‘ਆ...ਹਾ3ਆ ਡਰਾਈਵਰ ਅੰਕਲ ਉੱਤੇ ਵੀ ਹੱਥ ਚੁੱਕ ਲਿਆ।’ ਘੱਟੋ ਘੱਟ ਵੀਰੇ ਕੋਲੋਂ ਤਾਂ ਸਿੰਮੀ ਨੂੰ ਇਹ ਆਸ ਨਹੀਂ ਸੀ।
ਇਹ ਡਰਾਈਵਰ ਅੰਕਲ ਤਾਂ ਚੌਧਰੀ ਦੇ ਤਿੰਨੇ ਬੱਚਿਆਂ ਨੂੰ ਗੋਦੀ ਚੁੱਕ ਕੇ ਘੁਮਾਉਂਦਾ ਰਿਹਾ ਸੀ।ਸ਼ੁਰੂ ਤੋਂ ਹੀ ਬੱਚਿਆਂ ਨੂੰ ਸਕੂਲ ਲੈ ਜਾਣ ਲਿਆਉਣ ਅਤੇ ਬਜ਼ਾਰ ਆਉਣ ਜਾਣ ਲਈ ਇਹ ਹੀ ਤਾਂ ਸੀ, ਵਿਸ਼ਵਾਸ ਪਾਤਰ।ਥੋੜਾ ਜਿਹਾ ਨੁਕਸਾਨ ਹੋਣ ਤੇ ਗਾਲ਼ਾਂ, ਹੱਥ ਚੁੱਕਣਾ3ਘੱਟੋ ਘੱਟ ਵੀਰੇ ਤੋਂ ਇਹ ਆਸ ਨਹੀਂ ਸੀ।ਇਹ ਗੱਲ ਸਿੰਮੀ ਨੂੰ ਬਹੁਤ ਬੁਰੀ ਲੱਗੀ ਸੀ ਅਤੇ ਉਸ ਦਿਨ ਤੋਂ ਬਾਅਦ ਉਹ ਡਰਾਈਵਰ ਮੁੜ ਨੌਕਰੀ ਤੇ ਨਹੀਂ ਸੀ ਆਇਆ।
ਘਰ ਦਾ ਮਹੌਲ ਹੀ ਐਸਾ ਸੀ।ਪੈਸਾ,ਕਾਰਾਂ ਕੋਠੀਆਂ,ਬੱਸਾਂ,ਜਮੀਨ ਜਇਦਾਤ,ਪਟਰੋਲ ਪੰਪ ਕਿੰਨਾ ਕੁਝ ਸੀ ਚੌਧਰੀ ਨੱਥਾ ਸਿੰਘ ਕੋਲ। ਏਨਾ ਕੁੱਝ ਹੁੰਦੇ ਹੋਏ ਵੀ ਰੱਜ ਨਹੀਂ ਸੀ।ਕਿਸੇ ਨਾ ਕਿਸੇ ਨੌਕਰ ਚਾਕਰ, ਡਰਾਈਵਰ,ਕੰਡਕਟਰ ਦੇ ਗਾਲਾਂ ਜਾਂ ਥੱਪੜ ਲੱਗ ਭੱਗ ਰੋਜ ਹੀ ਪੈਂਦੇ ਸੀ।ਚੌਧਰੀ ਦੇ ਸਾਹਮਣੇ ਹੋਣ ਤੋਂ ਸਾਰੇ ਮੁਲਾਜਮ ਕੰਨੀ ਕਤਰਾਉਂਦੇ ਸੀ।
ਹੁਣ ਤਾਂ ਗਿੰਦੇ ਦਾ ਵੀ ਆਪਣੇ ਚੌਧਰੀ ਬਾਪ ਵਾਲਾ ਹੀ ਹਾਲ ਸੀ, ਓਹੀ ਰਵੱਈਆ, ਓਹੀ ਆਕੜ। ਗਾਲਾਂ ਕੱਢਣ,ਕੁੱਟਮਾਰ ਕਰਨ ਵਿੱਚ ਬਹਾਦਰੀ ਸਮਝਦਾ ਸੀ।ਲੜਾਈ ਝਗੜੇ ਚਲਦੇ ਹੀ ਰਹਿੰਦੇ। ਇੰਨੇ ਵੱਡੇ ਕਾਰੋਬਾਰ ਵਿੱਚ ਕੋਰਟ ਕਚਹਿਰੀ ਤਾਂ ਨਿੱਤ ਦਾ ਆਉਣਾ ਜਾਣਾ ਰਹਿੰਦਾ ਸੀ। ਵਕੀਲ ਵੀ ਪੱਕੇ ਹੀ ਰੱਖੇ ਹੋਏ ਸੀ।