ਗੁਰਦੁਆਰਾ ਸਾਹਿਬ ਦੇ ਬੂਹੇ ਅੱਗੋਂ ਲੰਘ ਰਿਹਾ ਸਾਂ, ਪਾਠੀ ਸਿੰਘ ਨਿਸ਼ਾਨ ਸਾਹਿਬ ਨੂੰ ਪਾਣੀ ਨਾਲ ਇਸ਼ਨਾਨ ਕਰਵਾ ਰਿਹਾ ਸੀ ਤੇ ਮੂੰਹ ਵਿੱਚੋਂ ਸ਼ਬਦ ਉਚਾਰ ਰਿਹਾਂ ਸੀ ਜਿਸ ਦੇ ਬੋਲ ਸਨ:-
ਗੁਰ ਬਿਨੁ ਘੋਰੁ ਅੰਧਾਰ ਗੁਰੂ ਬਿਨੁ ਸਮਝ ਨਾ ਆਵੈ
ਸ਼ਬਦ ਐਨਾ ਗਿਆਨ ਭਰਪੂਰ ਤੇ ਮਾਰਗ ਦਰਸ਼ਕ ਸੀ ਕਿ ਮੇਰੇ ਕੋਲੋ ਰਿਹਾ ਨਾ ਗਿਆ ਤੇ ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਚਲਾ ਗਿਆ।ਪਾਠੀ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਨੂੰ ਪੂਰਾ ਸ਼ਬਦ ਸੁਣਾਓ ਤੇ ਦੱਸੋਂ ਇਹ ਕਿਸ ਗੁਰੂ ਸਾਹਿਬਾਨ ਦੀ ਬਾਣੀ ਹੈ ਤੇ ਇਸ ਸ਼ਬਦ ਵਿੱਚ ਕਿਸ ਦੀ ਮਹਿਮਾ ਗਾਈ ਗਈ ਹੈ।ਪਾਠੀ ਸਾਹਿਬ ਨੇ ਸ਼ਾਇਦ ਮੇਰੇ ਪਹਿਰਾਵੇ ਜਾਂ ਅਗਿਆਨਤਾ ਵਸ ਕਿਹਾ ਯਾਰ ਮੈਨੂੰ ਤਾਂ ਇਹੋ ਇੱਕ ਤੁਕ ਆਉਂਦੀ ਹੈ ਤੇ ਉਹੀ ਓਦਾਂ ਹੀ ਗਾ ਰਿਹਾ ਸਾਂ।
ਮੈਂ ਹੈਰਾਨ ਸਾਂ ਕਿ ਪਾਠੀ ਸਾਹਿਬ ਰੋਜ਼ਾਨਾ ਨਿਤਨੇਮ ਕਰਦੇ ਹਨ, ਰਹਿਰਾਸ ਸਾਹਿਬ ਦਾ ਪਾਠ ਕਰਦੇ ਹਨ ਤੇ ਕਈ ਵਾਰ ਤਾਂ ਗੁਰਬਾਣੀ ਦੀਆਂ ਤੁਕਾਂ ਦੀ ਵਿਆਖਿਆਂ ਕਰਕੇ ਲੋਕਾਂ ਨੂੰ ਸਮਝਾਉਦੇ ਹਨ ਤੇ ਹੁਣ ਕਹਿ ਰਹੇ ਹਨ ਕਿ ਮੇਰੇ ਤਾਂ ਓਦਾਂ ਹੀ ਮੂੰਹ ਵਿੱਚ ਸ਼ਬਦ ਆ ਗਿਆ ਤੇ ਮੈਂ ਬੋਲਣ ਲੱਗ ਪਿਆ।ਚੱਲੋਂ ਖੈਰ, ਮੇਰਾ ਮਨ ਅਸ਼ਾਂਤ ਸੀ ਇਹ ਜਾਣਨ ਲਈ ਕਿ ਇਹ ਤੁਕਾਂ ਕਿਸ ਗੁਰੂ ਸਾਹਿਬਾਨ ਦੀਆਂ ਹਨ ਤੇ ਉਹੀ ਤੁਕਾਂ ੌ ਗੁਰ ਬਿਨੁ ਘੋਰੁ ਅੰਧਾਰ ਗੁਰੂ ਬਿਨੁ ਸਮਝ ਨਾ ਆਵੈ ੌ ਕੰਨਾਂ ਵਿੱਚ ਗੂੰਜੀ ਜਾ ਰਹੀਆਂ ਸਨ।ਚੱਲੋਂ ਮਾਲਕ ਨੇ ਬਿਧ ਬਣਾਈ, ਥੋੜੀ ਮਿਹਨਤ ਕੀਤੀ ਤੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭ ਹੀ ਲਿਆ।
ਸ਼ਬਦ ਦੇ ਬੋਲ ਹਨ:-
ਗੁਰ ਬਿਨੁ ਘੋਰੁ ਅੰਧਾਰ ਗੁਰੂ ਬਿਨੁ ਸਮਝ ਨਾ ਆਵੈ।
ਗੁਰ ਬਿਨੁ ਸੁਰਤਿ ਨਾ ਸਿਧਿ ਗੁਰੂ ਬਿਨੁ ਮੁਕਤਿ ਨਾ ਆਵੈ।
ਗੁਰੁ ਕਰ ਸਚ ਬੀਚਾਰ ਗੁਰੂ ਕਰੁ ਰੇ ਮਨ ਮੇਰੇ।
ਗੁਰੁ ਕਰੁ ਸ਼ਬਦ ਸਪੁੰਨ ਅਘਨ ਕਟਹਿ ਸਭ ਤੇਰੇ।
ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲ ਕਹਿ।
ਜਿਨਿ ਗੁਰੂ ਨਾ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ।
(ਆਦਿ ਗ੍ਰੰਥ ਪੰਨਾ ਨੰਬਰ 213)
ਇਹ ਸ਼ਬਦ ਭੱਟ ਨਲ ਜੀ ਦਾ ਉਚਾਰਿਆ ਹੋਇਆ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 213 ਤੇ ਸਸ਼ੋਭਿਤ ਹੈ।ਹੁਣ ਮਨ ਸ਼ਾਂਤ ਸੀ, ਲਗਭਗ ਕੋਈ 10 ਤੋਂ 20 ਵਾਰ ਸ਼ਬਦ ਪੜਿਆ।ਮਨ ਨੇ ਆਪਣੇ ਆਪ ਨੂੰ ਖਿਆਲਾਂ ਦੀ ਦੁਨੀਆਂ ਤੋਂ ਬਾਹਰ ਕੱਢ ਕੇ ਸੱਚ ਦੇ ਸਾਹਮਣੇ ਰੱਖ ਦਿੱਤਾ।ਸੋਚ ਰਿਹਾ ਸਾਂ ਕਿ ਤੇਰਾ ਗੁਰੂ ਕੌਣ ਹੈ?ਕਿਉਂ? ਕਿਉਂਕਿ ਭੱਟ ਜੀ ਨੇ ਸ਼ਬਦ ਸ਼ੁਰੂ ਹੀ ਇੱਥੋਂ ਕੀਤਾ ੌ ਗੁਰ ਬਿਨੁ ਘੋਰੁ ਅੰਧਾਰ ਗੁਰੂ ਬਿਨੁ ਸਮਝ ਨਾ ਆਵੈ ੌ ਭਾਵ ਉਸ ਮੁਰਸ਼ਦ ਤੋਂ ਬਿਨ੍ਹਾਂ, ਉਸ ਗੁਰੂ ਤੋਂ ਬਿਨ੍ਹਾਂ ਇਹ ਦੁਨੀਆਂ ਉਸ ਮੱਸਿਆਂ ਦੀ ਕਾਲੀ ਰਾਤ ਦੀ ਤਰ੍ਹਾਂ ਹੈ, ਜਿਸ ਵਿੱਚ ਭਟਕਣ ਤੋਂ ਇਲਾਵਾ ਹੱਥ-ਪੱਲੇ ਕੁਝ ਨਹੀਂ ਪੈਦਾ।ਗੁਰੂ ਹੀ ਉਹ ਚਾਨਣ ਮੁਨਾਰਾ ਹੈ ਜ਼ੋ ਸਾਨੂੰ ਇਸ ਭਟਕਣ ਤੋਂ ਬਾਹਰ ਕੱਢ ਕੇ ਉਸ ਨੂਰ ਨਾਲ ਮਿਲਾ ਦਿੰਦਾ ਹੈ, ਜਿਸ ਨੂੰ ਅਸੀ ਪ੍ਰਮਾਤਮਾ ਕਹਿੰਦੇ ਹਾਂ।
