ ਪ੍ਰਤੀ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਸ੍ਰੀ ਗੁਰੂ ਅਮਰ ਦਾਸ ਜੀ ਦੇ ਸਮੇਂ ਸਤੀ ਪ੍ਰਥਾ ਜ਼ੋਰਾਂ ਉਪਰ ਸੀ। ਜਦੋਂ ਕਿਸੇ ਨਾਰ ਦਾ ਕੰਤ ਚੜਾਈ ਕਰ ਜਾਂਦਾ ਤਾਂ ਉਸ ਨੂੰ ਉਸਦੇ ਨਾਲ ਹੀ ਜਿਉਂਦੀ ਨੂੰ ਸਾੜ ਦਿੱਤਾ ਜਾਂਦਾ ਉਸ ਸਮੇਂ ਗੁਰੂ ਸਾਹਿਬ ਨੇ ਇਸ ਸਤੀ ਪ੍ਰਥਾ ਦੇ ਵਿਰੁੱਧ ਆਵਾਜ਼ ਉਠਾਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ।
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਰਿ।।
ਸਿੱਖ ਧਰਮ ਵਿਚ ਜਿੰਨਾਂ ਸਨਮਾਨ ਇਸ ਧਰਮ ਦੇ ਗੁਰੂਆਂ ਦਾ ਕੀਤਾ ਜਾਂਦਾ ਹੈ ਉਨ੍ਹਾਂ ਹੀ ਇਹਨਾਂ ਮਹਾਨ ਗੁਰੂਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਜਾਂ ਗੁਰੂ ਮਹਿਲਾਂ ਦਾ ਰੁਤਬਾ ਉੱਚਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਔਰਤ ਨੂੰ ਮਰਦ ਦਾ ਈਮਾਨ ਦੱਸਿਆ ਹੈ ਅਤੇ ਔਰਤ ਉਪਰ ਹਮਲਾ ਕਰਨ ਤੋਂ ਵਰਜਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਆਹ ਸਮੇਂ ਜਦੋਂ ਮਾਤਾ ਗੁਜਰੀ ਜੀ ਦੇ ਪਿਤਾ ਭਾਈ ਲਾਲ ਚੰਦ ਜੀ ਨੇ ਕਿਹਾ ਕਿ ਗੁਰੂ ਜੀ ਅਸੀਂ ਤਾਂ ਕੁਝ ਦੇ ਨਹੀਂ ਸਕੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜਿਸ ਨੇ ਧੀ ਦੇ ਦਿੱਤੀ ਉਸ ਨੇ ਸਭ ਕੁਝ ਦੇ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਸਮੇਂ ਮਾਤਾ ਜੀਤੋ ਜੀ ਤੋਂ ਪਤਾਸੇ ਪੁਆ ਕੇ ਇਸਤਰੀ ਜਾਤੀ ਦੇ ਸਨਮਾਨ ਵਿੱਚ ਵਾਧਾ ਕੀਤਾ ਹੈ। ਮਾਤਾ ਸਾਹਿਬ ਕੌਰ ਜੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਖਿਤਾਬ ਬਖਸ਼ਿਆ ਹੈ। ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਆਪਣੇ ਖਾਲਸੇ ਨੂੰ ਕੁੜੀਮਾਰ ਨਾਲੋਂ ਨਾਤਾ ਤੋੜ ਲੈਣਾ ਹੀ ਬੇਹਤਰ ਦੱਸਿਆ ਹੈ। ਇਸੇ ਤਰ੍ਹਾਂ ਅਜਿਹਾ ਆਦੇਸ਼ ਕਿ ਕੁੜੀਮਾਰ ਨਾਲ ਨਹੀਂ ਵਰਤਣਾ ਅਤੇ ਉਸਨੂੰ ਸੰਗਤ ਵਿੱਚ ਬੈਠਣ ਨਹੀਂ ਦੇਣਾ ਇਹ ਆਦੇਸ਼ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੀ ਦਿੱਤਾ ਸੀ (ਪ੍ਰਿੰ. ਸਤਿਬੀਰ ਸਿੰਘ : ਪੁਸਤਕ ਅਸ਼ਟਮ ਬਲਵੀਰਾ)। ਗੁਰੂ ਸਾਹਿਬ ਦਾ ਖਾਲਸੇ ਨੂੰ ਇੱਕ ਹੋਰ ਆਦੇਸ਼ ਕਿ ਪ੍ਰਾਈ ਦੁਸ਼ਮਣ ਦੀ ਇਸਤਰੀ ਉਪਰ ਵਾਰ ਕਰਨਾ ਤਾਂ ਦੂਰ ਦੀ ਗੱਲ ਸਗੋਂ ਉਸ ਵੱਲ ਬੁਰੀ ਨਜ਼ਰ ਨਾਲ ਵੀ ਨਹੀਂ ਵੇਖਣਾ ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਦੇ ਕਰਤਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਆਦੇਸ਼ ਨੂੰ ਇਸ ਤਰ੍ਹਾਂ ਕਲਮਬੱਧ ਕੀਤਾ ਹੈ।
ਜੋ ਸਿੱਖ ਤੁਰਕਨੀ ਭੋਗੇ ਜਾਈ। ਉਹ ਨਹੀਂ ਬਖਸ਼ਿਆ ਜਾਇ ਕਦਾਈ।।
ਸਿੱਖ ਧਰਮ ਵਿੱਚ ਗ੍ਰਹਿਸਥ ਜੀਵਨ ਨੂੰ ਸ੍ਰੇਸ਼ਟ ਮੰਨਿਆ ਗਿਆ ਹੈ ਅਤੇ ਉਦਾਸੀਆਂ, ਸੰਨਿਆਸੀਆਂ ਆਦਿ ਨੂੰ ਨਿੰਦਿਆ ਗਿਆ ਹੈ। ਗੁਰਬਾਣੀ ਵਿੱਚ ਔਰਤ ਅਤੇ ਮਰਦ ਨੂੰ ‘ਏਕ ਜੋਤਿ ਦੁਇ ਮੂਰਤੀ’ ਦਾ ਜਾਮਾ ਪਹਿਨਾਇਆ ਗਿਆ ਹੈ। ਜਿੱਥੇ ਗੁਰਬਾਣੀ ਵਿੱਚ ਪਰਾਈ ਇਸਤਰੀ ਦੇ ਸੰਗ ਨੂੰ ਸੱਪਾਂ ਦੇ ਸਾਥ ਦੀ ਤੁਲਨਾ ਦਿੱਤੀ ਗਈ ਹੈ। ‘ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਹਿ।।’ ਅਤੇ ਘਰ ਦੀ ਨਾਰ ਤਿਆਗਕੇ ਪਰਾਈ ਇਸਤਰੀ ਭੋਗਣ ਵਾਲੇ ਨੂੰ ਅੰਨਾ ਕਿਹਾ ਗਿਆ ਹੈ ‘ਘਰ ਕੀ ਨਾਰਿ ਤਿਆਗੈ ਅੰਧਾ।। ਪਰ ਨਾਰੀ ਸਿਉ ਘਾਲੈ ਧੰਧਾ।।’ ਉਥੇ ਇਸਤਰੀ ਨੂੰ ਵੀ ਆਪਣਾ ਚਰਿੱਤਰ ਉੱਚਾ ਰੱਖਕੇ ਸੁਲੱਖਣੀ ਨਾਰ ਬਣਨ ਦੀ ਸਲਾਹ ਦਿੱਤੀ ਹੈ ਕਿਉਂਕਿ,
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।।
ਅੱਜ ਜਦੋਂ ਪੰਜਾਬ ਦੀ ਧਰਤੀ ਉਪਰ ਕੁੜੀਆਂ ਨੂੰ ਕੁੱਖ ਵਿੱਚ ਮਾਰਨ ਦਾ ਰੁਝਾਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ ਤਾਂ ਸਾਨੂੰ ਗੁਰਬਾਣੀ ਤੋਂ ਸੇਧ ਲੈਕੇ ਅਜਿਹੀਆਂ ਬੁਰਾਈਆਂ ਦਾ ਨਾਸ਼ ਕਰਨਾ ਹੋਵੇਗਾ। ਅੱਜ ਸਾਡੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਬੀਬੀਆਂ ਨੂੰ ਸੇਵਾ ਕਰਨ ਅਤੇ ਕੀਰਤਨ ਕਰਨ ’ਤੇ ਪਾਬੰਦੀ ਲਾਈ ਹੋਈ ਹੈ। ਅਜਿਹੀਆਂ ਪਾਬੰਦੀਆਂ ਅਖੌਤੀ ਡੇਰਾਵਾਦੀਆਂ ਅਤੇ ਮਹੰਤਾਂ ਦੀ ਸ਼ੈਅ ਤੇ ਲਾਈਆਂ ਸਨ। ਪਤਾ ਨਹੀਂ ਹੁਣ ਸਾਡੇ ਕੌਮ ਦੇ ਜਥੇਦਾਰਾਂ ਦੀਆਂ ਕੀ ਮਜ਼ਬੂਰੀਆਂ ਹਨ ਜੋ ਸਿੱਖ ਧਰਮ ਵਿੱਚ ਔਰਤ ਅਤੇ ਮਰਦ ਦੇ ਵਖਰੇਵੇਂ ਖੜ੍ਹ ਕਰ ਰਹੇ ਹਨ। ਅੱਜ ਦਹੇਜ ਪ੍ਰਥਾ ਜਾਂ ਬਲਾਤਕਾਰ ਵਰਗੀਆਂ ਘਟਨਾਵਾਂ ਕਾਰਨ ਹਾਹਾਕਾਰ ਮੱਚੀ ਹੋਈ ਹੈ। ਅਜਿਹੀਆਂ ਔਖੀਆਂ ਘੜੀਆਂ ਵਿੱਚ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ। ਸਾਨੂੰ ਗੁਰਬਾਣੀ ਦਾ ਓਟ ਆਸਰਾ ਲੈਕੇ ਅਜਿਹੀਆਂ ਕੁਰੀਤੀਆਂ ਨੂੰ ਠੱਲ ਪਾਉਣ ਲਈ ਅੱਗੇ ਆਉਣਾ ਪਵੇਗਾ। ਪਰ ਬਦਕਿਸਮਤੀ ਕਿ ਸਾਡੇ ਜਥੇਦਾਰ ਤਾਂ ਸਿਆਸਤਦਾਨਾਂ ਦੀਆਂ ਕੁਠਪੁਤਲੀਆਂ ਬਣ ਚੁੱਕੇ ਹਨ ਜਿਵੇਂ ਉਹ ਕਹਿੰਦੇ ਹਨ ਇਹ ਨੱਚਦੇ ਹਨ।
ਸਾਹਿਤ ਅਤੇ ਸਿੱਖਿਆ : ਗੁਰਬਾਣੀ ਤਾਂ ਹੈ ਹੀ ਚਾਨਣ ਜੋ ਨੇਰ੍ਹੇ ਨੂੰ ਦੂਰ ਕਰਕੇ, ਆਲੇ-ਦੁਆਲੇ ਨੂੰ ਪ੍ਰਕਾਸ਼ਮਾਨ ਕਰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਜਨਤਾ ਵਹਿਮਾਂ, ਭਰਮਾਂ ਅਤੇ ਅਗਿਆਨਤਾ ਦੀ ਸ਼ਿਕਾਰ ਸੀ ਅਤੇ ਏਸੇ ਨੇਰ੍ਹੇ ਨੂੰ ਦੂਰ ਕਰਨ ਲਈ ਗੁਰੂ ਸਾਹਿਬਾਨ ਨੇ ‘ਗੁਰਬਾਣੀ ਇਸੁ ਜਗ ਮਹਿ ਚਾਨਣੁ’ ਦਾ ਪਾਠ ਪੜ੍ਹਾਇਆ। ਗੁਰੂ ਸਾਹਿਬ ਦੇ ਸਮੇਂ ਲੋਕੀਂ ਵਿਦੇਸ਼ੀ ਭਾਸ਼ਾ, ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਸ਼ਿਕਾਰ ਹੋ ਚੁੱਕੇ ਸਨ। ਅਜਿਹੇ ਹਾਲਾਤਾਂ ਤੇ ਟਕੋਰ ਕਰਦਿਆਂ ਗੁਰੂ ਜੀ ਨੇ ਫੁਰਮਾਇਆ :
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ।।
ਗੁਰੂ ਸਾਹਿਬ ਨੇ ਸਰਲ ਅਤੇ ਮਾਤ ਭਾਸ਼ਾ ਵਿੱਚ ਗੁਰਬਾਣੀ ਰਚਕੇ, ਆਮ ਲੋਕਾਂ ਨੂੰ ਗਿਆਨ ਦਾ ਵੱਡਾ ਸੋਮਾ ਬਖਸ਼ਿਆ ਹੈ। ਜਿਸਨੂੰ ਪੜ੍ਹਕੇ, ਵਿਚਾਰਕੇ ਮਨੁੱਖ ਆਪਣਾ ਅਤੇ ਹੋਰਨਾਂ ਦਾ ਉਦਾਰ ਕਰ ਸਕਦਾ ਹੈ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ।।’ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦਾ ਨਿਰਮਾਣ ਕਰਕੇ, ਸਾਨੂੰ ਮਾਣ ਬਖਸ਼ਿਆ ਹੈ ਕਿ ਸਾਡੀ ਭਾਸ਼ਾ ਕਿੰਨੀ ਅਮੀਰ ਹੈ। ਬੱਚਿਆਂ ਨੂੰ ਵਰਣਮਾਲਾ ਸਿਖਾਉਣ ਲਈ ਪੱਟੀ ਅਤੇ ਬਾਵਨ ਅੱਖਰੀ ਦੀ ਰਚਨਾ ਕੀਤੀ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਾਧਾਰਣ ਜਨਤਾ ਨੂੰ ਸਿਖਿਅਤ ਕਰਨ ਲਈ 22 ਮੰਜੀਆਂ ਦੀ ਸਥਾਪਨਾ ਕੀਤੀ। ਗੁਰੂ ਸਾਹਿਬਾਨਾਂ ਨੇ ਮਨੁੱਖ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਇਹ ਦ੍ਰਿੜ੍ਹ ਕਰਵਾਇਆ ਹੈ ਕਿ ਜਿਸ ਮਨੁੱਖ ਕੋਲ ਅਕਲ ਹੈ, ਸੂਝ ਹੈ, ਗਿਆਨ ਹੈ, ਉਹੀ ਮਨੁੱਖ ਪ੍ਰਮਾਤਮਾ ਦੇ ਦਰ ਦਾ ਰਸਤਾ ਲੱਭਣ ਦੇ ਸਮਰੱਥ ਹੈ ਨਹੀਂ ਤਾਂ ਲੋਕ ਵਹਿਮਾਂ, ਭਰਮਾਂ, ਪਾਖੰਡਾਂ ਵਿੱਚ ਫਸੇ ਹੀ ਆਪਣੀ ਜ਼ਿੰਦਗੀ ਬਤੀਤ ਕਰ ਲੈਂਦੇ ਹਨ।
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।।
ਇਥੇ ਹੀ ਬੱਸ ਨਹੀਂ ਗੁਰਬਾਣੀ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਵਿੱਦਿਆ ਪੜ੍ਹਕੇ ਸਿਰਫ ‘ਪੜਿ ਪੜਿ ਗਡੀ ਲਦੀਅਹਿ’ ਦੇ ਮਹਾਂਵਾਕ ਅਨੁਸਾਰ ਮਨ ਉਪਰ ਬੋਝ ਹੀ ਨਹੀਂ ਪਾਉਣਾ ਸਗੋਂ ਵਿੱਦਿਆ ਵੀਚਾਰਕੇ ਪਰਉਪਕਾਰ ਕਰਨੇ ਹਨ। ਇਹ ਵੀ ਆਦੇਸ਼ ਹੈ ਉਹ ਮਨੁੱਖ ਪੜ੍ਹਕੇ ਵੀ ਮੂਰਖ ਹੀ ਰਹਿੰਦਾ ਹੈ ਜਿਹੜਾ ਹੰਕਾਰ ਵਿੱਚ ਫਸ ਜਾਵੇ।
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ।।
ਵਿੱਦਿਆ ਪੜ੍ਹਨ ਨਾਲ ਹੀ ਸਾਹਿਤ ਦਾ ਜਨਮ ਹੁੰਦਾ ਹੈ। ਬਾਣੀ ਦੇ ਰਚਨਹਾਰੇ ਸਾਹਿਤਕਾਰ ਅਤੇ ਕਵੀ ਸਨ। ਪ੍ਰਭੂ ਭਗਤੀ ਵਿੱਚ ਗੜੁੱਚ ਕਵਿਤਾ ਉਨ੍ਹਾਂ ਦੀ ਆਤਮਾ ਅੰਦਰੋਂ ਫੁੱਟੀ ਹੈ। ‘ਧਨੁ ਲੇਖਾਰੀ ਨਾਨਕਾ’ ਦੇ ਕਥਨ ਅਨੁਸਾਰ ਉਨ੍ਹਾਂ ਨੇ ਲੋਕਾਂ ਵਿੱਚ ਸਾਹਿਤਕ ਰੁਚੀ ਪੈਦਾ ਕੀਤੀ। ਕਥਾ, ਕੀਰਤਨ, ਬਾਣੀ ਦੇ ਪੜ੍ਹਨ, ਸੁਣਨ, ਮੰਨਣ ਰਾਹੀਂ ਲੋਕਾਂ ਦੀਆਂ ਸਾਹਿਤਕ ਰੁਚੀਆਂ ਦੇ ਵਿਕਾਸ ਦਾ ਉਪਰਾਲਾ ਕੀਤਾ। ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਢਾਡੀ ਦਰਬਾਰ ਸਜਾਉਣੇ ਅਤੇ ਪਾਉਂਟਾ ਸਾਹਿਬ ਦੀ ਧਰਤੀ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ 52 ਕਵੀਆਂ ਦੇ ਦਰਬਾਰ ਰਾਹੀਂ ਉਸ ਵੇਲੇ ਦੀ ਸਾਹ ਸਤਹੀਣ ਹੋ ਚੁੱਕੀ ਭਾਰਤੀ ਜਨਤਾ ਵਿੱਚ ਵੀਰ ਰਸੀ ਜਜਬਾ ਭਰਨ ਲਈ ਕਵੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਜਿਸ ਦੇ ਸਿੱਟੇ ਸਾਰਥਿਕ ਨਿਕਲੇ।
ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਸਾਨੂੰ ਮਾਤ ਭਾਸ਼ਾ, ਆਪਣੀ ਬੋਲੀ, ਵਿਰਸੇ ਅਤੇ ਸੱਭਿਆਚਾਰ ਦੇ ਲੜ ਲਾਇਆ, ਸਾਨੂੰ ਉਸ ਉਪਰ ਮਾਣ ਕਰਨਾ ਚਾਹੀਦਾ ਹੈ। ਪਰ ਸਾਡੀਆਂ ਸਰਕਾਰਾਂ ਅੱਜ ਵੀ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਕੰਨੀ ਕਤਰਾ ਰਹੀਆਂ ਹਨ। ਪਹਿਲੀ ਜਮਾਤ ਤੋਂ ਅੰਗਰੇਜ਼ੀ ਲਾਗੂ ਕਰਵਾਕੇ ਜਾਂ ਦਫ਼ਤਰਾਂ ਦੇ ਕੰਮਕਾਜ਼ ਅੰਗਰੇਜ਼ੀ ਵਿੱਚ ਕਰਵਾਕੇ ਇਹ ਸਰਕਾਰਾਂ ਪਤਾ ਨਹੀਂ ਕਿਸ ਦੀ ਚਾਪਲੂਸੀ ਕਰ ਰਹੀਆਂ ਹਨ। ਇਨ੍ਹਾਂ ਨੂੰ ਆਪਣੇ ਮਹਾਨ ਵਿਰਸੇ ਅਤੇ ਗੁਰੂ ਸਾਹਿਬਾਨ ਦੀ ਸਿੱਖਿਆ ਕਿਉਂ ਭੁੱਲ ਭੁਲਾ ਗਈਆਂ। ਅੱਜ ਸਾਡੇ ਘਰਾਂ ਵਿੱਚ ਵੀ ਲੋਕੀਂ ਪੰਜਾਬੀ ਵਿੱਚ ਗੱਲ ਕਰਨ ਦੀ ਥਾਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਨਾ ਬੇਹਤਰੀ ਸਮਝਦੇ ਹਨ। ਪਰ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਮਾਤ ਭਾਸ਼ਾ ਵਿੱਚ ਕੀਤੀ ਹੋਈ ਗੱਲ ਦਾ ਸੁਆਦ ਹੀ ਕੁੱਝ ਹੋਰ ਹੁੰਦਾ ਹੈ। ਚਲੋ ਗੁਰੂ ਸੁਮੱਤ ਬਖਸ਼ੇ। ਵਿੱਦਿਆ ਅੱਜ ਵਪਾਰ ਬਣ ਚੁੱਕੀ ਹੈ। ਵਿਦਿਆ ਵੀਚਾਰ ਕੇ ਪਰਉਪਕਾਰ ਕਰਨਾ ਤਾਂ ਦੂਰ ਦੀ ਗੱਲ ਅੱਜਕੱਲ੍ਹ ਤਾਂ ਜਾਇਜ਼, ਨਜਾਇਜ਼ ਤਰੀਕਾ ਵਰਤਕੇ ਡਿਗਰੀਆਂ ‘ਕੱਠੀਆਂ ਕਰਨ ਦੀ ਹੋੜ ਨੇ ਵਿੱਦਿਆ ਵਪਾਰੀਆਂ ਦੇ ਹੌਂਸਲੇ ਵਧਾ ਦਿੱਤੇ ਹਨ। ਇਹੀ ਕਾਰਨ ਹੈ ਕਿ ਅੱਜ ਛੋਟੇ ਛੋਟੇ ਕਮਰੇ ਯੂਨੀਵਰਸਿਟੀਆਂ ਬਣੇ ਪਏ ਹਨ। ਅਜਿਹੀ ਵਿੱਦਿਆ ਪੜ੍ਹਕੇ ‘ਕੀ ਗੰਜੀ ਨਹਾਊ ਤੇ ਕੀ ਨਿਚੋੜੂ’ ਵਾਗੂੰ ਭਵਿੱਖ ਕੀ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਸਿਹਤ ਦਾ ਸੰਕਲਪ : ਤੰਦਰੁਸਤ ਮਨੁੱਖ ਹੀ ਤੰਦਰੁਸਤ ਸਮਾਜ ਸਿਰਜਣ ਦਾ ਸੁਪਨਾ ਲੈ ਸਕਦਾ ਹੈ। ਗੁਰਬਾਣੀ ਵਿੱਚ ਜਿੱਥੇ ਮਨੁੱਖ ਦੇ ਮਨੋਬਲ ਨੂੰ ਉੱਚਾ ਕਰਕੇ ਨੈਤਿਕਤਾ ਦਾ ਪਾਠ ਪੜ੍ਹਾਇਆ ਹੈ। ਉਥੇ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਦੀ ਸਿੱਖਿਆ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਵੱਲੋਂ ਪੈਦਲ ਤੁਰਕੇ ਲੱਖਾਂ ਮੀਲ ਪੈਂਡਾ ਤੈਅ ਕਰਨਾ ਇਸੇ ਗਲ ਦਾ ਪ੍ਰਮਾਣ ਹੈ ਕਿ ਤੰਦਰੁਸਤ ਮਨੁੱਖ ਹੀ ਐਨਾ ਤੁਰ ਸਕਣ ਦੇ ਸਮਰੱਥ ਹੈ। ਬੀਮਾਰ ਬੰਦੇ ਤੋਂ ਤਾਂ ਪੈਰ ਵੀ ਨਹੀਂ ਪੁੱਟਿਆ ਜਾਂਦਾ। ਕਿਰਤ ਕਰਨ ਦਾ ਸੰਦੇਸ਼ ਵੀ ਇਹ ਪ੍ਰਤੱਖ ਬਣਾਉਂਦਾ ਹੈ ਕਿ ਜਿੱਥੇ ਕਿਰਤੀ ਮਨੁੱਖ ਆਪਣੇ ਦਸਾਂ ਨਹੁੰਆਂ ਦੀ ਸੱਚੀ ਸੁੱਚੀ ਕਿਰਤ ਕਰਕੇ ਆਪਣਾ ਪ੍ਰੀਵਾਰ ਪਾਲਦਾ ਹੈ ਉਥੇ ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਕਿਉਂਕਿ ਵਿਹਲੜ ਮਨੁੱਖਾਂ ਲਈ ਗੁਰਮਤਿ ਵਿੱਚ ਕੋਈ ਥਾਂ ਨਹੀਂ ਜਿਵੇਂਕਿ ਮਾਡਰਨ ਸਾਇੰਸ ਨੇ ਬੀਮਾਰੀਆਂ ਦੇ ਕਾਰਨਾਂ ਬਾਰੇ ਦੱਸਦੇ ਹੋਇਆ ਲਿਖਿਆ ਹੈ ਕਿ ਸਾਡਾ ਮਨ, ਸਾਡਾ ਖਾਣਾ ਪੀਣਾ, ਰਹਿਣ ਸਹਿਣ ਬੀਮਾਰੀਆਂ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਗੁਰਬਾਣੀ ਵਿੱਚ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਕੇ ਰਹਿਣ ਦੀ ਸਿੱਖਿਆ ਮਿਲਦੀ ਹੈ। ਜੇਕਰ ਅੱਜ ਅਸੀਂ ਦੁਨੀਆਂ ਦੇ ਦੁੱਖਾਂ ਦੇ ਕਾਰਨਾਂ ਨੂੰ ਜਾਣੀਏ ਤਾਂ ਇਹੀ ਪੰਜ ਵਿਕਾਰ ਮਨੁੱਖ ਨੂੰ ਬੀਮਾਰੀਆਂ ਵੱਲ ਧੱਕ ਰਹੇ ਹਨ। ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਵਿਕਾਰਾਂ ਤੋਂ ਬਚਣ ਲਈ ਫੁਰਮਾਨ ਕੀਤਾ ਹੈ :
ਕਾਮੁ ਕ੍ਰੋਧੁ ਕਾਇਆ ਕਉ ਗਾਲੈ।। ਜਿਉ ਕੰਚਨ ਸੋਹਾਗਾ ਢਾਲੈ।।
ਗੁਰਬਾਣੀ ਵਿੱਚ ਤਾਂ ਬੁਰੇ ਦਾ ਵੀ ਭਲਾ ਕਰਨ ਨੂੰ ਆਖਿਆ ਗਿਆ ਹੈ। ਬਾਬਾ ਫਰੀਦ ਜੀ ਦਾ ਕਥਨ ਹੈ :
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ।। ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੂ ਪਾਇ।।
ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਮੱਲ ਅਖਾੜਿਆਂ ਦੀ ਸਥਾਪਨਾ ਕਰਨੀ ਇਸੇ ਗੱਲ ਦਾ ਸੂਚਕ ਹੈ ਕਿ ਜਿੰਨਾ ਚਿਰ ਮਨੁੱਖ ਸਰੀਰਕ ਤੌਰ ’ਤੇ ਤਕੜਾ ਨਹੀਂ ਹੁੰਦਾ ਉਨਾਂ ਚਿਰ ਉਹ ਕੁਝ ਵੀ ਕਰਨ ਦੇ ਸਮਰੱਥ ਨਹੀਂ। ਦੇਸ਼, ਕੌਮ ਦੀ ਰੱਖਿਆ ਕਰਨ ਲਈ ਮਾਨਸਿਕ ਤੌਰ ’ਤੇ ਸੁਚੇਤ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਹੋਣਾ ਬੜਾ ਲਾਜ਼ਮੀ ਹੈ। ਪਰ ਅੱਜ ਸਾਨੂੰ ਜਿੱਥੇ ਮਾਨਸਿਕ ਤੌਰ ’ਤੇ ਗੁਰਬਾਣੀ ਨਾਲੋਂ ਤੋੜਿਆ ਜਾ ਰਿਹਾ ਹੈ ਜਾਂ ਅਸੀਂ ਆਪਣੇ ਆਪ ਗੁਰਬਾਣੀ ਦਾ ਪੱਲਾ ਛੱਡ ਰਹੇ ਹਾਂ ਅਤੇ ਸਰੀਰਕ ਤੌਰ ’ਤੇ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਗਦੇ ਦਰਿਆ ਵਿੱਚ ਧੱਕਾ ਦਿੱਤਾ ਜਾ ਰਿਹਾ ਹੈ। ਸਾਡੀ ਧਰਤੀ ਉਤੇ ਧੜਾਧੜ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦਾ ਛਿੜਕਾਅ, ਸਾਡੀ ਜਰਖੇਜ਼ ਧਰਤ ਨੂੰ ਬੰਜਰ ਬਣਾ ਦੇਵੇਗਾ। ਇਸ ਜਹਿਰੀਲੀ ਧਰਤ ਵਿੱਚੋਂ ਪੈਦਾ ਹੋਣ ਵਾਲਾ ਅੰਨ ਖਾ ਕੇ ਅਸੀਂ ਕਿਵੇਂ ਸੂਰਮੇ ਬਣਾਂਗੇ। ਤਾਂ ਹੀ ਅੱਜਕੱਲ੍ਹ ਜੰਮਦੇ ਬੱਚਿਆਂ ਨੂੰ ਬੀਮਾਰੀਆਂ ਨੇ ਘੇਰ ਰੱਖਿਆ ਹੈ। ਦਵਾਈਆਂ ਉਤੇ ਪਲੇ ਸਰੀਰ ਦੇਸ਼, ਕੌਮ ਦਾ ਤਾਂ ਕੀ ਆਪਣਾ ਵੀ ਕੁੱਝ ਨਹੀਂ ਸੰਵਾਰ ਸਕਣਗੇ। ਸਾਡਾ ਪਾਣੀ, ਸਾਡੀ ਹਵਾ ਸਭ ਕੁੱਝ ਦੂਸ਼ਿਤ ਹੋਣ ਜਾ ਰਿਹਾ ਹੈ ਅਸੀਂ ਬੇਸ਼ੱਕ ਸਵੇਰੇ ਸ਼ਾਮ ਗੁਰੂ ਘਰਾਂ ਵਿੱਚ ਇਹ ਤੁਕਾਂ ਰੋਜ਼ ਪੜ੍ਹਦੇ ਹਾਂ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ’ ਪਰ ਅਸੀਂ ਇਹ ਧਰਤ, ਹਵਾ ਅਤੇ ਪਾਣੀ ਨੂੰ ਬਚਾਉਣ ਦਾ ਉਪਰਾਲਾ ਨਹੀਂ ਕਰਦੇ ਜਿਸਦੇ ਸਿੱਟੇ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣੇ ਪੈਣਗੇ।
ਗੁਰਬਾਣੀ ਵਿੱਚ ਤੰਦਰੁਸਤ ਰਹਿਣ ਲਈ ਖਾਣ-ਪੀਣ ਵੱਲ ਉਚੇਚਾ ਧਿਆਨ ਦਿਵਾਇਆ ਗਿਆ ਹੈ ਅਤੇ ਫੁਰਮਾਇਆ ਹੈ ਕਿ ਅਜਿਹੇ ਖਾਣ ਪੀਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਸਾਡਾ ਤਨ ਮਨ ਬੀਮਾਰ ਹੁੰਦਾ ਹੋਵੇ :
ਬਾਬਾ ਹੋਰੁ ਖਾਣਾ ਖੁਸੀ ਖੁਆਰੁ।। ਜਿਤੁ ਖਾਧੈ ਤਨਿ ਪੀੜੀਐ ਮਨ ਮਹਿ ਚਲਹਿ ਵਿਕਾਰ।।
ਜਿਵੇਂਕਿ ਅਸੀਂ ਦੇਖਦੇ ਹਾਂ ਕਿ ਅੱਜ ਦੀ ਪੀੜ੍ਹੀ ਖਾਲਸ ਦੁੱਧ, ਦਹੀਂ, ਲੱਸੀ ਨੂੰ ਵੇਖਕੇ ਤਾਂ ਨੱਕ ਚੜ੍ਹਾਉਂਦੀ ਹੈ ਪਰ ਫਾਸਟ ਫੂਡ ਜਾਂ ਠੰਢੇ ਬੱਤਿਆਂ ਨੂੰ ਰੋਟੀ ਨਾਲ ਪੀਣ ਦਾ ਵੀ ਰਿਵਾਜ਼ ਪੈ ਗਿਆ। ਅੱਜਕੱਲ੍ਹ ਤਾਂ ਲੋਕ ਪਾਣੀ ਦੀ ਥਾਂ ਕੋਕੇ ਕੋਲੇ ਪੀਂਦੇ ਹਨ। ਅਜਿਹਾ ਖਾਣ ਨਾਲ ਬੁੱਧੀ ਭ੍ਰਿਸ਼ਟ ਹੁੰਦੀ ਹੈ ਤੇ ਖਾ ਖਾ ਕੇ ਪੇਟ ਵਧਾਉਣ ਨਾਲ ਬੀਮਾਰੀਆਂ ਵਿੱਚ ਵਾਧਾ ਹੁੰਦਾ ਹੈ। ਰੱਜ ਕੇ ਖਾਣਾ ਖਾਣ ਨਾਲ ਸੁਸਤੀ ਪੈਂਦੀ ਹੈ ਤੇ ਮਨੁੱਖ ਖਾਣ ਪੀਣ ਅਤੇ ਸੌਣ ਦੇ ਆਹਰੇ ਲੱਗਾ ਹੋਇਆ ਪਰਮਪਿਤਾ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ, ਗੁਰਬਾਣੀ ਸਾਡਾ ਧਿਆਨ ਦਿਵਾਉਂਦੀ ਹੈ।
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ।। ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ।।
ਅੱਜ ਸ਼ੂਗਰ, ਬਲੱਡ ਪ੍ਰੈਸ਼ਰ, ਕੈਂਸਰ ਵਰਗੀਆਂ ਬੀਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਜਿੱਥੇ ਸਾਡਾ ਖਾਣ ਪੀਣ ਅਤੇ ਰਹਿਣ ਸਹਿਣ ਬਦਲ ਗਿਆ ਹੈ ਉਥੇ ਮਨੁੱਖ ਨੇ ਆਪਣੀਆਂ ਚਿੰਤਾਵਾਂ ਅਤੇ ਲਾਲਸਾਵਾਂ ਵਿੱਚ ਵੀ ਵਾਧਾ ਕੀਤਾ ਹੈ। ਈਰਖਾ ਵਧ ਰਹੀ ਹੈ, ਮਨੁੱਖ ਆਪਣੇ ਦੁੱਖਾਂ ਕਰਕੇ ਇੰਨਾ ਦੁਖੀ ਨਹੀਂ ਜਿੰਨਾ ਦੂਜੇ ਨੂੰ ਸੁਖੀ ਵੇਖਕੇ ਦੁਖੀ ਹੋ ਰਿਹਾ ਹੈ। ‘ਨਿਵੈ ਸੁ ਗਉਰਾ ਹੋਇ’ ਅਤੇ ‘ਮਿਠਤੁ ਨੀਵੀ ਨਾਨਕਾ’ ਦੇ ਮਹਾਵਾਕਾਂ ਨੂੰ ਅਸੀਂ ਹਿਰਦੈ ਵਿਚੋਂ ਭੁਲਾਕੇ ਆਪਣੀ ਮੱਤ ਨੀਵੀਂ ਕਰ ਲਈ ਹੈ ਅਤੇ ਆਪਣੇ ਮਨ ਦੇ ਆਖੇ ਲੱਗਕੇ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ।
