Headlines News :
Home » , » ਸ਼੍ਰੋਮਣੀ ਸੂਫ਼ੀ ਫ਼ਕੀਰ ਬਾਬਾ ਸ਼ੇਖ਼ ਫ਼ਰੀਦ ਜੀ - ਜਸਵੰਤ ਭਾਰਤੀ

ਸ਼੍ਰੋਮਣੀ ਸੂਫ਼ੀ ਫ਼ਕੀਰ ਬਾਬਾ ਸ਼ੇਖ਼ ਫ਼ਰੀਦ ਜੀ - ਜਸਵੰਤ ਭਾਰਤੀ

Written By Unknown on Saturday, 21 September 2013 | 07:41

ਹਿੰਦੁਸਤਾਨ ਦੀ ਪਵਿੱਤਰ ਧਰਤੀ ਉਪਰ ਸਮੇਂ-ਸਮੇਂ ਬਹੁਤ ਸਾਰੇ ਰੱਬੀ ਮਹਾਪੁਰਖ਼ਾਂ ਨੇ ਜਨਮ ਲਿਆ ਹੈ। ਅਜਿਹੇ ਰੱਬੀ ਮਹਾਤਮਾਵਾਂ ਵਿੱਚੋਂ ਹਜ਼ਰਤ ਫ਼ਰੀਦੁੱਦੀਨ ਮਸਊਦ ਸ਼ਕਰਗੰਜ ਜਿਨ੍ਹਾਂ ਨੂੰ ਸਮੁੱਚੇ ਵਿਸ਼ਵ ਅੰਦਰ ਬਾਬਾ ਫ਼ਰੀਦ ਵਜੋਂ ਬੜੀ ਸ਼ਰਧਾ ਨਾਲ਼ ਯਾਦ ਕੀਤਾ ਜਾਂਦਾ ਹੈ, ਬਾਰ੍ਹਵੀਂ ਸਦੀ ਵਿਚ ਸੂਫ਼ੀ ਵਿਚਾਰਧਾਰਾ ਲੈ ਕੇ ਸੰਸਾਰ ਨੂੰ ਇਲਾਹੀ ਚਾਨਣ ਨਾਲ਼ ਰੁਸ਼ਨਾਉਣ ਵਾਸਤੇ ਪੈਦਾ ਹੋਏ ਸਨ। ਉਨ੍ਹਾਂ ਨੇ 1173 ਈਸਵੀ ਵਿਚ ਰਮਜ਼ਾਨ ਮਹੀਨੇ ਦੇ ਪਹਿਲੇ ਦਿਨ ਮੁਲਤਾਨ (ਅਜੋਕੇ ਪਾਕਿਸਤਾਨ ’ਚ) ਤੋਂ 10 ਕਿਲੋਮੀਟਰ ਦੂਰ ਵੱਸਦੇ ਪਿੰਡ ਕੋਠੀਵਾਲ ਵਿਖੇ ਪਿਤਾ ਸ਼ੇਖ਼ ਜਮਾਲੂਦੀਨ ਸੁਲੇਮਾਨ ਦੇ ਘਰ ਮਾਤਾ ਕਰਸੁਮ ਬੀਬੀ ਦੀ ਪਵਿੱਤਰ ਕੁੱਖੋਂ ਜਨਮ ਲਿਆ। ਉਨ੍ਹਾਂ ਨੇ ਤੱਤਕਾਲੀਨ ਸਿੱਖਿਆ ਦੇ ਕੇਂਦਰ ਵਜੋਂ ਪ੍ਰਸਿੱਧ ਮੁਲਤਾਨ ਵਿਖੇ ਆਪਣੀ ਮੁੱਢਲੀ ਸਿੱਖਿਆ ਇਕ ਉੱਚ ਮਦਰੱਸੇ ਵਿੱਚੋਂ ਹਾਸਿਲ ਕੀਤੀ।
ਮੁਲਤਾਨ ਵਿਖੇ ਹੀ ਉਨ੍ਹਾਂ ਨੇ ਬਗ਼ਦਾਦ ਤੋਂ ਦਿੱਲੀ ਨੂੰ ਜਾ ਰਹੇ ਪਹੁੰਚੇ ਹੋਏ ਸੂਫ਼ੀ ਫ਼ਕੀਰ ਕੁਤਬੁੱਦੀਨ ਬਖ਼ਤਿਆਰ ਕਾਕੀ ਜੀ ਨਾਲ਼ ਮੁਲਾਕਾਤ
