ਕਾਂਗਰਸ ਦੀ ਬੇੜੀ ਡੁੱਬਣ ਦੇ ਕਈ ਕਾਰਨ ਹਨ, ਜਿੰਨ੍ਹਾਂ ਵਿੱਚੋਂ ਮਹਿੰਗਾਈ ਪ੍ਰਮੁੱਖ ਹੈ। ‘ਮਹਿੰਗਾਈ’ ਜੋ ਕਾਂਗਰਸ ਦਾ ਬੇੜਾ ਗਰਕ ਕਰਨ ਵਿੱਚ ਅਹਿਮ ਰੋਲ ਅਦਾ ਕਰ ਗਈ। ਜਿੰਨ੍ਹੀ ਮਹਿੰਗਾਈ ਕਾਂਗਰਸ ਦੇ ਕਾਰਜ ਕਾਲ ਦੌਰਾਨ ਹੋਈ ਸ਼ਾਇਦ ਹੀ ਕਿਸੇ ਹੋਰ ਪਾਰਟੀ ਦੀ ਸਰਕਾਰ ਵੇਲੇ ਹੋਈ ਹੋਵੇ। ਕਾਂਗਰਸ ਦੇ ਸਮੇਂ ਮਹਿੰਗਾਈ ਨੇ ਇੰਨ੍ਹੀ ਤੇਜੀ ਨਾਲ ਪੈਰ ਪਸਾਰੇ ਜਿਵੇਂ ਜੰਗਲ ’ਚ ਅੱਗ ਫੈੇਲਦੀ ਹੈ। ਇੰਨ੍ਹੀ ਮਹਿੰਗਾਈ ਵਿੱਚ ਆਮ ਆਦਮੀ ਦਾ ਜੀਣਾ ਦੁਸ਼ਵਾਰ ਹੋ ਗਿਆ ਹੈ। ਕਾਂਗਰਸ ਹਰ ਚੀਜ਼ ਤੇ ਸਬਸਿਡੀਆਂ ਖਤਮ ਕਰ ਰਹੀ ਹੈ। ਪੈਟਰੋਲ, ਡੀਜ਼ਲ, ਰਸੋਈ ਗੈਸ ਤੇ ਹੋਰ ਕਈ ਨਿੱਕ-ਸੁੱਕ ਹਨ। ਹੁਣ ਪੈਟਰੋਲ, ਡੀਜ਼ਲ ਦੇ ਰੇਟ ਫਿਰ ਵਧਾਏ ਗਏ ਹਨ ਤੇ ਕਈ ਹੋਰ ਝਟਕੇ ਟੈਕਸਾਂ ਦੇ ਰੂਪ ਵਿੱਚ ਜਨਤਾ ਨੂੰ ਮਿਲਣ ਵਾਲੇ ਹਨ। ਪਿਆਜ਼ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਸਬਜ਼ੀਆਂ, ਦਾਲਾਂ ਆਮ ਆਦਮੀ ਦੀ ਪਹੁੰਚ ਚੋਂ ਬਾਹਰ ਹੋ ਰਹੀਆਂ ਹਨ ਤੇ ਜਨਤਾ ਦੇ ਜਖਮਾਂ ਤੇ ਮੱਲਮ ਲਾਉਣ ਦੀ ਬਜ਼ਾਏ ਜਨਤਾ ਦੇ ਜਖਮ ਇਹ ਬਿਆਨ ਦੇ ਕੇ ਕੁਰੇਦੇ ਜਾ ਰਹੇ ਹਨ ਕਿ ਪੈਂਤੀ ਰੁਪਏ ਦਿਹਾੜੀ ਕਮਾਉਣ ਵਾਲਾ ਗਰੀਬ ਨਹੀ ਅਮੀਰ ਆਦਮੀ ਹੈ ਤੇ ਹੋਰ ਕਿ ਇੱਕ ਰੁਪਏ ਵਿੱਚ ਰੱਜ ਕੇ ਭੋਜਨ ਕੀਤਾ ਜਾ ਸਕਦਾ ਹੈ। ਜਿੱਥੇ ਸੱਠ ਰੁਪਏ ਪਿਆਜ਼, ਚਾਲੀ ਜਾਂ ਪੰਜਾਹ ਰੁਪਏ ਤੋਂ ਘੱਟ ਕੋਈ ਸਬਜ਼ੀ ਨਹੀ। ਗੈਸ ਦੀਆ ਕੀਮਤਾਂ ਵਿੱਚ ਅਥਾਹ ਵਾਧਾ ਹੋਵੇ ਉ ੱਥੇ ਭਲਾ ਇੱਕ ਰੁਪਏ ਵਿੱਚ ਰੱਜ ਕੇ ਰੋਟੀ ਮਿਲ ਸਕਦੀ ਹੈ। ਅੱਜ ਕੱਲ ਇੱਕ ਰੁਪਿਆ ਤਾਂ ਬੱਚੇ ਨਹੀ ਲੈਂਦੇ ਉਹ ਵੀ ਸਕੂਲ ਜਾਣ ਸਮੇਂ ਦਸ ਜਾਂ ਫਿਰ ਵੀਹ ਰੁਪਏ ਦੀ ਮੰਗ ਕਰਦੇ ਹਨ। ਬੱਚੇ ਤਾਂ ਦੂਰ ਦੀ ਗੱਲ ਹੈ ਅੱਜ ਕੱਲ ਭਿਖਾਰੀ ਪੰਜ ਦਸ ਰੁਪਏ ਤੋਂ ਘੱਟ ਭੀਖ ਨਹੀ ਲੈਂਦੇ ਤੇ ਇਹ ਸਰਕਾਰ ਗਰੀਬ ਵਰਗ ਨਾਲ ਕਮੇਡੀ ਕਰਨੋਂ ਬਾਜ਼ ਨਹੀ ਆਉਂਦੀ। ਜਿਸ ਦੇ ਰੋਸ ਵਜੋਂ ਜਨਤਾ ਨੇ ਧਰਨੇ ਰੋਸ ਰੈਲੀਆਂ ਤੇ ਚੱਕੇ ਜਾਮ ਕੀਤੇ, ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀ ਸਰਕੀ ਤੇ ਹਰ ਮਹੀਨੇ ਮਹਿੰਗਾਈ ਦਾ ਤੋਹਫਾ ਜਨਤਾ ਨੂੰ ਬੇਝਿਜਕ ਦਿੱਤਾ ਜਾਂਦਾ ਹੈ।
ਜੇ ਪਿਛਲੀਆਂ ਚੋਣਾਂ ਦਾ ਲੇਖਾ ਜੋਖਾ ਕਰੀਏ ਤਾਂ ਕਾਂਗਰਸ ਦੀ ਜੋ ਚਾਰ ਨਗਰ ਨਿਗਮ ਚੋਣਾਂ ਤੇ ਕਬਜ਼ਾ ਕਰਨ ਦੀ ਲਾਲਸਾ ਸੀ, ਉਸਨੂੰ ਅਕਾਲੀ ਭਾਜਪਾ ਗਠਜੋੜ ਨੇ ਖਤਮ ਕੀਤਾ। ਅਕਾਲੀ ਭਾਜਪਾ ਗਠਜੋੜ ਨੇ ਨਗਰ ਨਿਗਮ ਚੋਣਾਂ ਵਿੱਚ ਬਹੁਮਤ ਹਾਸਲ ਕੀਤਾ । ਇੰਨ੍ਹਾਂ ਚਾਰ ਨਗਰ ਨਿਗਮਾਂ ਦੇ ਜੋ ਨਤੀਜੇ ਸਾਹਮਣੇ ਆਏ ਸਨ, ਉਨ੍ਹਾਂ ਵਿੱਚ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਜਲੰਧਰ ਜਿਲ੍ਹੇ ਆਉਂਦੇ ਹਨ। ਇੰਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ ਕੁੱਲ 65 ਵਾਰਡਾਂ ਤੋਂ ਚੋਣ ਲੜੀ ਗਈ ਸੀ, ਜਿਸ ਵਿੱਚ ਅਕਾਲੀ ਦਲ 24, ਭਾਜਪਾ 24 ਯਾਨੀ ਕਿ ਗਠਜੋੜ ਟੋਟਲ 48 ਸੀਟਾਂ ਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋਇਆ ਸੀ। ਕਾਂਗਰਸ ਨੂੰ ਕੇਵਲ 4 ਸੀਟਾਂ ਤੇ ਹੀ ਸਬਰ ਕਰਨਾ ਪਿਆ ਸੀ। ਅਜ਼ਾਦ ਤੇ ਹੋਰ 12 ਸੀਟਾਂ ਲੈਣ ਵਿੱਚ ਕਾਮਯਾਬ ਹੋਏ ਤੇ ਇੱਕ ਦਾ ਕਿਸੇ ਕਾਰਨ ਕਰਕੇ ਨਤੀਜਾ ਰੋਕਿਆ ਗਿਆ ਸੀ। ਪਟਿਆਲਾ ਤੋਂ ਟੋਟਲ 50 ਵਾਰਡਾਂ ਤੋਂ ਚੋਣ ਲੜੀ ਗਈ ਸੀ। ਜਿਸ ਵਿੱਚ ਅਕਾਲੀ ਦਲ ਨੇ ਸਭ ਤੋਂ ਜਿਆਦਾ 32 ਸੀਟਾਂ ਤੇ ਕਬਜ਼ਾ ਕੀਤਾ ਤੇ ਭਾਜਪਾ ਨੇ 7 ਸੀਟਾਂ ਲਈਆਂ ਮਤਲਬ ਕਿ ਅਕਾਲੀ ਭਾਜਪਾ ਗਠਜੋੜ ਨੇ 39 ਸੀਟਾਂ ਤੇ ਜਿੱਤ ਹਾਸਲ ਕੀਤੀ। ਕਾਂਗਰਸ ਨੂੰ 8 ਸੀਟਾਂ ਮਿਲੀਆਂ। ਅਜ਼ਾਦ ਤੇ ਹੋਰ ਕੇਵਲ 2 ਸੀਟਾਂ ਤੇ ਹੀ ਕਬਜ਼ਾ ਕਰ ਸਕੇ। ਇੱਕ ਵਾਰਡ ਤੇ ਮੁੜ ਪੋਲਿੰਗ ਹੋਈ ਸੀ। ਲੁਧਿਆਣਾ ਜਿਲ੍ਹੇ ਵਿੱਚ 75 ਵਾਰਡਾਂ ਤੋਂ ਚੋਣ ਲੜੀ ਗਈ ਤੇ ਇਥੇ ਵੀ ਅਕਾਲੀ ਦਲ ਜੇਤੂ ਰਿਹਾ। ਇਥੇ ਅਕਾਲੀ ਦਲ 27 ਤੇ ਭਾਜਪਾ 12 ਸੀਟਾਂ ਯਾਨੀ ਇੱਥੇ ਵੀ ਅਕਾਲੀ ਭਾਜਪਾ ਗਠਜੋੜ 39 ਸੀਟਾਂ ਲੈਣ ਵਿੱਚ ਕਾਮਯਾਬ ਹੋ ਗਏ। ਕਾਂਗਰਸ 19 ਤੇ ਅਜ਼ਾਦ ਤੇ ਹੋਰ 17 ਸੀਟਾਂ ਤੇ ਕਬਜ਼ਾ ਕਰ ਗਏ। ਜਲੰਧਰ ਜਿਲ੍ਹੇ ਵਿੱਚ ਟੋਟਲ 60 ਵਾਰਡਾਂ ਤੋਂ ਚੋਣ ਲੜੀ ਗਈ। ਜਿਸ ਵਿੱਚ ਅਕਾਲੀ 11 ਤੇ ਭਾਜਪਾ 19 ਅਕਾਲੀ ਭਾਜਪਾ ਟੋਟਲ 30 ਸੀਟਾਂ ਤੇ ਬਾਜ਼ੀ ਮਾਰ ਗਏ। ਕਾਂਗਰਸ ਦੀ ਸਥਿਤੀ ਇੱਥੇ ਕੁਝ ਕੁ ਠੀਕ ਰਹੀ 22 ਸੀਟਾਂ ਤੇ ਕਾਂਗਰਸ ਨੇ ਕਬਜ਼ਾ ਕੀਤਾ। ਅਜ਼ਾਦ ਤੇ ਹੋਰ 8 ਸੀਟਾਂ ਤੇ ਹੱਥ ਸਾਫ ਕਰ ਗਏ। ਕਾਂਗਰਸ ਦਾ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਨਗਰ ਨਿਗਮ ਚੋਣਾਂ ਵਿੱਚ ਵੀ ਹਾਰਨਾ ਤੇ ਅਕਾਲੀ ਭਾਜਪਾ ਗਠਜੋੜ ਦਾ 4 ਨਗਰ ਨਿਗਮ ਚੋਣਾਂ ਵਿੱਚ ਜਿੱਤ ਦਰਜ ਕਰਨ ਦੇ ਕਈ ਅਹਿਮ ਕਾਰਨ ਹਨ, ਜੋ ਕਾਂਗਰਸ ਦੀ ਹਾਰ ਦਾ ਕਾਰਨ ਬਣਦੇ ਰਹੇ ਹਨ। ਸਭ ਤੋਂ ਵੱਡਾ ਕਾਰਨ ਜੋ ਹੈ ਉਹ ਇਹ ਕਿ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜ ਕਾਲ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ, ਹਰ ਸਿੱਖ ਕਾਂਗਰਸ ਨੂੰ ਬਹੁਤ ਵੱਡੀ ਗੁਨਾਹਗਾਰ ਸਮਝਦਾ ਹੈ। ਉਸ ਤੋਂ ਬਾਅਦ 84 ਦੇ ਦੰਗੇ ਹੋਏ। ਬੇਦੋਸ਼ੇ ਸਿੱਖਾਂ ਨੂੰ ਬੜੀ ਬੁਰੀ ਤਰ੍ਹਾਂ ਜਲੀਲ ਕੀਤਾ ਗਿਆ, ਗਲਾ ਵਿੱਚ ਟਾਇਰ ਪਾ ਕੇ ਸਾੜਿਆ ਗਿਆ।
ਤੀਜਾ ਕਾਰਨ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਗਲਤੀਆ ਹੋਈਆਂ। ਉਹ ਨਗਰ ਨਿਗਮ ਚੋਣਾਂ ਵਿੱਚ ਵੀ ਦੁਹਰਾਈਆਂ ਗਈਆਂ। ਉਹ ਇਹ ਕਿ ਪੁਰਾਣੇ ਉਮੀਦਵਾਰਾਂ ਦੀ ਥਾਂ ਨਵਿਆਂ ਨੂੰ ਪਹਿਲ ਦੇਣੀ ਤੇ ਪੁਰਾਣਿਆਂ ਦਾ ਪਾਰਟੀ ’ਚੌਂ ਬਾਗੀ ਹੋ ਕੇ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਾ ਸੀ, ਜੋ ਕਾਂਗਰਸ ਵਾਸਤੇ ਸ਼ਾਇਦ ਸਹੀ ਦਿਸ਼ਾ ਨਿਰਦੇਸ਼ ਨਹੀ ਸਨ। ਇਹ ਗੱਲਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਵਿਧਾਨ ਸਭਾਂ ਚੋਣਾਂ ਦੌਰਾਨ ਮੀਡੀਆ ਸਾਹਮਣੇ ਕਬੂਲੀਆਂ ਵੀ ਸਨ ਕਿ ਜੋ ਗਲਤੀਆਂ ਇਸ ਵਾਰ ਹੋਈਆਂ ਹਨ, ਉਹ ਫਿਰ ਅੱਗੇ ਨਹੀ ਹੋਣਗੀਆਂ ਪਰ ਉਹ ਗਲਤੀਆਂ ਫਿਰ ਦੋਹਰਾਈਆਂ ਗਈਆਂ ਤੇ ਨਤੀਜਾ ਆਪ ਸਭ ਦੇ ਸਾਹਮਣੇ ਹੈ। ਚੌਥਾ ਕਾਰਨ ਹਜ਼ਾਰਾਂ ਕਰੋੜਾਂ ਰੁਪਿਆਂ ਦੇ ਘਪਲਿਆਂ ਦਾ ਪਰਦਾਫਾਸ਼ ਸੀ ਜੋ ਜਨਤਾ ਦੇ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ ਤੇ ਫਿਰ ਬਾਬਾ ਰਾਮਦੇਵ ਤੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਜੋ ਕਾਲਾ ਧੰਨ ਵਿਦੇਸ਼ਾ ’ਚੋ ਵਾਪਸ ਲਿਆਉਣ ਦਾ ਮੁੱਦਾ ਉਠਾਇਆ ਸੀ , ਉਸਨੂੰ ਜਬਰਦਸਤੀ ਡੰਡੇ ਦੇ ਜੋਰ ਨਾਲ ਦਬਾਇਆ ਗਿਆ। ਉਸਦਾ ਲਾਈਵ ਸਾਰੇ ਚੈਨਲਾਂ ਤੇ ਜਨਤਾ ਨੇ ਦੇਖਿਆ। ਕਾਂਗਰਸ ਪਾਰਟੀ ਦੀ ਅੰਦਰੂਨੀ ਫੁੱਟ ਵੀ ਪਾਰਟੀ ਨੂੰ ਡੋਬ ਰਹੀ ਹੈ। ਕਾਂਗਰਸ ਨੂੰ ਇਸ ਸਭ ਕਾਸੇ ਤੋਂ ਸਬਕ ਸਿੱਖਣਾ ਚਾਹੀਦਾ ਸੀ ਤੇ ਹੁਣ ਫਿਰ ਆਉਣ ਵਾਲੀਆ ਚੋਣਾਂ ਦੌਰਾਨ ਸਮਝਦਾਰੀ ਤੋਂ ਕੰਮ ਲੈਣਾਂ ਤੇ ਜਨਤਾ ਨੂੰ ਭਰੋਸੇ ਵਿੱਚ ਲੈਣ ਦੀ ਸੋਚ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਜਨਤਾ ਸਰਕਾਰਾਂ ਕੋਲੋਂ ਸਹੂਲਤਾਂ ਚਾਹੁੰਦੀ ਹੈ, ਲੱਕ ਤੋੜ ਮਹਿੰਗਾਈ ਨਹੀ।
ਧਰਮਿੰਦਰ ਸਿੰਘ ਵੜ੍ਹੈਚ
ਪਿੰਡ ਤੇ ਡਾਕ.ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ -143022,
ਮੋਬਾਇਲ- 97817-51690


0 comments:
Speak up your mind
Tell us what you're thinking... !