Headlines News :
Home » » “ਧਰਤੀ ਦੇ ਰੱਬ” - ਡਾ ਅਮਰੀਕ ਸਿੰਘ ਕੰਡਾ

“ਧਰਤੀ ਦੇ ਰੱਬ” - ਡਾ ਅਮਰੀਕ ਸਿੰਘ ਕੰਡਾ

Written By Unknown on Monday, 23 September 2013 | 23:32

ਮੇਰੇ ਕੋਲ ਇਕ ਕਹਾਣੀ ਦਾ ਪਲਾਟ ਹੈ । ਅੱਜ ਐਤਵਾਰ ਦਾ ਦਿਨ ਹੈ । ਮੈਂ ਸੋਚਦਾਂ ਹਾਂ ਕਿ ਕਹਾਣੀ ਕਿਵੇਂ ਲਿਖਾਂ ? ਕੋਸ਼ਿਸ਼ ਕਰਦਾਂ ਹਾਂ ਪਰ ਗੱਲ ਨਹੀਂ ਬਣਦੀ । ਗੱਲ ਬਣੇ ਵੀ ਕਿਵੇਂ ? ਜਦੋਂ ਕਿਤੇ ਲਿਖਣ ਬੈਠਦਾਂ ਹਾਂ ਤਾਂ ਬੱਚੇ ਰੌਲਾ ਪਾਉਂਦੇ ਨੇ । ਸਾਡੇ ਘਰ ਅੱਠ ਬੱਚੇ ਨੇ । ਢਾਈ ਸਾਲ ਤੋਂ ਲੈ ਕੇ ਦਸ ਗਿਆਰਾਂ ਸਾਲ ਵਿਚ ਵਿਚ ਉਮਰ ਹੈ ਸਭ ਦੀ । ਇਹ ਮੇਰੇ ਪੋਤੇ ਪੋਤੀਆਂ ਨੇ । ਮੇਰੇ ਤਿੰਨ ਮੁੰਡੇ ਨੇ ਤਿੰਨ ਨੂੰਹਾਂ । ਸਭ ਤੋਂ ਵੱਡੇ ਦੇ ਚਾਰ ਬੱਚੇ ਨੇ ਦੋ ਕੁੜੀਆਂ ਤੇ ਦੋ ਮੁੰਡੇ । ਦੋਨਾਂ ਛੋਟਿਆਂ ਮੁੰਡਿਆਂ ਦੇ ਦੋ ਦੋ ਬੱਚੇ ਨੇ ਇਕ ਇਕ ਮੁੰਡਾ ਤੇ ਇਕ ਇਕ ਕੁੜੀ । ਪਹਿਲੇ ਦੇ ਪਹਿਲਾਂ ਦੋ ਕੁੜੀਆਂ ਜੌੜੀਆਂ ਹੋ ਗਈਆਂ ਸਨ । ਬਾਅਦ ਚ ਦੋ ਜੌੜੇ ਮੁੰਡੇ । ਮੈਂ ਰਿਟਾਇਰ ਹਾਂ । ਮੇਰੀ ਸ੍ਰੀ ਮਤੀ ਵੀ ਰਿਟਾਇਰ ਹੀ ਹੈ । ਤਿੰਨੇ ਨੂੰਹਾਂ ਵੀ ਘਰੇਲੂ ਔਰਤਾਂ ਹੀ ਨੇ । ਕੁਲ ਮਿਲਾ ਕੇ ਸਾਡਾ ਸੁਖੀ ਪਰਿਵਾਰ ਹੁਣ ਤੱਕ ਰਲਮਿਲ ਰਹਿ ਰਿਹਾ ਹੈ । ਖੁੱਲਾ ਡੁੱਲਾ ਘਰ ਹੈ ਪੂਰੇ ਸੋਲਾਂ ਮਰਲੇ ਚ । ਤਿੰਨੇ ਮੁੰਡੇ ਪਾਰਟੀ ਤੇ ਗਏ ਨੇ ਰਾਤ ਨੂੰ ਆਉਣਗੇ ਸ਼ਾਇਦ । ਮੈਨੂੰ ਪੜ੍ਹਨ ਲਿਖਨ ਦਾ ਸੌਂਕ ਹੈ । ਸਾਹਿਤ ਬਾਰੇ ਪੜ੍ਹਨਾ ਚੰਗਾ ਲਗਦਾ ਹੈ । ਮੇਰੇ ਪੋਤੇ ਪੋਤੀਆਂ ਬਹੁਤ ਰੌਲਾ ਪਾਉਂਦੇ ਨੇ । ਕੋਈ ਵੀਡੀਉ ਗੇਮ ਚੁੱਕੀ ਫਿਰਦਾ ਹੈ ,ਕੋਈ ਕਾਰ, ਕੋਈ ਜੀਪ, ਕੋਈ ਗੁਬਾਰਾ ਤੇ ਕੋਈ ਪਿਚਕਾਰੀ ਤੇ ਵੱਡੇ ਦੇ ਚੀਟੂੰ ਮੀਟੂੰ ਇਕ ਦੂਏ ਦੇ ਜੂੰਡੇ ਫੜੀ ਫਿਰਦੇ ਨੇ । ਸਾਰੇ ਲੜਦੇ ਭਿੜਦੇ ਮੇਰੇ ਕਮਰੇ ਚ ਆ ਗਏ । ਚੀਕ ਚਿਹਾੜਾ ਸੁਣ ਮੈਂ ਘਰਵਾਲੀ ਨੂੰ ਆਵਾਜ ਦਿੰਦਾਂ ਹਾਂ । ਇਹ ਚਾਰੇ ਸ਼ਾਇਦ ਕੋਠੇ ਤੇ ਧੁੱਪ ਸੇਕ ਰਹੀਆਂ ਨੇ । ਸ੍ਰੀਮਤੀ ਬਹੁਤ ਗੁੱਸੇ ਖੋਰ ਹੈ ਇਹ ਸਭ ਉਸਤੋਂ ਡਰਦੇ ਵੀ ਨੇ ।
“ਚਲੋ ਬਾਂਦਰੋ ਜਿਉ ਬਾਹਰ ਗਲੀ ਚ ਖੇਡੋ ।“ ਘਰਵਾਲੀ ਨੇ ਦਬਕਾ ਮਾਰ ਕੇ ਸਭ ਨੂੰ ਭਜਾ ਦਿੱਤਾ ।
ਸਾਰੇ ਬੱਚੇ ਮੇਰੇ ਕਮਰੇ ਚੋਂ ਬਾਹਰ ਚਲੇ ਜਾਂਦੇ ਨੇ । ਕੋਈ ਚੀਕ ਮਾਰਦਾ ਤੇ ਕੋਈ ਰੋਂਦਾ ਤੇ ਕੋਈ ਹੱਸਦਾ । ਮੈਂ ਸ੍ਰੀਮਤੀ ਵੱਲ ਵੇਖ ਕੇ ਅੱਖਾਂ ਹੀ ਅੱਖਾਂ ਚ ਉਸਦਾ ਧੰਨਵਾਦ ਕਰਦਾਂ ਹਾਂ । ਮੈਂ ਉਠ ਕੇ ਦਰਵਾਜਾ ਢੋਹ ਦਿੱਤਾ ਤੇ ਫਿਰ ਬੈਠ ਕੇ ਲਿਖਨ ਲਗਦਾਂ ਹਾਂ ਕਿ ਮੇਰੇ ਮੰਜੇ ਥਲੋਂ ਕੁੱਝ ਹਿਲਨਾ ਮਹਿਸੂਸ ਹੋਇਆ ਤੇ ਇਕੋ ਦਮ ਮੰਜੇ ਥਲੋਂ ਆਵਾਜ਼ ਨਿਕਲੀ ।
“ਡੈਈ ਜੀ ।”
“ਉਏ ਗੁਡੂ ਤੂੰ ਇੱਥੇ ਕਿਵੇਂ ਰਹਿ ਗਈ ?” ਇਹ ਮੇਰੀ ਸਵਾ ਦੋ ਸਾਲ ਦੀ ਪੋਤੀ ਹੈ ।
“ਦੇਥਿਆ ਤਿਵੇਂ ਬੁਧੂ ਬਾਇਆ ?”
“ਤੂੰ ਬਾਹਰ ਚੱਲ ਪੁੱਤ ਮੈਨੂੰ ਲਿਖ ਲੈਣ ਦੇ ।”
“ਡੈਈ ਸ਼ਾਮ ਨੂੰ ਜ਼ਾਰ ਜਾਣਾ ।”
“ਚੰਗਾ ਚੱਲਾਂਗੇ ਤੂੰ ਬਾਹਰ ਜਾ ਕੇ ਖੇਡ ।”
“ਨਈਂ ਆਪਾਂ ਮੰਮੀ ਤੇ ਮਿੱਕੀ ਬੀਏ ਨੂੰ ਨਹੀਂ ਲੈ ਕੇ ਜਾਣਾ ।”
“ਚੰਗਾ ਨਹੀਂ ਲੈ ਕੇ ਜਾਂਦੇ,ਤੂੰ ਬਾਹਰ ਜਾ ਕੇ ਖੇਡ ।” ਮੈਂ ਖਹਿੜਾ ਛਡਾਉਣ ਦੇ ਮਾਰੇ ਨੇ ਕਿਹਾ ।
“ਡੈਈ ਰੋਬਿਨ ਨੂੰ ਵੀ ਲੈ ਕੇ ਨਹੀਂ ਜਾਣਾ ।”
“ਚੰਗਾ ਨਹੀਂ ਲੈ ਕੇ ਜਾਂਦੇ ।”
“ਡੈਈ ਇਹ ਕੀ ਲਿਖੀ ਜਾਂਨੈ  ?”
“ਪੁੱਤ ਕਹਾਣੀ ਲਿਖਦਾਂ ਤੂੰ ਬਾਹਰ ਜਾਅ ਹੁਣ ।”
“ਇਹ ਪਾਬੀ ਲਿਖਦੇ ਤੁਸੀਂ ।”
“ਹਾਂ ਬੇਬੇ ਪੰਜਾਬੀ ਲਿਖਦਾਂ, ਤੂੰ ਹੁਣ ਬਾਹਰ ਜਾ ਨਹੀਂ ਤਾਂ ਬਲਾਉਣਾ ਤੇਰੀ ਵੱਡੀ ਮੰਮੀ ਨੂੰ ।” ਤੇ ਉਹ ਬਾਹਰ ਭੱਜ ਗਈ ।
ਮੇਰੇ ਜਿਹੜੀ ਇਕ ਅੱਧੀ ਲਾਈਨ ਦਿਮਾਗ ਚ ਆਈ ਸੀ ਉਹ ਵੀ ਨਿਕਲ ਗਈ । ਨਾਲਦੇ ਕਮਰੇ ਚੋਂ ਉੱਚੀ ਉੱਚੀ ਆਵਾਜਾਂ ਆਉਣ ਲਗਦੀਆਂ ਨੇ ਬੱਚਿਆਂ ਨੇ ਟੀ ਵੀ ਲਾਅ ਲਿਆ ਹੈ ਸ਼ਾਇਦ । ਮੈਨੂੰ ਬਹੁਤ ਗੁੱਸਾ ਆਉਦਾ ਹੈ । ਮੈਂ ਬਾਹਰ ਵਿਹੜੇ ਚ ਆ ਕੇ ਉੱਚੀ ਆਵਾਜ ਮਾਰਦਾਂ ਹਾਂ ਘਰਵਾਲੀ ਤੇ ਵੱਡੀ ਨੂੰਹ ਕੋਠੇ ਤੋਂ ਥੱਲੇ ਆਉਂਦੀਆਂ ਨੇ ।
“ਕੀ ਹੋਇਆ ਵਾਜਾਂ ਹੀ ਮਾਰੀ ਜਾਂਦੇ ਹੋ ?”