ਕੀਤੀ ਅਤੇ ਉਨ੍ਹਾਂ ਨੂੰ ਆਪਣਾ ਮੁਰਸ਼ਿਦ ਧਾਰ ਲਿਆ। ਮੁੱਢਲੀ ਸਿੱਖਿਆ ਮੁਕੰਮਲ ਕਰਨ ਮਗਰੋਂ 16 ਵਰ੍ਹੇ ਦੀ ਉਮਰ ਵਿਚ ਉਨ੍ਹਾਂ ਨੂੰ ਮੁਕੱਦਸ ਮੱਕੇ ਦੀ ਹੱਜ (ਤੀਰਥ-ਯਾਤਰਾ) ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਤਾਲੀਮ ਹਾਸਿਲ ਕਰਨ ਪਿੱਛੋਂ ਉਹ ਆਪਣੇ ਮੁਰਸ਼ਿਦ ਖ਼ਵਾਜਾ ਬਖ਼ਤਿਆਰ ਕਾਕੀ ਜੀ ਦੀ ਸ਼ਰਣ ਵਿਚ ਦਿੱਲੀ ਚਲੇ ਗਏ। ਕਾਕੀ ਜੀ ਦੀ ਸੰਗਤ ਵਿਚ ਉਨ੍ਹਾਂ ਨੂੰ ਸਦਾ ਨਾਮ ਦੀ ਖ਼ੁਮਾਰੀ ਬਖ਼ਸ਼ਣ ਵਾਲ਼ੇ ਇਲਾਹੀ ਨੂਰ ਦੀ ਪ੍ਰਾਪਤੀ ਹੋਈ। ਉਨ੍ਹਾਂ ਕੋਲ਼ ਰਹਿੰਦਿਆਂ ਕੁਝ ਵਰ੍ਹੇ ਦਿੱਲੀ ਗੁਜ਼ਾਰਨ ਪਿੱਛੋਂ ਕੁਤਬੁੱਦੀਨ ਬਖ਼ਤਿਆਰ ਕਾਕੀ ਜੀ ਦੇ ਆਦੇਸ਼ ਦੀ ਪਾਲਣਾ ਕਰਦਿਆਂ ਹੋਇਆਂ ਫ਼ਰੀਦ ਜੀ ਹਾਂਸੀ ਜਾ ਕੇ ਸੂਫ਼ੀ ਮੱਤ ਦਾ ਪ੍ਰਚਾਰ ਕਰਨ ਲੱਗ ਪਏ। ਉਥੇ ਰਹਿੰਦਿਆਂ ਉਨ੍ਹਾਂ ਨੇ ਸੈਂਕੜੇ ਭੁੱਲੇ-ਭਟਕੇ ਮਨੁੱਖਾਂ ਨੂੰ ਅਧਿਆਤਮਿਕਤਾ ਦਾ ਸਬਕ ਪੜ੍ਹਾੳਂੁਦਿਆਂ ਹੋਇਆਂ ਪਰਮੇਸ਼ਵਰ ਦੇ ਲੜ ਲਗਾਇਆ।
1235 ਈਸਵੀ ਵਿਚ ਕੁਤਬੁਦੀਨ ਬਖ਼ਤਿਆਰ ਕਾਕੀ ਜੀ ਦੇ ਦੇਹਾਂਤ ਪਿੱਛੋਂ ਉਨ੍ਹਾਂ ਦੇ ਗੱਦੀਨਸ਼ੀਨ ਵਜੋਂ ਫ਼ਰੀਦ ਜੀ ਨੇ ਹਾਂਸੀ ਤੋਂ ਸਤਲੁਜ ਦਰਿਆ ਕਿਨਾਰੇ ਵੱਸੇ ਹੋਏ ਪਿੰਡ ਅਜੋਧਨ ਵਿਖੇ ਜਾ ਡੇਰੇ ਲਾਏ ਅਤੇ ਇਲਾਹੀ ਪ੍ਰਚਾਰ ਆਰੰਭ ਕਰ ਦਿੱਤਾ। ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਾਲ਼ੀ ਉਨ੍ਹਾਂ ਦੀ ਮਧੁਰ ਬੋਲੀ ਕਾਰਨ ਹਜ਼ਾਰਾਂ ਲੋਕ ਉਨ੍ਹਾਂ ਦੇ ਸ਼ਰਧਾਲੂ ਬਣਨ ਲੱਗੇ ਅਤੇ ਉਨ੍ਹਾਂ ਨੂੰ ‘ਸ਼ਕਰ ਗੰਜ’ ਭਾਵ ਸ਼ੱਕਰ ਦਾ ਭੰਡਾਰ ਵੀ ਕਿਹਾ ਜਾਣ ਲੱਗਾ। ਉਨ੍ਹਾਂ ਦੀ ਸੁਹਬਤ ਵਿਚ ਆਇਆ ਕੋਈ ਵੀ ਵਿਅਕਤੀ ਉਨ੍ਹਾਂ ਦੀ ਲਾਸਾਨੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਏ ਬਗ਼ੈਰ ਨਹੀਂ ਰਹਿ ਸਕਦਾ ਸੀ। ਉਹ ਅਕਸਰ ਮਨੁੱਖਾਂ ਨੂੰ ਹੋਰਨਾਂ ਦਾ ਭਲ਼ਾ ਕਰਨ ਅਤੇ ਗੁੱਸੇ ਰੂਪੀ ਦੈਂਤ ਤੋਂ ਸਾਵਧਾਨ ਹੋਣ ਦੀ ਤਾਕੀਦ ਕਰਿਆ ਕਰਦੇ ਸਨ:
ਫਰੀਦਾ ਬੁਰੇ ਦਾ ਭਲਾ ਕਰਿ ਗੁੱਸਾ ਮਨਿ ਨ ਹਢਾਇ।
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥
ਅਜੋਧਨ ਵਿਖੇ ਰਹਿੰਦਿਆਂ ਹੋਇਆਂ ਉਹ ਸਤਲੁਜ ਦਰਿਆ ਕਿਨਾਰੇ ਪੱਥਰ ਦੀ ਸਿੱਲ੍ਹ ਵਾਲ਼ੇ ਘਾਟ ਉਪਰ ਰੋਜ਼ਾਨਾ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇਸੇ ਕਾਰਨ ਹੀ ਬਾਅਦ ਵਿਚ ਅਜੋਧਨ ਦਾ ਨਾਮ ਪਾਕਪਟਨ (ਪਵਿੱਤਰ ਘਾਟ) ਪੈ ਗਿਆ ਜਿਸਨੂੰ ਕਿ ਅੱਜ-ਕੱਲ੍ਹ ਪਾਕਪਟਨ ਸ਼ਰੀਫ਼ ਕਿਹਾ ਜਾਂਦਾ ਹੈ। ਅਜੋਧਨ ਨੇੜੇ ਹੀ 20-ਕੁ ਵਰ੍ਹਿਆਂ ਦੇ ਇਕ ਬੜੇ ਪਿਆਰੇ ਨੌਜੁਆਨ ਨਿਜ਼ਾਮੂੱਦੀਨ ਨਾਲ਼ ਉਨ੍ਹਾਂ ਦੀ ਭੇਂਟ ਹੋਈ ਜਿਸਨੇ ਕਿ ਉਨ੍ਹਾਂ ਦੀ ਸ਼ਾਗ਼ਿਰਦੀ ਧਾਰਨ ਕਰ ਲਈ ਅਤੇ ਬਾਅਦ ਵਿਚ ਉਨ੍ਹਾਂ ਦੇ ਜਾਨਸ਼ੀਨ ਵਜੋਂ ਸੰਸਾਰ ਅੰਦਰ ਵਿਚਰੇ। ਮੋਖ਼ਲਪੁਰ ਦਾ ਰਾਜਾ ਫ਼ਰੀਦ ਜੀ ਦੀ ਰੂਹਾਨੀ ਅਜ਼ਮਤ ਅਤੇ ਜਾਹੋ-ਜਲਾਲ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਉਸਨੇ ਮੋਖ਼ਲਪੁਰ ਦਾ ਨਾਮ ਫ਼ਰੀਦ ਜੀ ਦੇ ਨਾਮ ਤੇ ‘ਫ਼ਰੀਦਕੋਟ’ ਰੱਖ ਦਿੱਤਾ ਜੋ ਕਿ ਅੱਜ ਤਕ ਇਸੇ ਨਾਮ ਨਾਲ਼ ਪ੍ਰਸਿੱਧ ਹੈ। ਚੱਤੋ ਪਹਿਰ ਅੱਲ੍ਹਾ ਦੇ ਨਾਮ ਦੀ ਰੰਗਤ ਵਿਚ ਰੰਗੇ ਰਹਿਣ ਵਾਲ਼ੇ ਫ਼ਰੀਦ ਜੀ ਨਿਮਰਤਾ ਦੇ ਅਜਿਹੇ ਪੁੰਜ ਸਨ ਕਿ ਕਦੇ ਵੀ ਕਿਸੇ ਵਿਅਕਤੀ ਦੇ ਕੌੜੇ ਬਚਨਾਂ ਦਾ ਬੁਰਾ ਨਹੀਂ ਸਨ ਮਨਾਉਂਦੇ ਸਗੋਂ ਸਭਨਾਂ ਨੂੰ ਨਿਮਰਤਾ ਅਤੇ ਉੱਚ ਆਚਰਣ ਧਾਰਦਿਆਂ ਹੋਇਆਂ ਪਰਮੇਸ਼ਵਰ ਦੀ ਸ਼ਰਣ ਵਿਚ ਸਦਾ ਆਪਣਾ ਸੀਸ ਨਿਵਾਉਣ ਦੀ ਪ੍ਰੇਰਣਾ ਦਿਆ ਕਰਦੇ ਸਨ:
ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ।
ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਇ॥
ਜੋਬਨ ਰੁੱਤੇ ਉਨ੍ਹਾਂ ਦਾ ਨਿਕਾਹ ਸੁਲਤਾਨ ਨਾਸੀਰੁੱਦੀਨ ਮਹਿਮੂਦ ਦੀ ਸਪੁੱਤਰੀ ਹਜ਼ਬਾਰਾ ਨਾਲ਼ ਹੋਇਆ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਵਿਚ ਤਿੰਨ ਨਿਕਾਹ ਕਰਵਾਏ ਜਿਨ੍ਹਾਂ ਤੋਂ ਉਨ੍ਹਾਂ ਘਰ ਪਰਮਾਤਮਾ ਦੁਆਰਾ 5 ਪੁੱਤਰਾਂ ਅਤੇ 3 ਪੁੱਤਰੀਆਂ ਦੀ ਦਾਤ ਬਖ਼ਸ਼ੀ ਗਈ।
