Headlines News :
Home » » ਬਹੁ-ਪੱਖੀ ਕਲਾਵਾਂ ਦਾ ਸਮੁੰਦਰ -ਗੁਰਦਰਸ਼ਨ ਸਿੰਘ ਬੱਲ

ਬਹੁ-ਪੱਖੀ ਕਲਾਵਾਂ ਦਾ ਸਮੁੰਦਰ -ਗੁਰਦਰਸ਼ਨ ਸਿੰਘ ਬੱਲ

Written By Unknown on Friday, 23 August 2013 | 05:26

ਬਹੁ-ਪੱਖੀ ਕਲਾਵਾਂ ਦੀਆਂ ਮਾਲਕਣ, ਗਿਣਤੀ ਦੀਆਂ ਕੁਝ ਐਸੀਆਂ ਮਾਣ-ਮੱਤੀਆਂ ਰੂਹਾਂ, ਜਿਨ੍ਹਾਂ ਦੀ ਜ਼ਿੰਦਗੀ ਦੇ ਹਰ ਖੇਤਰ ’ਚ ਮਾਰੇ ਮਾਅਰਕਿਆਂ ਦਾ ਗ੍ਰਾਫ ਹਰ ਇਕ ਤੋਂ ਸਿਰ ਕੱਢਵਾਂ ਨਜ਼ਰੀ ਆਉਂਦਾ ਹੁੰਦਾ ਹੈ, ਐਸੀਆਂ ਮੁਬਾਰਕ ਸ਼ਖਸ਼ੀਅਤਾਂ ਚੋਂ ਇੱਕ ਸ਼ਖਸ਼ੀਅਤ ਦਾ ਨਾਉਂ ਹੈ --- ਗੁਰਦਰਸ਼ਨ ਸਿੰਘ ‘ਬੱਲ’। ...ਉਹ ‘ਬੱਲ’, ਜਿਸ ਨੂੰ ਮਿਹਨਤ, ਸਿਦਕ, ਸਿਰੜ ਨਾਲ ਤਪੱਸਿਆ ਕਰਨ ਦਾ ਬੱਲ ਹੈ। ਇਮਾਨਦਾਰੀ, ਦਿਆਨਤਦਾਰੀ, ਨੇਕ-ਨੀਤੀ, ਸਬਰ-ਸੰਤੋਖ ਨਾਲ ਜਿਉਣ ਦਾ ਬੱਲ ਹੈ। ਜਿਨ੍ਹਾਂ ਦੀ ਕਲਮ ਵਿਚ ਵੀ ਬੱਲ ਹੈ ਤੇ ਕੱਚ ਤੋਂ ਸੋਨਾ ਬਣਾ ਦੇਣ ਦਾ ਹੱਥਾਂ ਤੇ ਦਿਮਾਗ ’ਚ ਵੀ ਬੱਲ ਹੈ। ਮਿਠਾਸ ਭਰੀ ਧੀਮੀ ਅਵਾਜ਼ ਵਿੱਚ ਅਜਨਬੀ ਨੂੰ ਪਹਿਲੀ ਮਿਲਣੀ ਵਿੱਚ ਹੀ ਆਪਣਾ ਬਣਾ ਲੈਣ ਦਾ ਬੱਲ ਹੈ। ਉਚ-ਅਫਸਰੀ ਖਾਨਦਾਨ ਵਿਚੋਂ ਹੁੰਦੇ ਹੋਏ ਅਤੇ ਖੁਦ ਅਫਸਰੀ ਅਹੁਦੇ ਉਤੇ ਰਹਿ ਚੁੱਕੇ ਹੋਣ ਦੇ ਬਾਵਜੂਦ ਜਿਸ ਵਿਚ ਬੋਅ ਨਹੀਂ, ਮਜਾਜ ਨਹੀਂ, ਹੈਂਕੜ ਨਹੀਂ : ਬਲਕਿ ਸਹਿਨਸ਼ੀਲਤਾ ਸਾਦਗੀ, ਨਿਮਰਤਾ ਅਤੇ ਹਲੀਮੀ ਹੈ। ਜਿਨ੍ਹਾਂ ਦੀ ਖੂਬਸੂਰਤ ਦਰਸ਼ਨੀ-ਦਿੱਖ ਅਤੇ ਉਚੇ-ਲੰਮੇ ਕਦ ਚੋਂ ਇੱਕ ਫੌਜ਼ੀ ਅਫਸਰ ਦੇ ਝਲਕਾਰੇ ਪੈਂਦੇ ਹਨ।  