ਜੇਕਰ ਗੁਰੂ ਸ਼ਬਦ ਦੇ ਸ਼ਾਬਦਿਕ ਅਰਥ ਕਰੀਏ ਤਾਂ ੌ ਗੁਰੂ ਸ਼ਬਦ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਨਿਕਲਿਆ ਹੈ, ਜੋ ਦੋ ਸ਼ਬਦਾਂ ਦੇ ਮੇਲ ਗੁ+ਰੂ ਤੋਂ ਬਣਿਆ ਹੈ।ਗੁ ਦਾ ਅੱਖਰੀ ਅਰਥ ਹੈ ਹਨੇਰਾ ਅਤੇ ਰੂ ਦਾ ਅੱਖਰੀ ਅਰਥ ਹੈ ਚਾਨਣ।ਗੁਰੂ ਦਾ ਅੱਖਰੀ ਅਰਥ ਹੀ ਇਹ ਹੈ ਕਿ ਜੋ ਮਨੁੱਖ ਦੇ ਅੰਦਰਲੇ ਹਨੇਰੇ ਨੂੰ ਛਣਾਂ ਵਿੱਚ ਦੂਰ ਕਰਕੇ ਅੰਦਰ ਗਿਆਨ ਦਾ ਚਾਨਣ ਭਰ ਦੇਵੇ, ਉਸ ਨੂੰ ਗੁਰੂ ਕਿਹਾ ਜਾਂਦਾ ਹੈ।ਇੱਕ ਗੁਰੂ ਹੀ ਹੈ ਜੋ ਸਾਨੂੰ ਇਸ ਕਾਲੀ-ਬੋਲੀ ਦੁਨੀਆਂ ਵਿੱਚੋਂ ਕੱਢ ਕੇ ਉਸ ਪ੍ਰਮਾਤਮਾ ਨਾਲ ਮਿਲਾ ਸਕਦਾ ਹੈ।ਗੁਰੂ ਹੀ ਹੈ, ਜਿਸ ਦੇ ਦੱਸੇ ਰਾਹ ਤੇ ਚੱਲ ਕੇ ਅਸੀ ਉਸ ਅਗੰਮੀ ਵਿੱਚ ਸਮਾ ਸਕਦੇ ਹਾਂ।
ਪਰ ਗੁਰੂ ਹੈ ਕਿੱਥੇ? ਮਿਲੂ ਕਿੱਥੇ? ਉਸ ਦੀ ਪਹਿਚਾਣ ਕੀ ਹੈ? ਉਸ ਦਾ ਪਹਿਰਾਵਾ ਕੀ ਹੈ? ਉਸ ਦੀ ਭਾਸ਼ਾ ਕੀ ਹੈ?ਕਿਉਂਕਿ ਮੱਝਾ, ਗਾਵਾਂ ਦੀ ਬੋਲੀ ਸਾਨੂੰ ਸਮਝ ਨਹੀਂ ਆਉਦੀ, ਦੇਵੀ-ਦੇਵਤੇ ਅਸੀ ਕਦੇ ਵੇਖੇ ਨਹੀਂ।ਇਸ ਲਈ ਜਦੋਂ ਤੱਕ ਕੋਈ ਇਸ ਦੁਨੀਆਂ ਤੇ ਸਾਡੇ ਵਰਗਾ ਬਣ ਕੇ ਨਾ ਆਵੇ, ਸਾਨੂੰ ਨਾ ਸਮਝਾਵੇ, ਉਦੋਂ ਤੱਕ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ।ਕਿਉਂਕਿ ਗੁਰੂ ਸਾਡੇ ਤੇ ਪ੍ਰਮਾਤਮਾ ਵਿੱਚ ਵਿਚੋਲੇ ਦਾ ਕੰਮ ਕਰਦਾ ਹੈ ਜੋ ਕਰੋੜਾ ਜਨਮਾਂ ਦੇ ਵਿਛੋੜੇ ਨੂੰ ਛਣਾਂ ਵਿੱਚ ਦੂਰ ਕਰਕੇ ਉਸ ਪ੍ਰਮਾਤਮਾ ਨਾਲ ਮਿਲਾ ਦਿੰਦਾ ਹੈ, ਜਿਵੇਂ ਗੁਰਬਾਣੀ ਵਿੱਚ ਆਉਦਾ ਹੈ:-
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ
ਵਿਛੁੜਿਆਂ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ
ਹਰਿ ਨਾਮੋ ਮੰਤ੍ਰ ਦ੍ਰਿੜਾਇਦਾ ਕਟੇ ਹਉਮੈ ਰੋਗੁ
ਨਾਨਕ ਸਤਿਗੁਰੁ ਤਿਨਾ ਮਿਲਾਇਆ
ਜਿਨਾ ਧੁਰੇ ਪਇਆ ਸੰਜੋਗ
