ਸਵੇਰ ਦਾ ਸਮਾਂ ਸੀ। ਨਾਸ਼ਤੇ ਤੋਂ ਵਿਹਲੀ ਹੋ ਕੇ ਪ੍ਰਭਜੋਤ ਰਸੋਈ ਵਿਚ ਭਾਂਡੇ ਮਾਂਜਣ ’ਚ ਰੁੱਝੀ ਹੋਈ ਹੈ। ਨੰਨ੍ਹੀ ਸ਼ੀਨਾ ਉਸ ਦੇ ਕਪੜੇ ਖਿੱਚ-ਖਿੱਚ ਕੇ ਉਸ ਨੂੰ ਤੰਗ ਕਰਦੀ ਹੋਈ ਰੋ ਰਹੀ ਹੈ। ‘‘ਜਲਦੀ ਕੰਮ ਨਬੇੜ ਲੈ ਤੇ ਜਾ ਕੇ ਸ਼ੀਨਾ ਨੂੰ ਸਵਾ ਦੇ।’’ ਉਹਦੀ ਸੱਸ ਬੋਲੀ।
ਅਪਣੀ ਸੱਸ ਗੁਰਜੀਤ ਦੀ ਗੁੱਸੇ ਭਰੀ ਆਵਾਜ਼ ਸੁਣਦਿਆਂ ਹੀ ਪ੍ਰਭਜੋਤ ਕਾਹਲੀ ਨਾਲ ਕੰਮ ਨਬੇੜ ਕੇ ਸ਼ੀਨਾ ਨੂੰ ਚੁੱਕ ਕੇ ਪਿਛਲੇ ਕਮਰੇ ਅੰਦਰ ਲੈ ਗਈ ਤੇ ਦੁੱਧ ਪਿਲਾਉਣ ਲੱਗੀ।
ਪ੍ਰਭਜੋਤ ਦੇ ਅੰਦਰ ਜਾਂਦਿਆਂ ਹੀ ਗੁਰਜੀਤ ਨੇ ਛੇਤੀ-ਛੇਤੀ ਉੱਠ ਕੇ ਅਪਣਾ ਤੇ ਅਪਣੀ ਧੀ ਦੀਪਾ ਦਾ ਨਵਾਂ ਸੂਟ ਤੇ ਕੁੱਝ ਮੇਕਅੱਪ ਦਾ ਸਮਾਨ ਇਕ ਲਿਫ਼ਾਫ਼ੇ ਵਿਚ ਪਾਇਆ ਤੇ ਲਿਫ਼ਾਫ਼ਾ ਬਾਹਰਲੇ ਗੇਟ ਵਲ ਖੁਲ੍ਹਦੇ ਬੈਠਕ ਦੇ ਦਰਵਾਜ਼ੇ ਪਿੱਛੇ ਰੱਖ ਆਈ। ਫਿਰ ਉਹਨੇ ਵਿਹੜੇ ਵਿਚ ਖੁਲ੍ਹਦੇ ਬੈਠਕ ਦੇ ਬੂਹੇ ਨੂੰ ਘੁੱਟ ਕੇ ਬੰਦ ਕਰ ਦਿਤਾ ਤੇ ਖ਼ੁਦ ਰਸੋਈ ਵਿਚ ਆ ਗਈ। ਏਨੇ ਨੂੰ ਬਾਹਰਲਾ ਦਰਵਾਜ਼ਾ ਖੜਕਿਆ ਤੇ ਉਸ ਦਾ ਦਿਉਰ ਤੇ ਦਰਾਣੀ ਅੰਦਰ ਲੰਘ ਆਏ, ‘‘ਲੈ! ਅਜੇ ਇੰਜ ਹੀ ਬੈਠੀਆਂ ਹੋ। ਤਿਆਰ ਨਹੀਂ ਹੋਈਆਂ?’’ ਗੁਰਜੀਤ ਤੇ ਦੀਪਾ ਨੂੰ ਸਾਧਾਰਣ ਜਹੇ ਸੂਟ ਵਿਚ ਵੇਖਦੇ ਹੀ ਪ੍ਰਭਜੋਤ ਦੀ ਦਰਾਣੀ ਦਲਜੀਤ ਬੋਲੀ।
‘‘ਹਾਏ ਰੱਬਾ! ਹੌਲੀ ਬੋਲ...।’’ ਗੁਰਜੀਤ ਸਾਰੇ ਸ਼ਬਦਾਂ ਨੂੰ ਬੁੱਲ੍ਹਾ ’ਚ ਦਬਾਉੁਂਦੀ ਹੋਈ ਦਬਵੀਂ ਆਵਾਜ਼ ਵਿਚ ਬੋਲੀ।
‘‘ਕੀ ਹੋਇਆ?’’ ਦਲਜੀਤ ਹੈਰਾਨ ਹੋ ਕੇ ਬੋਲੀ।
‘‘ਇਧਰ ਬੈਠਕ ਵਿਚ ਈ ਆ ਜਾਉ’’ ਤੇ ਉਸ ਨੇ ਦਲਜੀਤ ਤੇ ਜਗਤਾਰ ਦੇ ਅੰਦਰ ਲੰਘਦੇ ਹੀ ਬੂਹਾ ਬੰਦ ਕਰ ਲਿਆ।
‘‘ਹੋਰ ਕੁੱਝ ਨਹੀਂ, ਬਸ ਅਸਾਂ ਸੋਚਿਐ ਕਿ ਇਸ ਵਾਰ ਪ੍ਰਭਜੋਤ ਨੂੰ ਦੀਪਾ ਦੇ ਰਿਸ਼ਤੇ ਦੀ ਗੱਲ ਬਾਰੇ ਬਿਲਕੁਲ ਨਹੀਂ ਦਸਣਾ। ਤੁਹਾਨੂੰ ਵੀ ਪਤਾ ਈ ਹੈ ਕਿ ਅਪਣੀ ਦੀਪਾ ਦੀ ਹੁਣ ਤਕ ਕਈ ਥਾਈਂ ਗੱਲ ਚਲ ਚੁੱਕੀ ਹੈ, ਪਰ ਸਿਰੇ ਨਹੀਂ ਚੜ੍ਹਦੀ। ਜਿਹੜੀ ਥਾਂ ਵੀ ਇਹਨੂੰ ਨਾਲ ਲੈ ਕੇ ਗਈ ਆਂ, ਅਗਲਿਆਂ ਜਵਾਬ ਹੀ ਦਿਤੈ। ਮੈਂ ਤਾਂ ਕਈ ਵਾਰ ਇਨ੍ਹਾਂ ਨੂੰ ਕਿਹੈ ਬਈ ਇਸ ਮਨਹੂਸ ਨੂੰ ਘਰ ਹੀ ਛੱਡ ਜਾਉ। ਇਹ ਹਰ ਵਾਰ ਇਹੀ ਕਹਿੰਦੇ ਨੇ, ‘ਨਹੀਂ ਐਵੇਂ ਚੰਗਾ ਨਹੀਂ ਲਗਦਾ। ਇਕੋ-ਇਕ ਨੂੰਹ ਏ।’ ਮੈਂ ਵੇਖਿਐ, ਜਦੋਂ ਵੀ ਕਿਧਰੇ ਗੱਲ ਤੁਰਦੀ ਏ... ਇਹਦੇ ਕੰਨੀ ਪੈ ਜਾਏ ਸਹੀ... ਬਸ ਗੱਲ ਉਥੇ ਹੀ ਕਿਸੇ ਤਰ੍ਹਾਂ ਠੱਪ ਹੋ ਜਾਂਦੀ ਹੈ। ਹੁਣ ਤਾਂ ਮੈਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾਅ ਦਿਤੈ ਕਿ ਪ੍ਰਭਜੋਤ ਨੂੰ ਦੀਪਾ ਦੇ ਰਿਸ਼ਤੇ ਦੀ ਗੱਲ ਬਿਲਕੁਲ ਨਹੀਂ ਪਤਾ ਲਗਣੀ ਚਾਹੀਦੀ ਤਾਂ ਹੀ ਇਹ ਕਾਰਜ ਹੋ ਸਕਦੈ।’’
‘‘ਹੈ ਕਿਥੇ ਹੁਣ?’’ ਵਿਚੋਂ ਹੀ ਉਸ ਦਾ ਦਿਉਰ ਜਗਤਾਰ ਬੋਲ ਪਿਆ।
‘‘ਪਿਛਲੇ ਕਮਰੇ ਅੰਦਰ ਏ। ਸ਼ੀਨਾ ਨੂੰ ਸਵਾਉਂਦੀ ਹੋਵੇਗੀ। ਹੁਣ ਤੁਸੀ ਵੀ ਉਹਦੇ ਸਾਹਮਣੇ ਕੋਈ ਗੱਲ ਨਾ ਕਰਿਉ। ਇੰਜ ਲੱਗੇ ਕਿ ਤੁਸੀ ਵੈਸੇ ਹੀ ਮਿਲਣ ਆਏ ਹੋ।’’
²... ਤੇ ਏਨੇ ਨੂੰ ਪ੍ਰਭਜੋਤ ਚਾਹ ਲੈ ਕੇ ਆ ਗਈ। ਉਸ ਦੇ ਆਉੁਂਦਿਆਂ ਹੀ ਸਾਰੇ ਚੁੱਪ ਹੋ ਗਏ। ਪੈਰੀਂ-ਹੱਥ ਲਾਉਣ ਤੋਂ ਬਾਅਦ ਉਹ ਉਥੇ ਉਨ੍ਹਾਂ ਕੋਲ ਹੀ ਬੈਠ ਗਈ।
‘‘ਸੌਂ ਗਈ ਸ਼ੀਨਾ?’’ ਦਲਜੀਤ ਓਪਰਾ ਜਿਹਾ ਮੁਸਕਬਰਾਉਂਦੀ ਹੋਈ ਬੋਲੀ।
‘‘ਹਾਂ ਜੀ...’’ ਕਹਿੰਦਿਆਂ ਉਹ ਦਲਜੀਤ ਨਾਲ ਹੋਰ ਗੱਲਾਂ ਕਰਨ ਪਈ।
‘‘ਆਟਾ ਗੁੰਨ੍ਹਣ ਵਾਲਾ ਪਿਐ... ਜਾ, ਜਾ ਕੇ ਆਟਾ ਗੁੰਨ੍ਹ ਲੈ।’’ ਗੁਰਜੀਤ ਦੇ ਕਹਿੰਦਿਆਂ ਹੀ ਪ੍ਰਭਜੋਤ ਉਠ ਕੇ ਰਸੋਈ ਵਿਚ ਆ ਗਈ ਤੇ ਦਲਜੀਤ ਨੇ ਝੱਟ ਉਠ ਕੇ ਬੂਹਾ ਢੋਅ ਦਿਤਾ। ਪ੍ਰਭਜੋਤ ਨੂੰ ਉਨ੍ਹਾਂ ਦਾ ਅਜਿਹਾ ਕਰਨਾ ਬਿਲਕੁਲ ਵੀ ਚੰਗਾ ਨਾ ਲੱਗਾ ਤੇ ਝੱਟ ਹੀ ਉਸ ਦੀਆਂ ਅੱਖਾਂ ਵਿਚ ਅੱਥਰੂ ਘੁਲਣ ਲੱਗੇ। ਬੈਠਕ ਵਿਚ ਕੁੱਝ ਦੇਰ ਉਨ੍ਹਾਂ ਦਾ ਵਿਚਾਰ-ਵਟਾਂਦਰਾ ਚਲਦਾ ਰਿਹਾ ਤੇ ਫਿਰ ਗੁਰਜੀਤ ਬੋਲੀ, ‘‘ਤੁਸੀ ਇੰਜ ਕਰੋ... ਸਿੱਧੇ ਹੋਟਲ ਪਹੁੰਚੋ। ਕਮਰਾ ਉਥੇ ਅਸਾਂ ਬੁੱਕ ਕਰਵਾ ਦਿਤਾ ਹੋਇਐ। ਉਥੇ ਹੀ ਵੇਖ-ਵਿਖਾਈ ਕਰਾਂਗੇ। ਤੁਸੀ ਜਾ ਕੇ ਚਾਬੀ ਲੈ ਕੇ ਬੂਹਾ ਖੋਲ੍ਹੋ। ਇਹ ਤੇ ਕੁਲਰਾਜ ਦਫ਼ਤਰ ਤੋਂ ਸਿੱਧੇ ਉਥੇ ਈ ਆ ਜਾਣਗੇ। ਬਾਕੀ ਮੈਂ ਬਲਜੀਤ ਨੂੰ ਵੀ ਫ਼ੋਨ ਕਰ ਦਿਤਾ ਸੀ ਬਈ ਪ੍ਰਾਹੁਣੇ ਨਾਲ ਸਿੱਧੀ ਹੋਟਲ ਈ ਆ ਜਾਵੀਂ। ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਗੱਲ ਬਣ ਜਾਵੇ ਹੁਣ ਬਸ। ਅਠਾਈਆਂ ਦੀ ਹੋ ਚਲੀ ਐ ਅਪਣੀ ਦੀਪਾ। ਮੈਨੂੰ ਤਾਂ ਇਹਦੇ ਫ਼ਿਕਰ ਨੇ ਈ ਖਾ ਲਿਐ। ਸੱਚੀਂ! ਜਿਥੇ ਵੀ ਮੁੰਡਾ ਵੇਖਦੇ ਆਂ, ਅਗਲੇ ਕੁੜੀ ਵੇਖਦੇ ਨੇ ਤੇ ਬਸ ਚੁੱਪ ਈ ਕਰ ਜਾਂਦੇ ਨੇ। ਪਤਾ ਨਹੀਂ ਕੀਹਦੀ ਨਜ਼ਰ ਖਾ ਗਈ ਏ।’’ ਗੁਰਜੀਤ ਡਾਹਢੀ ਉਦਾਸ ਹੁੰਦੀ ਹੋਈ ਬੋਲੀ।
‘‘ਕੋਈ ਨਾ, ਕੋਈ ਨਾ। ਫ਼ਿਕਰ ਨਾ ਕਰੋ। ਸਾਨੂੰ ਤਾਂ ਲਗਦੈ ਇਸ ਵਾਰੀ ਗੱਲ ਬਣ ਈ ਜਾਣੀ ਐ... ਮੁੰਡਾ ਵੀ ਵਧੀਐ... ਤੇ ਘਰਬਾਰ ਵੀ..² ਚਲੋ ਮੀਟ-ਸ਼ਰਾਬ ਦਾ ਈ ਲਗਦੈ ਤੁਹਾਨੂੰ... ਵੈਸੇ ਵੇਖਿਆ ਜਾਏ ਤਾਂ ਇਹ ਕੋਈ ਵੱਡੀ ਗੱਲ ਨਹੀਂ... ਉਹ ਕਿਹੜਾ ਰੋਜ਼-ਰ²ੋਜ਼ ਖਾਂਦਾ ਪੀਂਦੈ। ਪਾਰਟੀ ਵਗ਼ੈਰਾ ’ਤੇ ਤਾਂ ਅੱਜਕਲ ਸਾਰੇ ਈ ਖਾ-ਪੀ ਲੈਂਦੇ ਨੇ।’’
‘‘ਚਲੋ ਗੱਲਾਂ ਫਿਰ ਹੁੰਦੀਆਂ ਰਹਿਣਗੀਆਂ...। ਛੇਤੀ ਕਰੋ ਹੁਣ ਤੁਸੀ ਸਿੱਧੇ ਹੋਟਲ ਚਲੋ।’’ ਗੁਰਜੀਤ ਜਗਤਾਰ ਦੀ ਗੱਲ ਕਟਦੀ ਹੋਈ ਬੋਲੀ ਤੇ ਉਹ ਸਾਰੇ ਉਠ ਖੜੇ ਹੋਏ। ‘‘ਦੀਪਾ ਚਲ ਤੁਰ...।’’ ਉਨ੍ਹਾਂ ਦੇ ਜਾਂਦਿਆਂ ਹੀ ਗੁਰਜੀਤ ਨੇ ਦੀਪਾ ਨੂੰ ਆਵਾਜ਼ ਮਾਰੀ।
‘‘ਕਿਧਰ ਚਲੇ ਓ...?’’ ਕੋਲ ਬੈਠੀ ਪ੍ਰਭਜੋਤ ਨੇ ਪੁਛਿਆ।
‘ਤੂੰ ਜ਼ਰੂਰ ਪੁਛਣੈ?... ਨਹਿਸ ਕਿਤੋਂ ਦੀ...।’ ਬਿਨਾਂ ਬੋਲੇ ਗੁਰਜੀਤ ਮਨ ਈ ਮਨ ਕੁੜ੍ਹਨ ਲੱਗੀ ਤੇ ਉਸ ਦੇ ਮੱਥੇ ਦੇ ਵੱਟ ਹੋਰ ਵੀ ਗੂਹੜੇ ਹੋ ਗਏ। ‘‘ਬਾਹਰਲੇ ਗੁਰਦਵਾਰੇ ਚੱਲੇ ਆਂ... ਮੱਥਾ ਟੇਕਣ।’’ ਇਹ ਕਹਿੰਦਿਆਂ ਗੁਰਜੀਤ ਤੇ ਦੀਪਾ ਨੇ ਚੁੰਨੀ ਚੁਕੀ, ਜੁੱਤੀ ਪਾਈ ਤੇ ਬਾਹਰਲੇ ਗੇਟ ਵਲ ਹੋ ਤੁਰੀਆਂ। ਦੀਪਾ ਨੇ ਹੌਲੀ ਜਹੀ ਲਿਫ਼ਾਫ਼ਾ ਵੀ ਚੁੱਕ ਲਿਆ।
