ਅਸੀਂ ਜਿਉਂਦੇ ਹਾਂ, ਕਦੇ ਆਪਣੇ ਲਈ, ਕਦੇ ਦੂਜਿਆਂ ਲਈ।ਕਦੇ ਬੱਚਿਆਂ ਲਈ, ਕਦੇ ਬਜੁਰਗਾਂ ਲਈ।ਕਦੇ ਸਮਾਜ ਲਈ, ਕਦੇ ਦੇਸ਼ ਲਈ।ਅਸੀਂ ਕਿਉਂ ਜਿਉਂਦੇ ਹਾਂ? ਇਹ ਕਦੇ ਨਹੀਂ ਵਿਚਾਰਦੇ।ਕਦੇ ਜ਼ਿੰਦਗੀ ਬਹੁਤ ਹੀ ਚੰਗੀ ਲਗਦੀ ਹੈ ਤੇ ਕਦੇ ਉਦਾਸ ਜਹੀ।ਕਦੇ ਆਸਾਨ ਲਗਦੀ ਹੈ ਤੇ ਕਦੇ ਬਹੁਤ ਹੀ ਮੁਸ਼ਕਲ।ਕਦੇ ਅਸੀਂ ਇਸਨੂੰ ਮਜ਼ਾਕ ਕਰਦੇ ਹਾਂ ਤੇ ਕਦੇ ਬਹੁਤ ਹੀ ਡਰ ਜਾਂਦੇ ਹਾਂ।ਕਦੀ ਇਹ ਪਹਾੜ ਜਹੀ ਲੰਬੀ ਜਾਪਦੀ ਹੈ ਤੇ ਕਦੇ ਜ਼ਿੰਦਗੀ ਦੇ ਪਲ ਹਵਾ ਨਿਆਂਈ ਉਡਦੇ ਜਾਂਦੇ ਹਨ।ਖ਼ੈਰ ਜ਼ਿੰਦਗੀ ਇਕ ਬੁਝਾਰਤ ਹੈ,ਅਣਸੁਲਝੀ ਗੁੱਥੀ ਹੈ।ਕਿੰਨਾ ਵੀ ਸੁਲਝਾ ਲਈਏ, ਉਲਝੀ ਹੀ ਰਹਿੰਦੀ ਹੈ।ਕਦੇ ਤਾਂ ਇਹ ਬਹੁਤ ਹੀ ਖੁਸ਼ਗਵਾਰ ਜਾਪਦੀ ਹੈ ਤੇ ਕਦੇ ਜ਼ਿੰਦਗੀ ਜਿਉਣ ਨੂੰ ਜੀਅ ਹੀ ਨਹੀਂ ਕਰਦਾ।
ਜੇ ਜ਼ਿੰਦਗੀ ਨੂੰ ਗੌਰ ਨਾਲ ਵਿਚਾਰਿਆ ਜਾਵੇ ਤਾਂ ਇਸ ਦੇ ਹਰ ਪਲ ਵਿੱਚੋਂ ਇਸਨੂੰ ਸੁਲਝਾਉਣ ਦੇ ਗੁਰ ਭਾਲੇ ਜਾ ਸਕਦੇ ਹਨ।ਬਸ ਜ਼ਿੰਦਗੀ ਨੂੰ ਘੌਖਣ ਦੀ ਲੋੜ ਹੈ।ਜ਼ਿੰਦਗੀ ਦੀ ਹਰ ਮੁਸ਼ਕਿਲ ਵਿੱਚ ਹੀ ਸਾਧਨ ਮੋਜੂਦ ਹਨ,ਜੋ ਸੂਰਜ ਦੀਆਂ ਕਿਰਨਾਂ ਵਾਂਗ ਹਨ।ਸਮਾਂ ਅਜਾਂਈ ਗੁਆਉਣ ਦੀ ਥਾਂ ਇਸ ਦੀ ਕਦਰ ਕਰਨੀ ਸਿੱਖੀਏ। ਜ਼ਿੰਦਗੀ ਹਮੇਸਾਂ ਹੀ ਸੋਹਣੀ ਜਾਂ ਕੋਝੀ ਨਹੀਂ ਹੁੰਦੀ, ਸਾਡੀ ਸੋਚ ਇਸ ਨੂੰ ਵੱਖ-ਵੱਖ ਅੰਦਾਜ਼ ਵਿੱਚ ਦੇਖਦੀ ਹੈ।ਜੇ ਅਸੀਂ ਮਾਯੂਸੀ ਦੀ ਹਾਲਤ ਵਿੱਚ ਵਿਚਰਦੇ ਹਾਂ ਤੇ ਇਹ ਸਾਨੂੰ ਉਦਾਸ ਤੇ ਵੀਰਾਨ ਜਾਪਦੀ ਹੈ।