“ਚਲੋ ਜਵਾਕਾਂ ਨੂੰ ਸਾਂਭੋ ।” ਮੈਂ ਉਹਨਾਂ ਨੂੰ ਕਹਿੰਦਾਂ ਹਾਂ ।
“ਥੋਡਾ ਕਿਹੜਾ ਇਕ ਦਿਨ ਦਾ ਕੰਮ ਹੈ ਜਵਾਕਾਂ ਨੇ ਰੌਲਾ ਤਾਂ ਪਾਉਣਾ ਹੀ ਹੋਇਆ ।”
“ਚੰਗਾ ਜਿਆਦਾ ਬੋਲ ਨਾ ਇਹਨਾਂ ਨੂੰ ਚੁੱਪ ਕਰਾਉ ।” ਮੈਂ ਗੱਲ ਮਕਾਉਣ ਦਾ ਮਾਰਾ ਕਹਿੰਦਾ ਹਾਂ ।
ਮੈਂ ਆਪਣੇ ਕਮਰੇ ਚ ਕਮਰੇ ਦਾ ਦਰਵਾਜਾ ਲਾਅ ਕੇ ਬੈਠ ਜਾਂਦਾ ਹਾਂ । ਮੈਂ ਪਿੰਨ ਚੁੱਕ ਕੇ ਲਿਖਣ ਲਗਦਾਂ ਹਾਂ ਤਾਂ ਕੀ ਵੇਖਦਾਂ ਹਾਂ ਕਿ ਵੱਡੇ ਮੁੰਡੇ ਦੇ ਦੋਨੋ ਸਾਹਿਬਜਾਦੇ ਦਰਵਾਜੇ ਦੇ ਪਿੱਛੇ ਲੁਕੇ ਸਨ ਤੇ ਉਹਨਾਂ ਦੇ ਮੂੰਹ ਤੇ ਉਂਗਲ ਰੱਖੀ ਸੀ ਕਿ ਮੈਂ ਕੁੱਝ ਨਾ ਬੋਲਾਂ । ਸ਼ਾਇਦ ਉਹ ਲੁਕਣ ਮਿਚਾਈ ਖੇਡਦੇ ਹੋਣਗੇ । ਮੈਨੂੰ ਗੁੱਸਾ ਆਉਂਦਾ ਹੈ । ਬਾਹਰੋਂ ਕਿਸੇ ਬੱਚੇ ਦੁਆਰਾ ਦਰਵਾਜਾ ਖੋਲਣ ਦੀ ਧੱਪ ਧੱਪ ਦੀ ਆਵਾਜ ਹੈ । ਮੈਂ ਉਠਦਾਂ ਹਾਂ ਤੇ ਗੁੱਸੇ ਚ ਦਰਵਾਜਾ ਖੋਲਦਾਂ ਹਾਂ । ਸਾਹਮਨੇ ਗੁੱਡੂ ਖੜੀ ਹੈ ।
 “ਕੀ ਗੱਲ ਆ ?”
“ਡੈਈ ਮੈਨੂੰ ਮਿੱਤੀ ਮਾਰਦਾ ।”
“ਕੋਈ ਨਾ ਮੈਂ ਕੁਟੂੰ ਉਹਨੂੰ ।” ਮੈਂ ਆਪਣੇ ਗੁੱਸੇ ਤੇ ਕਾਬੂ ਪਾਉਂਦੇ ਹੋਏ ਕਿਹਾ ।
“ਵੱਡੇ ਡੈਈ ਇਹਨੇ ਮੇਰਾ ਗੁਬਾਰਾ ਤੋੜਤਾ ।“ ਬੰਟੀ ਨੇ ਛੰਟੀ ਦੀ ਸ਼ਿਕਾਇਤ ਲਾਉਂਦੇ ਹੋਏ ਕਿਹਾ ।
“ਕੋਈ ਨਾ ਏਹਦੇ ਵੀ ਮੈਂ ਕੰਨ ਪਟੂੰ ।”
ਬੱਚੇ ਮੇਰੇ ਕੋਲ ਸ਼ਿਕਾਇਤਾਂ ਲਗਾ ਰਹੇ ਸਨ ਤੇ ਮੈਨੂੰ ਲੱਗਾ ਜਿਵੇਂ ਮੈਂ ਜੱਜ ਵਾਂਗ ਉਹਨਾਂ ਨੂੰ ਤਾਰੀਖਾਂ ਦੇ ਰਿਹਾ ਹੋਵਾਂ । ਪਰ ਜਵਾਕਾਂ ਨਾਲ ਜਵਾਕ ਹੋਣਾ ਪੈਂਦਾਂ ।
ਘਰਵਾਲੀ ਮੇਰੇ ਕੋਲ ਆਉਂਦੀ ਹੈ ਤੇ ਬੋਲੀ ।
“ਅਸੀਂ ਜਰਾ ਬਜ਼ਾਰ ਹੋ ਆਈਏ ਤੁਸੀਂ ਜਵਾਕਾਂ ਦਾ ਖਿਆਲ ਰਖਿਉ ।”
“ਤੇ ਨੂੰਹਾਂ…..?”