‘ਕਲਮੀ’ ਖਜ਼ਾਨੇ ਪੱਖੋਂ ਬੱਲ ਦੀ ਕਲਮ ਨੂੰ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਵਿੱਚ ਲਿਖਣ ਦਾ     ਲਾ-ਜਵਾਬ ਬੱਲ ਹੈ। ਉਨ੍ਹਾਂ ਨੇ ਗੀਤਕਾਰੀ, ਗਜ਼ਲ ਤੇ ਸ਼ਾਇਰੀ ਵਿੱਚ ਹੀ ਨਹੀਂ ਬਲਕਿ ਕਹਾਣੀ, ਵਿਅੰਗ ਅਤੇ ਪੱਤਰਕਾਰੀ ਖੇਤਰ ਵਿੱਚ ਵੀ ਆਪਣੀ ਕਲਮ ਦਾ ਸਿੱਕਾ ਜਮਾਇਆ ਹੈ। ਕਲਮ ਹੁਣ ਤੱਕ ਜਿੱਥੇ ‘ਜਗ-ਬਾਣੀ’, ‘ਅਜੀਤ’, ‘ਜਾਗਰਣ’ ‘ਪੰਜਾਬੀ ਟ੍ਰਿਬਿਊਨ’, ‘ਰਜਨੀ ਮਾਸਿਕ’, ‘ਆਰਸੀ’, ‘ਜਨ-ਸਾਹਿਤ’ ‘ਜਾਗ੍ਰਤੀ’, ‘ਸਕਾਈ-ਹਾਕ ਟਾਈਮਜ਼’, ‘ਜਨਤਾ ਐਕਸਪ੍ਰੈਸ’, ‘ਅਮਰ ਉਜਾਲਾ’ ਆਦਿ ਆਪਣੇ ਦੇਸ਼ ਦੇ ਪੇਪਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ, ਉਥੇ, ਯੂ.ਐਸ.ਏ. ਦੀ ਫੇਰੀ ਦੌਰਾਨ ਨਿਊਯਾਰਕ ਦੇ ‘ਸ਼ਾਨ ਪੰਜਾਬ ਦੀ’, ਕਨੇਡਾ ਦੇ ‘ਸਿੱਖ ਵੀਕਲੀ’, ‘ਅਜੀਤ ਵੀਕਲੀ’, ‘ਹਮਦਰਦ ਵੀਕਲੀ’, ‘ਪੰਜਾਬੀ ਆਰਸੀ’ ਅਤੇ ਯੂ.ਐਸ.ਏ ਦੇ  ‘ਮੀਡੀਆ ਪੰਜਾਬ’, ‘ਪੰਜਾਬ ਟਾਈਮਜ਼’ ਅਤੇ ‘ਪੰਜਾਬ ਮੇਲ ਵੀਕਲੀ ’ ਆਦਿ ਵਿਦੇਸ਼ੀ ਪੇਪਰਾਂ ਵਿੱਚ ਉਹ ਪੂਰੀ ਤਰ੍ਹਾਂ ਸਰਗਰਮੀ ਨਾਲ ਛਾਏ ਰਹੇ। 
ਬੱਲ ਜੀ ਜਿੱਥੇ ਆਪਣਾ ਮੌਲਿਕ ਹਿੰਦੀ ਗੀਤ ਤੇ ਗਜ਼ਲ ਸੰਗ੍ਰਹਿ ‘ਆਦਾਬ ਅਰਜ ਹੈ’ ਸਾਹਿਤ-ਜਗਤ ਦੀ ਝੋਲੀ ਪਾ ਚੁੱਕੇ ਹਨ ਉਥੇ  ‘ਹਾਲ ਮੁਰੀਦਾ ਦਾ ਕਹਿਣਾ’, ‘ਮੂੰਹੋਂ ਬੋਲਦੀਆਂ ਕਲਮਾਂ’, ‘ਕਲਮਾਂ ਦੀ ਪ੍ਰਵਾਜ’ ਅਤੇ ‘ ਪੰਜ ਦਰਿਆ’ (ਪ੍ਰੈਸ ਵਿਚ) ਆਦਿ ਦਰਜਨ ਦੇ ਕਰੀਬ ਸਾਂਝੀਆਂ ਕਾਵਿ-ਪ੍ਰਕਾਸ਼ਨਾਵਾਂ ਵਿੱਚ ਵੀ ਆਪਣੀ ਭਰਵੀਂ ਹਾਜ਼ਰੀ ਲਵਾ ਚੁੱਕੇ ਹਨ। ਜਦ ਕਿ ‘ਦਿਲ ਮੇਰਾ ਹੈ ਲਾਪਤਾ’ (ਪੰਜਾਬੀ ਗੀਤ-ਗਜ਼ਲ-ਕਵਿਤਾਵਾਂ ਦਾ ਸੰਗ੍ਰਹਿ) ਅਤੇ ਇਕ ਪੰਜਾਬੀ ਕਹਾਣੀ-ਸੰਗ੍ਰਹਿ ਛਪਾਈ ਅਧੀਨ ਹਨ। 
ਬੱਲ ਜੀ ਦੇ ਗੀਤਾਂ ਤੇ ਗਜ਼ਲਾਂ ਨੂੰ ਰਿਕਾਰਡਿੰਗ ਦਾ ਜਾਮਾ ਪਹਿਨਾਉਣ ਵਾਲੇ ਗਾਇਕ-ਗਾਇਕਾਵਾਂ ਚੋਂ  ਲਾਹੌਰ (ਪਾਕਿਸਤਾਨ) ਦੇ ਗਾਇਕ ਈ.ਆਰ.ਦਾਸ ਦੇ ਨਾਲ-ਨਾਲ ਦੇਵਕੀਆਂ ਅਨੰਦ (7 ਗਜ਼ਲਾਂ ਦੀ ਸੀ.ਡੀ), ਨੀਲੇ ਖਾਂ ਕਵਾਲ (‘ਜਦੋਂ ਦਾ ਤੂੰ ਤੱਕਿਆ ਏ’), ਸਤਵਿੰਦਰ ਬਿੱਟੀ (‘ਰਾਮਾ ਰਾਮਾ ਹਰ ਰਹੇ’), ਨੀਨਾ ਸ਼ਰਮਾ (‘ਮਾਹੀ ਤੂੰ ਤਸਵੀਰ ਜੋ ਘੱਲੀ’ ਤੇ ‘ਚੁੰਨੀ ਤੇਰੀ ਕਾਲੀ ਸਿਤਾਰਿਆਂ ਵਾਲੀ’) ਅਤੇ ਕਾਜਲ ਤੇ ਸਾਥੀ (ਡਿਊਟ ‘ਮੇਰਾ ਦਿਲ ਤੇਰੇ ਤੇ ਆਇਆ’), ਮਨਪ੍ਰੀਤ ਅਖਤਰ (‘ਜੇ ਪਰਦਾ ਦੂਰ ਕਰ ਦੇਵੇਂ’) ਆਦਿ ਦੋ ਦਰਜਨ ਦੇ ਕਰੀਬ ਗਾਇਕ ਸ਼ਾਮਲ ਹਨ।
ਹਿੰਦੀ ਤੇ ਪੰਜਾਬੀ ਦੇ ਨਾਮਵਰ ਗ਼ਜ਼ਲਗੋਆਂ ਦੀ ਕਤਾਰ ਵਿਚੋਂ  ‘ਵਿਜੇ ਨਿਰਬਾਧ ਗ਼ਜ਼ਲ ਐਵਾਰਡ’ ਨਾਲ ਅਤੇ ‘ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸਨਮਾਨ-ਪੱਤਰ ਨਾਲ’ ਨਿਵਾਜੇ ਜਾਣ ਨੂੰ ਉਹ ਆਪਣੇ ਅਣਗਿਣਤ ਸਾਹਿਤਕ-ਸਨਮਾਨਾਂ ਚੋਂ ਅਭੁੱਲ ਸਨਮਾਨ ਦੱਸਦੇ ਹਨ ...