ਪਰ ਜੇ ਅਸੀਂ ਖੁਸ਼ੀ ਦੇ ਮਾਹੋਲ ਵਿੱਚ ਵਿਚਰਦੇ ਹਾਂ ਤਾਂ ਇਹ ਸਾਨੂੰ ਬਹੁਤ ਹੀ ਖੁਸ਼ਗਵਾਰ ਲਗਦੀ ਹੈ।ਜ਼ਿੰਦਗੀ ਨੂੰ ਦੇਖਣ ਵਾਲਾ ਸਾਡਾ ਨਜ਼ਰੀਆ ਇਸ ਦੇ ਅਰਥ ਹੀ ਬਦਲ ਦਿੰਦਾ ਹੈ।
ਸਾਡੇ ਰਾਹੀਂ ਕੀਤਾ ਗਿਆ ਕੋਈ ਵੀ ਕੰਮ ਚੰਗਾ ਹੋਵੇ ਜਾਂ ਮਾੜਾ, ਸਾਡੀਆਂ ਰਾਹਾਂ ਵਿੱਚ ਆਪਣੀ ਪੈੜ ਜਰੂਰ ਛੱਡਦਾ ਹੈ।ਚੰਗੇ ਕੰਮ ਕਰਦੇ ਹਾਂ ਤਾਂ ਸਾਡੇ ਤੁਰ ਜਾਣ ਤੋਂ ਬਾਅਦ ਵੀ ਲੋਕ ਸਾਨੂੰ ਯਾਦ ਕਰਦੇ ਹਨ ।ਭਾਵ ਅਸੀਂ ਮਰ ਕੇ ਵੀ ਜ਼ਿੰਦਾ ਰਹਿੰਦੇ ਹਾਂ।ਪਰ ਜੇ ਅਸੀਂ ਮਾੜੇ ਕੰਮ ਕਰਦੇ ਹਾਂ ਤਾਂ ਹੋ ਸਕਦਾ ਹੈ ਕਿ ਲੋਕ ਸਾਡੇ ਕੋਲੋਂ ਮੁੰਹ ਮੋੜ ਕੇ ਅਗਾਂਹ ਲੰਘ ਜਾਣ।ਹੁਣ ਦੇਖਣਾ ਅਸੀਂ ਹੈ ਕਿ ਅਸੀ ਆਪਣੀ ਜ਼ਿੰਦਗੀ ਕਿਹੋ ਜਹੀ ਜਿਉਣਾ ਚਾਹੁੰਦੇ ਹਾਂ।
ਜ਼ਿੰਦਗੀ ਇਕ ਰੰਗ-ਮੰਚ ਹੈ ਤੇ ਅਸੀ ਅਦਾਕਾਰ ਬਣ ਕੇ ਨਾਟਕ ਖੇਡਦੇ ਹਾਂ ਤੇ ਅਗਾਂਹ ਆਪਣੀ ਮੰਜ਼ਿਲ ਵੱਲ ਵੱਧਦੇ ਜਾਂਦੇ ਹਾਂ।ਅਸੀਂ ਜੋ ਅੰਦਰੋ ਹਾਂ ,ਉਹੋ ਜਿਹੇ ਬਾਹਰੋਂ ਨਹੀਂ ਹਾਂ।ਜੋ ਬਾਹਰੋਂ ਦਿਖਦੇ ਹਾਂ, ਉਹੋ ਜਿਹੇ ਅੰਦਰੋਂ ਨਹੀਂ ਹਾਂ।ਅੰਦਰੋਂ-ਬਾਹਰੋਂ ਸਾਡੀ ਸਖਸ਼ੀਅਤ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੈ।ਆਪਣੀ ਸਖਸ਼ੀਅਤ ਅਜਿਹੀ ਹੋਵੇ ਜੋ ਦੂਜਿਆਂ ਨੂੰ ਆਪਣੇ ਵਲ ਖਿੱਚ ਸਕੇ।ਜ਼ਿੰਦਗੀ ਵਿੱਚ ਮੁਸ਼ਕਲਾਂ ਤੋਂ ਘਬਰਾਉ ਨਹੀਂ ਸਗੋਂ ਇਨ੍ਹਾਂ ਮੁਸ਼ਕਲਾਂ ਦਾ ਡਟ ਕੇ ਮੁਕਾਬਲਾ ਕਰੋ ਤੇ ਇਨ੍ਹਾਂ ਨੂੰ ਜ਼ਿੰਦਗੀ ਦਾ ਜਰੂਰੀ ਹਿੱਸਾ ਮੰਨ ਕੇ ਦੋਸਤੀ ਪਾ ਲਵੋ।ਕਿਉਂਕਿ ਇਹ ਸਾਡੀ ਸ਼ਖਸ਼ੀਅਤ ਨੂੰ ਤਰਾਸ਼ ਕੇ ਕੁੰਦਨ ਬਣਾ ਦਿੰਦੀਆਂ ਹਨ।