ਪੈਸੇ ਦੀਆਂ ਪੰਡਾਂ ਹੇਠ ਦੱਬੀ ਹੋਈ ਵੱਡੀ ਸਰਦਾਰਨੀ ਆਪਣੀ ਮਾਂ, ਕਦੇ ਸਿੰਮੀ ਨੇ ਹੱਸਦੀ ਨਹੀਂ ਸੀ ਦੇਖੀ। ਹੁਣ ਤਾਂ ਉਸਦੀ ਭਾਬੀ ਦਾ ਵੀ ਮਾਂ ਵਾਲਾ ਈ ਹਾਲ ਸੀ।
ਖਾ ਲਓ, ਖਰਚ ਲਓ, ਡਰਾਈਵਰ ਨੇ, ਗੱਡੀਆਂ ਨੇ ਪਰ ਪਿਆਰ ਨਾਲ ਮਾਂ ਕੋਲ ਬੈਠਾ ਕਦੇ ਬਾਪ ਨਹੀਂ ਸੀ ਦੇਖਿਆ। ਭਾਬੀ ਕੋਲ ਭਰਾ ਨਹੀਂ ਸੀ ਕਦੇ ਬੈਠਕੇ ਦੁੱਖ ਸੁੱਖ ਸਾਂਝਾ ਕਰਦਾ ਦੇਖਿਆ । ਮਾਂ ਤਾਂ ਸਿੰਮੀ ਨੇ ਕਦੇ ਖੁੱਲ੍ਹਕੇ ਹੱਸਦੀ ਨਹੀਂ ਸੀ ਦੇਖੀ।ਵਿਆਹ ਤੋਂ ਕੁਝ ਕੁ ਦਿਨਾਂ ਬਾਅਦ ਭਾਬੀ ਦਾ ਵੀ ਬੁਝਿਆ ਜਿਹਾ ਰਹਿਣਾ ਸਿੰਮੀ ਨੂੰ ਚੰਗਾ ਨਹੀਂ ਸੀ ਲੱਗਦਾ।ਨਿੱਕੂ ਵੱਡੀ ਭੈਣ ਤੋਂ ਬਹੁਤ ਛੋਟੀ ਸੀ,ਪੰਦਰਾਂ ਸਾਲ ਛੋਟੀ, ਸਿੰਮੀ ਪੱਚੀ ਸਾਲ ਦੀ ਹੋ ਗਈ ਸੀ, ਨਿੱਕੂ ਦੱਸ ਦੀ।
ਸਿੰਮੀ ਐਮ.ਫਿਲ ਕਰ ਰਹੀ ਸੀ।ਚੌਧਰੀ ਉਸ ਦੇ ਵਿਆਹ ਬਾਰੇ ਸੋਚ ਰਿਹਾ ਸੀ।ਚੌਧਰੀ ਵੱਡੇ ਵੱਡੇ ਘਰਾਂ ਦੇ ਲੜਕੇ ਲੱਭ ਕੇ ਗੱਲ ਤੋਰਦਾ3,ਅੱਜ ਵੀ ਚੌਧਰੀ ਨੇ ਬੜੇ ਵੱਡੇ ਘਰ ਵਿੱਚ ਰਿਸ਼ਤੇ ਬਾਰੇ ਗੱਲ ਕੀਤੀ,
“ਮੁੰਡੇ ਨੂੰ ਤੀਹ ਕੀਲੇ ਆਂਉਦੇ ਨੇ, ਦਸ ਬੱਸਾਂ,ਪੈਟਰੋਲ ਪੰਪ ਆਪਣੈ, ਮੈਰਿਜ ਪੈਲਸ ਨੇ,” ਚੌਧਰੀ ਬੋਲਿਆ, “ ਹੋਰ ਦੱਸ ਕੀ ਚਾਹੀਦੈ।”
ਸਿੰਮੀ ਕਹਿਣ ਲੱਗੀ, “ਮੁੰਡਾ ਪੜ੍ਹਿਆ ਕਿੰਨੈ ,ਕਿੱਥੇ ਪੜ੍ਹਿਐ, ਉਹਦੇ ਨੰਬਰ ਕਿੰਨੇ ਨੇ, ਕੋਈ ਡਿਗਰੀ3?”
ਚੌਧਰੀ ਇਸ ਗੱਲ ਵਿੱਚ ਲਾਜਬਾਬ ਹੋ ਗਿਆ।
“ਕਿਸ ਤਰ੍ਹਾਂ ਦੀਆਂ ਗੱਲਾਂ ਕਰਦੀ ਐਂ ਤੂੰ ਕੁੜੀਏ,ਐਡੇ ਬੜੇ ਘਰਾਂ ਦੇ ਸ਼ਹਿਜਾਦੇ, ਵਧੀਆ ਪੜ੍ਹੇ ਲਿਖੇ,ਡਿਗਰੀਆਂ ਵਾਲੇ ਘੱਟ ਹੀ ਹੁੰਦੇ ਨੇ,” ਚੌਧਰੀ ਨੇ ਕਿਹਾ।
“ਮੈਂ ਗਰੀਬ ਘਰ ਵਿੱਚ ਜਾਣ ਨੂੰ ਤਿਆਰ ਹਾਂ ਪਰ ਘੱਟ ਪੜ੍ਹੇ ਹੋਏ ਨਾਲ ਨਹੀਂ,” ਸਿੰਮੀ ਨੇ ਜੁਆਬ ਦਿੱਤਾ।
ਕਿੰਨੇ ਹੀ ਲੜਕੇ ਚੌਧਰੀ ਨੇ ਦੇਖੇ ਸੀ।ਛੋਟਾ ਘਰ ਚੌਧਰੀ ਨੂੰ ਪਸੰਦ ਨਹੀਂ ਸੀ।ਉਹ ਤਾਂ ਛੋਟੇ ਮੋਟੇ ਲੋਕਾਂ ਨੂੰ ਕੁੱਤਿਆਂ ਬਰਾਬਰ ਨਹੀਂ ਸੀ ਸਮਝਦਾ।ਉਹ ਤਾਂ ਮੰਤਰੀਆਂ ਦਾ ਪਾਣੀ ਭਰਦਾ ਸੀ।ਮੰਤਰੀ ਉਹਦਾ ਪਾਣੀ ਭਰਦੇ ਸੀ।ਬੜੇ ਘਰਾਂ ਦੇ ਲਾਡਲੇ ਸਿੰਮੀ ਦੇ ਪੈਮਾਨੇ ਤੇ ਫੇਲ੍ਹ ਹੋ ਜਾਂਦੇ।
ਚੌਧਰੀ ਸਾਹਿਬ ਦਾ ਅੰਦਰਖਾਤੇ ਕੀ ਕੁਝ ਕਾਰੋਬਾਰ ਸੀ,ਜੋ ਲੋਕ ਦਬੀ ਜ਼ਬਾਨ ਨਾਲ ਗੱਲਾਂ ਕਰਦੇ ਸੀ, ਜਿਸ ਬਾਰੇ ਸਿੰਮੀ ਨੇ ਕਾਲਜ ਵਿੱਚ ਜਾਂ ਬਾਹਰ ਹੀ ਸੁਣਿਆ ਸੀ। ਉਸਨੂੰ ਪਸੰਦ ਨਹੀਂ ਸੀ। ਕੋਈ ਵੀ ਤਾਂ ਚੌਧਰੀ ਨੂੰ ਸ਼ਰੀਫ ਇਨਸਾਨ ਨਹੀਂ ਸੀ ਕਹਿੰਦਾ, ਸਾਰੇ 3ਚਾ ਹੀ ਕਹਿੰਦੇ ਸੀ।ਗਿੰਦੇ ਨੂੰ ਤਾਂ ਲੋਕ ਚੌਧਰੀ ਦਾ ਵੀ ਪਿਓ ਦੱਸਦੇ ਸੀ।
ਸਿੰਮੀ ਨੇ ਐਮ.ਫਿਲ ਤੋਂ ਬਾਅਦ ਦੂਰ ਸ਼ਹਿਰ ਦੇ ਕਾਲਜ ਵਿੱਚ ਨੌਕਰੀ ਕਰ ਲਈ।ਨਿੱਕੂ ਘਰ ਵਿੱਚ ਛਾਲਾਂ ਮਾਰਦੀ ਫਿਰੇ ‘ਦੀਦੀ ਪ੍ਰੋਫੈਸਰ ਲੱਗ ਗਈ,ਦੀਦੀ ਪ੍ਰੋਫੈਸਰ ਲੱਗ ਗਈ।’
ਜਦੋਂ ਚੌਧਰੀ ਨੂੰ ਪਤਾ ਲੱਗਿਆ ਉਸਨੇ ਗਾਲ਼ਾਂ ਕੱਢੀਆਂ।
“ਵੀਹ ਪੱਚੀ ਹਜ਼ਾਰ ਦੀ ਨੌਕਰੀ3 ਮੇਰਾ ਤਾਂ ਨੱਕ ਹੀ ਵੱਢਿਆ ਗਿਆ, ਲੋਕ ਕੀ ਕਹਿਣਗੇ। ਓਏ ਕੁੜੀਏ, ਐਨੇ ਪੈਸੇ ਤਾਂ ਮੇਰੇ ਕੁੱਤੇ ਪਾਲਣ ਤੇ ਖਰਚ ਹੋ ਜਾਂਦੇ ਨੇ, ਹਰ ਮਹੀਨੇ, ਤੂੰ ਬਣ ਗਈ ਪ੍ਰੋਫੈਸਰ।”