ਅਮਰੀਕ ਸਿੰਘ ਪੂੰਨੀ, ਆਈ.ਏ.ਐਸ, ਹਰਭਜਨ ਸਿੰਘ ਕੋਮਲ, ਏ.ਐਸ. ਆਜਾਦ ‘ਰਜਨੀ’, ਹਰਭਜਨ ਹਲਵਾਰਵੀ, ਸ਼ਿੰਗਾਰਾ ਸਿੰਘ ਭੁੱਲਰ, ਪ੍ਰੇਮ ਗੋਰਖੀ, ਸੁਖਦੇਵ ਪਟਵਾਰੀ, ਰਾਜਿੰਦਰ ਸੇਵਕ, ਭਗਤ ਸਿੰਘ ਭਗਤ, ਦਰਸ਼ਨ ਬੇਦੀ, ਹਿੰਮਤ ਸਿੰਘ ਸੋਢੀ, ਵਿਦਿਆ ਸਾਗਰ, ਮੀਨੂ ਸੁਖਮਨ, ਮਨਮੋਹਨ ਸਿੰਘ ਦਾਊਂ, ਅਮਰੀਕ ਸਿੰਘ ਬਨਵੈਤ, ਮਹਿਮਾ ਸਿੰਘ ਸੈਣੀ ਤੇ ਬਾਬੂ ਰਾਮ ਦੀਵਾਨਾ ਆਦਿ ਵਰਗੀਆਂ ਸਾਹਿਤਕ ਸ਼ਖਸ਼ੀਅਤਾਂ ਦੇ ਉਹ ਤਹਿ ਦਿਲੋਂ ਰਿਣੀ ਹਨ ਜਿਨ੍ਹਾਂ ਦੇ ਨਿੱਘੇ ਮਿਲਵਰਤਨ ਭਰੇ ਸਾਥ ਨੇ ਹਮੇਸ਼ਾ ਉਨ੍ਹਾਂ ਨੂੰ ਅੱਗੇ ਵਧਣ ਲਈ ਸਹਿਯੋਗ, ਪ੍ਰੇਰਨਾ ਤੇ ਹੱਲਾ-ਸ਼ੇਰੀ ਦਿੱਤੀ। ਕਰਨਾਲ ਦੇ ਖਾਲਸਾ ਸਕੂਲ ’ਚ ਪੜ੍ਹਦਿਆਂ ਵਕਤ ਸੁਪ੍ਰਸਿੱਧ ਸਾਹਿਤਕ ਸ਼ਖਸ਼ੀਅਤ ਸਰਦਾਰ ਪੰਛੀ ਜੀ ਦੇ ਵਿਦਿਆਰਥੀ ਹੋਣ ਦਾ ਮਾਣ ਹੋਣਾ ਵੀ ਉਹ ਫਖਰ ਮਹਿਸੂਸ ਕਰਦੇ ਹਨ। 
ਪ੍ਰਤਾਪ ਸਿੰਘ ਕੈਰੋਂ ਦੀ ਮਨਿਸਟਰੀ ਵੇਲੇ ਬੱਲ ਜੀ ਦੇ ਮਾਮਾ ਜੀ ਉਜਾਗਰ ਸਿੰਘ ਮੰਡੇਰ, ਐਸ.ਪੀ. ਅਤੇ ਪਿਤਾ ਗੁਰਨਾਮ ਸਿੰਘ ਬੱਲ, ਪੁਲਿਸ ਇੰਸਪੈਕਟਰ ਸਨ। ਇਨ੍ਹਾਂ ਦੋਵਾਂ ਦੀ ਇੱਛਾ ਸੀ ਕਿ ਗੁਰਦਰਸ਼ਨ ਜੀ ਵੀ ਪੁਲਿਸ ਵਿਚ ਭਰਤੀ ਹੋਣ। ਬੱਲ ਜੀ ਨੂੰ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਦੀ ਇਹ ਇੱਛਾ ਪੂਰੀ ਕਰਨੀ ਪਈ। ਨਤੀਜੇ ਵਜੋਂ ਪੜ੍ਹਾਈ ਉਪਰੰਤ ਉਹ ਹਰਿਆਣਾ ਪੁਲਿਸ ਵਿੱਚ ਡਾਇਰੈਕਟ ਏ. ਐਸ. ਆਈ. ਭਰਤੀ ਹੋ ਗਏ। ਉਥੇ ਬੜੀ ਨੇਕ-ਨੀਤੀ ਤੇ ਇਮਾਨਦਾਰੀ ਨਾਲ ਕੰਮ ਕੀਤਾ। ਪਰ ਤਿੰਨ ਸਾਲ ਪਿਛੋਂ ਰੀਜਾਈਨ ਦੇ ਦਿੱਤਾ। 
