Headlines News :
Home » » ਮਾਂ-ਬਾਪ ਇਕ ਸਰਮਾਇਆ - ਪ੍ਰਿੰ. ਨਿਰਮਲ ‘ਸਤਪਾਲ’

ਮਾਂ-ਬਾਪ ਇਕ ਸਰਮਾਇਆ - ਪ੍ਰਿੰ. ਨਿਰਮਲ ‘ਸਤਪਾਲ’

Written By Unknown on Friday, 6 September 2013 | 07:10

ਮਾਂ ਇਕ ਅਜਿਹਾ ਸ਼ਬਦ ਜੋ ਮੂੰਹ ਵਿੱਚ ਆਉਂਦੇ ਹੀ ਮੂੰਹ ਖੰਡ-ਖੀਰ ਹੋ ਜਾਂਦਾ ਹੈ।ਉਹ ਮਾਂ ਜਿਸਦੀ ਕੁੱਖੋਂ ਜਨਮ ਲੈ ਕੇ ਹਰ ਪਲ, ਹਰ ਛਿਣ ਨਵੀਆਂ ਪੁਲਾਘਾਂ ਪੁੱਟਦੇ ਹਾਂ, ਮਾਂ ਰੱਬ ਵਲੋਂ ਬਖ਼ਸਿਆ ਅਜਿਹਾ ਅਨਮੋਲ ਮੋਤੀ ਹੈ, ਜਿਸ ਦੀ ਜਿੰਨੀ ਵੀ ਕਦਰ ਕੀਤੀ ਜਾਵੇ ਘੱਟ ਹੈ।ਪਰ ਮਾਂ ਸ਼ਬਦ ਉਦੋਂ ਤੱਕ ਅਧੂਰਾ ਹੈ, ਜਦ ਤੱਕ ਇਸ ਦੇ ਨਾਂ ਨਾਲ ਬਾਪ ਸ਼ਬਦ ਨੂੰ ਨਾ ਜੋੜਿਆ ਜਾਵੇ।ਜੇ ਇਸ ਜਰਖ਼ੇਜ ਜ਼ਮੀਨ ਉੱਤੇ ਮਰਦ ਅਤੇ ਔਰਤ ਦੋਹਾਂ ਵਿੱਚੋਂ ਇਕ ਦੀ ਹੋਂਦ ਨਾ ਹੁੰਦੀ ਤਾਂ ਮਨੁੱਖ ਜਾਤੀ ਹੀ ਹੋਂਦ ਵਿੱਚ ਨਾ ਆਉਂਦੀ।ਮੰਨਿਆ ਕਿ ਇਕ ਬੱਚਾ ਨੌਂ ਮਹੀਨੇ ਮਾਂ ਦੀ ਕੁੱਖ ਵਿੱਚ ਪਲਦਾ ਹੈ, ਮਾਂ ਆਪਣੇ ਖੂਨ ਦੇ ਇਕ-ਇਕ ਕਤਰੇ ਨਾਲ ਉਸਨੂੰ ਸਿੰਜਦੀ ਹੈ ਤਾਂ ਹੀ ਬੱਚੇ ਦੀ ਹੋਂਦ ਬਣਦੀ ਹੈ ਤੇ ਬੱਚਾ ਮਾਂ ਦੀ ਗੋਦ ਵਿੱਚ ਆ ਕੇ ਸੱਭ ਤੋਂ ਪਹਿਲਾਂ ਖੁਰਾਕ ਵੀ ਮਾਂ ਦੀ ਹਿੱਕ ਵਿੱਚੋਂ ਹੀ ਕੁਦਰਤੀ ਤੌਰ ਤੇ ਭਾਲਣ ਲਗਦਾ ਹੈ ਤੇ ਜਦੋਂ ਪਹਿਲਾ ਅੱਖਰ ਉਸਦੀ ਜ਼ੁਬਾਨ ਤੇ ਆਉਂਦਾ ਹੈ ਤਾਂ ਉਹ ਵੀ ਮਾਂ ਹੀ ਹੁੰਦਾ ਹੈ।