“ਪਰ ਪਾਪਾ ਮੈਂ ਕੁੱਤਿਆਂ ਨੂੰ ਨੀ, ਬੱਚਿਆਂ ਨੂੰ ਪੜ੍ਹਾੳਨੀਆਂ। ਮੈਨੂੰ ਖੁਸ਼ੀ ਮਿਲਦੀ ਐ, ਮਨ ਨੂੰ ਚੈਨ ਮਿਲਦੈ, ਮੈਂ ਪੈਸੇ ਲਈ ਨੀ ਪੜ੍ਹਾਂਉਦੀ,” ਸਿੰਮੀ ਨੇ ਜੁਆਬ ਦਿੱਤਾ।
ਚੌਧਰੀ ਦੇ ਜੋਰ ਪਾਉਣ ਤੇ ਵੀ ਸਿੰਮੀ ਨੌਕਰੀ ਛੱਡਣ ਲਈ ਤਿਆਰ ਨਹੀਂ ਸੀ।
ਜਿਵੇਂ ਵੀ ਹੋ ਸਕੇ ਹੁਣ ਤਾਂ ਜ਼ਬਰਦਸਤੀ ਹੀ ਚੌਧਰੀ ਸਿੰਮੀ ਉੱਤੇ ਵਿਆਹ ਲਈ ਜੋਰ ਪਾਉਣ ਲੱਗਿਆ।
ਸਿੰਮੀ ਦੀ ਤਾਂ ਦੂਸਰੇ ਕਾਲਜ ਦੇ ਇਕ, ਖੁਸ਼ਮਿਜ਼ਾਜ ਪ੍ਰੋਫੈਸਰ ਨਾਲ ਦਿਲ ਦੀ ਸਾਂਝ ਬਣ ਗਈ ਸੀ। ਉਸਨੇ ਆਪਣੀ ਮਾਂ ਨਾਲ ਤਾਂ ਗੱਲ ਸਾਂਝੀ ਕੀਤੀ ਸੀ ਪਰ ਚੌਧਰੀ ਦਾ ਅਤੇ ਗਿੰਦੇ ਦਾ ਡਰ ਹੀ ਬਹੁਤ ਸੀ।ਸਰਦਾਰਨੀ ਵੀ ਚੌਧਰੀ ਅੱਗੇ ਗੱਲ ਕਰਨ ਜੋਗੀ ਨਹੀਂ ਸੀ ਕਿਉਂਕਿ ਪ੍ਰੋਫੈਸਰ ਤਾਂ ਇਕ ਦਰਮਿਆਨੇ ਜਿਹੇ ਘਰ ਦਾ ਲੜਕਾ ਸੀ।
ਘੁਟਣ ਵਾਲੀ ਜਿੰਦਗੀ ਤੋਂ ਬਾਹਰ ਨਿਕਲਣ ਦੀ ਸਿੰਮੀ ਦੀ ਖਾਹਿਸ਼ ਸਮੇ ਦੇ ਨਾਲ ਮਜ਼ਬੂਤ ਹੋ ਗਈ ਅਤੇ ਉਸਨੇ ਪ੍ਰੋਫੈਸਰ ਦੋਸਤ ਨਾਲ ਕੋਰਟ ਮੈਰਿਜ ਕਰਵਾ ਲਈ।ਉਸਨੇ ਘਰ ਵਾਪਸ ਨਾ ਜਾਣ ਦਾ ਮਨ ਬਣਾ ਲਿਆ।
ਚੌਧਰੀ ਨੂੰ ਜਦੋਂ ਪਤਾ ਲੱਗਿਆ ਉਹ ਸੱਤੀਂ ਕਪੜੀਂ ਸੜ ਗਿਆ। ਉਸਨੂੰ ਆਪਣੀ ਮਾਣ ਮਰਿਆਦਾ ਖਤਮ ਹੋ ਗਈ,ਮਹਿਸੂਸ ਹੋਈ।
ਉਹ ਪਿਆਰ ਦਾ ਦੁਸ਼ਮਣ ਹੋ ਗਿਆ।ਉਸਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।ਜਦੋਂ ਧਮਕੀਆਂ ਦਾ ਅਸਰ ਨਾ ਹੋਇਆ ਤਾਂ ਚੌਧਰੀ ਹੋਛੇ ਹੱਥਕੰਡੇ ਅਪਨਾਉਣ ਲੱਗ ਪਿਆ।
ਉਸਨੇ ਫੋਨ ਕੀਤਾ,
“ਪੁੱਤ, ਇਕ ਵਾਰ ਮਿਲ ਤਾਂ ਜਾਓ। ਕਈ ਮਹੀਨੇ ਹੋ ਗਏ ਮਿਲਿਆਂ ਵੀ। ਜੋ ਹੋ ਗਿਆ ਸੋ ਹੋ ਗਿਆ,ਅਸ਼ੀਰਵਾਦ ਤਾਂ ਲੈ ਜਾਓ।”
ਕਈ ਵਾਰ ਫੋਨ ਤੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ।
