ਡਾ. ਗੁਰਦਾਸ ਮਾਨ ਪੰਜਾਬੀ ਗਾਇਕੀ ਦਾ ਧੰਨਭਾਗ ਹੈ।। 1980 ’ਚ ‘ਦਿਲ ਦਾ ਮਾਮਲਾ’ ਤੋਂ ਸ਼ੁਰੂ ਹੋਇਆ ਉਸ ਦਾ ਸੰਗੀਤਕ ਸਫਰ ਪੂਰੇ ਜਲੌਅ ਨਾਲ ਅਜੇ ਜਾਰੀ ਹੈ।। ਇਹਨਾਂ ਤੇਤੀ ਕੁ ਸਾਲਾਂ ਦੇ ਅਰਸੇ ਵਿਚ ਗੁਰਦਾਸ ਨੇ ਕਰੀਬ 34 ਆਡੀਓ ਟੇਪਾਂ ਸੰਗੀਤ ਪ੍ਰੇਮੀਆਂ ਨੂੰ ਦਿੱਤੀਆਂ।। ਮਾਨ ਦੀ ਗਾਇਕੀ ਨਿਰੀ ਤੁਕਬੰਦੀ ਨਹੀਂ- ਉਹਦੇ ਅੰਦਰ ਬਕਾਇਦਾ ਇੱਕ ਫਲਸਫਾ ਵਿਦਮਾਨ ਹੈ।। ਇਸ਼ਕ ਦੇ ਮਾਮਲੇ ਵਿਚ ਉਹ ਬੁੱਲ੍ਹੇ ਸ਼ਾਹ ਦੇ ਰਾਹ ਤੁਰਦੈ ਤੇ ਉਹਦੇ ਗੀਤਾਂ ਦੀ ਨਾਇਕਾ ਕੋਈ ਆਮ ਔਰਤ ਨਹੀਂ ਸਗੋਂ ਗੁਰਮਤਿ ਵਿਚਾਰਧਾਰਾ ਦੇ ਨੇੜੇ ਉਹ ਮਨੁੱਖ ਨੂੰ ਇਸਤਰੀ ਰੂਪ ਵਿਚ ਪੇਸ਼ ਕਰਦੈ ਤੇ ਓਸ ਪ੍ਰਮਾਤਮਾ ਨੂੰ ਉਹਦੇ ਪ੍ਰੀਤਮ ਪਿਆਰੇ ਵਜੋਂ।। ਅਜਿਹੀਆਂ ਅਨੇਕਾਂ ਉਦਾਹਰਨਾਂ ਮਾਨ ਦੇ ਗੀਤਾਂ ਵਿਚੋਂ ਲੱਭੀਆਂ ਜਾ ਸਕਦੀਐਂ।
ਸ਼ੁਰੂਆਤੀ ਦੌਰ ਦੇ ਕੁੱਝ ਗੀਤਾਂ ਨੂੰ ਛੱਡ ਕੇ ਉਹਦੇ ਲਗਭਗ ਹਰੇਕ ਗੀਤ ਵਿਚ ਜਗਤੇ ਤੋਂ ਭਗਤੇ ਤੱਕ ਦਾ ਸਫ਼ਰ ਹੁੰਦੈ।।ਬੁੱਲ੍ਹੇ ਵਾਂਗ ਨੱਚ ਕੇ ਯਾਰ ਮਨਾਉਣ ਦਾ ਹੋਕਾ ਗੁਰਦਾਸ ਉੱਚੀ ਸੁਰ ਵਿਚ ਦਿੰਦੈ। ਹਾਲ ਹੀ ਵਿਚ ਉਸਦੀ ਨਵੀਂ ਐਲਬਮ ‘ਰੋਟੀ’ ਰਿਲੀਜ਼ ਹੋਈ ਹੈ। ਸਾਈਂ ਪ੍ਰੋਡਕਸ਼ਨ ਦੀ ਇਸ ਪੇਸ਼ਕਸ਼ ਵਿਚ ਅੱਠ ਗੀਤ ਹਨ ਜਿੰਨ੍ਹਾਂ ਨੂੰ ਮਾਨ ਨੇ ਆਪਣੇ ਮਖ਼ਸੂਸ ਅੰਦਾਜ਼ ਨਾਲ ਗਾਇਐ। ਸੰਗੀਤ ਜਤਿੰਦਰ ਸ਼ਾਹ ਦਾ ਹੈ। ਅੱਠੇ ਗੀਤ ਵਾਰ ਵਾਰ ਸੁਣੇ ਜਾਣ ਦੀ ਸਮਰੱਥਾ ਰੱਖਦੇ ਹਨ-ਸਗੋਂ ਹਰ ਵਾਰ ਸੁਣਨ ਵਾਲਾ ਹੋਰ ਡੂੰਘਾ ਲੱਗਦੈ।