ਜ਼ਿੰਦਗੀ ਕਿਹੋ ਜਹੀ ਹੋਣੀ ਚਾਹੀਦੀ ਹੈ? ਇਹ ਸਭ ਸਾਡੇ ਆਪਣੇ ਹੱਥ ਵਿੱਚ ਹੈ।ਆਪਣੀ ਸ਼ਖਸ਼ੀਅਤ ਦੇ ਅਸੀਂ ਆਪ ਘਾੜੇ ਹਾਂ।ਆਪਣੇ ਆਪ ਨੂੰ ਤਰਾਸ਼ਦੇ ਰਹੋ।ਜ਼ਿੰਦਗੀ ਹੋਰ ਵੀ ਰੰਗੀਨ ਤੇ ਖੁਸ਼ਗਵਾਰ ਹੋ ਜਾਵੇਗੀ।ਜ਼ਿੰਦਗੀ ਵਿੱਚ ਕੁੱਝ ਹਾਸਲ ਕਰਨਾ ਹੈ ਤਾਂ ਆਪਣੀ ਸੋਚ ਨੂੰ ਬਦਲਨਾ ਪਵੇਗਾ।ਨਜ਼ਰ ਬਦਲਣ ਨਾਲ ਜੇ ਨਜ਼ਾਰੇ ਬਦਲ ਸਕਦੇ ਹਨ ਤਾਂ ਸੋਚ ਬਦਲਣ ਨਾਲ ਸਿਤਾਰੇ ਵੀ ਤਾਂ ਬਦਲ ਸਕਦੇ ਹਨ।ਹੱਥ ਦੀਆਂ ਲਕੀਰਾਂ ਦੀ ਚਿੰਤਾ ਕਰਨ ਦੀ ਬਜਾਏ ਹੱਥਾਂ ਨਾਲ ਹੀ ਤਕਦੀਰ ਬਦਲੀ ਜਾ ਸਕਦੀ ਹੈ।ਲੋੜ ਹੈ ਤਾਂ ਸਿਰਫ਼ ਬੁਲੰਦ ਹੋਂਸਲੇ ਦੀ ਤੇ ਕੁੱਝ ਕਰ ਦਿਖਾਉਣ ਦੀ ਭਾਵਨਾ ਦੀ।ਆਓ1 ਜ਼ਿੰਦਗੀ ਦੇ ਅਰਥ ਭਾਲੀਏ ਤੇ ਮਾਯੂਸ ਹੋਣ ਦੀ ਥਾਂ ਇਸ ਨੂੰ ਜਿਉਣਾ ਸਿੱਖੀਏ।ਕਿਸੇ ਦੇ ਬਣਾਏ ਰਸਤਿਆਂ ਤੇ ਤੁਰਨ ਦੀ ਥਾਂ ਆਪਣੀਆਂ ਰਾਹਾਂ ਦੇ ਆਪ ਪਾਂਧੀ ਬਣੀਏ,ਤਾਂਕਿ ਦੁਸਰਿਆਂ ਲਈ ਵੀ ਇਕ ਮਿਸਾਲ ਕਾਇਮ ਕਰ ਸਕੀਏ।ਘਿਸੀ-ਪਿਟੀ ਜ਼ਿੰਦਗੀ ਤਾਂ ਹਰ ਕੋਈ ਜੀ ਸਕਦਾ ਹੈ।ਜ਼ਿੰਦਾ-ਦਿਲੀ ਨਾਲ ਜਿਉਣ ਦਾ ਮਜ਼ਾ ਹੀ ਕੁੱਝ ਹੋਰ ਹੈ।
ਸ.ਸ.ਸ.ਸਕੂਲ ਨੂਰਪੁਰ ਬੇਟ।
ਲੁਧਿਆਣਾ।
ਸੈਲ-95010-44955


0 comments:
Speak up your mind
Tell us what you're thinking... !