‘‘ਸ਼ੁਕਰ ਐ ਇਸ ਵਾਰ ਭਾਪੇ ਤੇ ਵੀਰ ਜੀ ਨੇ ਭਾਬੀ ਨੂੰ ਕੋਈ ਗੱਲ ਨਹੀਂ ਦੱਸੀ।’’ ਰਿਕਸ਼ੇ ’ਤੇ ਬੈਠਦਿਆਂ ਦੀਪਾ ਮਾਂ ਅੱਗੇ ਮਨ ਦੀ ਭੜਾਸ ਕਢਦੀ ਹੋਈ ਬੋਲੀ।
‘‘ਮੈਂ ਤਾਂ ਹਰ ਵਾਰ ਕਹਿਨੀ ਆਂ। ਇਨ੍ਹਾਂ ਨੂੰ ਪਤਾ ਨਹੀਂ, ਕੀ ਹੈਗੈ ਉਹਦੇ ਨਾਲ। ਚਲ ਛੱਡ ਹੁਣ, ਉਹਦਾ ਧਿਆਨ ਬਿਲਕੁਲ ਨਾ ਕਰ।’’ ਗੁਰਜੀਤ ਬੋਲੀ।
ਹੋਟਲ ਦੇ ਕਮਰੇ ’ਚ ਪਹੁੰਚਦਿਆਂ ਹੀ ਉਨ੍ਹਾਂ ਵੇਖਿਆ ਦਲਜੀਤ ਤੇ ਜਗਤਾਰ ਉਥੇ ਪਹੁੰਚੇ ਹੋਏ ਸਨ। ਮਾਂਵਾਂ-ਧੀਆਂ ਨੇ ਛੇਤੀ-ਛੇਤੀ ਕਪੜੇ ਬਦਲ ਲਏ। ਥੋੜੀ ਦੇਰ ਬਾਅਦ ਇਕ ਪਾਰਲਰ ਵਾਲੀ ਕੁੜੀ ਵੀ ਆ ਗਈ, ਜਿਸ ਨੂੰ ਗੁਰਜੀਤ ਨੇ ਖ਼ਾਸ ਤੌਰ ’ਤੇ ਸਦਿਆ ਸੀ। ਉਹ ਚਾਹੁੰਦੀ ਸੀ ਕਿ ਉਹ ਦੀਪਾ ਦੀ ਸਾਧਾਰਣ ਜਹੀ ਦਿੱਖ ਨੂੰ ਆਕਰਸ਼ਕ ਬਣਾ ਦੇਵੇ, ਜਿਵੇਂ ਉਹ ਬਜ਼ਿੱਦ ਸੀ ਕਿ ਅੱਜ ਰਿਸ਼ਤਾ ਕਰ ਕੇ ਹੀ ਜਾਣਾ ਹੈ। ਗੁਰਜੀਤ ਦਾ ਪਤੀ ਸੁਖਦੀਪ ਸਿੰਘ ਤੇ ਪੁੱਤਰ ਕੁਲਰਾਜ ਵੀ ਆ ਗਏ। ਏਨੇ ਨੂੰ ਧੀ ਬਲਜੀਤ ਤੇ ਉਸ ਦੇ ਘਰ ਵਾਲੇ ਨੇ ਆ ਕੇ ਦਸਿਆ ਕਿ ਮੁੰਡੇ ਵਾਲਿਆਂ ਦੀ ਕਾਰ ਹੇਠਾਂ ਖੜੀ ਲਗਦੀ ਹੈ। ਉਹ ਸਾਰੇ ਹੇਠਾਂ ਚਲੇ ਗਏ।
‘‘ਇਹ ਤਾਂ ਸਿਰਫ਼ ਤਿੰਨ ਜਣੇ ਹੀ ਆਏ ਨੇ। ਮੈਂ ਵੀ ਤੈਨੂੰ ਕਿਹਾ ਸੀ ਕਿ ਆਪਾਂ ਵੀ ਬਸ ਤਿੰਨੋ ਈ ਠੀਕ ਆਂ। ਤੂੰ ਈ ਸਾਰਿਆਂ ਨੂੰ ਸੱਦ ਬਹਿਨੀ ਏਂ।’’ ਦੂਰੋਂ ਮੁੰਡੇ ਵਾਲਿਆਂ ਨੂੰ ਵੇਖਦਿਆਂ ਈ ਸੁਖਦੀਪ, ਗੁਰਜੀਤ ਦੇ ਕੰਨ ਕੋਲ ਹੁੰਦਿਆਂ ਬੋਲਿਆ।
‘‘ਕੋਈ ਨਹੀਂ..., ਸਾਰਿਆਂ ਦਾ ਆਉਣਾ ਜ਼ਰੂਰੀ ਹੁੰਦੈ...। ਸਾਰੇ ਖ਼ਾਸ ਨੇ... ਕੀਹਨੂੰ ਛਡੀਏ... ਸਾਰਿਆਂ ਦੀ ਸਲਾਹ ਲੈਣੀ ਹੁੰਦੀ ਏ... ਤੇ ਹੁਣ ਚੁੱਪ ਕਰ ਜਾਉ ਤੁਸੀ।’’ ਗੁਰਜੀਤ ਨੇ ਗੁੱਸੇ ਵਿਚ ਬੋਲਦਿਆਂ ਸੁਖਦੀਪ ਨੂੰ ਘੂਰੀ ਵੱਟੀ ਤਾਂ ਉਹ ਇਕਦਮ ਚੁੱਪ ਕਰ ਗਿਆ।
ਰਸਮੀ ਸਤਿ ਸ੍ਰੀ ਅਕਾਲ ਤੋਂ ਬਾਅਦ ਕੁੱਝ ਦੇਰ ਹੇਠਾਂ ਹਾਲ ਵਿਚ ਬੈਠ ਕੇ ਹੀ ਗੱਲਬਾਤ ਹੁੰਦੀ ਰਹੀ ਤੇ ਫਿਰ ਸਾਰੇ ਕਮਰੇ ਵਿਚ ਆ ਗਏ। ਉਨ੍ਹਾਂ ਦੀ ਖਾਤਰਦਾਰੀ ਦਾ ਵੀ ਪੂਰਾ ਪ੍ਰਬੰਧ ਸੀ। ਮੁੰਡਾ ਸੋਹਣਾ, ਸੁਣੱਖਾ ਹੋਣ ਕਾਰਨ ਸਾਰਿਆਂ ਨੂੰ ਜੱਚ ਗਿਆ। ਸੁਖਦੀਪ ਨੇ ਸਾਰਿਆਂ ਦੀ ਜਾਣ-ਪਛਾਣ ਕਰਾਈ। ਨੂੰਹ ਬਾਰੇ ਪੁੱਛਣ ’ਤੇ ਗੁਰਜੀਤ ਨੇ ਝੱਟ ਕਿਹਾ, ‘‘ਉਹ ਰਾਤ ਦੀ ਢਿੱਲੀ ਸੀ... ਬਸ ਥੋੜੀ ਦੇਰ ਲਈ ਕਿਸੇ ਰਿਸ਼ਤੇਦਾਰ ਨੂੰ ਉਸ ਕੋਲ ਛੱਡ ਕੇ ਆਏ ਹਾਂ। ਸਾਡਾ ਤਾਂ ਸਾਰਾ ਧਿਆਨ ਹੀ ਉਸ ਵਿਚ ਹੈ।’’