ਇਸ ਐਲਬਮ ਦਾ ਟਾਈਟਲ ਗੀਤ ‘ਰੋਟੀ’ ਹਰ ਬੰਦੇ ਦੀ ਕਹਾਣੀ ਹੈ। ਗੀਤ ਵਿਚ ਰੋਟੀ ਦੀ ਲੋੜ, ਥੋੜ, ਬੇਕਦਰੀ ਬਿਆਨ ਕਰਨ ਦੇ ਨਾਲ ਨਾਲ ‘ਗੋਲ ਰੋਟੀ ਦੇ ਗੋਲ ਕੰਮਾਂ’ ਦਾ ਸੰਕੇਤ ਵੀ ਹੈ।। ਰਿਜ਼ਕ ਨਾਲ ਜੁੜਿਆ ਅਧਿਆਤਮਕ ਫਲਸਫਾ ਵੀ ਗੀਤ ਵਿਚੋਂ ਉਭਾਰਿਆ ਹੈ ਤੇ ਰੋਟੀ ਦੇ ‘ਦਾਨ’ ਦਾ ਮਹੱਤਵ ਵੀ :
ਉਨ੍ਹਾਂ ਘਰਾਂ ਵਿਚ ਬਰਕਤਾਂ ਰਹਿੰਦੀਆਂ,
ਜਿੰਨ੍ਹਾਂ ਖ਼ੈਰ ਫ਼ਕੀਰ ਨੂੰ ਪਾਈ ਰੋਟੀ।
ਓਨੀ ਖਾਈਂ ਮਾਨਾ ਜਿੰਨੀ ਹਜ਼ਮ ਹੋਜੇ,
ਰੋਟੀ ਕਾਹਦੀ ਜੇ ਹਜ਼ਮ ਨਾ ਆਈ ਰੋਟੀ।।
‘ਪਿੰਡ ਦੀ ਹਵਾ’ ਭਾਵ-ਪੂਰਤ, ਅਰਥ ਭਰਪੂਰ ਗੀਤ ਹੈ।। ਇਸ ਗੀਤ ਵਿਚ ਪੰਜਾਬ ਦੇ ਵਿਰਸੇ, ਇਤਿਹਾਸ, ਭਾਈਚਾਰਕ ਤੇ ਮੁਹੱਬਤੀ ਸਾਂਝਾਂ, ਸੱਥਾਂ, ਖੇਤਾਂ, ਵਾੜਾਂ, ਕੁਸ਼ਤੀ-ਕਬੱਡੀ, ਰਿਸ਼ਤਿਆਂ ਦੀ ਖਿੱਚ, ਵਿਛੋੜੇ ਦਾ ਉਦਰੇਵਾਂ ਦਾ ਉਲੇਖ ਹੈ ਜੋ ਪਿੰਡੋਂ ਦੂਰ ਸੱਤ ਸਮੁੰਦਰ ਪਾਰ ਵਸਦੇ ਪੰਜਾਬੀਆਂ ਨੁੰ ਝੰਜੋੜਦੈ:
ਸ਼ਹੀਦੀ ਜੋੜ ਮੇਲਿਆਂ ਦੇ ਰੰਗ ਲੈ ਕੇ ਆਈ ਆਂ,
ਪੁੱਤਾਂ ਨੁੰ ਚਿਣਾਉਣ ਵਾਲੀ ਕੰਧ ਲੈ ਕੇ ਆਈ ਆਂ
ਆਨੰਦਪੁਰ ਸਾਹਿਬ ਦਾ ਆਨੰਦ ਲੈ ਕੇ ਆਈ ਆਂ,
ਗੁਰੂ ਲਈ ਕਟਾਏ ਬੰਦ ਬੰਦ ਲੈ ਕੇ ਆਈ ਆਂ,
ਜੇ ਚਾਹੁੰਨੈ ਦਿੰਨੀ ਆਂ ਦਿਖਾ ਸੋਹਣਿਆ,
ਝੱਲਿਆ ਨੀ ਜਾਣਾ ਤੈਥੋਂ ਤਾਅ ਸੋਹਤਿਆਂ।।
ਪਰ ਗੀਤ ਦੇ ਅੰਤ ਦੀ ਬੁਲੰਦੀ ਸੁਣਿਆਂ ਹੀ ਬਣਦੀ ਹੈ ਜਦੋਂ ਮਾਨ ਕਹਿੰਦੈ :
ਦੇਖਣੇ ਦੀ ਅੱਖ ਨਹੀਂ, ਦੀਦਾਰ ਕਿਵੇਂ ਦੇਖੇਂਗਾ।
