ਜਿੱਥੋਂ ਮਰਜੀ ਵੰਗਾਂ ਚੜ੍ਹਵਾ ਲੀਂ ਨੀ ਮਿੱਤਰਾਂ ਦਾ ਨਾਂਅ ਚੱਲਦਾ, ਗੀਤ ਕਾਫੀ ਚਿਰ ਪਹਿਲਾਂ ਮਾਰਕੀਟ ’ਚ ਆਇਆ ਸੀ। ਗੀਤ ਨੇ ਬੜੀਆਂ ਧੂਮਾਂ ਪਾਈਆਂ, ਵਿਆਹਾਂ ’ਚ ਤਾਂ ਇਸ ਗੀਤ ਨੂੰ ਪਹਿਲ ਦੇ ਅਧਾਰ ਤੇ ਵਜਾਇਆ ਜਾਂਦਾ ਸੀ ਤੇ ਅੱਜ ਵੀ ਵਜਾਇਆ ਜਾਂਦਾ ਹੈ। ਪਰ ਕੁਝ ਲੋਕ ਸ਼ਾਇਦ ਇਸ ਗੀਤ ਦੀਆਂ ਲਾਈਨਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨ ਕੇ ਬੈਠ ਗਏ ਨੇ। ਪਤਾ ਨਹੀਂ ਕਿ ਸੱਚ ਮੁਚ ਹੀ ਮਿੱਤਰਾਂ ਦਾ ਨਾਂਅ ਚੱਲਦਾ ਹੈ ਜਾਂ ਮਿੱਤਰਾਂ ਦੇ ਬਾਪੂ ਦਾ। ਇਹ ਤਾਂ ਉਹ ਮਿੱਤਰ ਹੀ ਦੱਸ ਸਕਦੇ ਨੇ ਜਿਨ੍ਹਾਂ ਦਾ ਨਾਂਅ ਚੱਲਦਾ ਹੋਣਾ।
ਚਲੋ ਖੈਰ ਆਪਾਂ ਗੱਲ ਕਰਦੇ ਹਾਂ ਨਾਂਅ ਚੱਲਣ ਬਾਰੇ। ਕੁਝ ਲੋਕਾਂ ਨੂੰ ਹਮੇਸ਼ਾ ਹੀ ਦੂਜਿਆਂ ’ਤੇ ਰੋਬ ਮਾਰਨ ਦੀ ਆਦਤ ਹੁੰਦੀ ਹੈ। ਕੁਝ ਲੋਕਾਂ ਨੂੰ ਆਪਣੀ ਵਾਹ ਵਾਹੀ ਕਰਵਾਉਣ ਦੀ ਆਦਤ ਹੁੰਦੀ ਹੈ। ਕੁਝ ਲੋਕ ਆਪਣੇ ਆਪ ਨੂੰ ਨਾਢੂ ਖਾਨ ਸਮਝਦੇ ਨੇ। ਕੁਝ ਲੋਕ ਹਮੇਸ਼ਾ ਆਪਣੀ ਆਕੜ ’ਚ ਰਹਿੰਦੇ ਨੇ। ਜੇ ਨਾਂਅ ਚੱਲਣ ਦੀ ਗੱਲ ਕਰੀਏ ਤਾਂ ਨਾਂਅ ਵੀ ਕਈ ਤਰ੍ਹਾਂ ਚੱਲਦਾ ਹੈ। ਇੱਕ ਤਾਂ ਬਦਨਾਮ ਹੋਣ ਤੋਂ ਬਾਅਦ ਤੇ ਇੱਕ ਨਾਮੀ ਹੋਣ ਤੋਂ ਬਾਅਦ। ਪਰ ਅੱਜ ਨਾਂਅ ਚੱਲਾਉਣ ਦਾ ਤਰੀਕਾ ਨਹੀਂ ਸਮਝ ਆ ਰਿਹਾ ਕਿ ਅਸਲ ’ਚ ਹੈ ਕਿਸ ਦਾ ਤੇ ਚੱਲ ਕਿਸ ਦਾ ਰਿਹਾ ਹੈ।