“ਉਹਨਾਂ ਨਾਲ ਤਾਂ ਚੱਲੀ ਆਂ ਮੈਂ ।”
“ਠੀਕ ਆਂ …।”
ਕਦੇ ਕਦੇ ਮੇਰਾ ਮਨ ਕਰਦਾ ਕਿ ਇਹਨਾਂ ਘਰੇਲੂ ਔਰਤਾਂ ਦੇ ਖਿਲਾਫ ਲਿਖਾਂ । ਪਰ ਲਿਖ ਨਹੀਂ ਸਕਦਾ ਜਾਂ ਕਹਿ ਲਉ ਕਿ ਮਨ ਨਹੀਂ ਕਰਦਾ । ਸ਼ਾਇਦ ਇਸ ਕਰਕੇ ਕਿ ਇਹਨਾਂ ਵਿਚਾਰੀਆਂ ਦਾ ਮੋਨਰੰਜਨ ਦਾ ਸਾਧਨ ਵੀ ਕੀ ਹੈ ? ਬਸ ਬਜ਼ਾਰਾਂ ਚ ਸ਼ਾਪਿੰਗ ਕਰਨੀ ਜਾਂ ਘਰ ਚ ਬੈਠ ਕੇ ਟੀ.ਵੀ ਸੀਰੀਅਲ ਵੇਖਣੇ ।
ਟਿੱਕੀ ਲੈ… ਸਮੋਸਾ ਲੈ ….ਦੀਆਂ ਆਵਾਜਾਂ ਮੇਰੇ ਕੰਨਾਂ ਚ ਪੈਣ ਲਗ ਜਾਂਦੀਆਂ ਹਨ । ਤਦੇ ਹੀ ਤਿੰਨ ਚਾਰ ਬੱਚੇ ਮੇਰੇ ਕੋਲ ਭੱਜੇ ਭੱਜੇ ਆਉਂਦੇ ਨੇ ਤੇ ਧੜਾਕ ਦੇ ਕੇ ਦਰਵਾਜਾ ਖੋਲਦੇ ਨੇ ।
“ਵੱਡੇ ਡੈਡੀ ਟਿੱਕੀਆਂ ਖਾਣੀਆਂ ,ਸਮੋਸੇ ਖਾਣੇ ਆ,ਸਭ ਇਕ ਇਕ ਕਰਕੇ ਛੋਟੇ ਵੱਡੇ ਮੇਰੇ ਕਮਰੇ ਚ ਆ ਗਏ । ਮੈਂ ਸਾਡੇ ਡਰਾਈਵਰ ਗੁਰਸੇਵਕ ਨੂੰ ਆਵਾਜ ਮਾਰਦਾਂ ਹਾਂ ਤੇ ਸੌ ਰੁਪਈਆ ਦੇ ਕੇ ਸਾਰੇ ਬੱਚਿਆਂ ਨੂੰ ਜੋ ਜੋ ਮੰਗਦੇ ਨੇ ਲੈ ਕੇ ਦੇਣ ਨੂੰ ਕਹਿੰਦਾ ਹਾਂ । ਸਾਰੇ ਬੱਚੇ ਬਾਹਰ ਗਲੀ ਚ ਚਲੇ ਜਾਂਦੇ ਨੇ । ਬਾਹਰ ਸਾਰਾ ਚੀਕ ਚਿਹਾੜਾ ਮੈਨੂੰ ਅੰਦਰ ਸੁਣਦਾ ਹੈ । ਮੈਂ ਸੀਸੇ ਚੋਂ ਬਾਹਰ ਵੇਖਦਾਂ ਹਾਂ ਕਿ ਕੋਈ ਮਿੱਠੀ ਚਟਨੀ ਪਿੱਛੇ ਤੇ ਕੋਈ ਛੋਲਿਆਂ ਦੇ ਵੱਧ ਘੱਟ ਪਿੱਛੇ ਲੜੀ ਜਾ ਰਹੇ ਨੇ । ਮੈਂ ਫੇਰ ਪੜਨ ਲਗ ਜਾਂਦਾ ਹਾਂ । ਕਿਉਂਕਿ ਇਹੋ ਜਿਹੇ ਮਾਹੌਲ ਚ ਮੇਰੇ ਕੋਲੋਂ ਲਿਖਿਆ ਨਹੀਂ ਜਾਣਾ । ਮੈਂ ਦਰਵਾਜਾ ਬੰਦ ਕਰ ਲਿਆ ਹੈ । ਸ੍ਰੀ ਮਤੀ ਤੇ ਨੂੰਹਾਂ ਹਜੇ ਤੱਕ ਬਜ਼ਾਰੋਂ ਨਹੀਂ ਆਈਆਂ । ਪੂਰੇ ਪੌਣੇ ਦੋ ਘੰਟੇ ਹੋ ਗਏ ਨੇ । ਜਵਾਕਾਂ ਨੇ ਫੇਰ ਟੀ.ਵੀ ਲਾਅ ਲਿਆ ਹੈ ਸ਼ਾਇਦ । ਚੀਕਾਂ ਤੇ ਟੀ.ਵੀ ਦੇ ਰੌਲੇ ਨੂੰ ਸੁਣ ਕੇ ਮੈਂ ਆਪਣੇ ਕੰਨਾਂ ਤੇ ਹੱਥ ਰੱਖ ਲੈਂਦਾਂ ਹਾਂ ।
“ਸਰਦਾਰ ਜੀ ਸਰਦਾਰ ਜੀ ।” ਇਹ ਤਾਂ ਗੁਰਸੇਵਕ ਦੀ ਆਵਾਜ ਹੈ ਤੇ ਮੈਂ ਉਠ ਕੇ ਦਰਵਾਜਾ ਖੋਲਦਾਂ ਹਾਂ । ਉਹ ਗੁੱਡੂ ਨੂੰ ਚੁੱਕੀ ਖੜਾ ਹੈ ਤੇ ਉਦੇ ਸਿਰ ਚੋਂ ਖੂਨ ਵਗ ਰਿਹਾ ਹੈ । ਮੈਂ ਜਲਦੀ ਜਲਦੀ ਅਲਮਾਰੀ ਚੋਂ ਰੂੰ ਕੱਢ ਕੇ ਡਿਟੋਲ ਲਾਅ ਜਖਮ ਨੂੰ ਸਾਫ ਕਰਦਾਂ ਹਾਂ ਮਾਮੂਲੀ ਜਿਹੀ ਝਰੀਟ ਹੈ । ਮੈਂ ਪੱਟੀ ਕਰ ਦਿੰਦਾਂ ਹਾਂ ।
“ਡੈਈ ਮਿੱਤੀ ਨੇ ਧੱਤਾ ਮਾਰਿਆ ਮੈਨੂੰ ।”
“ਕੋਈ ਨਾ ਆਪਾਂ ਕੁਟਾਂਗੇ ਓਹਨੂੰ ।”ਮੈਂ ਗੁੱਡੂ ਨੂੰ ਕਹਿੰਦਾ ਹਾਂ ।
ਹਜੇ ਮੈਂ ਉਸ ਨੂੰ ਚੁੱਪ ਕਰਾ ਹੀ ਰਿਹਾ ਸਾਂ ਕਿ ਕਿਸੇ ਨੇ ਮੇਰੇ ਕਮਰੇ ਦੀ ਖਿੜਕੀ ਦੇ ਸੀਸ਼ੇ ਤੇ  ਵੱਟਾ ਮਾਰਿਆ ਤੇ ਸੀਸ਼ਾ ਟੁੱਟ ਗਿਆ । ਮੈਂ ਪੂਰੇ ਗੁੱਸੇ ਚ ਬਾਹਰ ਗਾਰਡਨ ਚ ਆਉਂਦਾਂ ਹਾਂ ਤੇ ਪੂਰੇ ਗੁੱਸੇ ਚ ਬੋਲਦਾਂ ਹਾਂ ਕਿ 
