Headlines News :
Home » » ਕਾਹਲ਼ੀ ਨਾ ਕਰਿਉ - ਜਰਨੈਲ ਸਿੰਘ ‘ਮਾਂਗਟ’ ਖੰਨਾ

ਕਾਹਲ਼ੀ ਨਾ ਕਰਿਉ - ਜਰਨੈਲ ਸਿੰਘ ‘ਮਾਂਗਟ’ ਖੰਨਾ

Written By Unknown on Wednesday, 18 September 2013 | 06:02

      ਬੰਤਾ ਸਿੰਹੁ ਦਾ ਬਾਪੂ ਜਿਸ ਜ਼ਿਮੀਦਾਰ ਨਾਲ ਕਈ ਸਾਲ ਤੋਂ ਸ਼ੀਰੀ ਰਲਿਆ ਆ ਰਿਹਾ ਸੀ,ਉਸ ਜ਼ਿਮੀਦਾਰ ਨੇ ਲਾਇਲਪੁਰ ਜ਼ਿਲੇ ‘ਚ ਪੈਂਦੇ ਪਿੰਡ ਚੌਂਤੀ ਚੱਕ ਵਿੱਚ ਜ਼ਮੀਨ ਖਰੀਦੀ ਹੋਈ ਸੀ।ਜਦੋਂ ਬੰਤਾ ਸਿੰਹੁ ਮੁੱਛ-ਫੁੱਟ ਗਭਰੂ ਹੋ ਗਿਆ ਤਾਂ ਉਹ ਜ਼ਿਮੀਦਾਰ ਉਸਨੂੰ ਅਪਣੇ ਨਾਲ ਚੌਤੀ ਚੱਕ ਲੈ ਗਿਆ।ਉੱਥੇ ਜਾਕੇ ਉਹ ਕਈ ਸਾਲ ਉਸ ਨਾਲ ਸ਼ੀਰੀ ਰਲਿਆ ਰਿਹਾ।ਇਕ ਦਿਨ ਕਿਸੇ ਨਿੱਕੀ-ਮੋਟੀ ਗੱਲ ਨੂੰ ਲੈਕੇ ਉਸਦਾ ਜ਼ਿਮੀਦਾਰ ਨਾਲ ਝਗੜਾ ਹੋ ਗਿਆ।ਬੰਤਾ ਸਿੰਹੁ ਉਸ ਨਾਲੋਂ ਹੱਟਕੇ ਉਸੇ ਪਿੰਡ ਵਿੱਚ ਕਿਸੇ ਹੋਰ ਨਾਲ ਰਲ ਗਿਆ। ਇਹ ਜ਼ਿਮੀਦਾਰ ਉਸਨੂੰ ਤਨਖਾਹ ਵੀ ਵੱਧ ਦਿੰਦਾ ਸੀ।ਕੰਮ ਵੀ ਇਸਦਾ ਪਹਿਲੇ ਜ਼ਿਮੀਦਾਰ ਨਾਲੋਂ ਕਾਫ਼ੀ ਸੌਖਾ ਸੀ।ਉਹ ਰੋਟੀ ਪਾਣੀ ਵੀ ਇਸਨੂੰ ਟੱਬਰ ਦੇ ਨਾਲ ਦੀ ਹੀ ਦਿੰਦੇ ਸਨ।ਸ਼ਾਮ ਨੂੰ ਇਕ ਵੱਡਾ ਗਲਾਸ ਦੁੱਧ ਦਾ ਵੀ ਦੇ ਦਿੰਦੇ ਸਨ ਕਿਉਂਕਿ ਬੰਤਾ ਸਿੰਹੁ ਉਹਨਾਂ ਦਾ ਕੰਮ ਬੜੀ ਇਮਾਨਦਾਰੀ ਨਾਲ ਕਰਦਾ ਸੀ।