(ਆਦਿ ਗ੍ਰੰਥ ਪੰਨਾ ਨੰਬਰ 957)
ਹੁਣ ਮਨ ਵਿੱਚ ਖਿਆਲ ਆਇਆ ਕਿ ਗੁਰੂ ਜੰਗਲਾਂ-ਪਹਾੜਾ ਵਿੱਚ ਛੁਪਿਆ ਹੈ, ਕਿਉਂਕਿ ਬਹੁਤੇ ਲੋਕ ਗੁਰੂ ਨੂੰ ਜੰਗਲਾਂ-ਪਹਾੜਾ ਵਿੱਚ ਲੱਭਦੇ ਫਿਰਦੇ ਹਨ।ਉਹ ਸੋਚਦੇ ਹਨ ਕਿ ਘਰ-ਬਾਰ ਛੱਡ ਕੇ ਉਹਨਾਂ ਅੰਦਰ ਪ੍ਰਮਾਤਮਾ ਨੂੰ ਮਿਲਣ ਦੀ ਕੋਈ ਬਹੁਤੀ ਤੜਪ ਪੈਦਾ ਹੁੰਦੀ ਹੈ।ਪਰ ਕੀ ਇਸ ਤਰ੍ਹਾ ਕਰਨ ਨਾਲ ਗੁਰੂ ਮਿਲ ਜਾਂਦਾ ਹੈ? ਕਦੇ ਵੀ ਨਹੀਂ।ਕੀ ਫਾਇਦਾ ਆਪਣੇ ਘਰ ਦਾ ਸੁੱਖ-ਆਰਾਮ ਛੱਡਿਆ।ਲੋਕਾਂ ਤੋਂ ਮੰਗ-ਮੰਗ ਕੇ ਗੁਜ਼ਾਰਾ ਕੀਤਾ।ਖਾਣ ਦੀ ਤਾਂ ਵੀ ਜ਼ਰੂਰਤ ਪਈ।ਚਿੱਟੇ ਕੱਪੜੇ ਲਾਹ ਦਿੱਤੇ, ਭਗਵੇ ਕੱਪੜੇ ਪਾ ਲਏ, ਤਨ ਢੱਕਣ ਲਈ ਕੱਪੜਿਆਂ ਦੀ ਤਾਂ ਫਿਰ ਵੀ ਜ਼ਰੂਰਤ ਪਈ।ਛੱਡੀ ਕਿਹੜੀ ਚੀਜ਼? ਸਗੋਂ ਆਪਣੇ ਕਰਮਾਂ ਦੇ ਨਾਲ-ਨਾਲ ਦੂਸਰਿਆਂ ਦੇ ਕਰਮਾਂ ਦਾ ਵੀ ਬੋਝ ਚੁੱਕਣਾ ਪਿਆ ਤੇ ਗੁਰੂ ਤੇ ਫਿਰ ਵੀ ਨਾ ਲੱਭਿਆਂ।ਕਿਉਂਕਿ ਇਸ ਵਿਚਾਰ ਨੂੰ ਬਾਬਾ ਫਰੀਦ ਜੀ ਨੇ ਨਿਕਾਰਦਿਆ ਹੋਇਆ ਫਰਮਾਇਆ ਹੈ:-
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ
(ਆਦਿ ਗ੍ਰੰਥ ਪੰਨਾ ਨੰਬਰ 432)
ਗੁਰੂ ਤਾਂ ਉਸ ਨੂਰ ਦਾ ਨਾਂ ਹੈ ਜੋ ਤੁਹਾਡੇ ਖ਼ਿਆਲ ਨੂੰ ਇਸ ਫ਼ਾਨੀ ਦੁਨੀਆਂ ਤੋਂ ਸਮੇਟ ਕੇ ਉਸ ਇੱਕ ਨਾਲ ਮਿਲਾ ਦਿੰਦਾ ਹੈ, ਜਿਸ ਨੂੰ ਅਸੀ ਪ੍ਰਮਾਤਮਾ, ਵਾਹਿਗੁਰੂ, ਅੱਲਾ, ਰਾਮ, ਹਰੀ ਓਮ ਆਦਿ ਨਾਵਾਂ ਨਾਲ ਯਾਦ ਕਰਦੇ ਹਾਂ।
ਗੁਰੂ ਸ਼ਰਨ ਦਾ ਮਤਲਬ ਆਪਣੀ ਮਰਜ਼ੀ ਨੂੰ ਗੁਰੂ ਦੀ ਮਰਜ਼ੀ ਵਿੱਚ ਰੱਖਣਾ ਹੈ ਅਤੇ ਆਪਣੇ ਆਪ ਨੂੰ ਪੂਰੇ ਤੌਰ ਤੇ ਗੁਰੂ ਦੇ ਹਵਾਲੇ ਕਰਨਾ ਹੈ।