ਜਿਉਂ ਹੀ ਮੈਂ ਪਿੰਡ ਦੀ ਜੂਹ ਵਿੱਚ ਪੈਰ ਧਰਿਆ,ਮੈਨੂੰ ਇੰਝ ਲੱਗਿਆ ਜਿਵੇਂ ਮੈਂ ਆਪਣਿਆਂ ਵਿੱਚ ਆ ਗਈ ਹੋਵਾਂ।ਅਕਸਰ ਹੀ ਅਜਿਹਾ ਹੁੰਦਾ ਹੈ।ਜੋ ਆਪਣਾਪਨ ਆਪਣਿਆਂ ਤੋਂ ਮਿਲਦਾ ਹੈ, ਹੋਰ ਕਿਧਰੇ ਨਹੀਂ ਮਿਲਦਾ।ਭਾਵੇਂ ਅਸੀਂ ਰੋਜੀ ਰੋਟੀ ਦੇ ਜੁਗਾੜ ਵਿੱਚ ਘਰੋਂ ਬੇਘਰ ਹੋਈ ਫ਼ਿਰਦੇ ਹਾਂ ਤੇ ਮੋਹ ਦੀਆਂ ਤੰਦਾ ਵੀ ਟੁੱਟਦੀਆਂ ਲਗਦੀਆਂ ਹਨ।ਸਵੇਰ ਤੋਂ ਸ਼ਾਮ ਤੱਕ ਉਧਾਰ ਲਏ ਘਰਾਂ ਤੋਂ ਵੀ ਅਸੀਂ ਬਾਹਰ ਰਹਿੰਦੇ ਹਾਂ ਤਾਂ ਲਗਦਾ ਹੈ ਜਿਵੇਂ ਅਸੀਂ ਵੀ ਪੰਛੀਆਂ ਦੀ ਤਰ੍ਹਾਂ ਚੋਗੇ ਦੀ ਭਾਲ ਵਿੱਚ ਸਵੇਰ ਹੁੰਦੇ ਸਾਰ ਘਰੋਂ ਨਿਕਲ ਜਾਂਦੇ ਹਾਂ ਤੇ ਸੂਰਜ ਢਲਦਿਆਂ ਹੀ ਆਪਣੇ ਆਲਣਿਆਂ ਵਲ ਵਹੀਰਾਂ ਘੱਤ ਲੈਂਦੇ ਹਾਂ।ਪਰ ਘਰ ਆ ਕੇ ਵੀ ਤਾਂ ਸਕੂਨ ਨਹੀਂ ਮਿਲਦਾ।ਬਥੇਰਾ ਸੋਚੀਦਾ ਹੈ ਕਿ ਅਜਿਹਾ ਕਿਉਂ ਹੁੰਦਾ ਹੈ।ਪਰ ਜਦੋਂ ਕਦੇ ਵਰ੍ਹੀਂ ਛਮਾਹੀਂ ਪਿੰਡ ਜਾਈਦਾ ਹੈ ਤਾਂ ਲਗਦਾ ਹੈ ਕਿ ਉਮਰ ਭਰ ਦੀ ਥਕਾਵਟ ਲਹਿ ਗਈ ਹੋਵੇ।ਪਿੰਡ ਦੀ ਜੂਹ ਤੋਂ ਹੀ ਬਜੁਰਗ ਹਾਲ- ਚਾਲ ਪੁੱਛਣਾ ਸ਼ੁਰੂ ਕਰ ਦਿੰਦੇ ਹਨ ਤਾ ਇੰਜ ਲਗਦਾ ਹੈ ਕਿ ਅੱਜ ਅਸੀਂ ਆਪਣਿਆਂ ਵਿੱਚ ਆ ਰਲੇ ਹਾਂ।ਮੋਹ ਦੀਆਂ ਤੰਦਾਂ ਜੋ ਸਾਡੇ ਧੁਰ ਅੰਦਰ ਉਲਝ ਕੇ ਰਹਿ ਜਾਂਦੀਆਂ ਹਨ ,ਉਹ ਹੁਣ ਮਹਿਸੂਸ ਹੋਣ ਲਗਦੀਆਂ ਹਨ।ਅਜਿਹਾ ਅਕਸਰ ਹੀ ਹੁੰਦਾ ਹੈ ਕਿ ਸਤਲੁਜ ਦਰਿਆ ਪਾਰ ਕਰਦਿਆਂ ਤੇ ਦੁਆਬੇ ਦੀ ਧਰਤ ਤੇ ਪੈਰ ਧਰਦਿਆਂ ਹੀ ਸਭ ਕੁੱਝ ਬਦਲ ਜਾਂਦਾ ਹੈ।ਤੁਰਦੇ ਫ਼ਿਰਦੇ ਇਨਸਾਨ,ਬੇਲ ਬੂਟੇ ,ਸੜਕਾਂ ਤੇ ਪਿੱਛੇ ਵਲ ਦੌੜਦੇ ਦਰਖ਼ਤ ਵੀ ਸ਼ਾਇਦ ਸਾਨੂੰ ਆਪਣੀਆਂ ਜੜਾਂ ਵਲ ਧੱਕ ਰਹੇ ਹੁੰਦੇ ਹਨ।ਦੂਜੇ ਪਾਸੇ ਬਜੁਰਗ ਵੀ ਤਾਂ ਅੱਖਾਂ ਵਿਛਾਈ ਨੂੰਹ-ਪੁੱਤ ਤੇ ਪੋਤੇ-ਪੋਤੀਆਂ ਦੀ ਉਡੀਕ ਕਰ ਹੁੰਦੇ ਹਨ।
ਜਦੋਂ ਸਾਨੂੰ ਇੱਕਲਿਆਂ ਘਰ ਵਿੱਚ ਦਾਖਲ ਹੁੰਦੇ ਦੇਖਦੇ ਹਨ ਤਾਂ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਇਕ ਹੀ ਸਵਾਲ ਹੁੰਦਾ ਹੈ ਕਿ ਬੱਚੇ ਨਹੀਂ ਆਏ? ਉਨ੍ਹਾਂ ਨੂੰ ਕਿਵੇਂ ਸਮਝਾਈਏ ਕਿ ਬੱਚੇ ਤਾਂ ਹੁਣ ਆਪਣੀ ਹੀ ਦੁਨੀਆਂ ਵਿੱਚ ਮਸਤ ਰਹਿੰਦੇ ਹਨ ,ਉਹ ਤਾਂ ਆਪਣੀਆਂ ਜੜਾਂ ਨਾਲ ਜੁੜਨਾ ਹੀ ਨਹੀਂ ਚਾਹੁੰਦੇ।ਉਹ ਅਣਭੋਲ ਕੀ ਜਾਨਣ ਕਿ ਬਜੁਰਗਾਂ ਦੀ ਛਤਰ ਛਾਂ ਕੀ ਹੁੰਦੀ ਹੈ।ਇਸ ਵਿੱਚ ਬੇਚਾਰੇ ਬੱਚਿਆਂ ਦਾ ਵੀ ਕੀ ਕਸੂਰ ਹੈ।ਅਸੀਂ ਮਾਂ-ਬਾਪ ਵੀ ਤਾਂ ਰੋਜੀ ਰੋਟੀ ਦੇ ਜੁਗਾੜ ਵਿੱਚ ਸਾਰਾ ਸਾਰਾ ਦਿਨ ਘਰੋਂ ਬਾਹਰ ਰਹਿੰਦੇ ਹਾਂ।ਜੋ ਬੱਚੇ ਮਾਂ-ਬਾਪ ਦੇ ਪਿਆਰ ਤੋਂ ਹੀ ਵਾਂਝੇ ਹਨ ਉਹ ਬਜੁਰਗਾਂ ਦੇ ਪਿਆਰ ਨੂੰ ਕੀ ਜਾਨਣ।
ਬਜੁਰਗਾਂ ਦੀਆਂ ਅਸੀਸਾਂ ਵੀ ਤਾਂ ਭਾਗਾਂ ਵਾਲਿਆਂ ਨੂੰ ਹੀ ਮਿਲਦੀਆਂ ਹਨ।ਮੇਰੇ ਪਤੀ ਦੇਵ ਅਕਸਰ ਆਖਦੇ ਹਨ ਕਿ ਪੈਰੀਂ ਹੱਥ ਲਾਉਣ ਦਾ ਕੀ ਫ਼ਾਇਦਾ? ਦਿਲ ਵਿੱਚ ਹੀ ਇੱਜ਼ਤ-ਮਾਣ ਹੋਣਾ ਚਾਹੀਦਾ ਹੈ ਪਰ ਮੇਰੇ ਖ਼ਿਆਲ ਵਿੱਚ ਅਸੀਂ ਸੰਸਕਾਰਾਂ ਵਿੱਚ ਬੱਝੇ ਜਦੋਂ ਬਜੁਰਗਾਂ ਦੇ ਪੈਰੀਂ ਹੱਥ ਲਾਉਂਦੇ ਹਾਂ ਤਾਂ ਉਨ੍ਹਾਂ ਦਾ ਚਿਹਰਾ ਨੂਰੋ-ਨੂਰ ਹੀ ਨਹੀਂ ਹੁੰਦਾ ਸਗੋਂ ਅਸੀਸਾਂ ਦਾ ਮੀਂਹ ਵੀ ਵਰ੍ਹਦਾ ਹੈ,ਜੋ ਕਿਸਮਤ ਵਾਲਿਆਂ ਨੂੰ ਹੀ ਨਸੀਬ ਹੁੰਦਾ ਹੈ।
ਮੈਂ ਨੌਕਰੀ ਦੇ ਚੱਕਰ ਵਿੱਚ ਆਪਣੇ ਸਹੁਰੇ ਘਰ ਬਹੁਤ ਹੀ ਘੱਟ ਰਹੀ ਹਾਂ,ਪਰ ਹਾਂ ਜਦੋਂ ਵੀ ਕਦੇ ਪਿੰਡ ਵਿੱਚ ਰਾਤ ਰਹਿਣ ਦਾ ਮੌਕਾ ਮਿਲਿਆ ਤਾਂ ਅਜੀਬ ਜਿਹਾ ਆਨੰਦ ਮਹਿਸੂਸ ਕੀਤਾ ਹੈ।