‘ਪ੍ਰੈੱਸ’ ਤੇ ‘ਮੀਡੀਆ’ ਸ਼ਬਦ ਦੀ ਵਰਤੋਂ ਸਿਰਫ ਤੇ ਸਿਰਫ ਅਖ਼ਬਾਰਾਂ, ਟੀਵੀ ਚੈਨਲਾਂ, ਮੈਗਜ਼ੀਨਾਂ, ਰੇਡਿਓ ਚੈਨਲਾਂ ਤੇ ਅਜਿਹੇ ਹੋਰ ਵਿਅਕਤੀ ਕਰ ਸਕਦੇ ਹਨ ਜਿਹੜੇ ਖ਼ਬਰਾਂ ਆਦਿ ਭੇਜਣ ਜਾਂ ਇਕੱਠੀਆਂ ਕਰਨ ਦਾ ਕੰਮ ਕਰਦੇ ਹਨ। ਪਰ ਹਾਲਾਤ ਇਹ ਹਨ ਦੂਜਿਆਂ ’ਤੇ ਰੋਬ ਝਾੜਨ ਲਈ ਇਸ ਸ਼ਬਦ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ। ਕਈ ਵਿਅਕਤੀ ਅਜਿਹੇ ਵੀ ਹਨ, ਜਿਨ੍ਹਾਂ ਦੇ ਘਰ ਜੇਕਰ ਦੋ ਗੱਡੀਆਂ ਹਨ ਤਾਂ ਦੋਹਾਂ ’ਤੇ ਪ੍ਰੈੱਸ ਸ਼ਬਦ ਲਿਖਵਾਇਆ ਹੋਇਆ ਹੈ। ਪ੍ਰੈੱਸ ਦੇ ਸਟੀਕਰ ਵਾਲੀ ਗੱਡੀ ਕਦੇ ਪਿਓ ਲਈ ਫਿਰਦਾ ਹੈ, ਕਦੇ ਪੁੱਤ, ਕਦੇ ਨੂੰਹ ਤੇ ਕਦੇ ਸੱਸ ਤੇ ਕਦੇ ਕੋਈ ਨਬਾਲਗ। ਹਾਲਾਂਕਿ ਪ੍ਰੈੱਸ ਦਾ ਸਟੀਕਰ ਲੱਗਾ ਹੋਣ ਤੇ ਪ੍ਰੈੱਸ ਦਾ ਕਾਰਡ ਨਾ ਹੋਣ ’ਤੇ ਲਗਭਗ 2000 ਹਜ਼ਾਰ ਰੁਪਏ ਦਾ ਚਲਾਨ ਹੈ। ਪਰ ਫਿਰ ਵੀ ਚਲਾਨ ਨਹੀਂ ਹੁੰਦਾ, ਪ੍ਰੈੱਸ ਸ਼ਬਦ ਜੋ ਸਾਡੇ ਨਾਲ ਜੁੜਿਆ ਹੈ। ਕਈ ਵਾਰ ਵੇਖਣ ਨੂੰ ਮਿਲਿਆ ਹੈ ਕਿ ਪ੍ਰੈੱਸ ਸ਼ਬਦ ਲਿਖਿਆ ਹੋਇਆ ਸਕੂਟਰ, ਮੋਟਰ ਸਾਈਕਲ, ਐਕਟਿਵਾ ਜਾਂ ਕੋਈ ਵੱਡੀ ਗੱਡੀ ਵੀ ਨਾਬਾਲਿਗ ਮੁੰਡਾ ਜਾਂ ਕੁੜੀ ਇਸ ਤਰ੍ਹਾਂ ਦੌੜਾ ਰਹੇ ਹੁੰਦੇ ਹਨ ਜਿਵੇਂ ਉਨ੍ਹਾਂ ਨੇ ਕਿਤੇ ਅੱਗ ਬੁਝਾਉਣ ਜਾਣਾ ਹੋਵੇ। ਨਬਾਲਗਾਂ ਨੂੰ ਤਾਂ ਡਰਾਈਵਿੰਗ ਲਾਈਸੈਂਸ ਵੀ 18 ਸਾਲ ਤੋਂ ਬਾਅਦ ਮਿਲਦਾ ਹੈ ਪਰ ਇੱਥੇ ਗੱਲ ਮੁੱਕਦੀ ਹੈ ‘ਮਿੱਤਰਾਂ ਦਾ ਨਾਂਅ ਚੱਲਦਾ’। ਹੁਣ ਅਸਲ ’ਚ ਨਾਂਅ ਕਿਸ ਦਾ ਹੈ ਤੇ ਚੱਲਦਾ ਹੈ ਇਹ ਤਾਂ ਮੈਨੂੰ ਵੀ ਨਹੀਂ ਪਤਾ।
ਹੁਣ ਗੱਲ ਕਰਦੇ ਹਾਂ ਚੇਅਰਮੈਨਾ, ਸਰਪੰਚਾਂ, ਪੰਚਾਂ ਤੇ ਪ੍ਰਧਾਨਾਂ ਦੀ। ਵੈਸੇ ਤਾਂ ਦੋਵੇਂ ਅਹੁਦੇ ਅਹਿਮ ਹਨ ਪਰ ਗੱਡੀ ਜਾਂ ਸਕੂਟਰ ਮੋਟਰ ਸਾਈਕਲ ’ਤੇ ਲਿਖਵਾ ਕੇ ਕਿਹੜਾ ਤੀਰ ਵੱਜ ਜਾਂਦਾ। ਚਲੋ ਲਿਖਵਾ ਵੀ ਲਿਆ ਤਾਂ ਵੀ ਕੋਈ ਗੱਲ ਨਹੀਂ। ਪਰ ਜਦੋਂ ਅਹੁਦਾ ਨਹੀਂ ਰਹਿੰਦਾ ਫਿਰ ਭਲਾਂ ਅਹੁਦੇ ਦਿਆਂ ਸਟੀਕਰਾਂ ਦੀ ਕੀ ਲੋੜ। ਪੰਜਾਬ ’ਚ ਹਾਲੇ ਵੀ ਕਈ ਗੱਡੀਆਂ ਅਜਿਹੀਆਂ ਜ਼ਰੂਰ ਚੱਲਦੀਆਂ ਹੋਣਗੀਆਂ ਜਿਨ੍ਹਾਂ ’ਤੇ ਚੇਅਰਮੈਨ, ਸਰਪੰਚ, ਪੰਚ ਤੇ ਪ੍ਰਧਾਨ ਲਿਖਿਆ ਹੋਵੇਗਾ। ਪਰ ਅਜਿਹੇ ਵਿਅਕਤੀ ਆਪਣੀ ਧੌਂਸ ਜਮਾਉਣ ਲਈ ਅਹੁਦਾ ਜਾਣ ਤੋਂ ਬਾਅਦ ਵੀ ਇਹ ਸਭ ਲਿਖਾਈ ਫਿਰਦੇ ਨੇ। ਸਮਝ ਨਹੀਂ ਆਉਂਦੀ ਅਸੀਂ ਕਾਨੂੰਨ ਨੂੰ ਛਿੱਕੇ ਟੰਗਣਾ ਕਦੋਂ ਛੱਡਾਂਗੇ ਤੇ ਕਾਨੂੰਨ ਵੀ ਆਪਣੇ ਆਪ ਨੂੰ ਛਿੱਕੇ ਟੰਗਾਉਣੋ ਕਦੋਂ ਹਟੇਗਾ। ਅਜਿਹੀਆਂ ਗੱਡੀਆਂ ’ਚ ਕਈ ਵਾਰ ਮਡੀਰ ਭਰੀ ਹੁੰਦੀ ਹੈ ਸ਼ਰਾਬਾਂ ਦਾ ਦੌਰ ਵੀ ਚੱਲ ਰਿਹਾ ਹੁੰਦਾ ਹੈ। ਇਸ ਲਈ ਮਿੱਤਰਾਂ ਦਾ ਨਾਂਅ ਹਾਲੇ ਵੀ ਚੱਲਦਾ ਹੈ।
