ਉਹ ਜਦੋਂ ਵੀ ਸ਼ੀਸ਼ਾ ਵੇਖਦੀ, ਮਨ ਹੀ ਮਨ ਕੁੜ੍ਹਣ ਲੱਗ ਜਾਂਦੀ ਤੇ ਉਸ ਦੀ ਜ਼ਬਾਨ ਰੱਬ ਨੂੰ ਗਾਲਾਂ ਦੇਣ ਲਗਦੀ। ‘ਇਕ ਤਾਂ ਰੰਗ ਕਾਲਾ, ਉਤੋਂ ਚਿਹਰੇ ’ਤੇ ਦਾਗ਼ ਤੇ ਫਿਰ ਕੱਦ ਵੀ ਬੇਹੱਦ ਮਧਰਾ।’ ਉਹ ਕਰਤਾਰੇ ਦੀ ਸ਼ੀਬੋ ਵੀ ਤਾਂ ਰੱਬ ਨੇ ਹੀ ਬਣਾਈ ਏ। ਸੱਚੀਂ! ਕਿਵੇਂ ਮਖ਼ਮਲ ਵਾਂਗ ਪੋਲੀ ਤੇ ਉਤੋਂ ਦੁੱਧ ਵਾਂਗ ਚਿੱਟੀ ਏ ਤੇ ਇਕ ਮੈਂ...! ਮੇਰੇ ਵਲ ਤਾਂ ਕੋਈ ਵੇਖਦਾ ਵੀ ਨਹੀਂ। ਪਤਾ ਨਹੀਂ ਉਸ ਰੱਬ ਨੇ ਮੇਰੇ ਤੋਂ ਕਿਹੜੀ ਦੁਸ਼ਮਣੀ ਦਾ ਬਦਲਾ ਲਿਆ ਏ...?’ ਉਹ ਹਮੇਸ਼ਾ ਰੱਬ ਨੂੰ ਕੋਸਦੀ ਤੇ ਤਿਆਰ ਹੋ ਕੇ ਕਾਲਜ ਤੁਰ ਪੈਂਦੀ। ਪਰ ਹੁਣ ਤਾਂ ਉਹਨੇ ਇਹ ਸੋਚ ਕੇ ਸ਼ੀਸ਼ਾ ਵੇਖਣਾ ਹੀ ਛੱਡ ਦਿਤਾ ਸੀ ਕਿ ਕਿਉੁਂ ਸਵੇਰੇ-ਸਵੇਰੇ ਮਨ ਖ਼ਰਾਬ ਕਰਨਾ ਹੈ।
ਵਕਤ ਗੁਜ਼ਰਦਾ ਗਿਆ। ਅੱਜ ਉਹ ਬੇਹੱਦ ਖ਼ੁਸ਼ ਸੀ ਕਿਉੁਂਕਿ ਕਾਲਜ ਵਲੋਂ ਉਹ ਸਾਰੇ ਅੰਮ੍ਰਿਤਸਰ ਦੀ ਸੈਰ ਲਈ ਜਾ ਰਹੇ ਸਨ। ਘੁੰਮਦੇ-ਘੁੰਮਦੇ ਜਦ ਉਹ ਪਿੰਗਲਵਾੜੇ ਪਹੁੰਚੇ ਤਾਂ ਉਹ ਵੇਖ ਕੇ ਦੰਗ ਰਹਿ ਗਈ ਕਿ ਕਿਵੇਂ ਅੱਖੋਂ, ਲੱਤੋਂ ਜਾਂ ਬਾਹਾਂ ਤੋਂ ਹੀਣੇ ਬੱਚੇ ਖ਼ੁਸ਼ੀ-ਖ਼ੁਸ਼ੀ ਕੰਮ ਕਰੀ ਜਾ ਰਹੇ ਸਨ। ਉਨ੍ਹਾਂ ਦਾ ਕੰਮ ਵੇਖ ਕੇ ਤਾਂ ਉਹ ਹੋਰ ਵੀ ਦੰਗ ਰਹਿ ਗਈ। ਜਿਹੜਾ ਕੰਮ ਇਕ ਚੰਗਾ-ਭਲਾ ਬੰਦਾ ਵੀ ਏਨਾ ਵਧੀਆ ਨਹੀਂ ਸੀ ਕਰ ਸਕਦਾ, ਉਸ ਕੰਮ ਵਿਚ ਉਨ੍ਹਾਂ ਦੀ ਏਨੀ ਖ਼ੂਬਸੂਰਤੀ। ਉਸ ਨੂੰ ਕਿਸੇ ਦੇ ਚਿਹਰੇ ’ਤੇ ਵੀ ਦੁੱਖ ਦੇ ਚਿੰਨ੍ਹ ਨਾ ਲੱਭੇ। ‘ਇਹ ਤਾਂ ਅਪੂਰਨ ਹੋ ਕੇ ਵੀ ਰੱਬ ਦੀ ਰਜ਼ਾ ’ਚ ਰਾਜ਼ੀ ਨੇ ਤੇ ਮੈਂ ਹਰ ਪੱਖੋਂ ਪੂਰਨ ਹੋ ਕੇ ਵੀ...! ਹਾਏ ਰੱਬਾ! ਮੈਂ ਤਾਂ ਐਵੇਂ ਤੈਨੂੰ ਕੋਸਦੀ ਰਹੀ?’ ਅਪਾਹਜ਼ ਬੱਚਿਆਂ ਨੂੰ ਵੇਖ-ਵੇਖ ਉਸ ਦਾ ਰੋਣਾ ਨਿਕਲ ਆਇਆ ਤੇ ਉਹ ਇਕ ਬਦਲੇ ਹੋਏ ਰੂਪ ਵਿਚ ਪਿੰਗਲਵਾੜੇ ਤੋਂ ਬਾਹਰ ਆ ਗਈ।
ਐਮ.ਏ., ਬੀ.ਐੱਡ,
# 42, ਗਲੀ ਨੰ. : 2, ਐਕਸਟੈਂਸ਼ਨ : 2, ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।


good
ReplyDelete