ਉਪਰੰਤ 74-75 ਵਿੱਚ ਬਡਹੇੜੀ (ਸੈਕਟਰ-41) ਚੰਡੀਗੜ੍ਹ ਵਿਚ ਆ ਕੇ ‘ਕੱਟ-ਗਲਾਸ’ ਦਾ ਆਪਣਾ ਕਾਰੋਬਾਰ ਖੋਲ੍ਹ ਲਿਆ, ਜਿਸ ਵਿੱਚ ਉਨ੍ਹਾਂ ਦੀ ਜੀਵਨ-ਸਾਥਣ ਸਤਵੀਰ ਕੌਰ ਬੱਲ ਦਾ ਵੀ ਕਾਫੀ ਭਰਵਾਂ ਸਹਿਯੋਗ ਮਿਲਣ ਲੱਗਾ। ਇਸ ਜੋੜੀ ਵਲੋਂ ਇੰਗਲੈਂਡ ਦੇ ਪ੍ਰਿੰਸ ਚਾਰਲਸ ਤੇ ਡਾਇਨਾ ਦੀ ਮੈਰਿਜ ਮੌਕੇ  ਕੱਚ ਦੇ 3 ਗਲਾਸ ਉਨ੍ਹਾਂ ਦੇ ਨਾਉਂ ਲਿਖ ਕੇ, . . . ਅਮਰੀਕਾ ਦੇ ਪ੍ਰੈਜੀਡੈਂਟ ਰੋਲਿਡ ਰੀਗਨ ਦੇ ਚਾਰਜ ਸੰਭਾਲਣ ਮੌਕੇ ਰੋਲਿਡ ਰੀਗਨ ਅਤੇ ਉਨ੍ਹਾਂ ਦੀ ਮਿਸਜ ਨੈਂਨਸੀ ਰੀਗਨ ਦੇ ਨਾਉਂ ਲਿਖਕੇ ਤਿੰਨ-ਤਿੰਨ ਗਲਾਸ. . . ਅਤੇ ਅਮਰੀਕਾ ਦੇ ‘ਜਾਰਜ ਬੁਸ਼ ਪਹਿਲਾ’ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁੱਦਾ ਸੰਭਾਲਣ ਦੇ ਅਵਸਰ ਤੇ ਕੱਟ-ਗਲਾਸ ਦੀ ਨੇਮ ਪਲੇਟ ਪਾਰਸਲ ਦੁਆਰਾ ਗਿਫਟ ਕੀਤੇ। ਇਸੇ ਤਰ੍ਹਾਂ ਪੰਜਾਬ ਦੇ ਰਹਿ ਚੁੱਕੇ ਮੁੱਖ ਮੰਤਰੀ ਸਵ: ਦਰਬਾਰਾ ਸਿੰਘ, ਗਿਆਨੀ ਜੈਲ ਸਿੰਘ, ਹਰਿਆਣਾ ਦੇ ਰਹਿ ਚੁੱਕੇ ਗਵਰਨਰ, ਜੈ ਸੁੱਖ ਲਾਲ ਹਾਥੀ, ਐਚ.ਐਸ.ਬਰਾੜ, ਐਸ. ਐਸ. ਸੰਧਾਵਾਲੀਆ, ਸਈਅਨ ਮੁਹੰਮਦ ਹੁਸੈਨ ਬਰਨੀ, ਸਵ: ਸ੍ਰੀਮਤੀ ਇੰਦਰਾ ਗਾਂਧੀ ਸਾਬਕਾ ਪ੍ਰਧਾਨ ਮੰਤਰੀ, ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ, ਸੰਜੇ ਗਾਂਧੀ, ਰਾਹੁਲ ਗਾਂਧੀ, ਮੇਨਿਕਾ ਗਾਂਧੀ ਆਦਿ ਅਣਗਿਣਤ ਸ਼ਖਸ਼ੀਅਤਾਂ ਨੂੰ ਆਪਣੇ ਹੱਥ ਦੇ ਕਲਾ-ਨਮੂਨੇ ਨੇਮ-ਪਲੇਟ ਦੀ ਸ਼ਕਲ ’ਚ ਗਿਫਟ ਵਜੋਂ ਭੇਂਟ ਕੀਤੇ। ਇਨ੍ਹਾਂ ਸਭਨਾਂ ਵਲੋਂ ‘ਬੱਲ-ਜੋੜੀ’ ਨੂੰ ਜੁਵਾਬ ਵਿਚ ਥੈਂਕਸ ਅਤੇ ਸ਼ਲਾਘਾ-ਪੱਤਰ ਪ੍ਰਾਪਤ ਹੋਏ। ਜਦ ਕਿ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕੁਲਿੰਟਨ ਦੀ ਬਣੀ ਹੋਈ ਨੇਮ-ਪਲੇਟ ਅਜੇ ਘਰ ਦੇ ਸ਼ੋਅ-ਕੇਸ ਵਿੱਚ ਸਜ਼ੀ ਹੋਈ ਬਾਹਰ ਨਿਕਲਣ ਦੀ ਉਡੀਕ ਕਰ ਰਹੀ ਹੈ।  
ਹਰਿਆਣਾ ਸਰਕਾਰ ਨੇ ਬੱਲ ਜੀ ਦੀ ਆਰਟ ਕਲਾ ਨੂੰ ਸਲਾਮ ਕਰਦਿਆਂ ਸੈਨਿਕ ਬੋਰਡ ਅਧੀਨ ਪੰਚਕੂਲਾ ਵਿਖੇ, ਫੌਜੀਆਂ ਦੇ ਬੱਚਿਆਂ ਦੀ ਸਿਖਲਾਈ ਲਈ ਇਕ ਸੈਂਟਰ ਖੋਲ੍ਹ ਕੇ ਉਥੇ ਬੱਲ ਜੀ ਨੂੰ ‘ਸੀਨੀਅਰ ਕੱਟ ਗਲਾਸ ਇੰਸਟਰੱਕਟਰ’ ਦੀ ਨੌਕਰੀ ਵੀ ਦੇ ਦਿੱਤੀ। ਗਵਰਨਰ ਹਰਿਆਣਾ ਸ੍ਰੀ ਬਰਨੀ ਜੀ ਸਰਕਾਰੀ ਖਰਚੇ ਤੇ ਬੱਲ ਜੀ ਨੂੰ  ‘ਚੈਕੋਸਲਾਵੀਆ’, ‘ਬੈਲਜ਼ੀਅਮ’ ਅਤੇ ‘ ਆਸਟ੍ਰੀਆ’ ਆਦਿ ਸ਼ੀਸ਼ੇ ਦੇ ਵਿਕਸਿਤ ਦੇਸ਼ਾਂ ਵਿੱਚ ਭੇਜਣਾ ਚਾਹੁੰਦੇ ਸਨ ਪਰ ਉਨ੍ਹਾਂ ਹੀ ਦਿਨਾਂ ਵਿਚ ਅੱਤਵਾਦ ਸਿਖਰਾਂ ਤੇ ਹੋਣ ਕਰਕੇ ਅਤੇ ਬੱਲ ਜੀ ਦੇ ਸਿੱਖ ਹੋਣ ਦੇ ਨਾਤੇ ਗਵਰਨਰ ਸਾਹਿਬ ਦਾ ਇਹ ਹੁਕਮ ਫਾਇਲਾਂ ਵਿਚ ਹੀ ਦੱਬ ਕੇ ਰਹਿ ਗਿਆ। ਜਿਸ ਦੇ ਰੋਸ ਵਜੋਂ ਬੱਲ ਜੀ ਨੇ ਬਾਅਦ ਵਿਚ ਰੀਜਾਈਨ ਦੇ ਕੇ ਆਪਣਾ ਕੱਟ-ਗਲਾਸ ਦਾ ਕਾਰੋਬਰ ਚਾਲੂ ਕਰਕੇ ਉਸਨੂੰ ਸਿਖਰਾਂ ਤੇ ਲੈ ਗਏ। 
