Headlines News :
Home » » ਦੌਲਤ ਆਪ ਅਮੀਰ ਨਹੀਂ ਹੁੰਦੀ - ਭਗਵੰਤ ਮਾਨ

ਦੌਲਤ ਆਪ ਅਮੀਰ ਨਹੀਂ ਹੁੰਦੀ - ਭਗਵੰਤ ਮਾਨ

Written By Unknown on Tuesday, 24 September 2013 | 00:41

 ਭਗਵੰਤ ਮਾਨ          
  98159-23450         

ਰਿਸ਼ਵਤ ਇੱਕ ਅਜਿਹਾ ਲਫ਼ਜ਼ ਹੈ ਜੋ ਸਾਡੇ ਲਈ ਬਹੁਤ ਆਮ ਹੈ। ਇਹ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਰਹਿੰਦੀ ਹੈ। ਸਿਆਣੇ ਕਹਿੰਦੇ ਹਨ ਕਿ ਸੌ ਝੂਠ ਦਾ ਇੱਕ ਸੱਚ ਬਣ ਜਾਂਦਾ ਹੈ। ਇਸੇ ਤਰ੍ਹਾਂ ਹੁਣ ਰਿਸ਼ਵਤ ਵੀ ਸਾਡੇ ਸਮਾਜ ਦਾ ਇੱਕ ਜ਼ਰੂਰੀ ਅੰਗ ਬਣ ਚੁੱਕੀ ਹੈ। ਹਰ ਰੋਜ਼ ਕਈ ਹਜ਼ਾਰ ਕਰੋੜ ਅਤੇ ਕਈ ਲੱਖ ਕਰੋੜ ਦੇ ਘਪਲਿਆਂ ਦੀਆਂ ਖ਼ਬਰਾਂ ਪੜ੍ਹ-ਪੜ੍ਹ ਕੇ, ਪੰਜ-ਸੱਤ ਕਰੋੜ ਦੇ ਘਪਲੇ ਦੀ ਖ਼ਬਰ ਤਾਂ ਹੁਣ ਆਮ ਲੋਕ ਵੀ ਪੜ੍ਹਨੋਂ ਹਟ ਗਏ ਹਨ, ‘ਅਖੇ! ਛੱਡੋ ਜੀ, ਇਹ ਤਾਂ ਕੋਈ ਛੋਟਾ-ਮੋਟਾ ਚੋਰ ਹੋਊਗਾ’। 
ਲੋਕ ਵੀ ਕੀ ਕਰਨ; ਹਰ ਰੋਜ਼ ਉਨ੍ਹਾਂ ਦੇ ਆਲੇ-ਦੁਆਲੇ ਰਿਸ਼ਵਤ ਨੇ ਐਨਾ ਮਜ਼ਬੂਤ ਜਾਲ ਬੁਣ ਰੱਖਿਆ ਹੈ ਕਿ ਹੁਣ ਉਹ ਇਸ ’ਚੋਂ ਨਿਕਲਣ ਦੀਆਂ ਕੋਸ਼ਿਸ਼ਾਂ ਕਰਨੀਆਂ ਵੀ ਛੱਡ ਚੁੱਕੇ ਹਨ। ਹੁਣ ਤਾਂ ਲੋਕ ਰਿਸ਼ਵਤ ਨੂੰ ਆਪਣਾ ਕੰਮ ਹੋਣ ਦੀ ‘ਪੱਕੀ ਗਾਰੰਟੀ’ ਦੇ ਤੌਰ ’ਤੇ ਦੇਖਣ ਦੇ ਆਦੀ ਹੋ ਗਏ ਹਨ।
