ਜ਼ਿੰਦਗੀ ਦੇ ਥੇਪੜਿਆਂ ਤੋਂ ਭੰਨਿਆ ਹੋਇਆ ਮਨੁੱਖ ਕਈ ਵਾਰ ਸਹਾਰਾ ਲੱਭਦੈ ਤੇ ਇਹ ਹੀ ਸਹਾਰਾ ਕਈ ਵਾਰ ਪਰਖ ਪੜਚੋਲ ਦਾ ਕਾਰਨ ਬਣ ਜਾਂਦੈ। ਮਨੁੱਖ ਨੂੰ ਮਨੁੱਖ ਦੇ ਆਪਣੇਪਣ ਦਾ ਅਹਿਸਾਸ ਤਾਂ ਹੁੰਦੇ ਪਰ ਇਹ ਹੀ ਆਪਣਾਪਨ ਮਨੁੱਖ ਨੂੰ ਕਦੇ ਕਦੇ ਇਸ ਤਰ੍ਹਾਂ ਦੇ ਝਟਕੈ ਮਾਰਦੈ ਕਿ ਮਨੁੱਖ ਸੋਚਣ ਲਈ ਮਜ਼ਬੂਰ ਹੋ ਜਾਂਦੇ ਕਿ ਜਿੰਨ੍ਹਾਂ ਨੂੰ ਜ਼ਿੰਦਗੀ ਦਾ ਮਕਸਦ ਬਣਾਇਆ ਸੀ ਕਿ ਉਹ ਵੀ ਪਾਸਾ ਪਰਤ ਗਏ ਪਰ ਇਹ ਪਰਤੇ ਪਾਸੇ ਮਨੁੱਖ ਨੂੰ ਫਿਰ ਭਾਂਵੇ ਕਿੰਨਾ ਵੀ ਆਪਣੇਪਣ ਦਾ ਅਹਿਸਾਸ ਕਰਵਾਉਣ ਪਰ ਉਹ ਤਰੇੜ ਤਾਂ ਤਰੇੜ ਹੀ ਰਹਿ ਜਾਂਦੀ ਹੈ ਜਿਹੜੀ ਜ਼ਿੰਦਗੀ ਭਰ ਰੜਕ ਛੱਡ ਜਾਂਦੀ ਹੈ। ਇਹ ਤਰੇੜ ਮਨੁੱਖੀ ਭਟਕਣਾ ਦੇ ਰੂਪ ਵਿਚ ਮਨ ਦੇ ਸਾਏ ਨਾਲ ਰਹਿੰਦੀ ਹੈ। ਇਹ ਸੱਚ ਹੈ ਕਿ ਇਕ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੀ ਕਾਫੀ ਹੁੰਦਾ ਹੈ। ਪਰ ਕੀ ਅੱਜ ਦੇ ਦੌਰ ਵਿਚ ਇਹ ਕਹਾਵਤ ਆਪਣੀ ਸੱਚਾਈ ਤੇ ਖਰ੍ਹੀ ਉਤਰਦੀ ਹੈ ਇਹ ਸੋਚਣ ਦਾ ਸਵਾਲ ਹੈ। ਕਈ ਵਾਰ ਤਾਂ ਤਿਨਕਾ ਸਹਾਰਾ ਬਣਨ ਤੋਂ ਪਹਿਲਾਂ ਹੀ ਡਾਵਾਂਡੋਲ ਹੋ ਜਾਂਦੈ। ਹੋ ਸਕਦੈ ਮੈਂ ਅੱਲ੍ਹੇ ਜਖ਼ਮਾਂ ਤੇ ਲੂਣ ਭੁੱਕ ਰਿਹਾ ਹੋਵਾਂ ਮੇਰੀ ਇਸ ਗੁਸਤਾਖੀ ਲਈ ਮੈਨੂੰ ਮੁਆਫ ਕਰਨਾ , ਮਨੁੱਖੀ ਸਾਂਝ ਟੁੱਟਣ ਦੀ ਦਾਸਤਾਂ ਹਰ ਇਕ ਨਾਲ ਵਾਪਰੀ ਹੋਵੇਗੀ, ਇਸ ਦੇ ਟੁੱਟਣ ਤੋਂ ਬਾਅਦ ਮਨੁੱਖੀ ਪਛਤਾਵੇ ਨੇ ਮਨੁੱਖੀ ਜ਼ਿੰਦਗੀ ਨਾਲ ਪੱਕੀ ਯਾਰੀ ਵੀ ਗੰਢ ਲਈ ਹੋਵੇਗੀ, ਮੈਂ ਕਈ ਵਾਰ ਸੋਚਦਾ ਹਾਂ ਕਿ ਸਹਾਰੇ ਜ਼ਿੰਦਗੀ ਨੂੰ ਖੁਸ਼ੀਆਂ ਬਖ਼ਸਦੇ ਨੇ, ਪਰ ਇਸ ਗੱਲ ਦਾ ਅਹਿਸਾਸ ਵੀ ਹੌਲੀ ਹੌਲੀ ਆਪਣੇ ਆਪ ਹੀ ਹੋ ਗਿਆ ਕਿ ਸਹਾਰੇ ਟੁੱਟ ਜਾਣ ਤਾਂ ਦੁੱਖ ਵੀ ਉਹ ਭਰਨੈ ਪੈਂਦੇ ਹਨ ਕਿ ਜਿਹੜੇ ਚਿੱਤ ਚੇਤੇ ਵੀ ਨਹੀਂ ਹੁੰਦੇ , ਸਹਾਰਿਆਂ ਦੀਆਂ ਇਹ ਤੰਦਾਂ ਏਨੀਆਂ ਕਮਜੋਰ ਨਹੀਂ ਹੋਣੀਆਂ ਚਾਹੀਦੀਆਂ ਕਿ ਇਹ ਤੰਦਾਂ ਕਿਸੇ ਵੀ ਰਿਸ਼ਤੇ ਦੇ ਨਾਂ ਤੇ ਧੱਬਾ ਬਣ ਜਾਣ । ਜੇਕਰ ਸਹਾਰੇ ਲੱਭਣ ਲਈ ਚੱਲਣਾ ਹੀ ਹੈ ਤਾਂ ਸਹਾਰਿਆਂ ਦੇ ਅਰਥਾਂ ਤੋਂ ਨਿਹਚਿੱਤ ਜਾਣੂੰ ਹੋਣਾ ਵੀ ਜਰੂਰੀ ਹੈ। ਯਾਰੋ ਸਮਾਜ ਦੀ ਤੰਦ ਤਾਣੀ ਏਨੀ ਕੁ ਗੁੰਝਲਦਾਰ ਹੈ ਕਿ ਮਨੁੱਖ ਇੱਕਲਾ ਨਹੀਂ ਰਹਿ ਸਕਦਾ ਪਰ ਅੱਜ ਮਨੁੱਖ ਇਸ ਪਾਸੇ ਵੱਲ ਵੱਧ ਰਿਹਾ ਹੈ। ਉਸ ਨੂੰ ਜ਼ਿੰਦਗੀ ਦਾ ਪੰਧ ਮੁਕਾਉਣ ਲਈ ਸਹਾਰੇ ਦੀ ਜਰੂਰਤ ਪੈਂਦੀ ਹੈ। ਇਹ ਸਹਾਰਾ ਭਾਂਵੇ ਕਿਸੇ ਵੀ ਰਿਸ਼ਤੇ ਦੇ ਰੂਪ ਵਿਚ ਮਿਲ ਜਾਵੇ, ਪਰ ਇਕ ਸਹਾਰਾ ਦੋਸਤੀ ਮਿੱਤਰਤਾ ਦੀ ਮਿਠਾਸ ਦਾ ਹੁੰਦਾ ਹੈ। ਪਰ ਅਜੋਕੇ ਨਿੱਜਵਾਦੀ ਘਣਾਂ ਦੀ ਮਾਰ ਅੱਗੇ ਦੋਸਤੀ ਨਾਂਅ ਦੀ ਕੜੀ ਬਹੁਤੀ ਜਿੱਦ ਵੀ ਨਹੀਂ ਫੜ੍ਹ ਸਕਦੀ ਸੋ ਇਸ ਦਾ ਤਿੜਕਣਾ ਲਾਜ਼ਮੀ ਹੋ ਜਾਂਦੇ।
ਇਹ ਗੱਲਾਂ ਮਨੁੱਖੀਪਣ ਦੇ ਉਹਨਾਂ ਮੋੜਾਂ ਤੇ ਖਰੂਦ ਮਚਾ ਦਿੰਦੀਆਂ ਹਨ ਜਿੱਥੇ ਰਿਸ਼ਤਿਆਂ ਤੋਂ ਜਿਆਦਾ ਆਦਰ ਸਤਿਕਾਰ ਦੇ ਇਹ ਰਿਸ਼ਤੇ ਸਹਾਰੇ ਦੇ ਨਾਂਅ ਤੇ ਧੱਬਾ ਬਣ ਜਾਂਦੇ ਹਨ। ਹਰ ਅੱਜ ਰਿਸ਼ਤਾ ਵਿਸ਼ਵਾਸ ਅਤੇ ਭਰੋਸੇ ਦੇ ਸਹਾਰੇ ਦੀ ਭਾਲ ਵਿਚ ਹੈ। ਪਰ ਸੱਚ ਇਹ ਹੈ ਕਿ ਸਵਾਰਥਵਾਦ ਦੀ ਹਨੇਰੀ ਵਿਚ ਭਰੋਸੇ ਦੀ ਕੁੱਲ ਦਾ ਕੱਖ ਵੀ ਨਹੀਂ ਵੱਟਿਆ ਜਾਂਦਾ ਤੇ ਇਹ ਤੀਲਾ ਤੀਲਾ ਹੋ ਕੇ ਖਿੰਡ ਜਾਂਦੀ ਹੈ ਤੇ ਅੱਲ੍ਹੇ ਜਿਹੇ ਜਖ਼ਮ ਹਮੇਸ਼ਾਂ ਰਿਸਦੇ ਰਹਿੰਦੇ ਹਨ। ਸੱਚ ਇਹ ਹੈ ਕਿ ਵਿਸ਼ਵਾਸ ਅੱਜਕੱਲ੍ਹ ਵਾਈ ਫਾਈ ਦੀ ਤਰ੍ਹਾਂ ਹੋ ਗਿਆ ਹੈ। ਜਿਸ ਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਕੀਤਾ ਜਾ ਸਕਦਾ । ਇਹ ਉਹ ਡੂੰਘੇ ਅਹਿਸਾਸ ਹਨ ਜਿਹੜੇ ਕਈ ਵਾਰ ਮਨੁੱਖ ਨੂੰ ਇੱਕਲਿਆਂ ਜ਼ਿੰਦਗੀ ਦੇ ਥਪੇੜੇ ਸਹਿਣ ਲਈ ਮਜ਼ਬੂਰ ਕਰ ਦਿੰਦੇ ਹਨ। ਯਾਰੋ ਕਦੇ ਸੋਚ ਕੇ ਦੇਖਿਓ ਇਸ ਤਰ੍ਹਾਂ ਦੀ ਜ਼ਿੰਦਗੀ ਬਾਰੇ। ਇਹਨਾਂ ਦੁੱਖਾਂ ਦੇ ਰੋਣੇ ਰੋਣ ਲਈ ਵਕਤ ਦੇ ਬਦਲਣ ਵਾਂਗ ਬਦਲ ਜਾਂਦੇ ਹਨ। ਜਾਂ ਕਹਿ ਦਿਆਂ ਕਿ ਤੁਹਾਡੀ ਬਾਂਹ ਫੜ੍ਹਨ ਵਾਲਾ ਕੋਈ ਵੀ ਨਹੀਂ ਹੁੰਦਾ। ਪਰ ਕਦੇ ਕਦੇ ਟੁੱਟੇ ਹੋਏ ਮਨੁੱਖ ਨੂੰ ਸਹਾਰਾ ਹੀ ਜ਼ਿੰਦਗੀ ਦੀ ਬਹਿਸ਼ਤ ਸਿਰਜ਼ ਦਿੰਦਾ ਹੈ। ਇਹ ਜਾਣਚੱਕ ਹੋਏ ਮੇਲ ਜਿਹੜੇ ਦੁੱਖਾਂ ਦੇ ਅਰਥਾਂ ਨੂੰ ਸੱਚੇ ਦਿਲੋਂ ਸਮਝਦੇ ਹਨ ਉਹ ਕਿਸੇ ਦੀ ਜ਼ਿੰਦਗੀ ਜਿਉਣ ਦਾ ਸਹਾਰਾ ਬਣ ਜਾਂਦੇ ਹਨ। ਰੱਬ ਕਰੇ ਇਹ ਸਹਾਰੇ ਜ਼ਿੰਦਗੀਆਂ ਮਾਨਣ ਜਿਹੜੇ ਟੁੱਟੇ ਹੋਏ ਮਨੁੱਖਾਂ ਦਾ ਸਹਾਰਾ ਬਣ ਕੇ ਬੋਹੜਦੇ ਹਨ, ਜਿਹੜੇ ਡਿੱਕ ਡੋਲੇ ਖਾਂਦੀ ਜ਼ਿੰਦਗੀ ਨੂੰ ਕਲਾਵੇ ਵਿਚ ਲੈਕੇ ਤੁਰਨ ਦਾ ਚੱਜ ਸਿਖਾ ਜਾਂਦੇ ਹਨ । ਅੱਜ ਤਾਂ ਮਨੁੱਖ ਨੂੰ ਰੋਣ ਲਈ ਵੀ ਸਹਾਰਾ ਚਹੀਦਾ ਪਰ ਇਹਨਾਂ ਸਹਾਰਿਆਂ ਦੀ ਨਿਗ੍ਹਾ ਵੀ ਕਈ ਵਾਰ ਬਦਲ ਜਾਂਦੀ ਹੈ। ਇਹ ਉਹੀ ਸਮਾਂ ਹੁੰਦਾ ਹੈ ਜਿੱਥੇ ਜਾ ਕੇ ਕਈ ਵਾਰ ਪਰਖ਼ ਪੜਚੋਲ ਆਪਣੇ ਆਪ ਹੀ ਦਿਮਾਗ ਤੇ ਭਾਰੂ ਪੈ ਜਾਂਦੀ ਹੈ ਤੇ ਜਿਹੜੀ ਰਾਤਾਂ ਦੀ ਨੀਂਦ ਵੀ ਉਡਾ ਕੇ ਲੈ ਜਾਂਦੀ ਹੈ। ਇਸ ਗੱਲ ਦੀ ਹਮਾਇਤ ਕਰਨੀ ਵੀ ਬਣਦੀ ਹੈ ਕਿ ਜੇਕਰ ਕਿਸੇ ਟੁੱਟੇ ਹੋਏ ਮਨੁੱਖ ਨੂੰ ਟੁੱਟੇ ਹੋਏ ਮਨੁੱਖ ਦਾ ਸਹਾਰਾ ਨਾ ਮਿਲੇ ਤਾਂ ਮਨੁੱਖ ਦੋਸਤੀ ਤੋਂ ਕੀ ਲੱਭ ਲਵੇਗਾ। ਸੱਚ ਆਖਾਂ ਤਾਂ ਇਹ ਹੈ ਕਿ ਕੱਲ੍ਹਿਆਂ ਦੇ ਜੰਮਣ ਤੇ ਕੱਲਿਆਂ ਦੇ ਮਰਨ ਵਾਂਗ ਕਿੱਕਰਾਂ ਦੇ ਬੀਅ ਬੀਜ ਕੇ ਬਾਜ਼ੌਰ ਦੀਆਂ ਦਾਖਾਂ ਨਹੀਂ ਲੱਭਦੀਆਂ ਹੁੰਦੀਆਂ। ਇਹ ਹੈ ਮੇਰੇ ਇਸ ਹੱਥਲੇ ਲੇਖ ਦਾ ਵਿਸ਼ਾ ਵਸਤੂ।
ਬਲਰਾਜ ਸਿੰਘ
ਪੰਨੀਵਾਲਾ ਫੱਤਾ , ਸ਼੍ਰੀ ਮੁਕਤਸਰ ਸਾਹਿਬ
98769 21685


0 comments:
Speak up your mind
Tell us what you're thinking... !