‘ਕੱਚ ਤੋਂ ਸੋਨਾ’ ਬਣਾਉਣ ਵਾਲੀ ਇਸ ਮਿਕਨਾਤੀਸੀ ਸ਼ਖਸ਼ੀਅਤ ਨੇ ਆਦਰ-ਸਤਿਕਾਰ ਭਰੇ ਲਹਿਜੇ ਵਿਚ ਕਿਹਾ, ‘ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ, ਸ.ਮਨੋਹਰ ਸਿੰਘ ਗਿੱਲ, ਆਈ. ਏ. ਐਸ, ਸਾਬਕਾ ਚੋਣ ਕਮਿਸ਼ਨਰ, ਭਾਰਤ ਸਰਕਾਰ, ਟੀ. ਐਨ. ਸੇਸ਼ਨ, ਆਈ. ਏ. ਐਸ, ਸਾਬਕਾ ਮੁੱਖ ਚੋਣ ਕਮਿਸ਼ਨਰ, ਟੀ. ਕੇ. ਨਾਇਰ, ਆਈ. ਏ. ਐਸ, ਸੈਕਟਰੀ ਇੰਡਸਟਰੀ ਪੰਜਾਬ ਅਤੇ ਜਨਾਬ ਸੱਤਪਾਲ ਜੈਨ ਐਮ. ਪੀ. (ਚੰਡੀਗੜ੍ਹ) ਵਰਗੀਆਂ ਹਿੰਦੁਸਤਾਨ ਦੀਆਂ ਮਹਾਨ ਹਸਤੀਆਂ ਦਾ ਉਨ੍ਹਾਂ ਦੇ ਸਿਰ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰਹਿਣ ਸਦਕਾ, 13/5/83 ਨੂੰ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਜੀ ਦੇ ਕਰ-ਕਮਲਾਂ ਦੁਆਰਾ ਨੈਸ਼ਨਲ ਪੱਧਰ ਦਾ ਸਨਮਾਨ, 1978 ਵਿੱਚ ਚੇਅਰਮੈਨ ਐਮ. ਐਸ. ਰੰਧਾਵਾ ਜੀ ਦੇ ਕਰ-ਕਮਲਾਂ ਦੁਆਰਾ ‘ਲਲਿਤ ਕਲਾ ਅਕਾਦਮੀ’ ਵਲੋਂ ਸਟੇਟ ਐਵਾਰਡ, ਉਦਯੋਗ ਵਿਭਾਗ ਪੰਜਾਬ ਵਲੋਂ ਤਿੰਨ ਵਾਰ ਸਟੇਟ ਐਵਾਰਡ ਅਤੇ ਐਸ. ਐਸ. ਰੇਅ ਗਵਰਨਰ ਪੰਜਾਬ ਵਲੋਂ ਗੋਲਡ ਮੈਡਲ ਤੇ ਪ੍ਰਮਾਣ-ਪੱਤਰ ਮੇਰੀ ਝੋਲੀ ਪਏ। 
