ਜਵਾਨੀ ਦੇਸ਼ ਦਾ ਸਰਮਾਇਆ ਹੁੰਦੀ ਹੈ ।ਭਵਿੱਖ ਹੁੰਦੀ ਹੈ । ਕੱਲ ਦੇ ਸਮਾਜ ਦੀ ਹੋਂਦ ਅੱਜ ਦੀ ਜਵਾਨੀ ਦੇ ਸਿਰ ਤੇ ਉਸਰਨੀ ਹੈ । ਸਮਾਜਿਕ ਵਿਕਾਸ ਦਾ ਪੈਂਡਾ ਬੜਾ ਲੰਬਾਂ ਤੇ ਪੇਚੀਦਾ ਹੈ । ਅਨੇਕਾ ਹੋਣੀਆਂ ਅਣਹੋਣੀਆਂ , ਅਨੇਕਾ ਘਟਨਾਵਾਂ -ਦੁਰਘਟਨਾਵਾਂ ਸਮਾਜ ਦੇ ਦਰਪੇਸ਼ ਹੁੰਦੀਆਂ ਹਨ । ਸਮੇਂ ਤੇ ਸਥਾਨ ਦੀ ਅਤੇ ਵਰਤਮਾਨ ਪ੍ਰਸਥਿਤੀਆਂ ਦੀ ਸਮਾਜ ਨੂੰ ਚੰਗਾਂ ਮੰਦਾ ਬਣਾਉਣ ਵਿਚ ਆਪਣੀ ਇੱਕ ਭੁਮਿਕਾ ਹੁੰਦੀ ਹੈ । ਇਹ ਉਹ ਹਾਲਾਤ ਹੀ ਹੁੰਦੇ ਹਨ ਜਿੰਨਾਂ ਆਸਰੇ ਜਵਾਨੀ ਸਮਾਜ ਦੇ ਵਹਿਣ ਨੂੰ ਨਵੀਆਂ ਤੋਂ ਨਵੀਆਂ ਚਣੌਤੀਆਂ ਦੇ ਦਰਪੇਸ਼ ਹੁੰਦੀ ਨਵੇਂ - ਨਵੇਂ ਮੋੜਾ ਤੋਂ ਮੋੜਦੀ ਹੈ , ਟੁਟਿਆ ਗੰਢਦੀ ਹੈ ਤੇ ਖਿਲਰਿਆ ਜੋੜਦੀ ਹੈ ।
ਸਮਾਜ ਦੇ ਹੋਂਦ ਧਾਰਨ ਤੋਂ ਇਸ ਦੇ ਵਿਕਾਸ ਤੇ ਅੱਜ ਤੱਕ ਦੀ ਸਥਾਪਤੀ ਤੇ ਨਜ਼ਰ ਮਾਰੀਏ ਤਾਂ ਅਨੇਕਾਂ ਅਜਿਹੇ ਪੜਾਅ ਹਨ ਜਿੱਥੇ ਜਵਾਨੀ ਨੇ ਆਪਣੀਆਂ ਦਿਸ਼ਾਵਾਂ ਨਿਰਧਾਰਿਤ ਕਰਦਿਆਂ ਇਸ ਦੀ ਸੁਚੱਜੀ ਉਸਾਰੀ ਵਿਚ ਆਪਣੀਆਂ ਜਾਨਾਂ ਤੱਕ ਦੀ ਅਹੂਤੀ ਪਾਈ ਹੈ । ਅਜਲਾਂ ਤੋਂ ਸਮਾਜ ਨੇ ਚੰਗੇ ਮਾੜੇ ਦੀ ਪਹਿਚਾਣ ਨਿਰਧਾਰਿਤ ਕੀਤੀ ਹੈ । ਸਦੀਆਂ ਤੋਂ ਸਮਾਜ ਠੀਕ ਗਲਤ ਦੀ ਪਰਿਭਾਸ਼ਾ ਨਿਰਧਾਰਿਤ ਕਰਦਾ ਆਇਆ ਹੈ । ਆਪਣੀ ਹੋਂਦ ਧਾਰਨ ਤੋਂ ਲੈ ਕੇ ਅੱਜ ਤੱਕ ਸਮਾਜ ਨੇ ਹਮੇਸ਼ਾ ਚੰਗੇ ਨੂੰ ਸਲਾਹਿਆ ਹੈ ਤੇ ਮਾੜੇ ਨੂੰ ਨਿੰਦਿਆ ਹੈ । ਸਾਡਾ ਇਤਿਹਾਸ ਸਾਡਾ ਵਿਰਸਾ ਸਾਡਾ ਸਭਿਆਚਾਰ ਸਾਡੀ ਸੰਸਕ੍ਰਿਤੀ ਇਹਨਾਂ ਗੱਲਾਂ ਦੀ ਪ੍ਰਤੱਖ ਪ੍ਰਮਾਣ ਹੈ।