      ਮਾਂ ਦਾ ਜੀਵਨ ਸਾਥੀ ਉਹ ਮਰਦ ਜੋ ਬੱਚੇ ਦੇ ਜਨਮ ਤੋਂ ਬਾਅਦ ਬਾਪ ਅਖਵਾਉਂਦਾ ਹੈ, ਉਹ ਵੀ ਮਾਂ ਨਾਲੋਂ ਕਿਸੇ ਵੀ ਪੱਖੋਂ ਊਣਾ ਨਹੀਂ ਹੁੰਦਾ।ਜੇ ਔਰਤ ਨੂੰ ਜਿਸਮਾਨੀ ਤੌਰ ਤੇ ਮਰਦ ਦਾ ਸਾਥ ਨਾ ਮਿਲਿਆ ਹੁੰਦਾ ਤਾਂ ਉਹ ਮਾਂ ਵੀ ਨਾ ਬਣ ਸਕਦੀ।ਜੇ ਮਾਂ ਠੰਢੀ ਛਾਂ ਹੁੰਦੀ ਹੈ ਤਾਂ ਬਾਪ ਇਕ ਉਹ ਤਾਕਤਵਰ ਰੁੱਖ ਹੈ, ਜੋ ਮਾਂ ਨੂੰ ਠੰਢੜੀ ਛਾਂ ਬਣਨ ਲਈ ਬੱਲ ਬਖਸ਼ਦਾ ਹੈ।ਉਸਨੂੰ ਹਰ ਹਨੇਰੀ ਝੱਖੜ ਤੋਂ ਮਹਿਫ਼ੂਜ ਰੱਖਣ ਦੀ ਪੂਰੀ ਤਰ੍ਹਾਂ ਸਮਰਪਿਤ ਹੁੰਦਾ ਹੈ।ਸਾਫ਼ ਤੇ ਸਪਸ਼ਟ ਜਹੀ ਗੱਲ ਇਹ ਹੈ ਕਿ ਮਾਂ-ਬਾਪ ਬੱਚੇ ਦੀ ਜ਼ਿੰਦਗੀ ਦੇ ਦੋ ਅਹਿਮ ਪਹਿਲੂ ਹਨ ਜੋ ਉਸ ਦੀ ਸਖਸ਼ੀਅਤ ਨੂੰ ਸਾਵਾਂ ਬਣਾਉਂਦੇ ਹਨ, ਦੋਹਾਂ ਵਿੱਚੋਂ ਇਕ ਦੀ ਵੀ ਅਣਹੋਂਦ ਉਸਦੇ ਜੀਵਨ ਵਿੱਚ ਖਲਾਅ ਪੈਦਾ ਕਰ ਦਿੰਦੀ ਹੈ।
     ਮੰਨਿਆ ਕਿ ਸਾਡਾ ਸਾਰਾ ਹੀ ਜੀਵਨ ਮਾਂ ਦੇ ਆਸੇ-ਪਾਸੇ ਚੱਕਰ ਲਾਉਂਦਾ ਹੈ।ਸੁੱਖ-ਦੁੱਖ ਵੇਲੇ ਹੀ ਨਹੀਂ, ਜ਼ਿੰਦਗੀ ਦੇ ਹਰ ਮੌੜ ਤੇ ਮਾਂ ਹੀ ਚੇਤੇ ਆਉਂਦੀ ਹੈ।ਉਹ ਸ਼ਾਇਦ ਇਸ ਲਈ ਕਿ ਮਾਂ ਦੀ ਜਗ੍ਹਾ ਘਰ ਦੇ ਅੰਦਰ ਹੈ ਤੇ ਬੱਚੇ ਦਾ ਜ਼ਿਆਦਾ ਸਮਾਂ ਮਾਂ ਦੇ ਨਾਲ ਹੀ ਬੀਤਦਾ ਹੈ।ਜਦੋਂ ਵੀ ਬੱਚਾ ਘਰ ਦੀ ਚਾਰ-ਦੀਵਾਰੀ ਤੋਂ ਬਾਹਰ ਪੈਰ ਧਰਦਾ ਹੈ ਤਾਂ ਮਾਂ ਹੀ ਉਸਨੂੰ ਬਾਹਰਲੀ ਦੁਨੀਆਂ ਵਿੱਚ ਵਿਚਰਨ ਲਈ ਭੇਜਦੀ ਹੈ ਤੇ ਜਦੋਂ ਉਹ ਬਾਹਰੋਂ ਘਰ ਵਾਪਿਸ ਆਉਂਦਾ ਹੈ ਤਾਂ ਵੀ ਉਸਦੇ ਸਵਾਗਤ ਲਈ ਮਾਂ ਮੌਜੂਦ ਮਿਲਦੀ ਹੈ।ਜਨਮ ਤੋਂ ਲੈ ਕੇ ਜ਼ਿੰਦਗੀ ਦੇ ਹਰ ਮੌੜ ਤੇ ਉਹ ਬੱਚੇ ਦੀ ਸੁਰਖਿਆ ਲਈ ਢਾਲ ਦਾ ਕੰਮ ਕਰਦੀ ਹੈ ਤਾਂ ਹਰੇਕ ਨੂੰ ਹੀ ਇੰਝ ਲਗਦਾ ਹੈ ਕਿ ਮਾਂ,ਮਾਂ ਹੀ ਹੁੰਦੀ ਹੈ, ਉਸਦੀ ਥਾਂ ਕੋਈ ਹੋਰ ਲੈ ਹੀ ਨਹੀਂ ਸਕਦਾ।ਬੱਸ ਇੱਥੇ ਆ ਕੇ ਹੀ ਸਾਡੀ ਸੋਚ ਧੋਖਾ ਖਾ ਜਾਂਦੀ ਹੈ।ਅਸੀਂ ਭੁੱਲ ਜਾਂਦੇ ਹਾਂ ਕਿ ਜੇ ਪਿਤਾ ਜ਼ਿੰਦਗੀ ਦੀਆਂ ਰੋਜਾਨਾ ਲੋੜਾਂ ਪੂਰੀਆਂ ਕਰਨ ਲਈ ਘਰੋਂ ਬਾਹਰ ਨਾ ਜਾਵੇ ਤਾਂ ਮਾਂ ਆਪਣੇ ਢਿੱਡੋਂ ਜਾਏ ਦੀ ਪਾਲਣਾ ਕਿਵੇਂ ਕਰੇਗੀ।ਜੇ ਰੱਬ ਨੇ ਇਸ ਧਰਤੀ ਦੀ ਸਿਰਜਣਾ ਕੀਤੀ ਹੈ ਤਾਂ ਹਰ ਇਕ ਲਈ ਉਸਦੀ ਥਾਂ ਵੀ ਨਿਸ਼ਚਿਤ ਕੀਤੀ ਹੈ।ਮਾਂ-ਬਾਪ ਤੱਕੜੀ ਦੇ ਦੋ ਪੱਲੜੇ ਹਨ, ਜਿਨ੍ਹਾਂ ਦੇ ਸਮਤੋਲ ਨਾਲ ਹੀ ਬੱਚੇ ਦੀ ਸਖਸ਼ੀਅਤ ਦਾ ਸਰਵ-ਪੱਖੀ ਵਿਕਾਸ ਹੁੰਦਾ ਹੈ।
       ਮਾਂ ਇਸ ਲਈ ਚੰਗੀ ਲੱਗਣ ਦਾ ਸਿੱਧਾ ਜਿਹਾ ਕਾਰਨ ਹੈ ਕਿ ਉਹ ਮਮਤਾ ਵਸ ਆਪਣੇ ਬੱਚੇ ਨੂੰ ਹਮੇਸ਼ਾਂ ਹੀ ਆਪਣੇ ਖੰਭਾਂ ਹੇਠ ਲੁਕਾ ਕੇ ਉਸਨੂੰ ਜ਼ਿੰਦਗੀ ਦੇ ਥਪੇੜਿਆਂ ਤੋਂ ਬਚਾਉਣਾ ਚਾਹੁੰਦੀ ਹੈ ਪਰ ਬਾਪ ਉਸਨੂੰ ਖੁੱਲੇ ਅੰਬਰਾਂ ਵਿੱਚ ਉਡਾਰੀ ਭਰਨ ਲਈ ਪ੍ਰੇਰਿਤ ਹੀ ਨਹੀਂ ਕਰਦਾ ਸਗੋਂ ਜ਼ਿੰਦਗੀ ਜਿਊਣ ਦੇ ਕਾਬਲ ਬਣਾਉਂਣ ਲਈ ਸਖ਼ਤ ਰਵਇਆ ਵੀ ਵਰਤਣ ਤੋਂ ਗੁਰੇਜ਼ ਨਹੀਂ ਕਰਦਾ। ਮਾਂ ਬੱਚੇ ਬਾਰੇ ਦਿਲ ਨਾਲ ਸੋਚਦੀ ਹੈ ਤਾਂ ਬਾਪ ਦਿਮਾਗ ਨਾਲ ਸੋਚਦਾ ਹੈ।