ਇਹ ਠੀਕ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਬਿਮਾਰ ਆਦਮੀ ਆਪਣਾ ਓਪਰੇਸ਼ਨ ਕਰਵਾਉਣ ਸਮੇਂ ਡਾਕਟਰ ਦੀ ਕਾਬਲੀਅਤ ਤੇ ਭਰੋਸਾ ਕਰਕੇ ਆਪਣੀ ਜ਼ਿੰਦਗੀ ਉਸ ਦੇ ਹਵਾਲੇ ਕਰ ਦਿੰਦਾ ਹੈ।ਗੁਰੂ ਦਾ ਕੰਮ ਨਿਰੋਲ ਅਧਿਆਪਕ ਦਾ ਹੀ ਨਹੀਂ, ਬਲਕਿ ਸਿੱਖ ਨੂੰ ਔਕੜਾਂ ਵਿੱਚ ਮਦਦ ਦੇ ਕੇ ਪਾਰ ਕਰਨ ਦਾ ਹੈ।ਸੱਚਾ ਤੇ ਅਸਲੀ ਦੋਸਤ ਉਹੀ ਹੁੰਦਾ ਹੈ ਜੋ ਸਾਨੂੰ ਕੇਵਲ ਇਹ ਹੀ ਨਾ ਦੱਸੇ ਕਿ ਕਿਸੇ ਔਕੜ ਵਿੱਚੋਂ ਕਿਵੇਂ ਬਾਹਰ ਨਿਕਲਣਾ ਹੈ ਬਲਕਿ ਸਾਨੂੰ ਮਦਦ ਦੇ ਕੇ ਬਾਹਰ ਵੀ ਕੱਢੇ।ਜਦ ਸਿੱਖ ਸਭ ਕੁਝ ਗੁਰੂ ਦੇ ਹਵਾਲੇ ਕਰ ੰਿਦੰਦਾ ਹੈ ਤਦ ਉਹ ਸਿੱਖ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ।ਸ੍ਰੀ ਗੁਰੂ ਰਾਮ ਦਾਸ ਜੀ ਤਾਂ ਖੋਲ ਕੇ ਸਮਝਾ ਰਹੇ ਹਨ:-
ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ
ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰੂ ਸਰਨਿ ਪਵੀਜੈ
(ਆਦਿ ਗ੍ਰੰਥ ਪੰਨਾ ਨੰਬਰ 1326)
ਪਰ ਸਤਿਗੁਰੂ ਦੀ ਸ਼ਰਨ ਬਹੁਤ ਹੀ ਉੱਚੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ।ਕਿਉਂਕਿ ਪੂਰੇ ਸਤਿਗੁਰੂ ਦੇ ਚਰਨਾਂ ਵਿੱਚ ਹਰ ਕੋਈ ਪ੍ਰਾਣੀ ਨਹੀਂ ਜਾ ਸਕਦਾ।ਇਹ ਤਾ ਉਸ ਦਾਤੇ ਦੀ ਬਖਸ਼ਿਸ਼ ਹੋਵੇ ਤਾਂ ਸਭ ਤੋਂ ਪਹਿਲਾਂ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਭੇਜਦਾ ਹੈ, ਉਸ ਦੇ ਸਾਰੇ ਭਰਮ-ਭੁਲੇਖੇ ਦੂਰ ਕਰਵਾਉਦਾ ਹੈ ਅਤੇ ਫਿਰ ਨਾਮ-ਸਿਮਰਨ ਦਾ ਭੇਦ ਸਮਝਾਉਦਾ ਹੈ।ਗੁਰਬਾਣੀ ਵਿੱਚ ਆਉਦਾ ਹੈ:-
ਮੈ ਹਰਿ ਬਿਨੁ ਅਵਰੁ ਨਾ ਕੋਇ
ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ
(ਆਦਿ ਗ੍ਰੰਥ ਪੰਨਾ ਨੰਬਰ 81)