ਥੋੜੀ ਪਿਛਾਂਹ ਵੱਲ ਨਜ਼ਰ ਮਾਰੀਏ ਤਾਂ ਬਾਬਾ ਫਰੀਦ ਜੀ ਹੋਰਾਂ ਦਾ ਆਪਣਾ ਸਮਾਂ ਸੀ ਜਦੋਂ ਉਹਨਾਂ ਆਪਣੀਆਂ ਤਰਜੀਹਾਂ ਨਿਰਧਾਰਿਤ ਕਰਦਿਆਂ ਮਾਖਿਓ ਮਿੱਠੀ ਬੋਲੀ ਦੇ ਜਰੀਏ ਅਜਿਹੀ ਭਾਸ਼ਾ ਲੋਕਾਈ ਲਈ ਰਚੀ ਜਿਸਨੂੰ ਪੜ੍ਹਦਿਆਂ ਸੁਣਦਿਆ ਹਰ ਇੱਕ ਵਿਅਕਤੀ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ । ਇਹ ਸਮਾਜ ਦੀ ਸਮਾਜਿਕਤਾ ਪ੍ਰਤੀ ਉਹਨਾਂ ਦੀਆਂ ਫਿਕਰਮੰਦੀਆਂ ਸਨ ਜਦੋਂ ਉਹਨਾਂ ਦੀ ਕਲਮ ਇਹਨਾਂ ਸਤਰਾਂ ਦੀ ਸਿਰਜਣਾ ਕਰਦੀ ਕਿਸੇ ਬੁਰੇ ਬੰਦੇ ਦਾ ਵੀ ਭਲਾ ਕਰਨ ਦਾ ਸੰਕਲਪ ਸਿਰਜਦੀ ਹੈ :-
ਫਰੀਦਾ ਬੁਰੇ ਦਾ ਭਲਾ ਕਰਿ ਗੁੱਸਾ ਮਨਿ ਨਾ ਹਢਾਇ
ਦੇਹੀ ਰੋਗੁ ਨਾ ਲਗਈ ਪਲੈ ਸਭ ਕਿਛੂ ਪਾਇ
ਇਸ ਤੋਂ ਪਹਿਲਾਂ ਵੀ ਤੇ ਇਸ ਤੋਂ ਬਾਅਦ ਵੀ ਆਪਣਾ ਵਿਰਸਾ ਆਪਣਾ ਇਤਿਹਾਸ ਜਵਾਨੀ ਨੇ ਕਦੇ ਭੁਲਾਇਆ ਹੀ ਨਹੀਂ ਸਗੋਂ ਇਸ ਤੋਂ ਵੀ ਦੋ ਕਦਮ ਅਗਾਂਹ ਜਾ ਕੇ ਆਪਣੇ ਫਰਜ਼ ਤੇ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਨੂੰ ਤਰਜੀਹ ਦਿੱਤੀ ਹੈ । ਉਹਨਾਂ ਸਮਿਆਂ ਦੀ ਜਵਾਨੀ ਵਿਚੋਂ ਅਗਲੀ ਕੜੀ ਸ੍ਰੀ ਗੁਰੁ ਨਾਨਕ ਦੇਵ ਜੀ ਸਨ ਜੋ ਇੱਕ ਮਸੀਹੇ , ਇੱਕ ਕ੍ਰਾਂਤੀਕਾਰੀ , ਮਰਦ-ਏ-ਕਾਮਲ ਦੇ ਤੌਰ ਤੇ ਸਮਾਜ ਦੇ ਨਾਇਕ ਬਣੇ । ‘ਸੱਚੇ ਸੌਦੇ’ ਕਰਨ ਤੋਂ ਸ਼ੁਰੂ ਹੋਇਆ ਇਹ ਸਫਰ ਦੇਸ਼ ਦੁਨੀਆਂ ਦੀਆਂ ਉਦਾਸੀਆਂ ਰਾਹੀਂ ‘ਤੇਰਾਂ ਤੇਰਾਂ’ ਤੋਲਣ ਤੱਕ ਇੱਕ ਸਮਾਜਿਕ ਆਦਰਸ਼ ਦੇ ਤੌਰ ਤੇ ਪ੍ਰਵਾਨ ਚੜਿਆ । ਉਸ ਸਮੇਂ ਦੀ ਜਵਾਨੀ ਨੇ ਜਿੱਥੇ ਆਪਣੀਆਂ ਗਤੀਵਿਧੀਆਂ ਰਾਹੀਂ ਕਿਰਤ ਕਰਨ , ਨਾਮ ਜਪਣ , ਵੰਡ ਛਕਣ ਵਰਗੇ ਉੱਚ ਇਖਲਾਖੀ ਸਿਧਾਂਤਾ ਨੂੰ ਅਮਲੀ ਜਾਮਾ ਪਹਿਨਾਇਆ ਉੱਥੇ ਜਬਰ ਜੁਲਮ ਦਾ ਟਾਕਰਾ ਕਰਦਿਆਂ ਸਾਡੀਆਂ ਸਮਾਜਿਕ ਬੁਰਾਈਆਂ ਦੀ ਵਿਰੋਧਤਾ ਆਪਣੀ ਕਲਮ ਰਾਹੀਂ ਕੀਤੀ :-
ਸੋ ਕਿਉਂ ਮੰਦਾ ਆਖੀਐ , ਜਿਤੁ ਜੰਮਹੁ ਰਾਜਾਨੁ
ਤੇ ਸਮਾਜ ਦੀ ਦੁਰਗਤੀ ਲਈ ਰੱਬ ਤੱਕ ਨੂੰ ਉਲਾਂਭੇ ਦਿੱਤੇ ।
ਏਤਿ ਮਾਰ ਪਈ ਕੁਰਲਾਣੈ , ਤੈ ਕੀ ਦਰਦ ਨਾ ਆਇਆ ।
ਇਹ ਵੀ ਮਨੁੱਖਤਾ ਦਾ ਇਤਿਹਾਸ ਰਿਹਾ ਹੈ ਕਿ ਇੱਥੇ ਕਈ ਵਾਰੀ ਛੋਟੇ ਬੱਚੇ ਵੀ ਵੱਡਿਆ ਨੂੰ ਵੱਡੀਆਂ ਗੱਲਾਂ ਸਿਖਾ ਕਿ ਜਾਂਦੇ ਰਹੇ ਹਨ । ਵੱਡਿਆਂ ਦੇ ਉੇਪਦੇਸ਼ ਵੱਡਿਆਂ ਦੀਆਂ ਉਦਹਾਰਨਾਂ ਤਾਂ ਛੋਟਿਆਂ ਲਈ ਪ੍ਰੇਨਣਾ ਬਣਦੀ ਆਈ ਹੀ ਹੈ ਤੇ ਬਹੁਤ ਵਾਰੀ ਛੋਟਿਆਂ ਦੀਆਂ ਗਤੀਵਿਧੀਆਂ ਵੀ ਵੱਡਿਆਂ ਦੀ ਮਾਨਸਿਕਤਾ ਨੂੰ ਝੰਜੋੜ ਦਿੰਦੀਆਂ ਹਨ । ਗੁਰੂੁ ਨਾਨਕ ਦੇਵ ਜੀ ਤੋਂ ਬਾਅਦ ਉਹਨਾਂ ਦੇ ਪੈਰੋਕਾਰਾ ਰਾਹੀਂ ਲੰਗਰ ਪ੍ਰਥਾ ਵਰਗੀਆਂ ਸਮਾਜਿਕ ਬਰਾਬਰੀ ਦੀਆਂ ਧਾਰਨਾਵਾਂ ਸਥਾਪਿਤ ਕਰਨਾ ਤੇ ਉਸ ਤੋਂ ਬਾਅਦ ਇਸ ਕਾਫਲੇ ਦਾ ਗੁਰੁ ਅਰਜਨ ਦੇਵ ਜੀ ਤੱਕ ਇੱਕ ਨਵੇਂ ਮੋੜ ਤੇ ਆ ਖੜਨਾ ਕਿੰਨਾਂ ਕੁਝ ਸਾਡੇ ਸਨਮੁੱਖ ਹੈ । ਜਿਹੜੀ ਜਵਾਨੀ ਆਪਣੇ ਉਪਦੇਸ਼ਾਂ ਰਾਹੀਂ , ਆਪਣੀਆਂ ਕਲਮਾਂ ਰਾਹੀਂ ਸਮਾਜ ਨੂੰ ਚੰਗੇ ਰਾਹੀਂ ਤੋਰਨ , ਮਨੁੱਖ ਨੂੰ ਮਨੁੱਖ ਬਣਾਉਣ ਦੇ ਰਾਹੀ ਤੁਰੀ ਹੋਈ ਸੀ ਉਸ ਜਵਾਨੀ ਨੂੰ ਹੁਣ ਇੱਥੇ ਪਹੁੰਚ ਕਿ ਆਪਣੀ ਜਾਨ ਵਾਰ ਕੇ ਵੀ ਆਪਣਾ ਇਹ ਕਾਰਜ ਨਿਭਾਉਣਾ ਪਿਆ । ਗਲਤ ਨੂੰ ਗਲਤ ਕਹਿਣ , ਜਬਰ ਜੁਲਮ ਦਾ ਵਿਰੋਧ ਕਰਨ ਦਾ ਉਸ ਸਮੇਂ ਦੀ ਜਵਾਨੀ ਦਾ ਇਹ ਵੀ ਆਪਣਾ ਇੱਕ ਤਰੀਕਾ ਸੀ । ਖੁਦ ਨੂੰ ਤੱਤੀਆਂ ਤਵੀਆਂ ਤੇ ਬਿਠਾ ਕਿ ਇਹ ਕਹਿਣ ਦਾ ਹੀਆਂ ਕਰਨਾ :-
ਤੇਰਾ ਭਾਣਾ ਮੀਠਾ ਲਾਗੈ 33
ਫਿਰ ਅਗਾਂਹ ਸਾਡਾ ਇਤਿਹਾਸ ਗਵਾਹ ਹੈ ਕਿ ਜਬਰ ਜੁਲਮ ਨੇ ਆਪਣੇ ਪੈਂਤੜੇ ਬਦਲੇ ਤੇ ਉਸ ਸਮੇਂ ਦੀ ਜਵਾਨੀ ਨੇ ਵੀ ਕਲਮ ਦੇ ਨਾਲ ਨਾਲ ‘ਮੀਰੀ ਪੀਰੀ’ ਧਾਰਨ ਕੀਤੀ ।