ਮਾਂ ਬੱਚੇ ਦੀਆਂ ਗਲਤੀਆਂ ਤੇ ਪਰਦਾ ਪਾਉਂਦੀ ਹੈ ਤਾਂ ਬਾਪ ਉਸਦੀ ਗਲਤੀ ਨੂੰ ਨਜ਼ਰ-ਅੰਦਾਜ਼ ਨਹੀਂ ਕਰਦਾ ਸਗੋਂ ਉਸ ਗਲਤੀ ਤੋਂ ਕੁੱਝ ਸਿੱਖਣ ਦੀ ਨਸੀਹਤ ਕਰਦਾ ਹੈ।ਮਾਂ ਬੱਚੇ ਨੂੰ ਕਦੇ ਬਿਸਤਰੇ ਵਿੱਚੋਂ ਬਾਹਰ ਆਉਣ ਲਈ ਮਿੱਠੀ ਝਿੜਕ ਦਿੰਦੀ ਹੈ ਤੇ ਬੱਚਾ ਹਾਂ-ਹੂੰ ਕਰਦਾ ਹੋਇਆ ਪਾਸਾ ਪਰਤ ਕੇ ਸੋਂ ਜਾਂਦਾ ਹੈ ਪਰ ਪਿਤਾ ਦਾ ਇਕ ਦਬਕਾ ਹੀ ਉਸਨੂੰ  ਹਕੀਕਤ ਦੀ ਦੁਨੀਆਂ ਵਿੱਚ ਲੈ ਆਉਂਦਾ ਹੈ।ਜੇ ਮਾਂ ਲਈ ਬੱਚਾ ਥੱਕਿਆ ਹੁੰਦਾ ਹੈ ਤਾਂ ਪਿਤਾ ਨੂੰ ਥਕਾਵਟ ਨਾਲ ਨਹੀਂ, ਕੰਮ ਤੱਕ ਮਤਲਵ ਹੁੰਦਾ ਹੈ।ਹੋਵੇ ਵੀ ਕਿਉਂ ਨਾ, ਕੰਮ ਕਰੇਗਾ ਤਾਂ ਹੀ ਤਾਂ ਤਾਕਤਵਰ ਬਣੇਗਾ।
         ਮਾਂ ਬੱਚੇ ਲਈ ਫੁੱਲਾਂ ਜਹੇ ਰਾਹ ਸਿਰਜਦੀ ਹੈ, ਜਿਸ ਉੱਤੇ ਤੁਰਨਾ ਸੋਖਾ ਤਾਂ ਹੁੰਦਾ ਹੈ, ਪਰ ਰਾਹਾਂ ਦੇ ਕੰਡੇ ਸਾਡੇ ਦੁਸ਼ਮਣ ਬਣਕੇ ਟੱਕਰਦੇ ਹਨ।ਪਿਤਾ ਦੇ ਪਾਏ ਪੂਰਨਿਆਂ ਵਾਲੇ ਰਾਹਾਂ ਤੇ ਤੁਰਨਾ ਔਖਾ ਤਾਂ ਜਰੂਰ ਹੁੰਦਾ ਹੈ, ਪਰ ਜ਼ਿੰਦਗੀ ਅਣਖ਼ ਨਾਲ ਜੀਣ ਲਈ ਔਖੇ ਰਾਹਾਂ ਨੂੰ ਖਿੜੇ ਮੱਥੇ ਸਵੀਕਾਰ ਕਰਨ ਵਾਲੇ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਮੰਨਦੇ।ਹਰ ਬਾਪ ਬੱਚੇ ਲਈ ਹਊਆ ਬਣਦਾ ਹੈ ਤਾਂ ਉਹ ਇਸ ਕਰਕੇ ਕਿ ਬੱਚਾ ਜੀਵਨ ਵਿੱਚ ਜ਼ਿੰਦਗੀ ਦੀਆਂ ਕੋੜੀਆਂ ਸੱਚਾਈਆਂ ਤੋਂ ਬਚਣਾ ਚਾਹੁੰਦਾ ਹੈ ਪਰ ਪਿਤਾ ਉਨ੍ਹਾਂ ਸਚਾਈਆਂ ਨਾਲ ਰੁ-ਬਰੂ ਹੋਣ ਲਈ ਆਖਦਾ ਹੈ।