Headlines News :
Home » » ਸੇਵਾ ਦੇ ਪੁੰਜ ਭਾਈ ਘਨੱਹਈਆ ਜੀ - ਧਰਮਿੰਦਰ ਸਿੰਘ ਵੜ੍ਹੈਚ

ਸੇਵਾ ਦੇ ਪੁੰਜ ਭਾਈ ਘਨੱਹਈਆ ਜੀ - ਧਰਮਿੰਦਰ ਸਿੰਘ ਵੜ੍ਹੈਚ

Written By Unknown on Monday, 16 September 2013 | 02:20

          ਭਾਈ ਘਨੱਹਈਆ ਜੀ ਗੁਰੂ ਘਰ ਦੇ ਸੱਚੇ ਸੇਵਕ ਸਨ। ਨਾਮ ਬਾਣੀ ਦੇ ਰਸੀਏ ਭਾਈ ਘਨੱ੍ਹਈਆ ਜੀ ਦਾ ਜਨਮ 1648 ਈ: ਨੂੰ ਮਾਤਾ ਸੁੰਦਰੀ ਜੀ ਅਤੇ ਪਿਤਾ ਸ੍ਰੀ ਨੱਥੂ ਰਾਮ ਦੇ ਗ੍ਰਹਿ ਪਿੰਡ ਸੌਦਰਾ ਜਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ। ਇਹ ਪਿੰਡ ਦਰਿਆ ਅਟਕ ਤੋਂ ਥੋੜ੍ਹੀ ਦੂਰੀ ਤੇ ਵੱਸਿਆ ਹੋਇਆ ਹੈ। ਇਤਹਾਸ ਵਿੱਚ ਆਉਂਦਾ ਹੈ ਕਿ ਇਸ ਕਸਬੇ ਦੇ ਸੌ ਦਰਵਾਜੇ ਹੋਣ ਕਰਕੇ ਇਸ ਦਾ ਨਾਂਅ ਸੌਦਰਾ  ਪੈ ਗਿਆ। ਇਸ ਪਿੰਡ ਦੀ ਇੱਕ ਗੱਲ ਜੋ ਬਹੁਤ ਮਸ਼ਹੂਰ ਸੀ, ਉਹ ਇਹ ਕਿ ਇਸ ਪਿੰਡ ਵਿੱਚ ਇੱਕ ਨੌ ਲੱਖਾ ਖੂਬਸੂਰਤ ਬਾਗ ਸੀ , ਜਿਸ ਤੇ ਉਸ ਸਮੇਂ ਨੌ ਲੱਖ ਰੁਪਏ ਖਰਚ ਆਏ ਸਨ। ਆਪ ਦੇ ਪਿਤਾ ਇੱਕ ਵੱਡੇ ਸੋਦਾਗਰ ਸਨ ਤੇ ਸ਼ਾਹੀ ਫੌਜਾਂ ਨੂੰ ਰਸਦ ਪਹੁੰਚਾਉਣ ਦਾ ਕੰਮ ਕਰਦੇ ਸਨ। ਆਪ ਬਚਪਨ ਸਮੇਂ ਤੋਂ ਹੀ ਪਰਉਪਕਾਰੀ ਤੇ ਦਇਆਵਾਨ ਸੁਭਾਅ ਦੇ ਮਾਲਕ ਸਨ। ਆਪ ਆਪਣੇ ਘਰੋਂ ਜੇਬ ਵਿੱਚ ਕੋਡੀਆਂ, ਰੁਪੈ ਤੇ ਪੈਸੇ ਭਰ ਕੇ ਲਿਜਾਂਦੇ ਸਨ ਤੇ ਬਾਹਰ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ। ਆਪ ਕਿਸੇ ਦਾ ਦੁੱਖ ਨਹੀ ਸਹਾਰ ਸਕਦੇ ਸਨ। ਪਿੰਡੋਂ ਬਾਹਰ ਵੱਡੀ ਸੜ੍ਹਕ ਕਿਨਾਰੇ ਜਾ ਕੇ ਆਪ ਰਾਹਗੀਰਾਂ ਦਾ ਸਮਾਨ ਆਪਣੇ ਸਿਰ ਤੇ ਚੁੱਕ ਲੈਂਦੇ ਸਨ, ਟਿਕਾਣੇ ਪਹੁੰਚਾ ਕੇ ਤੇ ਆਪਣੇ ਕੋਲੋਂ ਰੂਪੈ ਪੈਸੇ ਦੇ ਕੇ ਆਉਂਦੇ ਸਨ। ਆਪ ਦੇ ਮਾਤਾ ਪਿਤਾ ਇਸ ਗੱਲ ਦਾ ਬੁਰਾ ਮਨਾਉਂਦੇ ਸਨ ਕਿ ਲੋਕ ਕੀ ਕਹਿਣਗੇ। ਆਪ ਆਪਣੇ ਮਾਤਾ ਪਿਤਾ ਨੂੰ ਬੜੇ ਹੀ ਪਿਆਰ ਨਾਲ ਜਵਾਬ ਦਿੰਦੇ ਸਨ ਕਿ ‘ਮਾਂ, ਘਰਾਂ ਵਿੱਚ ਬਾਉਲੇ ਪੁੱਤਰ ਵੀ ਤਾਂ ਹੁੰਦੇ ਹਨ, ਤੁਸੀ ਮੈਨੂੰ ਬਾਉਲਾ ਹੀ ਸਮਝ ਛੱਡੋ।’ਭਾਈ ਘਨੱ੍ਹਈਆ ਜੀ ਦੇ ਮਨ ਵਿੱਚ ਪ੍ਰਭੂ ਪਤੀ ਦੇ ਚਰਨਾਂ ਦੀ ਤਾਂਘ ਉ ੱਠੀ। ਕਿਸੇ ਨੇ ਲਾਹੌਰ ਜਾਣ ਲਈ ਕਿਹਾ। ਆਪ ਅਜੇ ਲਾਹੌਰ ਪੁੱਜੇ ਹੀ ਸਨ ਕਿ ਪਿੱਛੋਂ ਆਪ ਦੇ ਪਿਤਾ ਅਕਾਲ ਚਲਾਣਾ ਕਰ ਗਏ। ਵੱਡੇ ਹੋਣ ਕਰਕੇ ਸਾਰੀ ਜ਼ਿੰਮੇਵਾਰੀ ਆਪ ਦੇ ਸਿਰ ਆਣ ਪਈ। ਆਪ ਆਪਣਾ ਪਿਤਾ ਪੁਰਖੀ ਕਿੱਤਾ ਸ਼ਾਹੀ ਫੌਜਾਂ ਨੂੰ ਰਸਦ ਪਾਣੀ ਪਹੁੰਚਾਉਣ ਦੇ ਕੰਮ ਵਿੱਚ ਜੁੱਟ ਗਏ। ਉਸ ਸਮੇਂ ਔਰੰਗਜ਼ੇਬ ਦੇ ਕਾਫਲੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਨਿੰਨ ਸੇਵਕ ਭਾਈ ਨੰਨੂਆ ਜੀ ਰਹਿੰਦੇ ਸਨ। ਉਹਨਾਂ ਕੋਲੋਂ ਨਾਵੇਂ ਗੁਰੂ ਜੀ ਦੀ ਬਾਣੀ ਸੁਣੀ। ਸੀਨੇ ਵਿੱਚ ਖਿੱਚ ਪਈ। ਆਪ ਆਪਣਾ ਸਾਰਾ ਕਾਰੋਬਾਰ ਛੱਡ ਕੇ ਜੰਗਲਾ ਵੱਲ ਤੁਰ ਪਏ। ਆਪ ਭੁੱਖੇ ਪਿਆਸੇ ਜੰਗਲ-ਜੰਗਲ ਫਿਰ ਰਹੇ ਸਨ। ਆਪ ਨੂੰ ਇੱਕ ਸਿੱਖ ਮਿਲਿਆ ਤੇ ਆਪ ਨੇ ਉਸ ਨੂੰ  ਗੋਬਿੰਦ ਪਾਉਣ ਦੀ ਵਿਧੀ ਪੁੱਛੀ, ਉਸ ਸਿੱਖ ਨੇ ਆਨੰਦਪੁਰ ਦੇ ਰਸਤੇ ਪਾ ਦਿੱਤਾ। ਭਾਈ ਘਨੱ੍ਹਈਆ ਜੀ ਸੰਗਤਾਂ ਨਾਲ ਆਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚ ਗਏ। ਆਪ ਨੂੰ ਆਉਂਦਿਆਂ ਵੇਖ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਾਣੀ ਦਾ ਘੜਾ ਲਿਆਉਣ ਦਾ ਹੁਕਮ ਕੀਤਾ। ਜਦ ਆਪ ਪਾਣੀ ਦਾ ਘੜਾ ਲਿਆਏ ਤਾਂ ਗੁਰੂ ਜੀ ਨੇ ਥੋੜ੍ਹੇ ਜਿਹੇ ਪਾਣੀ ਨਾਲ ਹੱਥ ਧੋ ਕੇ ਬਾਕੀ ਬਚਿਆ ਸਾਰਾ  ਪਾਣੀ ਡੋਲ ਦਿੱਤਾ ਅਤੇ ਹੋਰ ਪਾਣੀ ਦਾ ਘੜਾ ਲਿਆਉਣ ਲਈ ਕਿਹਾ। ਆਪ ਜਦ ਫਿਰ ਪਾਣੀ ਦਾ ਘੜਾ ਲਿਆਏ ਤਾਂ ਗੁਰੂ ਜੀ ਨੇ ਥੋੜ੍ਹੇ ਜਿਹੇ ਪਾਣੀ ਨਾਲ ਪੈਰ ਧੋ ਕੇ ਫਿਰ ਸਾਰਾ ਪਾਣੀ ਡੋਲ ਦਿੱਤਾ। ਇਸ ਤਰ੍ਹਾਂ ਤਿੰਨ ਮਹੀਨੇ ਸੇਵਾ ਚੱਲਦੀ ਰਹੀ। ਆਪ ਸੱਤ  ਬਚਨ ਕਹਿ ਕੇ ਬੜੀ ਖੁਸ਼ੀ-ਖੁਸ਼ੀ ਸੇਵਾ ਨਿਭਾਉਂਦੇ ਰਹੇ। ਤਿੰਨ  ਮਹੀਨੇ ਬਾਅਦ ਗੁਰੂ ਜੀ ਨੇ ਆਖਰੀ ਪ੍ਰੀਖਿਆ ਲਈ ਕਿ ਜੇ ਅੱਜ ਪਾਣੀ ਡੋਲਣਾ ਇਸਨੂੰ ਚੁਭਿਆ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਸਭ ਨੂੰ ਇੱਕ ਜਾਣ ਕੇ ਪਾਣੀ ਨਹੀ ਪਿਲਾਏਗਾ, ਪਰ ਭਾਈ ਘਨੱ੍ਹਈਆ ਜੀ ਇਸ ਇਮਤਿਹਾਨ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਏ। ਆਪ ਗੁਰੂ ਸਾਹਬ, ਸਿੱਖ ਸੰਗਤਾਂ ਤੇ ਗੁਰੂ ਘਰ ਦੇ ਘੋੜਿਆਂ ਦੀ ਸੇਵਾ ਕਰਦੇ ਰਹੇ। ਆਪ ਦੀ ਸੇਵਾ ਗੁਰੂ ਘਰ ਵਿੱਚ ਪ੍ਰਵਾਨ ਹੋਈ ਤੇ ਗੁਰੂ ਜੀ ਨੇ ਕਿਹਾ ਕਿ ‘ ਇਹ ਦਾਤ ਹੋਰਨਾਂ ਨੂੰ ਵੀ ਵੰਡੋ।’ ਆਪ ਨੇ ਜ਼ਿਲ੍ਹਾ ਅਟਕ ਤੋਂ ਕੋਈ ਵੀਹ ਕੋਹ ਦੂਰ ਉਰਾਂ ਕਵ੍ਹੇ ਪਿੰਡ ਧਰਮਸਾਲਾਂ ਉਸਾਰੀਆਂ ਤੇ ਗੁਰਾਂ ਦੀ ਪਵਿੱਤਰ ਬਾਣੀ ਦਾ ਪ੍ਰਵਾਹ ਚਲਾਇਆ। ਜਦ 11 ਨਵੰਬਰ 1675 ਈ: ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ ਤੇ ਜਦ ਆਪ ਨੂੰ ਗੁਰੂ ਜੀ ਦੀ ਸ਼ਹਾਦਤ ਬਾਰੇ ਪਤਾ ਲੱਗਾ ਤਾਂ  ਗੁਰੂ ਜੀ ਦੇ ਵਿਛੋੜੇ ਵਿੱਚ ਆਪ ਨੇ ਕਈ ਦਿਨਾਂ ਤੱਕ ਚੁੱਪ ਧਾਰੀ ਰੱਖੀ। ਜਦ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਸਾਰੇ ਸਿੱਖਾਂ ਨੂੰ ਆਪਣੇ ਪਾਸ ਬੁਲਾਇਆ ਤਾਂ ਆਪ ਵੀ ਗੁਰੂ ਜੀ ਕੋਲ ਪਹੁੰਚ ਗਏ ਤੇ ਗੁਰੂ ਜੀ ਦੇ ਕਹਿਣ ਤੇ ਪਾਣੀ ਦੀਆਂ ਮਸ਼ਕਾਂ ਭਰ-ਭਰ ਕੇ ਪਿਆਸਿਆਂ ਦੀ ਪਿਆਸ ਬੁਝਾਉਂਦੇ ਰਹੇ। ਆਪ ਆਨੰਦਪੁਰ ਸਾਹਿਬ ਤੋਂ ਪਾਉਂਟਾ ਸਾਹਬ ਗੁਰੂ ਜੀ ਦੇ ਨਾਲ ਹੀ ਗਏ। ਉ ੱਥੇ ਜਦ ਜੰਗਾਂ ਜੁੱਧਾਂ ਦਾ ਚੱਕਰ ਚੱਲ ਪਿਆ ਤਾਂ ਆਪ ਨੇ ਪਾਣੀ ਪਿਲਾਉਣ ਦੀ ਅਤਿ ਕਠਿਨ ਸੇਵਾ ਸੰਭਾਲ ਲਈ। ਆਪ ਆਪਣੇ ਖੱਬੇ ਵਿੱਚ ਚਿੱਟਾ ਝੰਡਾ ਤੇ ਚਿੱਟੇ ਬਸਤਰ ਪਹਿਨ ਕੇ ਬਿਨ੍ਹਾਂ ਵਿਤਕਰੇ ਦੇ ਪਾਣੀ ਪਿਲਾਈ ਜਾਂਦੇ। ਜਦ ਸਿੱਖਾਂ ਨੇ ਦੇਖਿਆ ਕਿ ਭਾਈ ਘਨੱ੍ਹਈਆ ਸਾਡੇ ਨਾਲ ਨਾਲ ਵੈਰੀਆਂ ਨੂੰ ਵੀ ਪਾਣੀ ਪਿਲਾਈ ਜਾਂਦੇ ਹਨ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਲੱਗਦਾ ਹੈ ਕਿ ਇੰਨ੍ਹਾਂ ਨੂੰ ਵੈਰੀਆਂ ਨੇ ਖਰੀਦ ਲਿਆ ਹੈ। ਇਸ ਦੀ ਸ਼ਿਕਾਇਤ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਕੀਤੀ। ਗੁਰੂ ਜੀ ਦੇ ਪੁੱਛਣ ਤੇ ਭਾਈ ਘਨੱ੍ਹਈਆ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ‘ਹੇ ਪਾਤਸ਼ਾਹ,  ਮੈਂ ਕਿਸੇ ਹਿੰਦੂ ਜਾਂ ਮੁਸਲਮਾਨ ਨੂੰ ਪਾਣੀ ਨਹੀ ਪਿਲਾਉਂਦਾ , ਮੈਂ ਤਾਂ ਹਰ ਥਾਵੇਂ ਆਪ ਜੀ ਦਾ ਹੀ ਰੂਪ ਵੇਖਦਾ ਹਾਂ’ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਮਲ੍ਹਮ ਦੀ ਡੱਬੀ ਤੇ ਪੱਟੀ ਵੀ ਨਾਲ ਦੇ ਦਿੱਤੀ ਤੇ ਹੁਕਮ ਕੀਤਾ ਕਿ ਭਾਈ ਘਨੱ੍ਹਈਆ ਜੀ ਅੱਜ ਤੋਂ ਮਲ੍ਹਮ ਪੱਟੀ ਦੀ ਸੇਵਾ ਵੀ ਸੰਭਾਲ ਲਉ ਤੇ ਪਾਣੀ ਪਿਲਾਉਣ ਦੇ ਨਾਲ ਜਖ਼ਮੀਆਂ ਦੇ ਮਲ੍ਹਮ ਪੱਟੀ ਵੀ ਕਰ ਦਿਆ ਕਰੋ। ਸੰਨ 1704 ਈ: ਵਿੱਚ ਜਦ ਗੁਰੂ ਜੀ ਨੇ ਅਨੰਦਪੁਰ ਛੱਡਿਆ ਤਾਂ ਆਪ ਫਿਰ ਉਰਾਂ ਕਵ੍ਹੇ ਪਿੰਡ ਆ ਗਏ। ਇੱਥੇ ਹੀ ਭਾਈ ਸੇਵਾ ਰਾਮ ਵੀ ਆਪ ਨਾਲ ਆ ਗਏ। ਭਾਈ ਸੇਵਾ ਰਾਮ ਜੀ ਦੇ ਅੱਗੋਂ ਅੱਡਣ ਸ਼ਾਹ ਜੀ ਸੇਵਕ ਬਣੇ। ਭਾਈ ਘਨੱ੍ਹਈਆ ਜੀ ਗੁਰੂ ਜੀ ਦੇ ਬਹੁਤ ਹੀ ਪਿਆਰੇ ਸਿੱਖ ਬਣ ਗਏ ਸਨ। ਗੁਰੂ ਜੀ ਆਪਣੇ ਪਿਆਰੇ ਸਿੱਖਾਂ ਦੀ ਆਪ ਰੱਖਿਆ ਕਰਦੇ ਸਨ। ਸੰਨ 1712 ਈ: ਦੀ ਗੱਲ ਹੈ ਕਿ ਭਾਈ ਘਨੱ੍ਹਈਆ ਜੀ ਵੈਰੀਆਂ ਦੇ ਝੁੰਗਲ ਵਿੱਚ ਫਸ ਗਏ। ਇੱਕ ਸੈਨਿਕ ਭਾਈ ਸਾਹਬ ਤੇ ਹੱਥ ਚੁੱਕਣ ਲੱਗਾ ਤਾਂ ਉਸ ਦਾ ਹੱਥ ਉ ੱਥੇ ਹੀ ਰੁੱਕ ਗਿਆ ਤੇ ਉਨ੍ਹਾਂ ਨੂੰ ਭਾਈ ਘਨੱ੍ਹਈਆ ਜੀ ਇੱਕਲੇ ਨਹੀ ਸਗੋਂ ਭਾਈ ਸਾਹਬ ਦੇ ਪਿੱਛੇ ਫੌਜਾਂ ਦਾ ਲਸ਼ਕਰ ਦਿਖਾਈ ਦਿੱਤਾ ਤੇ ਉਹ ਉ ੱਥੋਂ ਡਰਦੇ ਨੱਸ ਗਏ। ਸੇਵਾ ਤੇ ਸਿਮਰਨ ਦੀ ਮੂਰਤ ਭਾਈ ਘਨੱ੍ਹਈਆ ਜੀ ਨਾਮ ਬਾਣੀ ਦੇ ਰਸੀਏ ਸਨ। ਆਪ ਅੰਤ ਸਮਾਂ ਨੇੜ੍ਹੇ ਆਇਆ ਜਾਣ ਕੇ 1718 ਈ: ਵਿੱਚ ਉਰਾਂ ਕਵ੍ਹੇ ਵਿੱਚ ਰੋਜ਼ਾਨਾਂ ਹੀ ਕੀਰਤਨ ਸੁਣਦੇ ਰਹਿੰਦੇ ਸਨ। ਅੰਤਲੇ ਸਮੇਂ ਵੀ ਆਪ ਥੰਮ੍ਹ ਨਾਲ ਢੋਅ ਲਾ ਕੇ ਕੀਰਤਨ ਸੁਣ ਰਹੇ ਸਨ। ਕੀਰਤਨ ਦੀ ਸਮਾਪਤੀ ਤੇ ਵੀ ਜਦ ਆਪ ਦੀ ਸਮਾਧੀ ਨਾ ਖੁੱਲੀ ਤਾਂ ਸੰਗਤਾਂ ਦੇ ਹਿਲਾਉਣ ਤੇ ਪਤਾ ਲੱਗਾ ਕਿ ਆਪ ਸੱਚਖੰਡ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਆਉ ਮਹਾਂਪੁਰਸ਼ ਭਾਈ ਘਨੱ੍ਹਈਆਂ ਜੀ ਦੀ ਬਰਸੀ ਤੇ ਆਪਾਂ ਵੀ ਸਾਰੇ ਪ੍ਰਣ ਕਰੀਏ ਕਿ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਨਿਮਰਤਾ ਭਾਵ ਨਾਲ ਸਹਿਜ ਵਿੱਚ ਵਿਚਰਦੇ ਹੋਏ ਗੁਰੂ ਦਰ ਘਰ ਦੇ ਸੱਚੇ ਸੇਵਾਦਾਰ ਬਣੀਏ ਤੇ ਭਾਈ ਘਨੱ੍ਹਈਆ ਜੀ ਵਾਂਗ ਗੁਰੂ ਸਾਹਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।  


ਧਰਮਿੰਦਰ ਸਿੰਘ ਵੜ੍ਹੈਚ (ਚੱਬਾ), 
ਪਿੰਡ ਤੇ ਡਾਕ:ਚੱਬਾ, 
ਤਰਨ ਤਾਰਨ ਰੋਡ, 
ਅੰਮ੍ਰਿਤਸਰ- 143022 , 
ਮੋਬਾ:97817-51690  

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template