ਅਧਿਆਤਮਕਤਾ ਤੇ ਸਮਾਜਿਕਤਾ ਦਾ ਸੁਮੇਲ ਬਣਿਆ । ਲਿਖਤਾ ਨੂੰ ਅਮਲਾ ਦਾ ਜਾਮਾ ਪਹਿਨਾਉਣ ਦਾ ਵੇਲਾ । ਨਿੱਕਿਆਂ ਦੁਬਾਰਾ ਵੱਡਿਆਂ ਨੂੰ ਪ੍ਰੇਰਿਤ ਕਰਨ ਦੀ ਘਟਨਾ ਫੇਰ ਛੋਟੇ ਬਾਲ ਗੁਰੂੁ ਗੋਬਿੰਦ ਸਿੰਘ ਦੇ ਰੂਪ ਵਿਚ ਵਾਪਰੀ ਜਦੋਂ ਇੱਕ ਨੌ ਸਾਲ ਦੇ ਬਾਲਕ ਨੇ ਆਪਣੇ ਪਿਤਾ ਨੂੰ ਇਹ ਕਹਿ ਕੇ ਜੁਲਮ ਦਾ ਟਾਕਰਾ ਕਰਨ ਲਈ ਸੱਤਾ ਦਾ ਵਿਰੋਧ ਕਰਨ ਲਈ ਤੋਰਿਆ ਕਿ ‘ਦੁਨੀਆਂ ਤੇ ਤੁਹਾਡੇ ਤੋਂ ਵੱਡਾ ਭਲਾ ਪੁਰਸ਼ ਹੁਣ ਹੋਰ ਕੌਣ ਹੋ ਸਕਦਾ ਹੈ’
ਇਸ ਤੋਂ ਅਗਾਂਹ ਤਾਂ ਫੇਰ ਜਿਵੇਂ ਜਿਵੇਂ ਸਮਾਜਿਕ ਪ੍ਰਸਥਿਤੀਆਂ ਨੇ ਨਵੀਆਂ ਕਰਵਟਾਂ ਲਈਆਂ ਉਵੇਂ ਉਵੇਂ ਜਵਾਨੀ ਨੇ ਆਪਣੇ ਆਪਣੇ ਤਰੀਕਿਆਂ ਨਾਲ ਡਟਕੇ ਇਸ ਦਾ ਸਾਹਮਣਾ ਕੀਤਾ । ਪਰਿਵਾਰ ਵਾਰਨਾ , ਕੰਡਿਆਂ ਤੇ ਸੌਣਾ , ਨਿੱਕੀਆਂ ਜਿੰਦਾਂ ਦਾ ਨੀਹਾਂ ਵਿਚ ਚਿਣੇ ਜਾਣਾ ,ਆਰਿਆਂ ਹੇਠ ਚੀਰੇ ਜਾਣਾ , ਚਰਖੜੀਆਂ ਤੇ ਚੜ੍ਹਨਾ , ਦੇਗਿਆਂ ਵਿਚ ਉਬਾਲੇ ਜਾਣਾ ਅਜਿਹੀਆਂ ਕੁਰਬਾਨੀਆਂ ਸਨ ਜੋ ਜਵਾਨੀ ਨੇ ਆਪਾ ਵਾਰ ਕੇ ਦੂਸਰਿਆਂ ਲਈ ਕੀਤੀਆਂ ।
ਸਮਾਜ ਦਾ ਇਹ ਦਸਤੂਰ ਰਿਹਾ ਹੈ ਕਿ ਨਾ ਸਮਾਜ ਵਿਚੋਂ ਕਦੇ ਚੰਗਾਆਈ ਖਤਮ ਹੁੰਦੀ ਤੇ ਨਾ ਹੀ ਕਦੇ ਬੁਰਾਈ ਮੁੱਕਦੀ ਹੈ । ਸਾਡੇ ਗੌਰਵਮਈ ਇਤਿਹਾਸ ਦੇ ਪੰਨੇ ਫੇਰ ਇੱਕ ਨਵੀਂ ਕਰਵਟ ਲੈਂਦੇ ਹਨ ਜਦੋਂ ਮਾਹਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗੇਰਜ਼ ਕੌਮ ਦਾ ਆਗਮਨ ਇਸ ਜ਼ਮੀਨ ਤੇ ਹੁੰਦਾਂ ਹੈ । ਦੇਸ਼ ਦੀ ਜਵਾਨੀ ਲਈ ਫੇਰ ਇੱਕ ਨਵੀਂ ਤਰਾਂ ਦੀ ਵੰਗਾਰ ਪੈਦਾ ਹੁੰਦੀ ਹੈ । ਇਸ ਵੰਗਾਰ ਦਾ ਸਾਹਮਣਾ ਕਰਦਿਆਂ ਤੇ ਇਸ ਨੂੰ ਵੰਗਾਰਦਿਆਂ ਫੇਰ ਕੋਈ ਮੰਗਲ ਪਾਂਡੇ 1857 ਦੇ ਵਿਦਰੋਹ ‘ਚ ਗੋਲੀਆਂ ਨਾਲ ਭੁੰਨਿਆਂ ਜਾਂਦਾ ਹੈ , ਕੋਈ ਕਰਤਾਰ ਸਿੰਘ ਸਰਾਭਾ ਘਰ ਬਾਰ ਛੱਡ ਦੇਸ਼ ਲਈ ਜੂਝਦਾ ਹੈ , ਕੋਈ ਭਗਤ ਸਿੰਘ , ਰਾਜਗੁਰੂ , ਸੁਖਦੇਵ ਫਾਂਸੀ ਦੇ ਤਖਤਿਆਂ ਤੇ ਲਟਕਾਇਆ ਜਾਂਦਾ ਹੈ ਤੇ ਕੋਈ ਉੂਧਮ ਸਿੰਘ 21-21 ਸਾਲ ਤੱਕ ਦੁਸ਼ਮਣ ਨੂੰ ਲੱਭਣ ਲਈ ਲੰਡਨ ਦੀਆਂ ਗਲੀਆਂ ਛਾਣਦਾ ਹੈ ।
ਸਾਡਾ ਵਿਰਸਾ ਗਵਾਹ ਹੈ ਕਿ ਸਾਡੀ ਜਵਾਨੀ ਨੇ ਹਮੇਸ਼ਾ ਮਾੜੇ ਨੂੰ ਰੋਕਣ ਲਈ , ਜੁਲਮ ਦਾ ਟਾਕਰਾ ਕਰਨ ਲਈ ਹਮੇਸ਼ਾ ਕਲਮ ਤੇ ਤਲਵਾਰ ਦੀ ਲੜਾਈ ਲੜੀ ਹੈ । ਆਪਣਾ ਇਤਿਹਾਸ ਇਹਨਾਂ ਲੋਕਾਂ ਲਈ ਹਮੇਸ਼ਾਂ ਆਦਰਸ਼ ਰਿਹਾ ਹੈ ਕਹਿੰਦੇ ਹਨ ਕਿ ਜਦੋਂ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੀ ਜੇਬ ਵਿਚੋਂ ਨਾਮਧਾਰੀ ਬਾਬਾ ਰਾਮ ਸਿੰਘ ਦੀ ਫੋਟੋ ਨਿਕਲਦੀ ਹੈ , ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੀ ਜੇਬ ਵਿਚੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਫੋਟੋ ਨਿਕਲਦੀ ਹੈ , ਤੇ ਜਦੋਂ ਊਧਮ ਸਿੰਘ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੀ ਜੇਬ ਵਿਚੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਨਿਕਲਦੀ ਹੈ । ਇਹ ਸਨ ਸਾਡੇ ਸਮਾਜ ਦੇ ਨਾਇਕ ਜੋ ਆਪਣੇ ਤੋਂ ਅਗਲੀ ਪੀੜੀ ਲਈ ਹਮੇਸ਼ਾ ਰਾਹ ਦਸੇਰਾ ਰਹੇ ਹਨ।
ਅਸੀਂ ਹਰ ਰੋਜ ਪੜ੍ਹਦੇ ਸੁਣਦੇ ਹਾਂ ਕਿ ਜਿਹੜੀ ਕੌੰਮ ਆਪਣਾ ਇਤਿਹਾਸ ਭੁੱਲ ਜਾਂਦੀ ਹੈ , ਜਿਹੜੀ ਕੌੰਮ ਆਪਣਾ ਵਿਰਸਾ ਵਿਸਾਰ ਦਿੰਦੀ ਹੈ ਉਹ ਕੌਮ ਕਦੇ ਵੀ ਜਿਉਂਦੀ ਨਹੀਂ ਬਚਦੀ ਤੇ ਦੁੱਖ ਦੀ ਗੱਲ ਇਹ ਹੈ ਕਿ ਸਾਡੀ ਜਵਾਨੀ ਇਹਨਾਂ ਇਤਿਹਾਸਿਕ ਰਾਹਾਂ ਤੋਂ ਭਟਕ ਰਹੀ ਹੈ , ਇਹਨਾਂ ਵਿਰਸਿਆਂ ਨੂੰ ਵਿਸਾਰ ਰਹੀ ਹੈ । ਅੱਜ ਸਾਡੀ ਮਾਨਸਿਕਤਾ ਵਿਚ ਬੜੀਆਂ ਭਾਰੀ ਤਬਦੀਲੀਆਂ ਆ ਗਈਆਂ ਹਨ । ਸਾਡਾ ਸਮਾਜ ਨਾਇਕ ਵਿਹੂਣਾ ਸਮਾਜ ਬਣਦਾ ਜਾ ਰਿਹਾ ਹੈ । ਸਾਡੀ ਜਵਾਨੀ ਕੋਲ ਅਜਿਹੀਆਂ ਤਰਜੀਹਾਂ ਹੀ ਖਤਮ ਹੋ ਰਹੀਆਂ ਹਨ । ਫਿਲਮੀ ਐਕਟਰ ਐਕਟਰਸਾ ਅੱਜ ਸਾਡੀ ਜਵਾਨੀ ਦੇ ਨਾਇਕ ਹਨ , ਨਸ਼ੇ ਹਥਿਆਰ ਸਾਡੀ ਜਵਾਨੀ ਦੇ ਆਦਰਸ਼ ਬਣਦੇ ਜਾ ਰਹੇ ਹਨ । ਸਾਡੇ ਪੂਰੇ ਆਲੇ ਦੁਆਲੇ ਨੇ ਖਾਓ ਪੀਓ ਤੇ ਐਸ ਕਰੋ ਦਾ ਅਜਿਹਾ ਇੱਕ ਕਲਚਰ ਪੇੈਦਾ ਕਰ ਦਿੱਤਾ ਹੈ ਜਿਸ ਵਿਚ ਦੇਸ਼ ਦਾ ਭਵਿੱਖ ਖਪਤ ਹੁੰਦਾਂ ਜਾ ਰਿਹਾ ਹੈ । ਜਿਹੜੀ ਜਵਾਨੀ ਨੇ ਆਪਣੇ ਤੋਂ ਅਗਲੀ ਪੀੜ੍ਹੀ ਦੀ ਪ੍ਰੇਰਨਾ ਬਣਨਾ ਸੀ ਉਹ ਜਵਾਨੀ ਹੁਣ ਖੁਦ ਡੁੱਬ ਰਹੀ ਹੈ ਤੇ ਆਪਣੇ ਵਾਰਸਾਂ ਨੂੰ ਔਝੜੇ ਰਾਹਾਂ ਤੇ ਤੋਰ ਰਹੀ ।
ਸਾਡੇ ਸਮਾਜ ਦੀ ਭਟਕਣਾ ਦੇ ਹੀ ਨਤੀਜੇ ਹਨ ਕਿ ਅੱਜ ਹਰ ਮਨੁੱਖ ਮਾਨਸਿਕ ਟੁੱਟ ਭੱਜ ਦੀ ਔਧ ਹੰਢਾ ਰਿਹਾ ਹੈ , ਹਰ ਪਰਿਵਾਰ ਤਿੜਕਿਆ ਨਜ਼ਰ ਆ ਰਿਹਾ ਹੈ , ਤੇ ਹਰ ਰਿਸ਼ਤਾ ਗੰਧਲਾ ਹੁੰਦਾ ਜਾ ਰਿਹਾ ਹੈ ।ਇਹ ਜਵਾਨੀ ਦੀਆਂ ਤਰਜੀਹਾਂ ਦਾ ਹੀ ਟੀਰ ਹੈ ਕਿ ਅੱਜ ਉਹਨਾਂ ਨੂੰ ਹਰ ਕੁੜੀ ਵਿਚੋਂ ਮਾਸ਼ੂਕ ਦਿਸਣ ਲੱਗ ਪਈ ਹੈ , ਨਿੱਕੀਆਂ ਨਿੱਕੀਆਂ ਬਾਲੜੀਆਂ ਨਾਲ ਕੁਕਰਮ ਹੋ ਰਹੇ ਹਨ , ਤੇ ਦੁਨੀਆਂ ਦੇ ਭਵਿੱਖ ਨੂੰ ਕੁੱਖਾਂ ਵਿਚ ਦਫਨਾਇਆ ਜਾਣ ਲੱਗ ਪਿਆ ਹੈ । ਇਹ ਜਵਾਨੀ ਦੀਆਂ ਤਰਜੀਹਾਂ ਦਾ ਫਰਕ ਹੀ ਹੈ ਕਿ ਅੱਜ ਹਰ ਨੌਜਵਾਨ ਆਪਣੇ ਆਪ ਨੂੰ ਬੇਰੁਜ਼ਗਾਰ ਮਹਿਸੂਸ ਕਰ ਰਿਹਾ ਹੈ , ਆਪਣੇ ਆਪ ਨੂੰ ਦੁਨੀਆਂ ਦਾ ਅਮੀਰ ਬੰਦਾਂ ਬਣਿਆ ਦੇਖਣਾ ਚਾਹੁੰਦਾ ਹੈ ,ਤੇ ਆਪਣੀ ਕਿਰਤ ਨੂੰ ਤਿਆਗ ਕੇ ਤੇ ਸਿਰੜ ਨੂੰ ਤੋੜ ਕਿ ਵਿਦੇਸ਼ੀ ਵਿਚ ਚਾਕਰੀ ਕਰਦਾ ਆਪਣੀ ਮਾਨਸਿਕਤਾ ਨਾਲ ਅੰਦਰੂਨੀ ਜੰਗ ਲੜ ਰਿਹਾ ਹੈ ।
ਸਾਡੇ ਮੀਡੀਏ ਨੇ ਜਿੱਥੇ ਸਮਾਜ ਵਿਚ ਨਵੇਂ ਦਿਸਹੱਦੇ ਕਾਇਮ ਕੀਤੇ ਹਨ ਉੱਥੇ ਸਾਡੀ ਜਵਾਨੀ ਦੀਆਂ ਇਛਾਵਾਂ ਨੂੰ ਵੀ ਵੱਡੀ ਪੱਧਰ ਤੇ ਭੜਕਾਇਆ ਹੈ । ਸੀਮਤ ਸਾਧਨਾ ਵਿਚ ਵੱਡੀਆਂ ਇਛਾਵਾਂ ਨੂੰ ਪੂੁਰੇ ਕਰਨ ਦੇ ਹੀ ਨਤੀਜੇ ਹਨ ਕਿ ਸਾਡੀ ਜਵਾਨੀ ਮਾਨਸਿਕ ਕਮਜੋਰੀਆਂ ਵਿਚ ਫਸੀ ਨਸ਼ਿਆ ਦੇ ਲੜ ਲੱਗ ਰਹੀ ਹੈ , ਵੱਡੀਆਂ ਇਛਾਵਾਂ ਦੀ ਟੇਢੀ ਪੂਰਤੀ ਦਾ ਹੀ ਨਤੀਜਾ ਹੈ ਕਿ ਸਮਾਜ ਵਿਚ ਚੋਰੀ , ਡਕੈਤੀ ,ਬੇਈਮਾਨੀ ,ਰਿਸ਼ਵਤਖੋਰੀ, ਘਪਲੇਬਾਜੀ ਸਮਾਜਿਕਤਾ ਦਾ ਘਾਣ ਕਰ ਰਹੀ ਹੈ, ਅਸੀਮਤ ਇਛਾਵਾਂ ਦਾ ਹੀ ਪ੍ਰਣਾਮ ਹੈ ਕਿ ਅਸੀਂ ਹਰ ਖੇਤਰ ਵਿਚ ਇੱਕ ਦੂਸਰੇ ਦੀਆਂ ਲੱਤਾਂ ਖਿੱਚ ਕੇ ਅਗਾਂਹ ਲੰਘ ਜਾਣਾ ਚਾਹੁੰਦੇ ਹਾਂ । ਇਹ ਅੱਜ ਦੇ ਸਮਾਜ ਦੀ ਕਿਹੋ ਜਿਹੀ ਤ੍ਰਾਸਦੀ ਬਣ ਗਈ ਹੈ ਕਿ ਸਾਡੇ ਕੋਲ ਧਨ ਵਧੇਰੇ ਹੈ ਪਰ ਸਕੂਨ ਨਹੀਂ ,ਸਾਡੇ ਕੋਲ ਵਸਤੂਆਂ ਨਾਲ ਘਰ ਭਰੇ ਪਏ ਹਨ ਪਰ ਅੰਦਰੋਂ ਕੁਝ ਖਾਲੀ ਖਾਲੀ ਲੱਗਦਾ ਹੈ , ਅਸੀਂ ਪੂਰੀ ਦੁਨੀਆਂ ਨੂੰ ਇੱਕ ਪਿੰਡ ਬਣਾ ਲਿਆ ਹੈ ਪਰ ਆਪਣੇ ਘਰ ਦੇ ਜੀਆਂ ਨੂੰ ਦੇਖਦੇ ਜਾਣਦੇ ਨਹੀਂ ।
ਇਹ ਪੂਰਾ ਵਰਤਾਰਾ ਇੱਕ ਦਿਨ ਵਿਚ ਹੀ ਨਹੀਂ ਵਾਪਰਿਆ । ਕਿਸੇ ਸਮਾਜ ਦੀ ਮਾਨਸਿਕਤਾ ਇੱਕ ਅੱਧ ਦਿਨ ਵਿਚ ਹੀ ਤਬਦੀਲ ਨਹੀਂ ਹੁੰਦੀ ਸਗੋਂ ਇਸ ਪ੍ਰਕਿਰਿਆ ਤੇ ਸਦੀਆਂ ਲੱਗਦੀਆਂ ਹਨ । ਕਿਸੇ ਵੀ ਸਮਾਜ ਨੇ ਕਦੇ ਇੱਕ ਹੀ ਜਗ੍ਹਾ ਉਤੇ ਖੜੇ ਨਹੀਂ ਰਹਿਣਾ ਹੁੰਦਾਂ । ਸਮੇਂ ਬਦਲਦੇ ਹਨ , ਸਥਾਨ ਬਦਲ ਦੇ ਹਨ ,ਪੁਰਾਣਿਆ ਦੀ ਥਾਂ ਨਵਿਆਂ ਨੇ ਲੈਣੀ ਹੁੰਦੀ ਹੈ । ਤਬਦੀਲੀ ਕੁਦਰਤ ਦਾ ਇੱਕ ਨਿਯਮ ਹੈ । ਪਰ ਦੁੱਖ ਦੀ ਗੱਲ ਹੈ ਕਿ ਅਸੀਂ ਚੰਗੇ ਵੱਲ ਵਿਕਾਸ ਕਰਨ ਦਾ ਭਰਮ ਪਾਲਦੇ ਇਸ ਦੇ ਹੜ੍ਹ ਵਿਚ ਬਹੁਤ ਕੁਝ ‘ਚੰਗਾਂ’ ਵੀ ਰੋੜ੍ਹ ਦਿੱਤਾ ਹੈ । ਖਾਸ ਕਰ ਸਾਡੀ ਜਵਾਨੀ ਨੇ । ਅਸੀਂ ਵਿਕਾਸ ਤਾਂ ਬਹੁਤ ਕਰ ਲਿਆ ਪਰ ਸਹਿਜਤਾ ਗੁਆ ਲਈ । ਅਸੀਂ ਖੰਡਾਂ ਬ੍ਰਹਿਮੰਡਾ ਦੀਆਂ ਖੋਜਾਂ ਕਰਦਿਆਂ ਗ੍ਰਹਿਆਂ ਤੱਕ ਤਾਂ ਅੱਪੜ ਗਏ ਹਾਂ ਪਰ ਇਨਸਾਨ ਵਿਚੋਂ ਇਨਸਾਨੀਅਤ ਮਾਰ ਦਿੱਤੀ ਹੈ , ਅਸੀਂ ਪੂਰੀ ਦੁਨੀਆਂ ਤਾਂ ਮੁੱਠੀ ਵਿਚ ਕਰ ਲਈ ਹੈ ਪਰ ਆਪਣੀ ਸੰਸਕ੍ਰਿਤੀ , ਆਪਣੀਆਂ ਕਦਰਾਂ ਕੀਮਤਾ , ਆਪਣੇ ਸੱਭਿਆਚਾਰ ਜਿਹੜੇ ਕਿਸੇ ਕੌਮ ਦੀ ਅਸਲ ਪਹਿਚਾਣ ਹੁੰਦੇ ਹਨ ਖੋ ਲਏ ਹਨ ।