‘ਸਿਕੰਦਰ ਮਹਾਨ’  ਦੇ ਪੂਰਨਿਆਂ ਉਤੇ ਚੱਲਕੇ ਆਪਣੀ ਮਿਹਨਤ ਭਰੀ ਤਪੱਸਿਆ ਦੇ ਬੱਲਬੂਤੇ ਅਸੰਭਵ ਨੂੰ ਸੰਭਵ ਬਣਾਉਣ ਵਾਲੇ ਚੰਡੀਗੜ੍ਹ ਦੇ ਇਸ ‘ਮਹਾਨ ਸਿਕੰਦਰ’  ਗੁਰਦਰਸ਼ਨ ਬੱਲ ਜੀ ਦਾ ਮਈ 2013 ਦੇ ਤੀਜੇ ਹਫਤੇ ਉਸ ਦਿਨ ਜਾਣੋ ਲੱਕ ਟੁੱਟ ਗਿਆ, ਜਿਸ ਦਿਨ ਉਨ੍ਹਾਂ ਦੀ ਜਿੰਦ-ਜਾਨ ਜੀਵਨ-ਸਾਥਣ ਉਨ੍ਹਾਂ ਨੂੰ ਸਦੀਵੀਂ-ਵਿਛੋੜਾ ਦੇ ਕੇ ਵਿਲਕਦਿਆਂ ਨੂੰ ਛੱਡ ਗਏ। ਉਨ੍ਹਾਂ ਦਾ ਵੱਡਾ ਬੇਟਾ ਗੁਰਿੰਦਰ ਸਿੰਘ ਬੱਲ ਜਿਨ੍ਹਾਂ ਨੂੰ ‘ਕੱਟ-ਗਲਾਸ ਆਰਟ’ ਖੇਤਰ ਵਿੱਚ ਸਟੇਟ ਐਵਾਰਡ ਹਾਸਲ ਹੈ, ਅੱਜ-ਕੱਲ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਵਜੋਂ ਸੇਵਾ ਨਿਭਾ ਰਹੇ ਹਨ: ਜਦਕਿ ਛੋਟਾ ਬੇਟਾ ਵਰਿੰਦਰ ਸਿੰਘ ਬੱਲ ਤੇ ਬੇਟੀ ਮਨਜੀਤ ਕੌਰ ਬਬਲੂ ਸੱਤ ਸਮੁੰਦਰੋਂ ਪਾਰਲੀ ਧਰਤੀ ਉਤੇ ਰਹਿ ਰਹੇ ਹਨ। ‘ਬਹੁ-ਕਲਾਵਾਂ ਦਾ ਖਜ਼ਾਨਾ’ ਇਹ ਪੰਛੀ, ਗੁਰਦਰਸ਼ਨ ਬੱਲ ਕਦੀ-ਕਦੀ ਆਪਣੇ ਬੱਚਿਆਂ ਦਾ ਨਿੱਘ ਮਾਨਣ ਲਈ ਚੰਡੀਗੜ੍ਹ ਇੰਡਸਰੀਅਲ ਏਰੀਆ, ਫੇਜ਼-1 ਦੇ ਐਸ. ਸੀ. ਐਫ
-5 ਵਿਚਲੇ ਆਪਣੇ ਆਲਣੇ ਚੋਂ ਉਡਾਣਾ ਭਰਕੇ ਵਾਪਿਸ ਆਪਣੇ ਆਲਣੇ ਚ ਪਰਤ ਆਉਂਦਾ ਹੈ। ਫਿਜ਼ਾ ਉਦਾਸ ਹੈ, ਅੱਜ ਦਿਨ ਇਸ ਮਹਾਨ ਕਲਾਕਾਰ ਦੇ ਆਲਣੇ ਦੀ। ਅੱਲਾ ਖੈਰ ਕਰੇ! ਸਬਰ ਤੇ ਸ਼ਹਿਣਸ਼ੀਲਤਾ ਬਖਸ਼ੇ! ਸਮਾਜ, ਸਾਹਿਤ, ਸੱਭਿਆਚਾਰ ਅਤੇ ਆਰਟ-ਕਲਾਵਾਂ ਨੂੰ ਢੇਰ ਸਾਰੀਆਂ ਆਸਾਂ, ਉਮੀਦਾਂ ਅਤੇ ਸੰਭਾਵਨਾਵਾਂ ਹਨ, ਉਨ੍ਹਾਂ ਪਾਸੋ! ਆਮੀਨ!


ਪ੍ਰੀਤਮ ਲੁਧਿਆਣਵੀਂ
98764-28641



Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template