ਹੁਣ ਗੱਲ ਕਰਦੇ ਹਾਂ ਪੁਲਸ ਤੇ ਏਅਰ ਫੋਰਸ ਦੀ। ਪੁਲਸ ਹਾਲਾਂਕਿ ਸਮਾਜ ਦੀ ਸੁਰੱਖਿਆ ਲਈ ਹੈ। ਪਰ ਕਈ ਵਾਰ ਇਨ੍ਹਾਂ ਨੂੰ ਵੀ ਆਪਣੀ ਸੁਰੱਖਿਆ ਦਾ ਇੰਤਜ਼ਾਮ ਕਰਨਾ ਪੈ ਹੀ ਜਾਂਦਾ ਹੈ ਤੇ ਕਈ ਵਾਰ ਲੋਕਾਂ ਨੂੰ ਇਨ੍ਹਾਂ ਤੋਂ ਸੁਰੱਖਿਆ ਕਰਨੀ ਪੈਂਦੀ ਹੈ। ਵੈਸੇ ਤਾਂ ਪੁਲਸ ਦੀ ਵਰਦੀ ਸਾਫ ਦੱਸਦੀ ਹੈ ਕਿ ਤੁਸੀਂ ਪੁਲਸ ’ਚ ਹੋ ਫਿਰ ਭਲਾਂ ਪੁਲਸੀਆਂ ਨੂੰ ਸਕੂਟਰਾਂ, ਮੋਟਰ ਸਾਈਕਲਾਂ ਤੇ ਗੱਡੀਆਂ ’ਤੇ ਪੁਲਸ ਲਿਖਾਉਣ ਦੀ ਕੀ ਲੋੜ ਹੈ। ਘਰ ਦਾ ਇੱਕ ਮੈਂਬਰ ਪੁਲਸ ’ਚ ਹੈ। ਉਸਦਾ ਜੋ ਵੀ ਸਾਧਨ ਹੋਵੇ ਉਸ ’ਤੇ ਤਾਂ ਪੁਲਸ ਸ਼ਬਦ ਲਿਖਿਆ ਗਿਆ ਹੋਵੇ ਸਮਝ ਆਉਂਦਾ ਹੈ, ਪਰ ਜੇ ਹੋਰ ਵਾਹਨ ਹਨ ਤਾਂ ਉਨ੍ਹਾਂ ’ਤੇ ਪੁਲਸ ਸ਼ਬਦ ਕਿਉਂ ਛਪਵਾ ਲਿਆ ਜਾਂਦਾ ਹੈ। ਗੱਲ ਐਥੇ ਮੁੱਕਦੀ ਹੈ ਬਾਈ ਜਦੋਂ ਸਰਕਾਰ ਨੇ ਤੁਹਾਨੂੰ ਵਰਦੀ ਦੇ ਹੀ ਦਿੱਤੀ ਫਿਰ ਆਪਣੀ ਪਛਾਣ ਲਈ ਤੁਹਾਨੂੰ ਗੋਦਣਿਆਂ ਦੀ ਕੀ ਜ਼ਰੂਰਤ ਪੈ ਗਈ।
ਇਸੇ ਤਰ੍ਹਾਂ ਹੀ ਏਅਰ ਫੋਰਸ ਜਾਂ ਹੋਰ ਅਜਿਹੇ ਕਿੱਤੇ ਜਿਨ੍ਹਾਂ ਨੂੰ ਸਰਕਾਰਾਂ ਨੇ ਪਛਾਣ ਦਿੱਤੀ ਹੋਈ ਹੈ ਜਾਂ ਵਰਦੀ ਮਿਲੀ ਹੋਈ ਹੈ। ਉਨ੍ਹਾਂ ਨੂੰ ਕੀ ਜ਼ਰੂਰਤ ਹੈ ਆਪਣੀ ਗੱਡੀ ’ਤੇ ਏਅਰ ਫੋਰਸ ਜਾ ਹੋਰ ਅਹੁਦੇ ਲਿਖਵਾਉਣ ਦੀ। ਕਈ ਵਾਰ ਵੇਖਣ ਨੂੰ ਮਿਲਿਆ ਹੈ ਕਿ ਲਾਲ ਬੱਤੀ ਵਾਲੀ ਗੱਡੀ ’ਤੇ ਵੀ ਵੱਡਾ ਵੱਡਾ ਲਿਖਿਆ ਹੁੰਦਾ ਹੈ। ਮੁਕਦੀ ਗੱਲ ਇਹ ਹੈ, ਜੇ ਅਹੁਦਾ ਹੈ ਤਾਂ ਅਹੁਦੇ ਦੀ ਕਦਰ ਕਰੋ, ਨਾ ਕਿ ਆਪਣੇ ਨਾਂਅ ਨੂੰ ਉੱਚਾ ਚੁੱਕਣ ’ਚ ਹੀ ਲੱਗੇ ਰਹੋ। ਤੁਹਾਡਾ ਅਹੁਦਾ ਤੇ ਤੁਹਾਡਾ ਆਪਣੇ ਅਹੁਦੇ ਪ੍ਰਤੀ ਸਮਰਪਣ ਤੇ ਲੋਕਾਂ ਲਈ ਕੀਤੇ ਗਏ ਕੰਮ ਤੁਹਾਨੂੰ ਆਪ ਹੀ ਪਛਾਣ ਦਵਾ ਦੇਣਗੇ ਇਸ ਲਈ ਤੁਹਾਨੂੰ ਸਟੀਕਰਾਂ ਦੀ ਲੋੜ ਨਹੀ। ਨਾਲੇ ਥੋੜ੍ਹਾ ਇਸ ਵੱਲ ਵੀ ਧਿਆਨ ਜ਼ਰੂਰਤ ਦਿਓ ਕਿ ਕਿਸੇ ਵੀ ਅਹੁਦੇ ਜਾਂ ਸੰਸਥਾ ਦਾ ਸਟੀਕਰ ਲੱਗਾ ਕੋਈ ਵੀ ਵਾਹਨ ਸਿਰਫ ਉਹੀ ਚਲਾਵੇ ਜਿਹੜਾ ਉਸ ਅਹੁਦੇ ’ਤੇ ਕਾਬਜ਼ ਹੈ, ਅਜਿਹਾ ਵਾਹਨ ਆਪਣੇ ਪਰਿਵਾਰਕ ਮੈਂਬਰਾਂ, ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਤੇ ਖ਼ਾਸ ਕਰਕੇ ਨਬਾਲਗਾਂ ਨੂੰ ਕਦੇ ਵੀ ਨਾ ਚਲਾਉਦ ਲਈ ਦਿਓ। ਕਿਉਂਕਿ ਇਸ ਨਾਲ ਲੋਕ ਤਾਂ ਪਰੇਸ਼ਾਨ ਹੁੰਦੇ ਹੀ ਨੇ ਕਈ ਵਾਰ ਤੁਹਾਡੀ ਇਸ ਗਲਤੀ ਦਾ ਸਾਹਮਣਾ ਆਪਣਿਆ ਨੂੰ ਵੀ ਭੁਗਤਣਾ ਪੈਂਦਾ ਹੈ।
ਸੰਦੀਪ ਜੈਤੋਈ
81465-73901

0 comments:
Speak up your mind
Tell us what you're thinking... !