ਬਾਬਾ ਫ਼ਰੀਦ ਜੀ ਦਾ ਅਧਿਆਤਮਿਕ ਖੇਤਰ ਵਿਚ ਬੜਾ ਬੁਲੰਦ ਰੁਤਬਾ ਹੈ। ਉਨ੍ਹਾਂ ਨੇ ਜਿੱਥੇ ਸਾਰੀ ਉਮਰ ਆਪਣਾ ਘਰੇਲੂ ਗ਼ੁਜ਼ਾਰਾ ਖ਼ੱਦਰ ਬੁਣ ਕੇ ਕਰਦਿਆਂ ਦੁਨੀਆ ਨੂੰ ਪਰਮਾਤਮਾ ਦੁਆਰਾ ਬਖ਼ਸ਼ੇ ਅੰਗਾਂ ਦੀ ਸੁਚੱਜੀ ਵਰਤੋਂ ਕਰਨ ਦਾ ਪੈਗ਼ਾਮ ਦਿੱਤਾ, ਉਥੇ ਪ੍ਰਭੂ ਦੀ ਸ਼ੁੱਧ ਮਨੋਂ ਇਬਾਦਤ ਕਰਦਿਆਂ ਆਪਣੇ ਅੰਦਰ ਵੱਸਦੇ ਪ੍ਰਭੂ ਦੀ ਪਛਾਣ ਕਰਨ ਉਪਰੰਤ ਉਸਦੀ ਭਗਤੀ ਦੀ ਤਾਕੀਦ ਵੀ ਬੜੇ ਸੁੰਦਰ ਢੰਗ ਨਾਲ਼ ਕੀਤੀ ਹੈ:
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜਹਿ।
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥
ਫ਼ਰੀਦ ਜੀ ਨੂੰ ਇਤਿਹਾਸਕਾਰਾਂ ਅਨੁਸਾਰ ਪੰਜਾਬੀ ਜ਼ੁਬਾਨ ਦਾ ਪਲੇਠਾ ਕਵੀ ਹੋਣ ਦਾ ਮਾਣ ਹਾਸਿਲ ਹੈ। ਉਨ੍ਹਾਂ ਨੇ ਉਸ ਵੇਲ਼ੇ ਦੀਆਂ ਪ੍ਰਚਲਿਤ ਭਾਸ਼ਾਵਾਂ ਸੰਸਕ੍ਰਿਤ, ਅਰਬੀ, ਫ਼ਾਰਸੀ, ਤੁਰਕੀ ਆਦਿ ਦੀ ਪੂਰੀ ਸੋਝੀ ਰੱਖਦਿਆਂ ਹੋਇਆਂ ਵੀ ਲੋਕਾਂ ਦੀ ਜਨ-ਭਾਸ਼ਾ ਪੰਜਾਬੀ ਨੂੰ ਹੀ ਆਪਣੇ ਇਲਾਹੀ ਬਚਨਾਂ ਲਈ ਪ੍ਰਗਟਾਵੇ ਦੇ ਮਾਧਿਅਮ ਵਜੋਂ ਵਰਤਿਆ। ਉਨ੍ਹਾਂ ਦੁਆਰਾ ਆਪਣੇ ਮੁਬਾਰਕ ਵਿਚਾਰਾਂ ਨੂੰ ਪੰਜਾਬੀ ਜ਼ੁਬਾਨ ਜ਼ਰੀਏ ਬੜੀ ਹੀ ਲਿਆਕਤ ਨਾਲ਼ ਵਰਤੇ ਜਾਣ ਕਰਕੇ ਪਹਿਲੀ ਵਾਰ ਇਸ ਭਾਸ਼ਾ ਨੂੰ ਇਤਿਹਾਸ ਅੰਦਰ ਸਨਮਾਨਯੋਗ ਸਾਹਿੱਤਕ ਰੁਤਬਾ ਪ੍ਰਾਪਤ ਹੋਇਆ ਹੈ। ਫ਼ਰੀਦ ਜੀ ਦੀ ਬਾਣੀ ਦੀ ਸਦੀਵੀ ਅਹਿਮੀਅਤ ਨੂੰ ਸਵੀਕਾਰਦਿਆਂ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੁਆਰਾ ਰਚਿਤ 112 ਸਲੋਕਾਂ ਅਤੇ 4 ਸ਼ਬਦਾਂ ਨੂੰ ਪਵਿੱਤਰ ਸ਼੍ਰੀ ਗੁਰੂ ਗਰੰਥ ਸਾਹਿਬ ਅੰਦਰ ਪੂਰੇ ਸਤਿਕਾਰ ਸਹਿਤ ਸੁਸ਼ੋਭਿਤ ਕੀਤਾ ਹੈ। 