ਬਾਪ ਕਦੇ ਨਹੀਂ ਚਾਹੁੰਦਾ ਕਿ ਉਸਦਾ ਬੱਚਾ ਮੇਮਣਾ ਬਣ ਕੇ ਸਮਾਜ ਵਿੱਚ ਵਿੱਚਰੇ। ਉਹ ਉਸਨੂੰ ਸ਼ੇਰ ਹੀ ਨਹੀਂ, ਬੱਬਰ ਸ਼ੇਰ ਬਣਕੇ ਵਿਚਰਣ ਦੀ ਸਿੱਖਿਆ ਦੇਣਾ ਚਾਹੁੰਦਾ ਹੈ।ਸ਼ਾਇਦ ਇਹੀ ਕਾਰਨ ਹੈ ਕਿ ਬਾਪ ਨਾ ਚਾਹੁੰਦੇ ਹੋਏ ਵੀ ਆਪਣੇ ਬੱਚੇ ਪ੍ਰਤੀ ਸਖਤਾਈ ਭਰੇ ਵਤੀਰੇ ਨਾਲ ਪੇਸ਼ ਆਉਂਦਾ ਹੈ।
          ਅਸੀਂ ਕਦੇ ਇਸ ਗੱਲ ਦੀ ਤਹਿ ਤੱਕ ਜਾਣ ਦੀ ਕੋਸ਼ਿਸ ਹੀ ਨਹੀਂ ਕਰਦੇ ਕਿ ਉਹ ਬਾਪ ਜੋ ਦੇਖਣ ਨੂੰ ਸਖ਼ਤ ਤੇ ਗੁੱਸੇ-ਖੋਰ ਲਗਦਾ ਹੈ, ਉਹ ਅੰਦਰੋਂ ਕਿੰਨਾ ਕੂਲਾ ਅਤੇ ਨਰਮ ਹੁੰਦਾ ਹੈ।ਬਾਪ ਦੀ ਆਪਣੀ ਮਜਬੂਰੀ ਹੁੰਦੀ ਹੈ।ਜੇ ਉਹ ਵੀ ਇਕ ਮਾਂ ਵਾਂਗ ਦਿਮਾਗ ਦੀ ਬਜਾਏ ਦਿਲ ਨਾਲ ਸੋਚਣਾ ਸ਼ੁਰੂ ਕਰ ਦੇਵੇ ਤਾਂ ਉਸਦਾ ਬੱਚਾ ਕਦੇ ਵੀ ਜ਼ਿੰਦਗੀ ਦੇ ਉੱਚੇ-ਨੀਵੇਂ ਰਾਹਾਂ ਨੂੰ ਪਾਰ ਕਰਨ ਦੇ ਕਾਬਲ ਨਹੀਂ ਬਣ ਸਕੇਗਾ।ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤੇ ਬਾਪ ਉਸਦੀ ਪਰਵਰਿਸ਼ ਉਸ ਮਾਲੀ ਵਾਂਗ ਕਰਨਾ ਚਾਹੁੰਦਾ ਹੈ, ਜੋ ਆਪਣੇ ਖੁਨ-ਪਸੀਨੇ ਨਾਲ ਬੀਜੇ ਹੋਏ ਬੀਜ ਦੀ ਦਿਨ-ਰਾਤ ਹਿਫ਼ਾਜਤ ਕਰਦਾ ਹੈ।ਬੂਟੇ ਨੂੰ ਸਹੀ ਸੇਧ ਦੇਣ ਲਈ ਉਸਦੀ ਸਮੇਂ-ਸਮੇਂ ਤੇ ਕਾਂਟ-ਛਾਂਟ ਕਰਦਾ ਹੈ ਤਾਂ ਕਿ ਉਹ ਸਮੇਂ ਦੇ ਥਪੇੜਿਆਂ ਨੂੰ ਖਿੜੇ ਮੱਥੇ ਝੱਲ ਸਕਣ ਦੇ ਯੋਗ ਬਣ ਸਕੇ।



  ਪ੍ਰਿੰ. ਨਿਰਮਲ ‘ਸਤਪਾਲ’ 
ਮੋਬਾ.95010-44955 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template