Headlines News :
Home » » ਹੋਇਆ ਕੀ ਜੇ ਧੀ ਜੰਮ ਪਈ - ਨਿਰਮਲ ਸਤਪਾਲ

ਹੋਇਆ ਕੀ ਜੇ ਧੀ ਜੰਮ ਪਈ - ਨਿਰਮਲ ਸਤਪਾਲ

Written By Unknown on Saturday, 21 September 2013 | 07:03

ਕੁੜੀਆਂ ਦੀ ਲਗਾਤਾਰ ਘਟਦੀ ਹੋਈ ਗਿਣਤੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਜੇ ਅਸੀਂ ਇਸੇ ਤਰ੍ਹਾਂ ਕੁੜੀਆਂ ਬਾਰੇ ਮਾੜੀ ਸੋਚ ਦੇ ਧਾਰਨੀ ਬਣੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੁੱਤਾਂ ਲਈ ਨੂੰਹਾਂ ਦੀ ਭਾਲ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪਵੇਗਾ। ਜੇ ਕੁੜੀ ਦੀ ਹੋਂਦ ਹੀ ਨਾ ਰਹਿਣ ਦਿੱਤੀ ਤਾਂ ਪੁੱਤ ਕਿੱਥੋਂ ਜੰਮਣਗੇ। ਧੀਆਂ ਨਾਲ ਹੀ ਘਰ ਸੋਭਦੇ ਹਨ। ਔਰਤਾਂ ਬਿਨਾਂ ਘਰ  ਚਾਰਦੀਵਾਰੀ ਹੁੰਦੀ ਹੈ। ਜੇ ਅਸੀਂ ਇਸੇ ਤਰ੍ਹਾਂ ਧੀਆਂ ਤੋਂ ਕੰਨੀ ਕਤਰਾਉਂਦੇ ਰਹੇ ਤਾਂ ਕੁਦਰਤ ਦੀ ਮਾਰ ਲਈ ਵੀ ਆਪਣੇ-ਆਪ ਨੂੰ ਤਿਆਰ ਰੱਖਣਾ ਪਵੇਗਾ। ਕੁਦਰਤ ਆਪਣੇ ਵਰਤਾਰੇ ਵਿੱਚ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਦੀ। ਧੀਆਂ ਪ੍ਰਤੀ ਆਪਣੀ ਸੋਚ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਧੀਆਂ ਬੋਝ ਨਹੀਂ ਹੁੰਦੀਆਂ। ਧੀਆਂ ਘਰ ਦਾ ਭਾਗ ਹੁੰਦੀਆਂ ਹਨ। ਜਿਸ ਘਰ ਧੀ ਨਹੀਂ ਜੰਮਦੀ, ਉਹ ਘਰ ਬੀਆਬਾਨ ਹੁੰਦੇ ਹਨ। ਸਿਆਣਿਆਂ ਕਿਹਾ ਹੈ ਕਿ ਪੁੱਤ ਤਾਂ ਕਪੁੱਤ ਹੋ ਜਾਂਦੇ ਹਨ ਪਰ ਮਾਵਾਂ ਕੁਮਾਵਾਂ ਨਹੀਂ ਹੁੰਦੀਆਂ। ਕਿੰਨੀ ਸੱਚਾਈ ਹੈ ਇਨ੍ਹਾਂ ਸ਼ਬਦਾਂ ਵਿੱਚ। ਧੀ ਹੀ ਤਾਂ ਭੱਵਿਖ ਦੀ ਮਾਂ ਹੈ, ਫਿਰ ਧੀ ਨੂੰ ਦੁਨੀਆਂ ਵਿੱਚ ਆਉਣ ਤੋਂ ਕਿਉਂ ਰੋਕਿਆ ਜਾਂਦਾ ਹੈ। ਮਾਂ ਦੇ ਹਰ ਸੁੱਖ-ਦੁੱਖ ਦੀ ਸਾਥਣ ਧੀ ਹੀ ਤਾਂ ਹੁੰਦੀ ਹੈ। ਮਾਂ ਦਾ ਦੁੱਖ ਧੀ ਤੋਂ ਬਿਨਾਂ ਕੋਈ ਹੋਰ ਨਹੀਂ ਸਮਝ ਸਕਦਾ। ਜਿਸ ਘਰ ਧੀ ਹੁੰਦੀ ਹੈ, ਉਸ ਘਰ ਵਿੱਚ ਰਹਿਣ-ਸਹਿਣ ਦਾ ਸਲੀਕਾ ਵੀ ਹੁੰਦਾ ਹੈ। ਘਰ ਦਾ ਹਰ ਮੈਂਬਰ ਕੋਈ ਵੀ ਗੱਲ ਬੜੀ ਸੋਚ-ਸਮਝ ਕੇ ਕਰਦਾ ਹੈ।