      ਇੱਥੇ ਜੇ ਉਸਨੂੰ ਕੋਈ ਔਖਿਆਈ ਸੀ ਤਾਂ ਉਹ ਇਹੀ ਸੀ ਕਿ ਇਸ ਪ੍ਰਵਾਰ ਦੇ ਸਾਰੇ ਜੀਅ ਦਲਿਤ ਜਾਤੀਆਂ ਦੇ ਬੰਦਿਆਂ ਨਾਲ ਛੂਹ ਜਾਣ ਤੇ ਆਪਣੇ ਆਪ ਨੂੰ ਭਿੱਟਿਆ ਹੋਇਆ ਮਹਿਸੂਸ ਕਰਦੇ ਸਨ।ਜਿਸ ਕਰਕੇ ਬੰਤਾ ਸਿੰਹੁ ਨੂੰ ਅਪਣੇ ਭਾਂਡੇ ਅਤੇ ਕੱਪੜੇ ਉਨ੍ਹਾਂ ਦਿਆਂ ਭਾਂਡਿਆਂ ਕੱਪੜਿਆਂ ਤੋਂ ਦੂਰ ਰੱਖਣੇ ਪੈਂਦੇ ਸਨ।ਉਹ ਉਸਨੂੰ ਰੋਟੀ ਪਾਣੀ ਦੇਣ ਸਮੇਂ ਵੀ ਕਾਫ਼ੀ ਸਾਵਧਾਨੀ ਰੱਖਦੇ,ਕਿ ਉਹਨਾਂ ਦੇ ਹੱਥ ਉਸਦੇ ਭਾਂਡਿਆਂ ਜਾਂ ਉਸਦੇ ਹੱਥਾਂ ਨਾਲ ਛੂਹ ਨਾ ਜਾਣ।ਸਿਆਣਿਆਂ ਦੇ ਕਹਿਣ ਅਨੁਸਾਰ “ਨੌਕਰੀ ਕੀ ਤੇ ਨਖਰਾ ਕੀ” ਬੰਤਾ ਸਿੰਹੁ ਸਭ ਕੁੱਝ ਜਾਣਦਾ ਹੋਇਆ ਵੀ ਅਪਣੀ ਰੋਜ਼ੀ ਰੋਟੀ ਖ਼ਾਤਰ ਅਪਣਾ ਸ਼ੀਰੀ ਦਾ ਫਰਜ਼ ਇਮਾਨਦਾਰੀ ਨਾਲ ਨਿਭਾ ਰਿਹਾ ਸੀ।
      ਇਕ ਦਿਨ ਇਹਨਾ ਦੇ ਡੇਢ ਕੁ ਸਾਲ ਦੇ ਪੋਤੇ ਨੇ ਜੋ ਵਿਹੜੇ ਦੇ ਵਿੱਚ ਰੁੜ੍ਹਦਾ ਫਿਰਦਾ ਸੀ, ਬੰਤਾ ਸਿੰਹੁ ਦਾ ਗਿਲਾਸ ਲਿਆ ਕੇ,ਘਰ ਦੇ ਭਾਂਡਿਆਂ ਵਾਲੀ ਟੋਕਰੀ ਵਿੱਚ ਸੁੱਟ ਦਿੱਤਾ,ਦਸ ਵਜੇ ਵਾਲੀ ਚਾਹ ਦਾ ਸਮਾਂ ਸੀ।ਸਾਰੇ ਜੀਆਂ ਨੇ ਟੋਕਰੀ ਵਿੱਚੋਂ ਗਲਾਸ ਚੁੱਕ ਚੁੱਕ ਕੇ ਚਾਹ ਪੀ ਲਈ।ਬੰਤਾ ਸਿੰਹੁ ਦੇ ਗਲਾਸ ਵੱਲ ਕਿਸੇ ਦਾ ਵੀ ਧਿਆਨ ਨਾ ਗਿਆ।ਜਦੋਂ ਉਹ ਅੱਧੇ ਕੁ ਘੰਟੇ ਬਾਅਦ ਖੇਤਾਂ ‘ਚੋਂ ਪੱਠਿਆਂ ਦੀ ਭਰੀ ਲੈਕੇ ਘਰ ਆਇਆ ਤਾਂ ਜ਼ਿਮੀਦਾਰ ਦੀ ਨੂੰਹ ਨੇ ਕਿਹਾ, “ਲਿਆ ਵੀਰ ਗਿਲਾਸ ਅਪਣੀ ਚਾਹ ਪੁਆ ਲੈ।” ਜਦੋਂ ਉਹ ਗਲਾਸ ਚੁੱਕਣ ਗਿਆ ਤਾਂ ਗਿਲਾਸ ਉੱਥੇ ਹੈ ਨਹੀਂ ਸੀ।ਉਸਨੇ ਇੱਧਰ ਉੱਧਰ ਵਥੇਰਾ ਭਾਲਿਆ ਪਰ ਗਲਾਸ ਨਾ ਲੱਭਿਆ।