“ਚਲੋ ਸਾਰੇ ਜਾਣੈ,ਏਥੇ ਬੈਠੋ ਜੇ ਕਿਸੇ ਨੇ ਰੌਲਾ ਪਾਇਆ ਤਾਂ ਮੈਂ ਆਹ ਖੂੰਡੀ ਨਾਲ ਕੁਟੂੰ ।” ਸਾਰੇ ਬੱਚੇ ਡਰ ਕੇ ਬੈਠ ਜਾਂਦੇ ਹਨ । ਮੈਂ ਕਦੇ ਇਹਨਾਂ ਬੱਚਿਆਂ ਨੂੰ ਇਉਂ ਨਹੀਂ ਝਿੜਕਿਆ । ਇਸੇ ਕਰਕੇ ਬੱਚੇ ਵੀ ਸ਼ਹਿਮੇ ਹੋਏ ਹੈਰਾਨ ਨੇ । ਸਾਰੇ ਪਾਸੇ ਚੁੱਪੀ ਛਾ ਗਈ ਹੈ । ਮੈਂ ਦੁਬਾਰਾ ਆਪਣੇ ਕਮਰੇ ਚ ਜਾਂਦਾ ਹਾਂ । ਬੈਠਦਾ ਹਾਂ । ਪੜ੍ਹਨ ਨੂੰ ਜੀਅ ਨਹੀਂ ਕਰਦਾ । ਬਹੁਤ ਸਾਂਤੀ ਹੈ ਹੁਣ । ਮੈਂ ਫੇਰ ਖਿੜਕੀ ਥਾਨੀ ਬਾਹਰ ਗਾਰਡਨ ਚ ਵੇਖਦਾਂ ਹਾਂ । ਬੱਚੇ ਚੁੱਪ ਉਦਾਸ ਨੇ । ਮੈਂ ਖੂੰਡੀ ਦੇ ਸਹਾਰੇ ਉਠਦਾਂ ਹਾਂ । ਕਮਰੇ ਚੋਂ ਬਾਹਰ ਆ ਕੇ ਬਰਾਂਡੇ ਚ ਪਿਆ ਟੂ ਇਨ ਵਨ ਦਾ ਬਟਨ ਓੁਨ ਕਰਦਾਂ ਹਾਂ ਤੇ ਪੰਜਾਬੀ ਗਾਣੇ ਦੀ ਆਵਾਜ ਉੱਚੀ ਹੋਰ ਉੱਚੀ ਕਰਦਾਂ ਹਾਂ ਪਤਾ ਨਹੀਂ ਮੇਰੀਆਂ ਬੁੱਢੀਆਂ ਹੱਡੀਆਂ ਚ ਕਿਥੋਂ ਐਨਾ ਜੋਸ ਆ ਜਾਂਦਾ ਹੈ ਮੈਂ ਖੂੰਡੀ ਸੁੱਟ ਨੱਚਣ ਲਗਦਾਂ ਹਾਂ ਸਾਰੇ ਬੱਚਿਆਂ ਦੇ ਚੇਰਹੇ ਤੇ ਰੌਣਕ ਆ ਜਾਂਦੀ ਹੈ । ਸ੍ਰੀਮਤੀ ਤੇ ਨੂੰਹਾਂ ਘਰ ਦੇ ਮੈਨ ਗੇਟ ਤੇ ਖੜ੍ਹੀਆਂ ਸਨ ਉਹਨਾਂ ਸਭ ਦੇ ਮੂੰਹ ਚ ਉਗਲਾਂ ਸਨ ।




                                                                        ਡਾ ਅਮਰੀਕ ਸਿੰਘ ਕੰਡਾ
1764,
ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ
 ਮੋਗਾ-142001 
098557-35666
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template