ਖ਼ੈਰ! ਗੱਲ ਆਈ ਗਈ ਹੋ ਗਈ। ਮੁੰਡੇ ਦੇ ਪਿਉ ਨੇ ਦੀਪਾ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ, ਜਿਨ੍ਹਾਂ ਵਿਚੋਂ ਕਈ ਗੱਲਾਂ ਗੁਰਜੀਤ ਤੇ ਸੁਖਦੀਪ ਨੂੰ ਬਿਲਕੁਲ ਵੀ ਚੰਗੀਆਂ ਨਾ ਲਗੀਆਂ, ਪਰ ਉਨ੍ਹਾਂ ਨੇ ਚੁੱਪ ਰਹਿਣਾ ਹੀ ਮੁਨਾਸਬ ਸਮਝਿਆ। ਸਾਰਿਆਂ ਦੀ ਆਪਸੀ ਗੱਲਬਾਤ ਤੋਂ ਬਾਅਦ ਕੁੱਝ ਦੇਰ ਲਈ ਕੁੜੀ-ਮੁੰਡੇ ਨੂੰ ਗੱਲਬਾਤ ਕਰਨ ਲਈ ਇਕੱਲਿਆਂ ਛੱਡ ਦਿਤਾ ਗਿਆ। ਉਸ ਮਗਰੋਂ ਕੁੱਝ ਦੇਰ ਮੁੰਡੇ ਵਾਲੇ ਆਪਸ ਵਿਚ ਵਿਚਾਰ-ਵਟਾਂਦਰਾ ਕਰਦੇ ਰਹੇ। ਜਦੋਂ ਸਾਰੇ ਮੁੜ ਇਕੱਠੇ ਹੋਏ ਤਾਂ ਸੁਖਦੀਪ ਦੇ ਪੁੱਛਣ ’ਤੇ ਮੁੰਡੇ ਦਾ ਪਿਉ ਬੋਲਿਆ, ‘‘ਕਾਹਲੀ ਕਾਹਦੀ ਹੈ ਜੀ... ਆਪਾਂ ਇਕ-ਦੂਜੇ ਨੂੰ ਮਿਲ ਲਿਐ, ਗੱਲਬਾਤ ਕਰ ਲਈ ਏ। ਘਰ ਜਾ ਕੇ ਤੁਸੀ ਵੀ ਆਰਾਮ ਨਾਲ ਸਲਾਹ ਕਰ ਲਉ ਤੇ ਅਸੀ ਵੀ ਕਰ ਲੈਂਦੇ ਆਂ। ਬਾਕੀ ਗੱਲਾਂ-ਬਾਤਾਂ ਤਾਂ ਫ਼ੋਨ ’ਤੇ ਹੁੰਦੀਆਂ ਹੀ ਰਹਿਣਗੀਆਂ।’’
ਫਿਰ ਕੁੱਝ ਦੇਰ ਦੀਆਂ ਸਾਧਾਰਣ ਗੱਲਾਂ-ਬਾਤਾਂ ਤੋਂ ਬਾਅਦ ਉਹ ਉਨ੍ਹਾਂ ਨੂੰ ਹੇਠਾਂ ਤਕ ਛੱਡਣ ਲਈ ਚਲੇ ਗਏ ਤੇ ਉਧਰੋਂ ਹੀ ਸਾਰੇ ਆਪੋ-ਅਪਣੇ ਟਿਕਾਣਿਆਂ ’ਤੇ ਚਲੇ ਗਏ।
ਦਿਨ ਬੀਤਣ ਲੱਗੇ। ਉਹ ਕੁੱਝ ਦਿਨ ਫ਼ੋਨ ਉਡੀਕਦੇ ਰਹੇ ਤੇ ਇਕ ਦਿਨ ਸੁਖਦੀਪ ਨੇ ਮੁੰਡੇ ਵਾਲਿਆਂ ਨੂੰ ਫ਼ੋਨ ਕੀਤਾ ਤਾਂ ਅੱਗੋਂ ਜਵਾਬ ਮਿਲਿਆ, ‘ਅਜੇ ਸਲਾਹ ਕਰ ਰਹੇ ਹਾਂ। ਦੋ ਕੁ ਦਿਨ ਠਹਿਰ ਕੇ ਫ਼ੋਨ ਕਰੋ।’ ਉਨ੍ਹਾਂ ਨੇ ਫਿਰ ਫ਼ੋਨ ਕੀਤਾ ਤਾਂ ਕੋਈ ਹੋਰ ਬਹਾਨਾ। ਕੁੱਝ ਦਿਨਾਂ ਬਾਅਦ ਫਿਰ ਫ਼ੋਨ ਕੀਤਾ ਤਾਂ ਅਗਲਿਆ ਫ਼ੋਨ ਈ ਕੱਟ ਦਿਤਾ। ਭਰਿਆ-ਪੀਤਾ ਸੁਖਦੀਪ, ਗੁਰਜੀਤ ਵਲ ਵੇਖਦਿਆਂ ਬੋਲਿਆ, ‘‘ਲੈ ਵੇਖ ਲੈ ਲੋਕਾਂ ਦਾ ਹਾਲ... ਅੱਜਕਲ ਤਾਂ ਲੋਕੀਂ ਅਸਮਾਨੀਂ ਚੜ੍ਹੇ ਪਏ ਨੇ। ਆਕੜ ਈ ਮਾਣ ਨਹੀਂ। ਗੱਲ ਕਰ ਕੇ ਵੀ ਰਾਜ਼ੀ ਨਹੀਂ ਹੁਣ... ਤੂੰ ਹੀ ਹੋਟਲ ਦਾ ਕਮਰਾ ਬੁੱਕ ਕਰਾਉਣ ਨੂੰ ਕਹਿ ਬਹਿਨੀ ਏਂ...। ਕਦੇ ਖ਼ਰਚੇ ਬਾਰੇ ਵੀ ਸੋਚ ਲਿਆ ਕਰ... ਗੱਲ ਪਤਾ ਨਹੀਂ ਬਣਨੀ ਹੁੰਦੀ ਏ ਕਿ ਨਹੀਂ... ਇਹਦੇ ਨਾਲੋਂ ਤਾਂ ਘਰ ਹੀ ਸੱਦ ਲੈਂਦੇ...’’ ਸੁਖਦੀਪ ਗੁੱਸੇ ਨਾਲ ਮੱਥੇ ’ਤੇ ਤਿਉੜੀਆਂ ਪਾਈ ਗੁਰਜੀਤ ਨੂੰ ਘੂਰਦਾ ਹੋਇਆ ਬੋਲਿਆ।
‘‘ਮਗਰੋਂ ਘਰ ਸੱਦ ਲੈਂਦੇ..., ਇਥੇ ਆਹ ਜੋ ਬੈਠੀ ਏ... ਹਰ ਗੱਲ ਵਿਚ ਛੱਤੀ ਸਵਾਲ ਪੁੱਛਣ ਵਾਲੀ... ਇਹਦੀ ਊਂ ਈ ਹਾਅ ਪੈ ਜਾਂਦੀ ਹੈ ਹਰ ਵਾਰ... ਸੱਚ ਦਸਾਂ ਤਾਂ ਇਹ ਮੇਰੀ ਕੁੜੀ ਤੋਂ ਸੜਦੀ ਏ...।’’ ਗੁਰਜੀਤ ਬੋਲੀ।
‘‘ਤੂੰ ਤਾਂ ਐਵੇਂ ਈ ਉਹਦੇ ਮਗਰ ਪਈ ਰਹਿੰਨੀ ਏ..². ਇਸ ਵਾਰ ਤਾਂ ਉਹਨੂੰ ਕੁੱਝ ਦਸਿਆ ਈ ਨਹੀਂ ਸੀ...।’’ ਸੁਖਦੀਪ ਹੋਰ ਖਿਝਦਾ ਹੋਇਆ ਬੋਲਿਆ।
‘‘ਸੁਣ ਲਈ ਹੋਣੀ ਏ ਉਹਨੇ ਕੋਈ ਨਾ ਕੋਈ ਗੱਲ... ਆਖ਼ਰ ਤਾਂ ਘਰ ਵਿਚ ਈ ਰਹਿੰਦੀ ਏ... ਪੱਥਰ ਪਾੜ ਨਜ਼ਰ ਏ ਉਹਦੀ।’’ ਗੁਰਜੀਤ ਗੁੱਸੇ ਵਿਚ ਉਬਲਦੀ ਬੁੜਬੜਾਈ।
ਏਨੇ ਨੂੰ ਫ਼ੋਨ ਵਜਿਆ। ਗੁਰਜੀਤ ਨੇ ਫ਼ੋਨ ਚੁਕਿਆ ਤੇ ਪ੍ਰਭਜੋਤ ਲਈ ਫ਼ੋਨ ਹੋਣ ਕਾਰਨ ਉਸ ਨੂੰ ਆਵਾਜ਼ ਲਾ ਦਿਤੀ। ਪ੍ਰਭਜੋਤ ਫ਼ੋਨ ਸੁਣਨ ਲੱਗੀ ਤੇ ਕੁੱਝ ਦੇਰ ਮਗਰੋਂ ਗੁਰਜੀਤ ਤੇ ਸੁਖਦੀਪ ਕੋਲ ਆ ਬੈਠੀ।
‘‘ਹੂੰ... ਕੀ ਗੱਲ ਏ...?’’ ਉਸ ਨੂੰ ਇੰਜ ਬੈਠੇ ਵੇਖ ਗੁਰਜੀਤ ਖਿੱਝ ਜਹੀ ਗਈ।
‘‘ਮੰਮੀ ਜੀ... ਮੈਂ ਤੁਹਾਡੇ ਤੇ ਭਾਪਾ ਜੀ ਨਾਲ ਇਕ ਖ਼ਾਸ ਗੱਲ ਕਰਨੀ ਏ।’’ ਉਹਨੇ ਜਵਾਬ ਦਿਤਾ।
‘‘ਕੀ?’’ ਗੁਰਜੀਤ ਦੇ ਮੱਥੇ ਦੇ ਵੱਟ ਹੋਰ ਵੀ ਡੂੰਘੇ ਹੋ ਗਏ। ਸੁਖਦੀਪ ਸਿੰਘ ਵੀ ਉਠ ਕੇ ਬੈਠ ਗਿਆ।
‘‘ਗੱਲ... ਇਹ ਹੈ ਕਿ ਮੇਰੇ ਤਾਇਆ ਜੀ ਦਾ ਫ਼ੋਨ ਸੀ...।’’
‘‘ਫੇਰ...?’’ ਗੁਰਜੀਤ ਸਵਾਲੀਆਂ ਨਜ਼ਰਾਂ ਨਾਲ ਉਸ ਨੂੰ ਘੂਰਦੀ ਹੋਈ ਬੋਲੀ।