ਮੌਜੂਦਾ ਸਮੇਂ ਧੀ ਮਾਪਿਆਂ ’ਤੇ ਬੋਝ ਨਹੀਂ ਰਹੀ ਸਗੋਂ ਆਰਥਿਕ ਸਹਾਰਾ ਬਣ ਚੁੱਕੀ ਹੈ। ਜੋ ਖੇਤਰ ਕਦੇ ਔਰਤਾਂ ਦੀ ਪਹੰੁਚ ਤੋਂ ਦੂਰ ਸਮਝੇ ਜਾਂਦੇ ਸਨ,ਅੱਜ ਔਰਤ ਲਈ ਇੱਕ ਮਕਸਦ ਬਣ ਚੁੱਕੇ ਹਨ। ਪਰਬਤਾਂ ਦੀ ਚੋਟੀ ਸਰ ਕਰਨੀ ਹੋਵੇ ਜਾਂ ਪਾਇਲਟ ਬਣ ਹਵਾ ਵਿੱਚ ਉਡਾਰੀਆਂ ਲਾਉਣੀਆਂ ਹੋਣ, ਸੀਤਾ ਬਣ ਕੇ ਪਤੀ ਦੇ ਨਾਲ ਬਨਵਾਸ ਕੱਟਣਾ ਹੋਵੇ ਜਾਂ ਸਮਾਂ ਆਉਣ ’ਤੇ ਚੰਡੀ ਦਾ ਰੂਪ ਧਾਰਨਾ ਹੋਵੇ, ਇਹ ਸਭ-ਕੁਝ ਔਰਤ ਹੀ ਕਰ ਸਕਦੀ ਹੈ। ਉਹ ਆਪ ਭੁੱਖੀ ਰਹਿ ਕੇ ਵੀ ਢਿੱਡੋਂ ਜਾਇਆਂ ਨੂੰ ਪਾਲਦੀ ਹੈ। ਔਰਤ ਰੱਬ ਦੀ ਦਿੱਤੀ ਉਹ ਨਿਆਮਤ ਹੈ, ਜਿਸ ਦਾ ਬਦਲ ਨਹੀਂ।
ਅੱਜ ਦੀ ਔਰਤ ਜਾਗ ਚੁੱਕੀ ਹੈ। ਉਸ ਦੇ ਹਉਕੇ-ਹਾਵਾਂ ਅੱਜ ਮਰਦ ਲਈ ਵੰਗਾਰ ਬਣ ਚੁੱਕੀਆਂ ਹਨ। ਇਸ ਲਈ ਸਮੇਂ ਦੀ ਨਬਜ਼ ਪਛਾਣਦੇ ਹੋਏ ਸਮਾਜ ਨੂੰ ਆਪਣਾ ਵਤੀਰਾ ਤੇ ਸੌੜੀ ਸੋਚ ਨੂੰ ਬਦਲਣਾ ਪਵੇਗਾ। ਉਹ ਆਪਣੇ ਪੈਰਾਂ ’ਤੇ ਖੜੀ ਹੋ ਚੁੱਕੀ ਹੈ। ਅੱਜ ਉਹ ਆਪਣੇ ਲਈ ਹੀ ਕਮਾਉਣਾ ਨਹੀਂ ਜਾਣਦੀ ਸਗੋਂ ਦੂਜਿਆਂ ਦਾ ਸਹਾਰਾ ਬਣ ਕੇ ਜ਼ਿੰਦਗੀ ਦੇ ਹਰ ਮੋੜ ’ਤੇ ਪਹਿਰਾ ਦੇਣ ਦੇ ਕਾਬਲ ਬਣ ਚੁੱਕੀ ਹਾਂ। ਜੇ ਅਜੇ ਵੀ ਉਹ ਮਾਂ-ਬਾਪ ’ਤੇ ਬੋਝ ਹਾਂ ਤਾਂ ਦੁਨੀਆਂ ਵਾਲਿਓ, ਤਰਸ ਦੀ ਪਾਤਰ ਧੀ ਨਹੀਂ, ਤਰਸ ਦਾ ਪਾਤਰ ਸਾਡਾ ਮਰਦ ਪ੍ਰਧਾਨ ਸਮਾਜ ਹੈ। ਅਜੋਕੇ ਸਮੇਂ ਵਿੱਚ ਧੀ ਮਾਂ-ਬਾਪ ਦਾ ਮਾਣ ਹੈ। ਇਸ ਦੀ ਆਮਦ ਨੂੰ ਖਿੜੇ ਮੱਥੇ ਸਵੀਕਾਰ ਕਰੋ। ਪੀਰਾਂ-ਫ਼ਕੀਰਾਂ, ਦੇਸ਼-ਭਗਤਾਂ ਤੇ ਸੂਰਮਿਆਂ ਨੂੰ ਜਨਮ ਦੇਣ ਵਾਲੀ ਭਵਿੱਖ ਦੀ ਅੰਮੜੀ ਨੂੰ ਜੀ ਆਇਆਂ ਆਖੋ ਅਤੇ ਬਣਦਾ ਮਾਣ-ਸਨਮਾਣ ਦੇਵੋ।




ਨਿਰਮਲ ਸਤਪਾਲ 
ਸੰਪਰਕ:95010-44955

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template