ਅਸੀਂ ਆਪਣੀ ਅੰਦਰੂਨੀ ਜਾਂ ਮਾਨਸਿਕ ਮਜਬੂਤੀ ਦੀ ਥਾਂ ਤੇ ਬਾਹਰੀ ਚਕਾਚੌਂਧ ਵਿਚ ਉਲਝ ਗਏ ਹਾਂ , ਮੰਡੀ ਦੀ ਦੁਨੀਆਂ ਵਿਚ ਹਰ ਚਿਹਰਾ ਗੁਆਚਿਆ ਨਜ਼ਰ ਆ ਰਿਹਾ ਹੈ । ਅਹਿਸਾਸਾ ਤੇ ਸੰਵੇਦਨਸ਼ੀਲਤਾ ਨੂੰ ਪੱਥਰ ਯੁੱਗ ਵਿਚ ਤਬਦੀਲ ਕਰ ਲਿਆ ਹੈ । ਹਰ ਵਕਤ ਚੰਗਾਂ ਘੱਟ ਤੇ ਮਾੜਾ ਵੱਧ ਵਾਪਰ ਰਿਹਾ ਹੈ ਤੇ ਦੁੱਖ ਦੀ ਗੱਲ ਇਹ ਵੀ ਕਿ ਸਮਾਜ ਵਿਚ ਅਜਿਹੀਆ ਸ਼ਕਤੀਆਂ ਵੱਡੀ ਪੱਧਰ ਤੇ ਸਰਗਰਮ ਹਨ ਜਿਨਾਂ ਨੇ ਸਮਾਜ ਅਮਦਰ ਚੰਗੇ ਮਾੜੇ ਦੇ ਸੰਕਲਪ ਨੂੰ ਹੀ ਖਤਮ ਕਰ ਦਿੱਤਾ ਹੈ । ਇਹ ਤਾਂ ਹੋਣਾ ਈ ਹੁੰਦਾ ਏ ਦੇ ਖਾਤੇ ਪਾ ਚੰਗੇ ਮਾੜੇ ਦੀ ਪਹਿਚਾਣ ਹੀ ਮੁਕਾ ਦਿੱਤੀ ਹੈ ।
ਇਹਨਾਂ ਸਾਰੇ ਵਰਤਾਰਿਆ ਨੂੰ ਠੱਲ ਪਾਉਣ ਲਈ ਸਾਨੂੰ ਖੁਦ ਨੂੰ ਅੱਗੇ ਆਉਣਾ ਪੈਣਾ ਹੈ । ਸਾਨੂੰ ਕੱਲੇ ਕੱਲੇ ਨੂੰ ਆਦਰਸ਼ ਬਣਨਾ ਪੈਣਾ । ਤੇ ਇਹ ਕਾਰਜ ਕਿਸੇ ਕੱਲੇ ਕਾਰੇ ਆਦਮੀ ਦਾ ਨਹੀਂ ਆਓ ਸਾਰੇ ਰਲ ਕੇ ਹੰਭਲਾ ਮਾਰੀਏ ਕਿ ਸਾਡੀ ਉਹ ਸਹਿਜਤਾ , ਸਾਡੀ ਉਹ ਮਾਨਸਿਕ ਸਾਂਤੀ , ਸਾਡੀ ਉਹ ਖੁਮਾਰੀ ਮੁੜ ਕਾਇਮ ਹੋ ਸਕੇ । ਅਜੇ ਵੀ ਵੇਲਾ ਹੈ ਜਵਾਨੀ ਨੂੰ ਸਾਭੀਏ , ਉਸ ਨੂੰ ਆਪਾ ਸੰਭਾਲਣ ਦਾ ਚੱਜ ਆਚਾਰ ਸਿਖਾਈਏ ਨਹੀਂ ਤਾਂ ਫੇਰ ਕਿਤੇ ਇਹ ਨਾ ਹੋਵੇ ਕਿ ਜਦੋਂ ਨੂੰ ਮਛਲੀਆਂ ਪੱਥਰ ਚੱਟ ਕੇ ਮੁੜਨ ਉਦੋਂ ਤੱਕ ਪਾਣੀ ਹੀ ਪੱਥਰ ਹੋ ਜਾਵੇ ।
ਗੁਰਨੈਬ ਸਿੰਘ ਮਘਾਣੀਆਂ
ਪਿੰਡ ਤੇ ਡਾਕਖਾਨਾ -ਮਘਾਣੀਆਂ
ਬੁਢਲਾਡਾ -ਮਾਨਸਾ
9815845405


ਮਿਹਰਬਾਨੀ ਜੀ
ReplyDeleteਮਿਹਰਬਾਨੀ ਜੀ
ReplyDelete