‘‘ਮੇਰੇ ਤਾਏ ਦਾ ਮੁੰਡਾ ਹੈ ਨਾ ਹਰਦੇਵ। ਉਹੀ ਜਿਸ ਨੇ ਐਮ.ਏ., ਬੀ.ਐੱਡ ਕੀਤੀ ਹੋਈ ਐ...। ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਐ। ਤੁਹਾਨੂੰ ਯਾਦ ਈ ਹੋਣੈ...। ਉਹ ਦਲਜੀਤ ਚਾਚੀ ਦੇ ਮੁੰਡੇ ਦੇ ਵਿਆਹ ’ਤੇ ਵੀ ਆਇਆ ਸੀ, ਉੱਚਾ ਲੰਮਾ, ਸੋਹਣਾ ਤੇ ਪੂਰਨ ਗੁਰਸਿੱਖ ਹੈ... ਤੇ ਸੱਭ ਤੋਂ ਵੱਡੀ ਗੱਲ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਬ ਨਹੀਂ... ਉਨ੍ਹਾਂ ਨੂੰ ਇਕ ਸਾਦੀ ਜਹੀ ਤੇ ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਤਾਈ ਹੁਰਾਂ ਨੇ ਉਦੋਂ ਵਿਆਹ ’ਤੇ ਈ ਦੀਪਾ ਨੂੰ ਵੇਖਿਆ ਸੀ... ਉਨ੍ਹਾਂ ਨੂੰ ਦੀਪਾ ਪਸੰਦ ਹੈ ਤੇ ਉਹ...! ਜੇ ਤੁਹਾਡੀ ਰਜ਼ਾਮੰਦੀ ਹੋਵੇ ਤਾਂ...। ਤਾਈ ਹੁਰਾਂ ਤਾਂ ਉਦੋਂ ਵੀ ਮੇਰੇ ਨਾਲ ਗੱਲ ਕੀਤੀ ਸੀ ਤੇ ਨਾਲੇ ਕਿਹਾ ਸੀ ਪਹਿਲਾਂ ਮੁੰਡੇ ਨੂੰ ਨੌਕਰੀ ਮਿਲ ਜਾਵੇ ਫਿਰ ਤੂੰ ਸੱਸ-ਸਹੁਰੇ ਨਾਲ ਗੱਲ ਕਰੀਂ ਤੇ ਅੱਜ ਉਨ੍ਹਾਂ ਇਹੀ ਦਸਿਐ ਬਈ ਉਸ ਨੂੰ ਨੌਕਰੀ ਮਿਲ ਗਈ ਹੈ।’’ ਪ੍ਰਭਜੋਤ ਮੁਸਕੁਰਾਉਂਦੀ ਹੋਈ ਬੋਲੀ।
ਗੁਰਜੀਤ ਦੇ ਸੁਖਦੀਪ ਹੈਰਾਨ ਹੋਏ ਬੜੇ ਧਿਆਨ ਨਾਲ ਪ੍ਰਭਜੋਤ ਦੀ ਇਕ-ਇਕ ਗੱਲ ਸੁਣ ਰਹੇ ਸਨ। ਉਨ੍ਹਾਂ ਨੇ ਝੱਟ ਕੁਲਰਾਜ ਨਾਲ ਸਲਾਹ ਕੀਤੀ। ਉਨ੍ਹਾਂ ਨੂੰ ਇਸ ਰਿਸ਼ਤੇ ਵਿਚ ਕਿਸੇ ਪਾਸਿਉਂ ਵੀ ਕੋਈ ਕਮੀ ਨਜ਼ਰ ਨਾ ਆਈ ਤੇ ਉਨ੍ਹਾਂ ਨੇ ਪ੍ਰਭਜੋਤ ਨੂੰ ਕਹਿ ਕੇ ਉਨ੍ਹਾਂ ਨਾਲ ਫ਼ੋਨ ’ਤੇ ਸਾਰੀ ਗੱਲਬਾਤ ਕੀਤੀ। ਤਸੱਲੀ ਹੋ ਜਾਣ ’ਤੇ ਅਗਲੇ ਦਿਨ ਹੀ ਉਨ੍ਹਾਂ ਨੂੰ ਘਰ ਬੁਲਾ ਲਿਆ।
ਪ੍ਰਭਜੋਤ ਦਾ ਚਿਹਰਾ ਬੇਹੱਦ ਖਿੜਿਆ ਹੋਇਆ ਸੀ। ਉਹ ਪੂਰੇ ਜੋਸ਼ ਨਾਲ ਚਾਹ-ਪਾਣੀ ਮਗਰੋਂ ਰੋਟੀ ਦੇ ਪ੍ਰਬੰਧ ਵਿਚ ਲੱਗੀ ਰਹੀ। ਸਾਰੇ ਆਪਸ ਵਿਚ ਗੱਲਬਾਤ ਕਰਦੇ ਰਹੇ। ਮੁੰਡਾ ਬੇਹੱਦ ਮਿਲਣਸਾਰ ਹੋਣ ਕਾਰਨ ਆਪ ਵੀ ਹੱਸ-ਹੱਸ ਕੇ ਗੱਲਾਂ-ਬਾਤਾਂ ਕਰਦਾ ਰਿਹਾ। ਗੱਲਾਂ-ਗੱਲਾਂ ਵਿਚ ਹੀ ਸਾਰੀ ਗੱਲਬਾਤ ਤਹਿ ਹੋ ਗਈ ਤੇ ਉਨ੍ਹਾਂ ਨੇ ਰੋਕਾ ਲਾ ਕੇ ਕੁੜੀ ਦੀ ਝੋਲੀ ਸ਼ਗਨ ਵੀ ਪਾ ਦਿਤਾ। ਇਸ ਤੋਂ ਪਹਿਲਾਂ ਕਿ ਸੁਖਦੀਪ ਮੁੰਡੇ ਵਾਲਿਆਂ ਨੂੰ ਕੁੱਝ ਹੋਰ ਪੁਛਦਾ, ਮੁੰਡੇ ਦਾ ਪਿਉ ਹਸਦਿਆਂ ਬੋਲਿਆ, ‘‘ਲਉ ਜੀ ਹੁਣ ਇਹ ਸਾਡੀ ਧੀ ਹੋਈ..². ਹੁਣ ਤੁਸੀ ਵਿਆਹ ਦੀ ਤਰੀਕ ਪੱਕੀ ਕਰੋ।’’