ਵੱਡੀ ਸਰਦਾਰਨੀ ਨੇ ਵੀ ਸਿੰਮੀ ਨੂੰ ਕਈ ਵਾਰੀ ਫੋਨ ਕੀਤੇ।ਚੌਧਰੀ ਨਰਮਾਈ ਦਾ ਢੌਂਗ ਰਚਾ ਕੇ ਉਸਨੂੰ ਬੇਵਕੂਫ ਬਣਾ ਰਿਹਾ ਸੀ।ਪ੍ਰੋਫੈਸਰ ਨੇ ਤਾਂ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਾ ਕੀਤਾ ਪਰ ਸਿੰਮੀ ਮਿੱਠੀਆਂ ਗੱਲਾਂ ਵਿੱਚ ਆ ਗਈ ਅਤੇ ਉਸਨੇ ਘਰ ਮਿਲ ਕੇ ਆਉਣ ਦਾ ਮਨ ਬਣਾ ਲਿਆ।
ਸਿੰਮੀ ਕਈ ਮਹੀਨੇ ਬਾਅਦ ਘਰ ਆਈ ਸੀ।ਸਾਰਾ ਦਿਨ ਉਹ ਆਪਣੀ ਮਾਂ ਅਤੇ ਭਾਬੀ ਨਾਲ ਗੱਲਾਂ ਬਾਤਾਂ ਕਰਦੀ ਰਹੀ।ਨਿੱਕੂ ਨਾਲ ਲਾਡ ਲਡਾਉਂਦੀ ਰਹੀ।ਨਿੱਕੂ ਨਾਲ ਤਾਂ ਉਹ ਬਹੁਤ ਪਿਆਰ ਕਰਦੀ ਸੀ ।ਚੌਧਰੀ ਸਾਹਿਬ ਅਤੇ ਗਿੰਦੇ ਕੋਲ ਤਾਂ ਘਰ ਵਾਸਤੇ ਸਮਾਂ ਹੀ ਬਹੁਤ ਘੱਟ ਹੁੰਦਾ ਸੀ।ਉਹ ਤਾਂ ਉਸ ਰਾਤ ਘਰ ਹੀ ਨਹੀਂ ਸੀ ਆਏ।ਦੂਸਰਾ ਦਿਨ ਵੀ ਇਸੇ ਤਰ੍ਹਾਂ ਲਾਡ ਪਿਆਰ ਵਿੱਚ ਨਿਕਲ ਗਿਆ।
ਰਾਤ ਨੂੰ ਦਸ ਕੁ ਵਜੇ ਸਿੰਮੀ ਨਿੱਕੂ ਕੋਲ ਸੌਣ ਦੀ ਤਿਆਰੀ ਵਿੱਚ ਸੀ।ਚੌਧਰੀ ਸਾਹਿਬ ਉਸਨੂੰ ਧੂ ਕੇ ਲੈ ਗਏ।ਨਿੱਕੂ ਡਰ ਗਈ।ਸਿੰਮੀ ਨੂੰ ਗਾਲ਼ਾਂ ਪੈ ਰਹੀਆਂ ਸੀ।ਉਹ ਸਿੰਮੀ ਨੂੰ ਪਿਛਲੇ ਵਿਹੜੇ ਵਲ ਲਿਜਾ ਰਹੇ ਸੀ।ਸਿੰਮੀ ਮਿੰਨਤਾਂ ਕਰਨ ਲੱਗੀ ਮਾਫੀਆਂ ਮੰਗਣ ਲੱਗੀ।ਉਸਨੇ ਬਹੁਤ ਮਿੰਨਤਾਂ ਕੀਤੀਆਂ।ਆਖਰ ਨਿੱਕੂ ਨੂੰ ਚੀਕਾਂ ਸੁਣਾਈ ਦਿੱਤੀਆਂ।ਉਸ ਤੋਂ ਬਾਅਦ ਸਭ ਸ਼ਾਂਤ ਹੋ ਗਿਆ।ਨਿੱਕੂ ਡਰ ਨਾਲ ਕੰਬ ਰਹੀ ਸੀ। ਕੰਬਦੇ ਕੰਬਦੇ ਉਸਦਾ ਬਿਸਤਰਾ ਵੀ ਗਿੱਲਾ ਹੋ ਗਿਆ। ਫਿਰ ਖਿੜਕੀ ਦੇ ਸ਼ੀਸ਼ੇ ਵਿੱਚੀਂ ਦੋ ਆਦਮੀ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸੀ, ਸੀਮਿੰਟ ਦੇ ਦੋ ਥੈਲਿਆਂ ਵਿੱਚ ਕੁਝ ਲੈਕੇ ਜਾਂਦੇ ਦੇਖੇ ਸੀ, ਘਰ ਤੋਂ ਬਾਹਰ ਵੱਲ।
ਨਿੱਕੂ ਨੂੰ ਨੀਂਦ ਪਤਾ ਨਹੀਂ ਕਦੋਂ ਆਈ ਪਰ ਸਵੇਰੇ ਵੀ ਉਹ ਡਰ ਨਾਲ ਕੰਬਦੀ ਹੀ ਉੱਠੀ ਸੀ।
ਨਿੱਕੂ ਨੇ ਆਪਣੀ ਮੰਮੀ ਨੂੰ ਪੁੱਛਿਆ “ਮੰਮੀ ਦੀਦੀ ਕਿੱਥੇ ਗਈ, ਉਹ ਚਲੀ ਗਈ?”