ਪਿੰਡ ਦੀਆਂ ਬਜੁਰਗ ਔਰਤਾਂ ਦੇਰ ਰਾਤ ਤੱਕ ਕੋਲ ਬੈਠੀਆਂ ਰਹਿੰਦੀਆਂ ਹਨ ਤੇ ਗੱਲ-ਗੱਲ ਵਿੱਚ ਜਦੋ ਧੀਏ ਲਫ਼ਜ ਸੁਣਦੀ ਹਾਂ ਤਾਂ ਲਗਦਾ ਹੈ ਕਿ ਮੈਂ ਹਲਕੀ ਫੁੱਲ ਹੋ ਕੇ ਹਵਾ ਵਿੱਚ ਉਡਾਰੀਆਂ ਲਾ ਰਹੀ ਹੋਵਾਂ।ਆਪਣਿਆਂ ਦਾ ਮੋਹ ਹੀ ਅਜਿਹਾ ਹੁੰਦਾ ਹੈ ਕਿ ਜੋ ਆਪ ਮੁਹਾਰੇ ਅੰਦਰ ਤੱਕ ਧੁਹ ਪਾਉਂਦਾ ਹੈ ਤੇ ਪਤਾ ਹੀ ਨਹੀਂ ਲਗਦਾ ਕਿ ਸਮਾਂ ਕਿਵੇਂ ਖੰਭ ਲਾ ਕੇ ਉੱਡ ਜਾਂਦਾ ਹੈ।
ਸ਼ਹਿਰੀ ਮਾਹੋਲ ਵਿੱਚ ਵੀ ਅਸੀਂ ਵਿਚਰਦੇ ਹਾਂ ਪਰ ਬੇਗਾਨਿਆਂ ਦੀ ਵਾਂਗ।ਗਲੀ ਗੁਆਂਢ ਵਿੱਚ ਕੀ ਹੋ ਰਿਹਾ ਹੈ, ਕੁੱਝ ਪਤਾ ਹੀ ਨਹੀਂ ਲਗਦਾ ਕਿਉਂ ਕਿ ਅਸੀਂ ਘਰ ਦੀਆਂ ਚਾਰਦੀਵਾਰੀਆਂ ਵਿੱਚ ਬੰਦ ਹੋ ਕੇ ਆਪਣੇ ਗੇਟਾਂ ਤੱਕ ਨੂੰ ਜਿੰਦਰੇ ਲਾ ਕੇ ਰੱਖਦੇ ਹਾਂ।ਕਹਿਣ ਨੂੰ ਤਾਂ ਅਸੀਂ ਸਮਾਜਿਕ ਜੀਵ ਹਾਂ ਪਰ ਪਰ ਆਪਣੇ ਆਪ ਵਿੱਚ ਹੀ ਸਿਮਟ ਕੇ ਰਹਿ ਗਏ ਹਾਂ।
ਜੇ ਸੱਚ-ਮੁੱਚ ਹੀ ਅਸੀਂ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੁੰਦੇ ਹਾ ਤਾਂ ਲੋੜ ਹੈ ਕਿ ਅਸੀਂ ਆਪਣੇ ਮਾਂ-ਬਾਪ, ਜਨਮ-ਭੂਮੀ ਤੇ ਆਪਣੇ ਸੱਭਿਆਚਾਰ ਨੂੰ ਮਨੋਂ ਨਾ ਵਿਸਾਰੀਏ।ਗਾਹੇ-ਵਗਾਹੇ ਆਪਣੇ ਘਰਾਂ ਵਿੱਚ ਆਉਂਦੇ ਜਾਂਦੇ ਰਹੀਏ।ਬਜੁਰਗਾਂ ਦੀਆਂ ਅਸੀਸਾਂ ਜੋ ਸਿਰਫ਼ ਸਾਡੇ ਵਾਸਤੇ ਹੀ ਹਨ,ਅਜਾਂਈਂ ਨਾ ਜਾਣ ਦਈਏ।ਇੰਜ ਬਜੁਰਗਾਂ ਦੇ ਹੀ ਨਹੀ ਸਗੋਂ ਸਾਡੇ ਦਿਲ ਵੀ ਠੰਡੇ ਠਾਰ ਰਹਿਣਗੇ ਤੇ ਸਾਡੇ ਪਿੰਡਾਂ ਦੀ ਮਿੱਟੀ ਦੀ ਖੁਸ਼ਬੂ ਸਾਡੇ ਤਨ ਮਨ ਵਿੱਚ ਵੀ ਮਹਿਕਦੀ ਰਹੇਗੀ।
ਨਿਰਮਲ ਸਤਪਾਲ (ਪ੍ਰਿੰਸੀਪਲ)
ਸ.ਸ.ਸ.ਸ. ਨੂਰਪੁਰ ਬੇਟ (ਲੁਧਿਆਣਾ)
ਮੋਬਾਇਲ: 9501044955


0 comments:
Speak up your mind
Tell us what you're thinking... !