ਲੈਣ-ਦੇਣ ਦੀ ਗੱਲਬਾਤ ਛਿੜਦਿਆਂ ਹੀ ਉਹ ਖਿੜਖਿੜਾ ਕੇ ਹਸਦਿਆਂ ਬੋਲਿਆ, ‘‘ਓਹ ਵੀਰ ਮੇਰਿਆ, ਤੂੰ ਕੁੜੀ ਦੇ ਦਿਤੀ ਤਾਂ ਸੱਭ ਕੁੱਝ ਦੇ ’ਤਾ। ਸਾਨੂੰ ਕੁੱਝ ਨਹੀਂ ਚਾਹੀਦਾ। ਕੰਨਿਆ ਦਾਨ ਤੋਂ ਵੱਡਾ ਹੋਰ ਕਿਹੜਾ ਦਾਨ ਹੁੰਦੈ ਭਲਾ।’’ ਉਸ ਦੀ ਗੱਲ ਸੁਣਦੇ ਈ ਸਾਰੇ ਪਾਸੇ ਖ਼ੁਸ਼ੀ ਦੀ ਲਹਿਰ ਦੌੜ ਗਈ।
ਏਨੇ ਵਧੀਆ ਮੁੰਡੇ ਨੂੰ ਅਪਣੇ ਜੀਵਨ ਸਾਥੀ ਦੇ ਰੂਪ ਵਿਚ ਪਾ ਕੇ ਦੀਪਾ ਬਹੁਤ ਹੀ ਖ਼ੁਸ਼ ਸੀ। ਜਗਤਾਰ ਤੇ ਦਲਜੀਤ ਹੈਰਾਨੀ ’ਚ ਇਕ-ਦੂਜੇ ਨੂੰ ਤੱਕ ਰਹੇ ਸੀ। ਖ਼ੁਸ਼ੀ ਦੀ ਖ਼ਬਰ ਮਿਲਦਿਆਂ ਹੀ ਬਲਜੀਤ ਵੀ ਘਰ ਵਾਲੇ ਨਾਲ ਪਹੁੰਚ ਚੁੱਕੀ ਸੀ। ਸਾਰੇ ਪਾਸੇ ਹਾਸਾ ਸੀ, ਖ਼ੁਸ਼ੀ ਸੀ ਤੇ ਸਿਰਫ਼ ਖੇੜਾ ਸੀ।
ਗੁਰਜੀਤ ਹੈਰਾਨ ਹੋ ਰਹੀ ਸੀ ਕਿ ਏਨੇ ਸਾਲਾਂ ਤੋਂ ਉਨ੍ਹਾਂ ਨੇ ਦੀਪਾ ਦੇ ਰਿਸ਼ਤੇ ਲਈ ਕੀ-ਕੀ ਨਹੀਂ ਕੀਤਾ, ਕਿਥੇ-ਕਿਥੇ ਧੱਕੇ ਨਹੀਂ ਖਾਧੇ ਤੇ ਜਿਸ ਪ੍ਰਭਜੋਤ ਨੂੰ ਉਹ ਹਮੇਸ਼ਾ ਮਨਹੂਸ ਸਮਝਦੀ ਰਹੀ ਅੱਜ ਉਸ ਕਾਰਨ ਹੀ ਮਿੰਟਾਂ ਵਿਚ ਹੀ ਇਹ ਕੰਮ ਨੇਪਰੇ ਚੜ੍ਹ ਗਿਆ। ਰੱਬ ਦਾ ਸ਼ੁਕਰ ਕਰਦਿਆਂ ਉਸ ਦੀਆਂ ਅੱਖਾਂ ਭਰ ਆਈਆਂ ਤੇ ਤ੍ਰਿਪ-ਤ੍ਰਿਪ ਕਰਦੇ ਹੰਝੂ ਉਸ ਦੀਆਂ ਅੱਖਾਂ ਦੀਆਂ ਦਹਿਲੀਜ਼ਾਂ ਪਾਰ ਕਰ ਕੇ ਗਲ੍ਹਾਂ ਤੇ ਉਤਰਨ ਲੱਗੇ।
ਇਹ ਵੇਖ ਕੇ ਕੋਲ ਖੜੀ ਪ੍ਰਭਜੋਤ ਬੋਲੀ, ‘ਕੀ ਹੋਇਆ ਮੰਮੀ ਜੀ, ਤੁਸੀ...?’’
‘‘ਕੁੱਝ ਨਹੀਂ ਧੀਏ, ਇਹ ਤਾਂ ਖ਼ੁਸ਼ੀ ਦੇ ਹੰਝੂ ਨੇ...।’ ਕਹਿੰਦਿਆਂ ਉਸ ਨੇ ਪ੍ਰਭਜੋਤ ਨੂੰ ਘੁੱਟ ਕੇ ਗਲ ਨਾਲ ਲਾ ਲਿਆ।
ਮਨਪ੍ਰੀਤ ਕੌਰ ਭਾਟੀਆ
ਐਮ.ਏ., ਬੀ.ਐੱਡ,
# 42, ਗਲੀ ਨੰ. : 2, ਐਕਸਟੈਂਸ਼ਨ : 2, ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।


0 comments:
Speak up your mind
Tell us what you're thinking... !