ਅੱਜ ਏਡਜ਼ ਵਰਗੇ ਜਾਨਲੇਵਾ ਰੋਗ ਮਹਾਂਮਾਰੀ ਦਾ ਰੂਪ ਅਖ਼ਤਿਆਰ ਕਰ ਰਹੇ ਹਨ। ਸਭ ਨੂੰ ਪਤਾ ਹੀ ਹੈ ਕਿ ਏਡਜ਼ ਦਾ ਪ੍ਰਮੁੱਖ ਕਾਰਨ ‘ਕਾਮ’ ਹੀ ਹੈ। ਗੁਰਬਾਣੀ ਵਿੱਚ ਮਨੁੱਖ ਨੂੰ ਥਾਂ-ਥਾਂ ਆਪਣਾ ਆਚਰਣ ਉੱਚਾ ਰੱਖਕੇ ਚੱਲਣ ਦੀਆਂ ਨਸੀਹਤਾਂ ਦਿੱਤੀਆਂ ਹਨ।
ਸ਼ਹੀਦੀ ਸੰਕਲਪ : ਗੁਰਬਾਣੀ ਵਿੱਚ ਸੇਵਾ, ਸਿਮਰਨ ਅਤੇ ਜ਼ਬਰ ਜ਼ੁਲਮ ਦੇ ਖਿਲਾਫ਼ ਲੜ੍ਹਨ ਦਾ ਸਬਕ ਸਿਖਾਇਆ ਗਿਆ ਹੈ। ਇਸ ਜੰਗ ਵਿੱਚ ਭਾਵੇਂ ਆਪਣਾ ਆਪ ਕੁਰਬਾਨ ਕਿਉਂ ਨਾ ਕਰਨਾ ਪਵੇ ਪਰ ਇਹ ਜੰਗ ਸੱਚਾਈ ਦੀ ਅਤੇ ਸਰਬੱਤ ਦੇ ਭਲਾ ਦੀ ਹੋਣੀ ਚਾਹੀਦੀ ਹੈ, ਇਹ ਨਹੀਂ ਕਿ ਆਪਣੀ ‘ਮੈਂ’ ਨੂੰ ਉੱਚਾ ਚੁੱਕਣ ਲਈ ਹੀ ਸਿਰਫ਼ ਲੜ੍ਹਾਈ ਲੜੀ ਜਾਵੇ। ਗੁਰਬਾਣੀ ਵਿੱਚ ਤਾਂ ਪਿਆਰੇ ਪ੍ਰੀਤਮ ਦੇ ਰਸਤੇ ’ਤੇ ਚੱਲਣ ਲਈ ਇੰਝ ਫੁਰਮਾਨ ਕੀਤਾ ਗਿਆ ਹੈ,
ਜਉ ਤਉ ਪ੍ਰੇਮ ਖੇਲਣ ਕਾ ਚਾਉ।। ਅਤੇ
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ।।
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇੱਕ ਯੁੱਗ ਪਲਟਾਊ ਘਟਨਾ ਸਾਬਤ ਹੋਈ। ਇਸ ਸ਼ਹੀਦੀ ਨੇ ਸਿੱਖ ਧਰਮ ਵਿੱਚ ਭਗਤੀ ਅਤੇ ਸ਼ਕਤੀ ਨੂੰ ਇਕੱਠਿਆਂ ਕਰਕੇ ਮੀਰੀ ਅਤੇ ਪੀਰੀ ਦਾ ਜੋ ਸਿਧਾਂਤ ਬਖਸ਼ਿਆ, ਉਸੇ ਰਾਹ ’ਤੇ ਚੱਲਦਿਆਂ ‘ਸਿੱਖਾਂ’ ਅੰਦਰ ਕੁਰਬਾਨੀ ਦਾ ਐਸਾ ਜਜ਼ਬਾ ਸਰਸ਼ਾਰ ਹੋਇਆ ਹੈ ਕਿ ‘ਸਿੱਖ ਕੌਮ’ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ਼ ਲੜਦੀ ਆਈ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸਰੋਤ ਹੈ ਕਿ ਆਪਣੇ ਧਰਮ ਲਈ ਲੜਨਾ ਅਤੇ ਕੁਰਬਾਨ ਹੋਣਾ ਤਾਂ ਆਮ ਗੱਲ ਹੈ ਪਰ ਦੂਜੇ ਧਰਮ ਦੀ ਰੱਖਿਆ ਕਰਨ ਲਈ ਆਪਣਾ ਆਪ ਦਾਅ ’ਤੇ ਲਾ ਦੇਣਾ ਆਪਣੀ ਮਿਸਾਲ ਆਪ ਹੈ। ਇਹ ਸ਼ਹੀਦੀ ਇਸ ਗੱਲ ਦਾ ਪ੍ਰਮਾਣ ਹੈ ਕਿ ਜਦੋਂ ਕਿਸੇ ਦੀ ਸਹਾਇਤਾ ਕਰਨ ਹੀ ਲੱਗ ਜਾਈਏ ਤਾਂ ਫਿਰ ਅੱਧ ਵਿਚਕਾਰ ਨਾ ਛੱਡੀਏ ਸਗੋਂ ‘ਯਾਰੀ ਲਾਈਏ ਤੋੜ ਨਿਭਾਈਏ’ ਜਿਵੇਂ ਕਿ ਫੁਰਮਾਣ ਹੈ ‘ਸਿਰੁ ਦੀਜੈ ਕਾਣਿ ਨ ਕੀਜੈ।।’ ਸਿੱਖ ਇਤਿਹਾਸ ਵਿੱਚ ਜੇਕਰ ਸ਼ਹੀਦਾਂ ਦੀ ਗਿਣਤੀ ਕਰਨ ਲੱਗੀਏ ਤਾਂ ਲਿਸਟ ਬਹੁਤ ਲੰਮੀ ਹੈ ਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤਾਂ ਸਿੱਖ ਧਰਮ ਦੀਆਂ ਨੀਹਾਂ ਸਾਬਤ ਹੋਈ ਹੈ। ਜਿਸ ਉਪਰ ਸਿੱਖੀ ਦਾ ਮਹਿਲ ਉਸਰਿਆ ਹੈ ਅਤੇ ਇਹ ਸ਼ਹੀਦੀ ਇਸ ਗੱਲ ਦਾ ਵੀ ਪ੍ਰੇਰਨਾ ਸਰੋਤ ਹੈ ਕਿ ਜ਼ਬਰ ਜ਼ੁਲਮ ਅੱਗੇ ਗੋਡੇ ਟੇਕ ਦੇਣੇ ਕਾਇਰਾਂ ਦਾ ਕੰਮ ਹੈ। ਸੂਰਬੀਰ ਤਾਂ ਹੱਸ ਹੱਸ ਕੇ ਕੁਰਬਾਨ ਹੋ ਜਾਇਆ ਕਰਦੇ ਹਨ। ਦੇਸ਼ ਕੌਮ ਦੀ ਆਜ਼ਾਦੀ ਲਈ ਸਿੱਖਾਂ ਨੇ ਜਿੰਨੀਆਂ ਸ਼ਹੀਦੀਆਂ ਦਿੱਤੀਆਂ ਉਹ ਸਭ ਨੂੰ ਪਤਾ ਹੈ। ਭਾਵੇਂ ਸਿੱਖ ਘੱਟ ਗਿਣਤੀ ਕੌਮ ਵਿੱਚ ਗਿਣੇ ਜਾਂਦੇ ਹਨ ਪਰ ਜੇਕਰ ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ ਜਾਵੇ ਤਾਂ ਕੁਰਬਾਨੀ ਦੇਣ ਵਿੱਚ ਸਿੱਖ ਕੌਮ ਸਭ ਤੋਂ ਅੱਗੇ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿੱਖ ਇੰਨੀਆਂ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਆਜ਼ਾਦ ਹਨ। ਉਤਰ ਮਿਲਦਾ ਹੈ ਨਹੀਂ। 1984 ਦਾ ਸਿੱਖ ਕਤਲੇਆਮ ਇਸ ਦੀ ਮੂੰਹ ਬੋਲਦੀ ਤਸਵੀਰ ਹੈ। ਜਿਸ ਕੌਮ ਦੇ ਗੁਰੂ ਨੇ ਦੂਜੇ ਧਰਮ ਨੂੰ ਬਚਾਉਣ ਲਈ ‘ਦਿੱਲੀ’ ਵਿੱਚ ਆਪਣੀ ਸ਼ਹੀਦੀ ਦਿੱਤੀ ਉਸੇ ਦਿੱਲੀ ਵਿੱਚ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਅਤੇ ਗਲਾਂ ਵਿੱਚ ਟਾਇਰ ਪਾ ਕੇ ਜਿਉਂਦੇ ਸਾੜ ਦਿੱਤਾ ਕਿਉਂਕਿ ਸਿੱਖਾਂ ਦੀ ਚੜ੍ਹਤ ਵੇਲੇ ਦੇ ਹਾਕਮਾਂ ਦੀਆਂ ਅੱਖਾਂ ਵਿੱਚ ਹਮੇਸ਼ਾਂ ਰੜਕਦੀ ਰਹੀ ਹੈ। ਸ਼ਾਇਦ ਸਮੇਂ ਦੇ ਹਾਕਮ ਭੁੱਲ ਗਏ ਕਿ ਸਿੱਖ ਤਾਂ ਉਦੋਂ ਵੀ ਨਹੀ ਸਨ ਮੁੱਕੇ ਜਦੋਂ ਮੰਨੂੰ ਇਨਾਂ ਦੇ ਸਿਰਾਂ ਦੇ ਮੁੱਲ ਪਾ ਰਿਹਾ ਸੀ। ਇਹ ਤਾਂ ਉਦੋਂ ਵੀ ਗਾਉਂਦੇ ਸਨ :
ਮੰਨੂੰ ਅਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ, ਜਿਉਂ ਜਿਉਂ ਮੰਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।
ਕੁੱਝ ਵੀ ਹੋਵੇ ਸਿੱਖ ਕੌਮ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿੰਦੀ ਹੈ। ਗੁਰੂ ਸਾਹਿਬ ਨੇ ਹਮੇਸ਼ਾ ਆਪਣੇ ਸਿੱਖਾਂ ਅਤੇ ਸੰਗਤ ਨੂੰ ਦੀਨ ਦੁਖੀ ਦੀ ਸੇਵਾ ਕਰਨ ਅਤੇ ਜ਼ਬਰ ਜ਼ੁਲਮ ਦੇ ਖਿਲਾਫ਼ ਲੜ੍ਹਨ ਦੀ ਪ੍ਰੇਰਨਾ ਦਿੱਤੀ ਹੈ। ਨਾ ਹੀ ਕਿਸੇ ਕੋਲੋਂ ਡਰਨਾ ਅਤੇ ਨਾ ਹੀ ਡਰਾਉਣ ਦਾ ਸੰਕਲਪ ਸਾਡੇ ਸਾਹਮਣੇ ਰੱਖਿਆ ਹੈ।
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤੁ ਆਨ।।
ਸੋ ਅੱਜ ਜਦੋਂ ਦੁਨੀਆਂ ’ਤੇ ਜ਼ਬਰ ਜ਼ੁਲਮ ਵੱਧ ਰਿਹਾ ਹੈ ਤਾਂ ਸਾਨੂੰ ਗੁਰੂ ਸਾਹਿਬ ਦਾ ਸੰਦੇਸ਼ ਯਾਦ ਰੱਖਣਾ ਚਾਹੀਦਾ ਹੈ ਅਤੇ ਡੱਟਕੇ ਜ਼ਬਰ ਜ਼ੁਲਮ ਦੇ ਖਿਲਾਫ਼ ਲੜਨਾ ਚਾਹੀਦਾ ਹੈ ਕਿਉਂਕਿ ਸੂਰਮਾ ਇੱਕ ਵਾਰ ਮਰਦਾ ਹੈ ਕਾਇਰ ਵਾਰ ਵਾਰ ਮਰਦਾ ਹੈ। ਸੋ ਸਾਨੂੰ ਕਾਇਰ ਨਹੀਂ ਸਗੋਂ ਸੂਰਮੇ ਬਹਾਦਰ ਬਣਕੇ ਮੈਦਾਨ ਵਿੱਚ ਨਿਤਰਨਾ ਚਾਹੀਦਾ ਹੈ।
ਡਾ. ਅਮਨਦੀਪ ਸਿੰਘ ਟੱਲੇਵਾਲੀਆ
ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ,
ਕਚਹਿਰੀ ਚੌਂਕ, ਬਰਨਾਲਾ।
ਮੋਬ. 98146-99446



0 comments:
Speak up your mind
Tell us what you're thinking... !