“ਹਾਂ ਪੁੱਤ, ਉਹ ਚਲੀ ਗਈ,ਤੇਰੇ ਪਾਪਾ ਨੇ ਉਸਨੂੰ ਰਾਤ ਹੀ ਵਾਪਸ ਭੇਜ ਦਿੱਤਾ।” ਏਨਾ ਕਹਿੰਦੇ ਉਸਦੀ ਮੰਮੀ ਦੀਆਂ ਅੱਖਾਂ ਭਰ ਆਈਆਂ।
ਨਿੱਕੂ ਨੂੰ ਕੁਝ ਵੀ ਸਮਝ ਨਾ ਆਈ।
ਉਪਰੋਂ ਚੌਧਰੀ ਨੇ ਪ੍ਰੋਫੈਸਰ ਉੱਤੇ ਕੇਸ ਠੋਕ ਦਿੱਤਾ,ਕਿ ਉਸਨੇ ਸਿੰਮੀ ਨੂੰ ਪਤਾ ਨਹੀਂ ਕਿੱਥੇ ਖਪਾ ਦਿੱਤਾ।
ਪ੍ਰੋਫੈਸਰ ਨੇ ਚੌਧਰੀ ਉੱਤੇ ਕੇਸ ਕਰ ਦਿੱਤਾ। ਤਫਦੀਸ਼ ਚਲਦੀ ਰਹੀ ਕਈ ਸਾਲ ਕੋਰਟ ਕਚਿਹਰੀ ਦੇ ਚੱਕਰ ਲਗਦੇ ਰਹੇ। ਪੈਸੇ ਦੀ ਕਾਲੀ ਚਾਦਰ ਹੇਠਾਂ ਸਭ ਢਕਿਆ ਗਿਆ।ਸਭ ਸਬੂਤ ਮਿਟਾ ਦਿੱਤੇ ਗਏ।ਸਮਾਂ ਲੰਘਦੇ ਪਤਾ ਹੀ ਨਾ ਲੱਗਾ।ਸਬੂਤਾਂ ਦੀ ਘਾਟ ਕਰਕੇ ਚੌਧਰੀ ਅਤੇ ਗਿੰਦਾ ਆਖਰ ਬਰੀ ਹੋ ਗਏ।ਉਹਨਾਂ ਨੇ ਘਰ ਵਿੱਚ ਜਿੱਤ ਦਾ ਜਸ਼ਨ ਮਨਾਇਆ।ਨਿੱਕੂ ਦਾ ਬਿਸਤਰ ਅੱਜ ਵੀ ਗਿੱਲਾ ਹੋ ਗਿਆ ਸੀ ਪਰ ਪਹਿਲਾਂ ਦੀ ਤਰ੍ਹਾਂ ਨਹੀਂ ਹੁਣ ਤਾਂ ਉਹ ਸਾਰੀ ਰਾਤ ਰੋਂਦੀ ਰਹੀ ਸੀ3ਕਿਹੋ ਜਿਹਾ ਜ਼ਸ਼ਨ ਸੀ ਇਹ3?
ਹੁਣ ਨਿੱਕੂ ਵੀ ਬੀ.ਏ. ਕਰ ਚੁੱਕੀ ਸੀ।ਚੌਧਰੀ ਉਸਦੇ ਵਿਆਹ ਲਈ ਕਾਹਲਾ ਪੈ ਰਿਹਾ ਸੀ।
ਚੌਧਰੀ ਜਿਸ ਤਰ੍ਹਾਂ ਦੇ ਰਿਸ਼ਤੇ ਲਿਆਉਂਦਾ ਸੀ।ਨਿੱਕੂ ਆਪਣੀ ਦੀਦੀ ਦੀ ਤਰ੍ਹਾਂ ਸਵਾਲ ਕਰਦੀ ਸੀ।ਆਖਰ ਚੌਧਰੀ ਨੇ ਜਬਰਦਸਤੀ ਨਿੱਕੂ ਕੋਲੋਂ ਹਾਂ ਕਰਵਾ ਲਈ।
“ਹਾਂ ਕਰਦੇ ਪੁੱਤ ਇਹ ਬੜੇ ਵੱਡੇ ਘਰ ਦੇ ਲਾਡਲੇ ਨੇ।”
ਨਿੱਕੂ ਨੇ ਬੀ.ਏ ਪਾਸ ਕਰਨ ਤੋਂ ਬਾਅਦ ਆਈ.ਪੀ.ਐਸ. ਦੇ ਪੇਪਰ ਦਿੱਤੇ ਸੀ।ਨਤੀਜਾ ਨਿਕਲਿਆ ਤਾਂ ਉਹ ਡੀ.ਐਸ.ਪੀ ਸਿਲੈਕਟ ਹੋ ਗਈ।
ਉਸਦੇ ਵਿਆਹ ਦੀ ਤਾਰੀਖ ਨੇੜੇ ਆ ਗਈ ਸਭ ਪ੍ਰਬੰਧ ਹੋ ਰਿਹਾ ਸੀ।ਵਿਆਹ ਦਾ ਦਿਨ ਆ ਗਿਆ ਸੀ।ਬਰਾਤ ਆ ਢੁੱਕੀ ਸੀ।
“ਮੈਂ ਨੀ ਵਿਆਹ ਕਰਾਉਣਾ ਇਸ ਲੜਕੇ ਨਾਲ,” ਨਿੱਕੂ ਕਹਿਣ ਲੱਗੀ।ਸਾਰੇ ਹੈਰਾਨ ਹੋ ਗਏ।
“ਬਰਾਤ ਘਰ ਆ ਚੁੱਕੀ ਐ ,ਤੂੰ ਇਹ ਕੀ ਕਹਿ ਰਹੀ ਐਂ,” ਚੌਧਰੀ ਕਹਿਣ ਲੱਗਿਆ।
“ਠੀਕ ਹੀ ਕਹਿ ਰਹੀ ਹਾਂ ਪਾਪਾ,ਇਹ ਲੜਕਾ ਨਾਕਾਬਲ ਐ।”
“ ਕੀ ਘਾਟ ਐ ਇਸ ਵਿੱਚ?”
“ਇਹ ਤਾਂ ਬੀ.ਏ ਪਾਸ ਵੀ ਨਹੀਂ ਫੇਲ੍ਹ ਐ,ਇਹ ਨਸ਼ੇ ਵੀ ਕਰਦੈ,ਇਹ ਹੋਰ ਧੰਦੇ ਵੀ ਕਰਦੈ,ਇਹ ਹੋਟਲਾਂ ਵਿੱਚ ਵੀ ਜਾਂਦੈ3।”
ਕੀ ਕੀ ਕਹਿ ਦਿੱਤਾ ਸੀ ਨਿੱਕੂ ਨੇ, ਸਭ ਹੇਠ ਉਪਰ ਦੇਖ ਰਹੇ ਸੀ, ਪਰ ਸੀ ਸਭ ਸੱਚ।
ਅਖੀਰ ਲੜਕੇ ਵਾਲਿਆਂ ਨੇ ਰੌਲਾ ਪਾ ਲਿਆ,
‘ਸਾਡੀ ਬੇਜਤੀ ਐ ਜੇ ਬਰਾਤ ਖਾਲੀ ਜਾਵੇ ਕਰੋੜ ਰੁਪੈ ਹਰਜਾਨਾ ਦਿਓ।’
ਆਖਰ ਪੁਲੀਸ ਆ ਗਈ।ਵੱਡੇ ਘਰਾਂ ਦਾ ਟਕਰਾਅ ਸੀ। ਐਸ. ਐਸ. ਪੀ. ਆਪ ਆਇਆ ਸੀ, ਫੋਰਸ ਲੈਕੇ।
“ਤੂੰ ਪਹਿਲਾਂ ਕਿਉਂ ਹਾਂ ਕੀਤੀ ਸੀ” ਚੌਧਰੀ ਕਹਿਣ ਲੱਗਿਆ।
“ਪਹਿਲਾਂ ਮੈਂ ਡਰਦੀ ਸੀ।”
“ਕਿਸ ਤੋਂ ਡਰਦੀ ਸੀ ਤੂੰ, ਮੈਂ ਤੈਨੂੰ ਕਦੋਂ ਡਰਾਇਐ?”