ਇੱਕ ਵਾਰ ਸੰਗਰੂਰ ਜ਼ਿਲ੍ਹੇ ਦੀ ਇੱਕ ਤਹਿਸੀਲ ਵਿੱਚ ਇੱਕ ਈਮਾਨਦਾਰ ਤਹਿਸੀਲਦਾਰ ਡਿਊਟੀ ’ਤੇ ਆ ਗਿਆ ਜੋ ਬਿਨਾਂ ਕੋਈ ਰਿਸ਼ਵਤ ਲਏ ਕੰਮ ਕਰਦਾ ਸੀ। ਇੱਕ ਬਜ਼ੁਰਗ ਆਪਣੀ ਰਜਿਸਟਰੀ ਕਰਵਾਉਣ ਲਈ ਤਹਿਸੀਲ  ਆਇਆ ਅਤੇ ਕੰਮ ਹੁੰਦਿਆਂ ਹੀ ਉਸ ਨੇ ਪੰਜ ਹਜ਼ਾਰ ਦੀ ਗੱਥੀ ਮੇਜ਼ ਦੇ ਹੇਠੋਂ ਤਹਿਸੀਲਦਾਰ ਵੱਲ ਵਧਾਈ ਪਰ ਉਸ ਨੇ ਇਹ ਕਹਿ ਕੇ ਬਜ਼ੁਰਗ ਤੋਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਬਾਬਾ ਜੀ, ਰਜਿਸਟਰੀਆਂ ਕਰਨਾ ਸਾਡੀ ਡਿਊਟੀ ਹੈ’, ਤੁਹਾਡੀ ਰਜਿਸਟਰੀ ਹੋ ਗਈ ਹੈ ਪਰ ਉਹ ਬਜ਼ੁਰਗ ਸਾਰਾ ਦਿਨ ਕਚਿਹਰੀਆਂ ਵਿੱਚ ਬੈਠੇ ਵਸੀਕਾ ਨਵੀਸਾਂ ਨੂੰ ਆਪਣੀ ਰਜਿਸਟਰੀ ਦਿਖਾ ਕੇ ਇੱਕੋ ਗੱਲ ਪੁੱਛਦੇ ਰਹੇ,‘‘ਕਾਕਾ, ਦੇਖ ਕੇ ਦੱਸ ਕਿ ਰਜਿਸਟਰੀ ਠੀਕ ਐ? ਪੈਸੇ ਤਾਂ ਲਏ ਨਹੀਂ ਮੈਥੋਂ, ਬਿਨਾਂ ਪੈਸਿਆਂ ਦੇ ਕੀਤੀ ਰਜਿਸਟਰੀ ’ਚ ਜ਼ਰੂਰ ਕੋਈ ਕਮੀ ਹੋਊਗੀ।’’
ਦਰਅਸਲ ਹੁਣ ਸਾਨੂੰ ਵੀ ਰਿਸ਼ਵਤ ਦਿੱਤੇ ਬਿਨਾਂ ਯਕੀਨ ਨਹੀਂ ਆਉਂਦਾ ਕਿ ਕੰਮ ਸਹੀ ਹੋ ਵੀ ਗਿਆ ਹੋਵੇਗਾ ਜਾਂ ਨਹੀਂ? ਜਿਹੜੇ ਸਮਾਜ ਵਿੱਚ ਕੁੜੀ ਦਾ ਰਿਸ਼ਤਾ ਕਰਨ ਵੇਲੇ ਮੁੰਡੇ ਦੀ ‘ਉਪਰਲੀ ਕਮਾਈ’ ਨੂੰ ਬੜੀ ਸ਼ਾਨ ਨਾਲ ਦੱਸਿਆ ਜਾਂਦਾ ਹੋਵੇ, ਉੱਥੇ ਰਿਸ਼ਵਤ ਦੇ ਬੋਲਬਾਲੇ ਦਾ ਅੰਦਾਜ਼ਾ ਬੜੀ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਵਕਤ ਦੇ ਨਾਲ ਅਸੀਂ ਰਿਸ਼ਵਤ ਲੈਣ-ਦੇਣ ਦੇ ਨਵੇਂ-ਨਵੇਂ ਤਰੀਕੇ ਅਤੇ ਨਾਮ ਖੋਜ ਲਏ ਹਨ। ਸਕੂਲਾਂ ਵਿੱਚ ਬਚਪਨ ਵਾਲੀ ਰਿਸ਼ਵਤ ਦਾ ਇੱਜ਼ਤਦਾਰ ਨਾਮ ਹੁਣ ‘ਡੋਨੇਸ਼ਨ’ ਰੱਖ ਲਿਆ ਗਿਆ ਹੈ। ਕਾਰਾਂ ਦੇ ਡੀਲਰ ਤੁਹਾਨੂੰ ਜਲਦੀ ਨਵੀਂ ਕਾਰ ਦੇਣ ਬਦਲੇ ‘ਪ੍ਰੀਮੀਅਮ’ ਮੰਗਦੇ ਹਨ। ਰਾਜਨੀਤੀ ਵਿੱਚ ‘ਚੋਣ ਫੰਡ’ ਤੇ ਵਪਾਰ ਵਿੱਚ ‘ਕਮਿਸ਼ਨ’ ਸਭ ਰਿਸ਼ਵਤ ਨੂੰ ਲਾਡ ਨਾਲ ਪੁਕਾਰੇ ਜਾਣ ਵਾਲੇ ਨਾਮ ਹਨ। ਲੀਡਰਾਂ ਅਤੇ ਅਫ਼ਸਰਾਂ ਦੇ ਘਰ ਦੀਵਾਲੀ ਵੇਲੇ ਮਿਲਣ ਵਾਲੇ ਬਹੁਤ ਮਹਿੰਗੇ ‘ਤੋਹਫ਼ੇ’ ਵੀ ਇਸੇ ਵਿੱਚ ਆਉਂਦੇ ਹਨ। ਅਸਲ ਵਿੱਚ ਬਿਨਾਂ ਮਿਹਨਤ ਕੀਤੇ ਜਲਦੀ ਅਤੇ ਜ਼ਿਆਦਾ ਪੈਸਾ ਕਮਾਉਣ ਦੀ ਦੌੜ ਵਿੱਚ ਇਨਸਾਨ ਸਾਰੀਆਂ ਕਦਰਾਂ-ਕੀਮਤਾਂ ਨੂੰ ਭੁੱਲ ਗਿਆ ਹੈ। ਇਹ ਰਿਸ਼ਵਤ ਪਤਾ ਨਹੀਂ ਹਰ ਰੋਜ਼ ਕਿੰਨੇ ਸੁਪਨਿਆਂ ਨੂੰ ਦਫ਼ਨ ਕਰ ਦਿੰਦੀ ਹੈ। ਪਤਾ ਨਹੀਂ ਹਰ ਰੋਜ਼ ਕਿੰਨੇ ਅਰਮਾਨ ਇਸ ਦੀ ਬਲੀ ਚੜ ਜਾਂਦੇ ਹਨ ਕਿਉਂਕਿ ਜਦੋਂ ਕੋਈ ਰਿਸ਼ਵਤ ਲੈ ਕੇ ਕਿਸੇ ਨੂੰ ਫ਼ਾਇਦਾ ਪਹੁੰਚਾ ਰਿਹਾ ਹੁੰਦਾ ਹੈ ਤਾਂ ਉਸ ਵੇਲੇ ਕਿਸੇ ਦੂਜੇ ਨੂੰ ਨੁਕਸਾਨ ਵੀ ਹੋ ਰਿਹਾ ਹੁੰਦਾ ਹੈ।¢ਪੈਸਾ ਅਤੇ ਬੇਹਿਸਾਬ ਦੌਲਤ ਬਣਾਉਣ ਦੀ ਦੌੜ ਵਿੱਚ ਅੰਨ੍ਹੇਵਾਹ ਭੱਜੇ ਜਾਂਦੇ ਲੋਕਾਂ ਦੇ ਨਾਮ ਪਾਕਿਸਤਾਨੀ ਸ਼ਾਇਰ ਤਜੱਮਲ ਕਲੀਮ ਦੇ ਸ਼ੇਅਰ ਦੀਆਂ ਕੁਝ ਸਤਰਾਂ ਸ਼ਾਇਦ ਉਨ੍ਹਾਂ ਨੂੰ ਕੁਝ ਸੋਚਣ ’ਤੇ ਮਜਬੂਰ ਕਰ ਦੇਣ:

‘‘ਸ਼ੁਕਰ ਹੈ ਪਾਟੇ ਝੱਗੇ ਵਿੱਚ ਹਾਂ,
ਕਈਆਂ ਦੇ ਤਨ ’ਤੇ ਲੀਰ ਨਹੀਂ ਹੁੰਦੀ,
ਕਿਸੇ ਗ਼ਰੀਬ ਦਾ ਹੱਕ ਮਾਰਨ ਵਾਲੇ ਅੰਦਰ ਜ਼ਮੀਰ ਨਹੀਂ ਹੁੰਦੀ,
ਬੰਦੇ ਨੂੰ ਕੁਛ ਕਰ ਦਿੰਦੀ ਐ,
ਦੌਲਤ ਆਪ ਅਮੀਰ ਨਹੀਂ ਹੁੰਦੀ।
          
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template