ਅੰਤ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਤਿਗੁਰ ਦੀ ਸ਼ਰਨ ਲੈਣ ਨਾਲ ਪ੍ਰਾਣੀ ਨੂੰ ਮਾਲਕ ਬਖ਼ਸ਼ ਦਿੰਦਾ ਹੈ।ਉਸ ਪਰਮ ਪਿਤਾ ਪ੍ਰਮਾਤਮਾ ਦੀ ਦਰਗਾਹ ਵਿੱਚ ਸਤਿਗੁਰ ਦੀ ਮੇਹਰ ਸਦਕਾ ਮਾਣ ਮਿਲਦਾ ਹੈ।ਸਤਿਗੁਰ ਦੀ ਸ਼ਰਨ ਤੋਂ ਮਾਲਕ ਦੀ ਸ਼ਰਨ ਨਸੀਬ ਹੋ ਸਕਦੀ ਹੈ।ਅਸਲ ਰੂਪ ਵਿੱਚ ਸਤਿਗੁਰ ਦੀ ਸ਼ਰਨ ਤੋਂ ਵਿਹੂਣੇ ਹੋਣ ਤੇ ਅਨੇਕਾਂ ਕਲੇਸ਼ਾਂ ਦਾ ਜੀਵ ਭਾਗੀ ਬਣ ਜਾਂਦਾ ਹੈ, ਜਿਸ ਤਰ੍ਹਾ ਇੱਕ ਬੱਚਾ ਆਪਣੀ ਮਾਂ ਦੀ ਗੋਦ ਤੋਂ ਵਾਂਝਾ ਹੋ ਕੇ ਦੁੱਖਾਂ ਦਾ ਭਾਗੀ ਹੁੰਦਾ ਹੈ।ਗੁਰਬਾਣੀ ਵਿੱਚ ਸਤਿਗੁਰ ਦੀ ਸ਼ਰਨ ਲੈਣ ਦਾ ਬੜੇ ਜ਼ੋਰ ਨਾਲ ਉਪਦੇਸ਼ ਦਿੱਤਾ ਗਿਅ ਹੈ ਜਿਵੇ:-
ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲਿ ਜਾਉ
ਦਰਿ ਸਚੈ ਸਚੀ ਵਡਿਆਈ ਸਹਜੇ ਸਚਿ ਸਮਾਉ
ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ ਮਿਲਾਉ
(ਆਦਿ ਗ੍ਰੰਥ ਪੰਨਾ ਨੰਬਰ 31)
ਜੀਅ ਦਾਨੁ ਗੁਰਿ ਪੂਰੇ ਦੀਆ ਰਾਮ ਨਾਮਿ ਚਿਤੁ ਲਾਏ
ਆਪਿ ਕ੍ਰਿਪਾਲ ਕ੍ਰਿਪਾ ਕਰਿ ਦੇਵੈ ਨਾਨਕ ਗੁਰ ਸਰਣਾਏ
(ਆਦਿ ਗ੍ਰੰਥ ਪੰਨਾ ਨੰਬਰ 443)
ਹਰਦਰਸ਼ਨ ਸਿੰਘ ਕਮਲ
ਪਿੰਡ ਪਿੱਦੀ, ਤਹਿਸੀਲ ਤੇ ਜਿਲ੍ਹਾ ਤਰਨ ਤਾਰਨ (ਪੰਜਾਬ),
ਪਿਨ ਕੋਡ-143401,
ਮੋਬਾਇਲ ਨੰਬਰ: 97797-12110
(ਮੈਂਬਰ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ (ਰਜਿ:), ਤਰਨ ਤਾਰਨ)
(ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਪੰਜਾਬ)


0 comments:
Speak up your mind
Tell us what you're thinking... !