ਉਨ੍ਹਾਂ ਦੇ ਨਾਮ ਨੂੰ ਅਮਰਤਾ ਪ੍ਰਦਾਨ ਕਰਨ ਲਈ ਪਾਕਿਸਤਾਨ ਵਿਚਲੇ ਪੰਜਾਬ ਦੇ ਸਾਹੀਂਵਾਲ਼ ਵਿਖੇ ‘ਫ਼ਰੀਦੀਆ ਇਸਲਾਮਿਕ ਯੂਨੀਵਰਸਿਟੀ’ ਅਤੇ ਭਾਰਤੀ ਪੰਜਾਬ ਦੇ ਫ਼ਰੀਦਕੋਟ ਵਿਖੇ ‘ਬਾਬਾ ਫ਼ਰੀਦ ਯੂਨੀਵਰਸਿਟੀ ਆੱਫ਼ ਹੈਲਥ ਸਾਇੰਸਜ਼’ ਸਥਾਪਿਤ ਕੀਤੀਆਂ ਗਈਆਂ ਹਨ। ਪਾਕਪਟਨ ਸ਼ਰੀਫ਼ ਵਿਚ ਉਨ੍ਹਾਂ ਦੀ ਯਾਦ ’ਚ ਦੋ ਦਰਵਾਜ਼ਿਆਂ ਵਾਲ਼ਾ ਸੰਗਮਰਮਰ ਦਾ ਇਕ ਪਵਿੱਤਰ ਮਕਬਰਾ ਉਸਾਰਿਆ ਗਿਆ ਹੈ ਜਿਸਦੇ ਪੂਰਬ ਦਿਸ਼ਾ ਵਾਲ਼ੇ ਦਰਵਾਜ਼ੇ ਨੂੰ ਨੂਰੀ ਦਰਵਾਜ਼ਾ ਅਤੇ ਉੱਤਰ ਦਿਸ਼ਾ ਵਾਲ਼ੇ ਦਰਵਾਜ਼ੇ ਨੂੰ ਬਹਿਸ਼ਤੀ ਦਰਵਾਜ਼ਾ ਕਿਹਾ ਜਾਂਦਾ ਹੈ। ਇਸ ਮਕਬਰੇ ਅੰਦਰ ਫ਼ਰੀਦ ਜੀ ਅਤੇ ਉਨ੍ਹਾਂ ਦੇ ਸਭ ਤੋਂ ਵੱਡੇ ਸਪੁੱਤਰ ਸ਼ੇਖ਼ ਬਦਰੁੱਦੀਨ ਸੁਲੇਮਾਨ ਦੀਆਂ ਮਜ਼ਾਰਾਂ ਹਨ ਜਿਹੜੀਆਂ ਹਰ ਵੇਲ਼ੇ ਹਰੇ ਰੰਗ ਦੀਆਂ ਖ਼ੂਬਸੂਰਤ ਚਾਦਰਾਂ ਅਤੇ ਰੰਗ-ਬਿਰੰਗੇ ਮਹਿਕਦੇ ਫੁੱਲਾਂ ਨਾਲ਼ ਢੱਕੀਆਂ ਰਹਿੰਦੀਆਂ ਹਨ। ਜੀਵਨ ਦੇ ਅੰਤਲੇ ਦਿਨਾਂ ਵਿਚ ਵੀ ਉਹ ਆਪਣੇ ਹੱਥੀਂ ਕਰੜੀ ਮੁਸ਼ੱਕਤ ਕਰਿਆ ਕਰਦੇ ਸਨ। ਉਨ੍ਹਾਂ ਦਾ ਫ਼ੁਰਮਾਨ ਸੀ:
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ।
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥
1266 ਈਸਵੀ ਨੂੰ 93 ਵਰ੍ਹਿਆਂ ਦੀ ਲੰਮੇਰੀ ਉਮਰ ਵਿਚ ਉਹ ਨਮੋਨੀਏ ਦੀ ਬਿਮਾਰੀ ਦਾ ਸ਼ਿਕਾਰ ਹੋ ਕੇ ਮੁਹੱਰਮ ਮਹੀਨੇ ਦੇ ਪੰਜਵੇਂ ਦਿਨ ਖ਼ੁਦਾ ਨੂੰ ਪਿਆਰੇ ਹੋ ਗਏ। ਆਖ਼ਰੀ ਦਿਨਾਂ ’ਚ ਉਨ੍ਹਾਂ ਨੇ ਦਿੱਲੀ ਰਹਿ ਰਹੇ ਆਪਣੇ ਸਭ ਤੋਂ ਪਿਆਰੇ ਸ਼ਾਗ਼ਿਰਦ ਸ਼ੇਖ਼ ਨਿਜ਼ਾਮੂੱਦੀਨ ਨੂੰ ਆਪਣਾ ਨਮਾਜ਼ ਪੜ੍ਹਣ ਲਈ ਵਰਤਿਆ ਜਾਣ ਵਾਲ਼ਾ ਆਸਣ ਅਤੇ ਮਾਲ਼ਾ ਭੇਜ ਕੇ ਆਪਣਾ ਗੱਦੀਨਸ਼ੀਨ ਮੁਕੱਰਰ ਕਰ ਦਿੱਤਾ। ਫ਼ਰੀਦ ਜੀ ਨੇ ਫ਼ੋਕਟ ਦੇ ਰੀਤੀ-ਰਿਵਾਜ਼ਾਂ ਅਤੇ ਬੁਰੇ ਕਰਮਾਂ ਨੂੰ ਤਿਆਗਦਿਆਂ ਹੋਇਆਂ ਸੱਚੇ ਮਨ ਨਾਲ਼ ਪ੍ਰਭੂ-ਭਗਤੀ ਉਪਰ ਜ਼ੋਰ ਦਿੱਤਾ ਹੈ: 
ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ।
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥
ਬੇਸ਼ੱਕ ਸਮਾਂ ਗੁਜ਼ਰਦਾ ਜਾਏਗਾ, ਯੁੱਗ ਬੀਤਦੇ ਰਹਿਣਗੇ ਪਰ ਸ਼ੇਖ਼ ਫ਼ਰੀਦ ਜੀ ਵਰਗੇ ਰੱਬੀ ਮਹਾਂਪੁਰਸ਼ਾਂ ਦੇ ਪਰਉਪਕਾਰ ਨੂੰ ਮਾਨਵਤਾ ਕਦੇ ਵੀ ਭੁਲਾ ਨਹੀਂ ਸਕੇਗੀ। ਸਮੁੱਚਾ ਸੰਸਾਰ ਸਦਾ ਉਨ੍ਹਾਂ ਨੂੰ ਸ਼ਰਧਾ ਨਾਲ਼ ਯਾਦ ਕਰਦਾ ਰਹੇਗਾ।
   


ਜਸਵੰਤ ਭਾਰਤੀ       
 ਸਲੇਮਪੁਰਾ, ਸਿਧਵਾਂ ਬੇਟ
ਲੁਧਿਆਣਾ  
                                                                                           ਫੋਨ: 9872727789  

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template