ਪਿੰਡ ਦੀ ਹਵਾ ’ਚ ਕਿੰਨਾ ਪਿਆਰ ਕਿਵੇਂ ਦੇਖੇਂਗਾ।
ਯਾਰਾਂ ਨਾਲ ਹੁੰਦੀ ਏ ਬਹਾਰ ਕਿਵੇਂ ਦੇਖੇਂਗਾ।
ਵੇ ਸੱਚ ਬਿਨਾਂ ਸੱਚੀ ਸਰਕਾਰ ਕਿਵੇਂ ਦੇਖੇਂਗਾ।
ਗੀਤ ‘ਸੱਜਣਾ ਤੈਨੂੰ ਤੱਕ ਨਹੀਂ ਰੱਜਣਾ’ ਇਸ਼ਕ ਦੀ ਬਾਤ ਪਾਉਂਦੈ- ਪਰ ਮਾਨ ਦੇ ਗੀਤਾਂ ਵਿਚਲਾ ਆਸ਼ਕ ਕਾਲਜਾਂ ਮੂਹਰੇ ਖੜ੍ਹੀਆਂ ਕੁੜੀਆਂ ਨਾਲ ਛੇੜਖਾਨੀਆਂ ਨਹੀਂ ਕਰਦਾ, ਕੁੜੀਆਂ ਦੇ ਅੰਗ ਨਹੀਂ ਟੋਂਹਦਾ ਤੇ ਏਸੇ ਤਰ੍ਹਾਂ ਉਹਦੀ ਨਾਇਕਾ ਵੀ ਇਸ਼ਕ ਦੇ ਉੱਚੜੇ ਰੁਤਬੇ ਦੀ ਜ਼ਾਮਨ ਬਣਦੀ ਹੈ । ਏਥੇ ਗੱਲ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਤੱਕ ਦਾ ਸਫਰ ਤੈਅ ਕਰਦੀ ਸਾਫ ਤੇ ਸਪਸ਼ਟ ਨਜ਼ਰ ਆਉਂਦੀ ਹੈ :
ਤੇਰੇ ਨਾਂ ਦੇ ਸ਼ਰਾਬੀ ਨੂੰ, ਕੀ ਲੋੜ ਸ਼ਰਾਬਾਂ ਦੀ,
ਤੇਰੀ ਗੱਲ ਵਿਚ ਮੁੱਕ ਜਾਵੇ, ਸਾਰੀ ਗੱਲ ਕਿਤਾਬਾਂ ਦੀ,
ਜਿਸ ਦਰ ਤੋਂ ਯਾਰ ਮਿਲੇ, ਉਸ ਦਰ ਤੋਂ ਕੀ ਭੱਜਣਾ . .
ਅਤੇ ਅੰਤ :
ਤੇਰੀ ਸੋਹਣੀ ਸੂਰਤ ਲਈ, ਬੇਸੂਰਤ ਹੋ ਗਈ ਮੈਂ।
ਤੈਨੂੰ ਲੱਭਦੀ ਲੱਭਦੀ ਵੇ, ਤੇਰੇ ਵਿਚ ਖੋ ਗਈ ਮੈਂ।
ਐਲਬਮ ਦਾ ਅਗਲਾ ਗੀਤ ਹੈ ‘ਰਾਤੀਂ ਚੰਨ ਨਾਲ ਗੱਲਾਂ ਕਰ ਕਰ. . ’। ਪਿਆਰੇ ਦੇ ਨਾ ਮਿਲਣ ਦੀ ਕਸਕ ਤੇ ਮਿਲਕੇ ਗੁਆਚ ਜਾਣ ਦਾ ਦਰਦ ਇਸ ਗੀਤ ਵਿਚੋਂ ਡੁੱਲ੍ਹ - ਡੁੱਲ੍ਹ ਪੈਂਦੈ :
ਜਿਹੜੀ ਗਲੀ ਮੇਰਾ ਯਾਰ ਠਗੇਂਦਾ,
ਅਸੀਂ ਉਸ ਗਲੀ ਵਿਚ ਮੋਏ,
ਰਾਤੀਂ ਚੰਨ ਨਾਲ ਗੱਲਾਂ ਕਰ ਕਰ,
ਹੰਝੂ ਭਰ ਭਰ ਰੋਏ।
ਗੀਤ ਦੀਆਂ ਇਹ ਸਤਰਾਂ ਸੱਚੀਂ ਸਿਰਾ ਲਾ ਦਿੰਦੀਆਂ ਹਨ :
ਸ਼ੀਸ਼ੇ ਵਰਗੇ ਸ਼ਹਿਰ ਤੇਰੇ ਵਿਚ,
ਕੀ ਕੋਈ ਪੱਥਰ ਮਾਰੇ,
ਹਰ ਸ਼ੀਸ਼ੇ ਵਿਚ ਅਪਣਾ ਚਿਹਰਾ
ਅਪਣਾ ਆਪ ਲੁਕੇਵੇ।।
ਇਕ ਹੋਰ ਗੀਤ ‘ਜੇ ਲਾਈ ਸੀ ਨਿਭਾਣੀ’ ਇਸ਼ਕ ਦੇ ਰੁਤਬੇ ਨੂੰ ਬਿਆਨਦਾ ਹੈ। ਗੀਤ ਦੁਨੀਆਵੀ ਪ੍ਰੀਤ-ਕਹਾਣੀਆਂ ਚੋਂ ਹੁੰਦਾ ਹੋਇਆ, ਆਪਣੀ ਮੰਜ਼ਿਲ ਤੇ ਇਸ ਤਰ੍ਹਾਂ ਪਹੁੰਚਦੈ :
ਜੇ ਸੋਹਣੇ ਦਾ ਇਸ਼ਕ ਦੇਖਣੈ, ਤੂੰ ਵੀ ਹੋਜਾ ਮਿੱਟੀ,
ਮਿੱਟੀ ਦੀ ਏਂ ਚੀਜ਼ ਨੀ ਜਿੰਦੇ ਮਿੱਟੀ ਰਹੁ,
ਚਿੱਟੀ ਹੋਣ ਦੀ ਕੋਸ਼ਿਸ਼ ਨਾ ਕਰ ਮਿੱਟੀ ਰਹੁ,
ਜਦ ਮਿੱਟੀਏ ਮਿਟ ਮਿਟ ਕੇ ਤੂੰ ਮਿਟ ਜਾਵੇਂਗੀ
ਫਿਰ ਮਿੱਟੀਏ ਮਿਟ ਜਾਣ ਤੋਂ ਰੁਤਬਾ ਪਾਵੇਂਗੀ,
ਇਕ ਵਾਰੀ ਦੀ ਮਿਟੀ ਨਾ ਮਿਟਣ ਤੇ ਆਵੇਂਗੀ।।
ਅਗਲਾ ਗੀਤ ਹੈ ‘ਅੱਖ ਮੇਰੇ ਯਾਰ ਦੀ ਦੁਖੇ’। ਇਹ ਗੀਤ ਇਸ਼ਕ ਵਿਚ ਇਕਮਿੱਕ ਰੂਹਾਂ ਦੀ ਸਾਂਝ ਨੂੰ ਅਤਿ-ਭਾਵਪੂਰਤ ਤਸ਼ਬੀਹਾਂ ਨਾਲ ਬਿਆਨਦੈ।
‘ਜਾਹ ਚੁੱਪ ਕਰਕੇ ਤੁਰਜਾ’ ਕਮਾਲ ਦਾ ਗੀਤ ਹੈ। ਗੀਤ ਲਈ ਪ੍ਰਤੀਕ ਹੀਰ -ਰਾਂਝੇ ਦੇ ਵਰਤੇ ਗਏ ਹਨ ਪਰ ਗੱਲ ਦੁਨਿਆਵੀ ਬੰਦਨਾਂ ਤੋਂ ਨਿਰਲੇਪ ਹੋਣ ਤੱਕ ਜਾ ਪੁੱਜਦੀ ਹੈ -ਸੱਚੇ ਜੋਗ ਤੱਕ।।
ਨਾ ਕਰ ਜੋਗੀ ਦੇ ਨਾਲ ਅੜੀਆਂ,
ਅੱਖਾਂ ਦਸਮ ਦੁਆਰੇ ਜਾ ਚੜ੍ਹੀਆਂ।
ਕਿਉਂ ਨਾਗਾਂ ਦੀਆਂ ਖੁੱਡਾਂ ਅੱਗੇ ਬੀਨ ਵਜਾਉਂਨੀ ਏਂ
ਜਾਹ ਤੁਰਜਾ ਚੁੱਪ ਕਰਕੇ ਜੋਗੀ ਤਾਂ ਜੋਗੀ ਹੁੰਦੇ ਨੇ।