ਨਿੱਕੂ ਨੇ ਕਾਗਜਾਂ ਵਿੱਚ ਲਪੇਟ ਕੇ ਰੱਖਿਆ ਉਹ ‘ਪ੍ਰਸ਼ਨ ਚਿੰਨ੍ਹ’ ਵਰਗਾ ਦਾਤਰ ਚੌਧਰੀ ਦੇ ਹਵਾਲੇ ਕਰ ਦਿੱਤਾ।
“ਇਸ ਤੋਂ ਡਰਦੀ ਸੀ ਮੈਂ ”
ਚੌਧਰੀ ਅੰਦਰੋਂ ਹਿੱਲ ਗਿਆ, ‘ਇਸ ਦਾ ਮਤਲਬ ਇਸ ਨੂੰ ਸਭ ਕੁਝ ਪਤੈ।’
ਚੌਧਰੀ ਕੁਝ ਨਰਮ ਹੋ ਕੇ ਕਹਿਣ ਲਗਾ।
“ਪਰ ਪੁੱਤ ਮੇਰੀ ਇੱਜਤ ਦਾ ਸਵਾਲ ਐ,ਮੈਂ ਤੇਰਾ ਬਾਪ ਆਂ, ਤੂੰ ਹੁਣ ਨੀਂ ਡਰਦੀ3।”
“ਨਹੀਂ ਪਾਪਾ, ਹੁਣ ਡਰ ਮੇਰੀ ਫਿਤਰਤ ਤੋਂ ਪਰੇ ਹੈ, ਕਿਉਂ ਕਿ ਮੈਂ ਸਿਰਫ ਬੀ.ਏ. ਨਹੀਂ। ਮੈਂ ਡੀ.ਐਸ.ਪੀ ਸਿਲੈਕਟ ਹਾਂ।”
“ਤੂੰ ਇਹ ਆਈ.ਪੀ.ਐਸ ਕਦੋਂ ਪਾਸ ਕਰ ਗਈ3?”ਚੌਧਰੀ ਨੇ ਪੁੱਛਿਆ।
“ਤੁਹਾਡੇ ਕੋਲ ਪਰਿਵਾਰ ਵਿੱਚ ਬੈਠਣ ਦਾ ਸਮਾਂ ਹੋਵੇ ਤਾਂ ਪਤਾ ਹੋਵੇ”
“ਨਿੱਕੂ ਨੇ ਡੀ.ਐਸ.ਪੀ. ਸਿਲੈਕਟ ਦੇ ਕਾਗਜ ਕੱਢ ਕੇ ਐਸ. ਐਸ.ਪੀ. ਦੇ ਅੱਗੇ ਰੱਖ ਦਿੱਤੇ
ਐਸ.ਐਸ.ਪੀ ਨੇ ਉਸਨੂੰ ਬਣਦਾ ਮਾਣ ਵੀ ਦਿੱਤਾ,ਪਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ।
“ਹੁਣ ਤੂੰ ਮੈਨੂੰ ਡਰਾਉਣਾ ਚਾਹੁੰਦੀ ਐਂ3? ਕਹਿਣਾ ਕੀ ਚਾਹੁੰਦੀ ਐਂ, ਜਲਦੀ ਬੋਲ,” ਚੌਦਰੀ ਗਰਜ਼ ਕੇ ਬੋਲਿਆ।
“ਪਾਪਾ, ਨਾ ਤਾਂ ਮੈਂ ਤੁਹਾਨੂੰ ਡਰਾਉਣਾ ਚਾਹੁੰਦੀ ਹਾਂ, ਨਾ ਕੁਝ ਕਹਿਣਾ ਚਾਹੁੰਦੀ ਆਂ,ਸਿਰਫ ਇਕ ਗੱਲ ਪੁੱਛਣਾ ਚਾਹੁੰਦੀ ਆਂ” ਨਿੱਕੂ ਨੇ ਕਿਹਾ।
“ਜਲਦੀ ਬੋਲ, ਕੀ ਪੁੱਛਣੈ3?”
ਡਾ. ਰਾਜਿੰਦਰ ਸਿੰਘ ‘ਦੋਸਤ’
ਨਵਯੁਗ ਲਿਖਾਰੀ ਸਭਾ ਖੰਨਾ
ਕ੍ਰਿਸਨਾ ਨਗਰ ਗਲੀ ਨੰ-12
ਅਮਲੋਹ ਰੋਡ ਖੰਨਾ 141401
ਮੋਬਾਇਲ ਨੰ:-98765 77827


0 comments:
Speak up your mind
Tell us what you're thinking... !