ਗਲਾਸ ਗੁਆਚਣ ਦੀ ਗੱਲ ਅੱਜੇ ਚੱਲ ਹੀ ਰਹੀ ਸੀ,ਤਾਂ ਜ਼ਿਮੀਦਾਰਨੀ ਜੋ ਪਿੰਡ ਵਿੱਚ,ਕਿਸੇ ਦੇ ਘਰ ,ਕਿਸੇ ਕੰਮ ਖ਼ਾਤਰ ਗਈ ਹੋਈ ਸੀ,ਉਸਨੇ ਆਕੇ ਦੱਸਿਆ ਕਿ “ਇੱਥੇ ਧੀਰਾ ਰੁੜ੍ਹਦਾ ਫਿਰਦਾ ਸੀ।ਉਹਨੇ ਨਾ ਕਿਤੇ ਚੁੱਕ ਕੇ ਸਿੱਟ ਦਿੱਤਾ ਹੋਵੇ ਦੇਖ ਲਉ ਸਮਾਰਕੇ ਐਥੇ ਹੀ ਪਿਆ ਹੋਣੈ ਕਿਤੇ ਹੋਰ ਖੂਹ ‘ਚ ਤਾਂ ਨੀ ਚੱਲਿਆ ਗਿਆ।” ਜਦੋਂ ਉਸਦੀ ਨੂੰਹ ਨੇ ਦੇਖਿਆ ਤਾਂ ਗਲਾਸ ਘਰ ਦੇ ਭਾਂਡਿਆ ਵਾਲੀ ਟੋਕਰੀ ਵਿੱਚ ਪਿਆ ਸੀ।
      ਉਸ ਦਿਨ ਉਨ੍ਹਾਂ ਦਾ ਸਾਰਾ ਟੱਬਰ ਅਪਣੇ ਆਪ ਨੂੰ ਭਿੱਟਿਆ ਹੋਇਆ ਮਹਿਸੂਸ ਕਰ ਰਿਹਾ ਸੀ।ਉਨ੍ਹਾਂ ਨੇ ਘਰ ਦੇ ਸਾਰੇ ਭਾਂਡੇ ਅੱਗ ‘ਚ ਪਾਕੇ ਲਾਲ ਕਰਕੇ ਕੱਢੇ ਅਤੇ ਸਾਫ ਕੀਤੇ। ਉਸ ਤੋਂ ਅਗਲੇ ਦਿਨ ਸਾਰਾ ਟੱਬਰ ਗੰਗਾ ਨਦੀ ਵਿੱਚ ਇਸ਼ਨਾਨ ਕਰਕੇ ਆਇਆ। ਹੁਣ ਉਨ੍ਹਾਂ ਨੇ ਉਸਨੂੰ ਤਾੜਨਾ ਕਰਦੇ ਹੋਏ ਕਿਹਾ ਕਿ “ਬੰਤਾ ਸਿੰਹਾਂ ਅੱਜ ਤੋਂ ਬਾਅਦ ਤੈਂ ਅਪਣੇ ਭਾਂਡੇ ਕਿਸੇ ਉੱਚੀ ਜਗ੍ਹਾ ਤੇ ਰੱਖਣੇ ਹਨ। ਜਿੱਥੇ ਧੀਰੇ ਦਾ ਹੱਥ ਨਾ ਪਹੁੰਚੇ।ਦੇਖ ਲੈ ਤੇਰੀ ਇਸ ਗ਼ਲਤੀ ਕਰਕੇ ਸਾਨੂੰ ਸਾਰਿਆਂ ਨੂੰ ਗੰਗਾ ਜਾਣਾ ਪਿਐ।ਗੱਡੀਆਂ ਵਿੱਚ ਭਾੜਾ ਵੀ ਬਹੁਤ ਲੱਗ ਗਿਆ।ਧਿਆਨ ਰੱਖੀਂ ਇਹ ਗਲਤੀ ਅੱਗੇ ਨੂੰ ਨਹੀਂ ਹੋਣੀ ਚਾਹੀਦੀ।ਇਸ ਵਾਰ ਤਾਂ ਤੈਨੂੰ ਮੁਆਫ਼ ਕਰ ਦਿੱਤਾ,ਅੱਗੇ ਨੂੰ ਕੋਈ ਮੁਆਫੀ ਨਹੀਂ ਮਿਲਣੀ।” ਹੁਣ ਉਹ ਅਪਣੇ ਭਾਂਡੇ ਅਤੇ ਕੱਪੜੇ ਡੰਗਰਾਂ ਵਾਲੇ ਘਰ ਵਿੱਚ ਜਿੱਥੇ ਉਹ ਸੌਂਦਾ ਸੀ,ਉੱਚੇ ਥਾ ਰੱਖਣ ਲੱਗ ਪਿਆ।
      ਇਸ ਤੋਂ ਦੋ ਕੁ ਸਾਲ ਬਾਅਦ ਜਦੋਂ ਦੇਸ਼ ਦੀ ਵੰਡ ਹੋਈ ਤਾਂ ਦੋਨੋਂ ਪਾਸਿਆਂ ਤੋਂ ਨਾਲ ਦੀ ਨਾਲ ਵੱਡ-ਟੁੱਕੂ ਵੀ ਸ਼ੁਰੂ ਹੋ ਗਈ।ਜਿਸ ਕਰਕੇ ਇਸ ਪ੍ਰੀਵਾਰ ਨੂੰ ਵੀ ਸਭ ਕੁੱਝ ਛੱਡਕੇ ਖਾਲੀ ਹੱਥ ਇੱਧਰ ਆਉਣਾ ਪਿਆ। ਬਹੁਤ ਲੋਕ ਮਾਰੇ ਗਏ ਬਹੁਤ ਅਪਣੇ ਪ੍ਰਵਾਰਾਂ ਨਾਲੋਂ ਵਿੱਛੜ ਗਏ ਜਿਨ੍ਹਾਂ ਵਿੱਚੋਂ ਕਈ ਅਜੇ ਤੱਕ ਵੀ ਨਹੀਂ ਮਿਲ ਸਕੇ। ਇਸ ਹੱਲੇ ਗੁੱਲੇ ਵਿੱਚ ਬੰਤਾ ਸਿੰਹੁ ਵੀ ਇਸ ਪ੍ਰਵਾਰ ਨਾਲੋਂ ਵਿੱਛੜ ਗਿਆ।ਇਹ ਪ੍ਰਵਾਰ ਲੁੱਕਦਾ ਲੁਕਾਉਂਦਾ ਹੋਇਆ ਅੰਮ੍ਰਿਤਸਰ ਦੇ ਕੋਲ ਇਕ ਛੋਟੇ ਜਿਹੇ ਪਿੰਡ ਵਿੱਚ ਪੁਹੰਚ ਗਿਆ।ਇਸ ਪਿੰਡ ਵਿੱਚ ਜ਼ਿਆਦਾ ਅਬਾਦੀ ਦਲਿਤ ਲੋਕਾਂ ਦੀ ਹੀ ਸੀ ਕਿਉਂਕਿ ਇਸ ਪਿੰਡ ਦੀ ਸਾਰੀ ਜ਼ਮੀਨ ਦਾ ਮਾਲਕ ਇਕੋ ਸੀ ਜਿਸਨੂੰ ਲੋਕ ਸਰਦਾਰ ਕਹਿੰਦੇ ਸਨ।ਦਲਿੱਤਾ ਦੇ ਸਾਰੇ ਘਰ ਉਸਨੇ ਅਪਣੀ ਜ਼ਮੀਨ ਵਿੱਚੋ ਮੁਫਤ ਥਾਂ ਦੇਕੇ ਬਾਹਰੋਂ ਲਿਆਕੇ ਹੀ ਵਸਾਏ ਹੋਏ ਸਨ।ਇਸ ਪਿੰਡ ਵਾਲੇ ਪਾਕਿਸਤਾਨ ਤੋਂ ਉਜੱੜ ਕੇ ਆਏ ਲੋਕਾਂ ਦੀ ਸੇਵਾ ਕਰ ਰਹੇ ਸਨ। ਉਨ੍ਹਾਂ ਨੇ ਅਪਣੀ ਸਮਰੱਥਾ ਅਨੁਸਾਰ ਪੰਜ ਪੰਜ ਸੱਤ ਸੱਤ ਕੁ ਬੰਦਿਆਂ ਨੂੰ ਅਪਣੇ ਘਰਾਂ ਵਿੱਚ ਰੱਖਿਆ ਹੋਇਆ ਸੀ।ਉਹ ਰਿਫੂਜੀਆਂ ਨੂੰ ਸੌਣ ਲਈ ਮੰਜੇ ਬਿਸਤਰੇ ਅਤੇ ਰੋਟੀ ਪਾਣੀ ਦੇ ਰਹੇ ਸਨ।ਕਾਫ਼ੀ ਰਾਸ਼ਨ ਪਾਣੀ ਸਰਦਾਰ ਦੇ ਘਰੋ ਵੀ ਆਉਦਾ ਸੀ।