ਆਖ਼ਰੀ ਗੀਤ ‘ਫਰਮਾਨ’ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਪ੍ਰਸੰਗ ਵਿਚ ਹੈ। ਜਿਸ ਵਿਚ ਗੀਤ ਦਾ ਨਾਇਕ (ਜੋ ਸਾਈਂ ਮੀਆਂ ਮੀਰ ਹੈ) ਗੁਰੂ ਜੀ ਲਈ ਮੌਤ ਦਾ ਫਰਮਾਨ ਜਾਰੀ ਕਰਨ ਵਾਲੇ ਕਾਜ਼ੀ ਨੂੰ ਮੁਖਾਤਿਬ ਹੁੰਦਾ ਹੈ।। ਗੀਤ ਇਸ ਗੱਲ ਨੂੰ ਭਲੀ ਭਾਂਤ ਉਜਾਗਰ ਕਰਦੈ ਕਿ ਸ਼ਹੀਦ ਮੌਤ ਕੋਲੋਂ ਨਹੀਂ ਡਰਦੇ-ਸਗੋਂ ਮੌਤ ਸ਼ਹੀਦਾਂ ਨੂੰ ਸਲਾਮਾਂ ਕਰਦੀ ਹੈ।। ਨਾਲ ਹੀ ਧਰਮ ਦੇ ਆਧਾਰ ’ਤੇ ਅਜਿਹੇ ਫਰਮਾਨਾਂ ਨੂੰ ਪਾਕ-ਕਿਤਾਬ ਤੇ ਮਜ਼ਹਬ ਦੀ ਤੌਹੀਨ ਕਿਹੈ :
ਬੇਦੋਸ਼ਿਆਂ ਨਿਹੱਥਿਆਂ ਨੂੰ ਮਾਰੇ ਨਾ ਕੋਈ ਦੀਨ,
ਜੀਹਦੀ ਪੜ੍ਹਦੈਂ ਨਮਾਜ਼ ਉਹਦੀ ਕਰਦੈਂ ਤੌਹੀਨ
ਤੂੰ ਵੀ ਖੋਲ੍ਹ ਲਈ ਕਸਾਈਆਂ ਦੀ ਦੁਕਾਨ ਕਾਜ਼ੀਆ।
ਤੇ
ਹੁੰਦਾ ਅੱਤ ਤੇ ਖੁਦਾ ਵਿਚ ਵੈਰ ਕਾਜ਼ੀਆ
ਕਾਹਨੂੰ ਬੀਜੇਂ ਇਸਲਾਮ ਵਿਚ ਜ਼ਹਿਰ ਕਾਜ਼ੀਆ
ਕਿਹੜੀ ਮੌਤ ਦਾ ਸੁਣਾਵੇਂ ਫਰਮਾਨ ਕਾਜ਼ੀਆ
ਜਿਹੜੀ ਕਰਦੀ ਸ਼ਹੀਦਾਂ ਨੁੰ ਸਲਾਮ ਕਾਜ਼ੀਆ।
ਕੁੱਲ ਮਿਲਾ ਕੇ ਡਾ: ਗੁਰਦਾਸ ਮਾਨ ਦੀ ਇਹ ਐਲਬਮ ਚੰਗੇ ਤੇ ਅਰਥ -ਭਰਪੂਰ ਗੀਤਾਂ ਦੇ ਆਸ਼ਕਾਂ ਲਈ ਬੇਸ਼-ਕੀਮਤੀ ਤੋਹਫ਼ਾ ਹੈ। ਜਿਸ ਵਿਚ ਸੁਹਜ ਵੀ ਹੈ, ਸਵਾਦ ਵੀ। ਬ੍ਰਿਤਾਂਤ ਵੀ ਹੈ, ਸਵਾਲ ਵੀ। ਰੱਜ ਵੀ ਹੈ - ਭੁੱਖ ਵੀ। ਗ਼ੈਰ ਮਿਆਰੀ ਤੇ ਅਰਥ-ਹੀਣ ‘ਅਗੀਤਾਂ’ ਦੇ ਰੋਲ -ਘਚੋਲੇ ਵਿਚ ਡਾ: ਗੁਰਦਾਸ ਮਾਨ ਦੀ ਇਹ ਪੇਸ਼ਕਸ਼ ਸਲਾਹੁਣਯੋਗ ਹੈ।।

ਹਰਮੇਲ ਪਰੀਤ
ਮਾਰਫਤ ਹਰਮਨ ਰੇਡੀਓ
ਨਿਊ ਬੁੱਢਾ ਦਲ ਕੰਪਲੈਕਸ, ਪਟਿਆਲਾ
ਮੋਬਾ: 94173 33316

0 comments:
Speak up your mind
Tell us what you're thinking... !