      ਤਿੰਨ ਚਾਰ ਕੁ ਦਿਨਾ ਬਾਅਦ ਜਦੋਂ ਮਹੌਲ ਕੁਝ ਸਾਂਤ ਹੋ ਗਿਆ ਤਾਂ ਬੰਤਾ ਸਿੰਹੁ ਵੀ ਖੱਜਲ-ਖੁਆਰ ਹੁੰਦਾ ਹੋਇਆ ਇਸ ਪਿੰਡ ਵਿੱਚ ਆ ਗਿਆ ਕਿਉਕਿ ਇੱਥੇ ਬੰਤਾ ਸਿੰਹੁ ਦੇ ਨਾਨਕੇ ਸਨ।ਜਦੋਂ ਉਹ ਅਪਣੇ ਮਾਮੇ ਦੇ ਘਰ ਆਇਆ ਤਾਂ ਉਸਨੇ ਵੇਖਿਆ ਕਿ ਜੋ ਪ੍ਰਵਾਰ ਉੱਥੇ ਰਹਿ ਰਿਹਾ ਹੈ ਇਹ ਤਾਂ ਉਹੀ ਹਨ ਜਿਨ੍ਹਾਂ ਨਾਲ ਉਹ ਸ਼ੀਰੀ ਰਲਿਆ ਹੋਇਆ ਸੀ।ਦੂਜੇ ਦਿਨ ਜਦੋਂ ਪਿੰਡ ਦੇ ਲੋਕ ਰਫਿਊਜੀਆਂ ਨੂੰ ਵਿਦਾ ਕਰਨ ਲੱਗੇ ਤਾਂ ਬੰਤਾਂ ਸਿੰਹੁ ਨੇ ਉਸ ਜ਼ਿਮੀਦਾਰ ਨੂੰ ਦੋਵੇਂ ਹੱਥ ਜੋੜਕੇ ਕਿਹਾ ਕਿ, “ਸਰਦਾਰ ਜੀ ਮੈਂ ਤੁਹਾਡਾ ਲੂਣ ਪਾਣੀ ਖਾਧਾ ਹੈ ਜੇ ਮੇਰੇ ਮਾਮੇ ਉਨ੍ਹਾਂ ਕੋਲੋਂ ਤੁਹਾਡੀ ਸੇਵਾ ਵਿੱਚ ਕੋਈ ਕੁਤਾਹੀ ਹੋਈ ਹੋਵੇ ਤਾਂ ਮੁਆਫ ਕਰ ਦੇਣਾ।ਸ਼ੁਕਰ ਹੈ ਰੱਬ ਦਾ ਤੁਹਾਡੀ ਜਾਨ ਬਚ ਗਈ ਸਾਰਾ ਪ੍ਰਵਾਰ ਸਹੀ ਸਲਾਮਤ ਪਹੁੰਚ ਗਿਆ। ਹੁਣ ਤੁਸੀਂ ਮੇਰੀ ਗੱਲ ਮੰਨਿਉਂ, ਗੁੱਸਾ ਨਾ ਕਰਿਉ, ਮਹੌਲ ਨੂੰ ਚੰਗੀ ਤਰ੍ਹਾਂ ਠੀਕ ਹੋ ਲੈਣ ਦੇਉ,ਜੋ ਕੁਛ ਹੋਣਾ ਸੀ ਉਹ ਤਾਂ ਹੋ ਗਿਆ ਹਾਲੇ ਗੰਗਾ ਜਾਣ ਦੀ ਕਾਹਲ਼ੀ ਨਾ ਕਰਿਉ।  
 

                                                                                                                                                                                       ਜਰਨੈਲ ਸਿੰਘ ‘ਮਾਂਗਟ’ ਖੰਨਾ
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-94633-19453

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template