Headlines News :
Home » » ਸੱਚਾ ਮੋਹ - ਮਨਪ੍ਰੀਤ ਕੌਰ ਭਾਟੀਆ

ਸੱਚਾ ਮੋਹ - ਮਨਪ੍ਰੀਤ ਕੌਰ ਭਾਟੀਆ

Written By Unknown on Friday, 20 September 2013 | 06:26

‘‘ਗੱਡੀ ਵੀਹ ਕੁ ਮਿੰਟ ਲੇਟ ਹੈ, ਇੰਤਜ਼ਾਰ ਕਰਨਾ ਪਵੇਗਾ। ਤੂੰ ਇਥੇ ਹੀ ਬਹਿ ਜਾ।’’ ਕਹਿ ਕੇ ਮੇਰੇ ਪਤੀ ਜ਼ਰਾ ਕੁ ਦੂਰ ਹਟ ਕੇ ਖਲੋ ਗਏ। ਪਲੇਟਫ਼ਾਰਮ ’ਤੇ ਕਾਫ਼ੀ ਭੀੜ ਸੀ। 
‘ਗੱਡੀ ਵਿਚ ਵੀ ਤਾਂ ਇਵੇਂ ਹੀ ਭੀੜ ਹੋਵੇਗੀ, ਪਰ ਸਾਨੂੰ ਕੀ, ਸਾਡੀ ਤਾਂ ਫ਼ਸਟ ਕਲਾਸ ਦੀ ਸੀਟ ਬੁਕ ਏ।’ ਮੈਂ ਮਨ ਹੀ ਮਨ ਸੋਚਿਆ। ਪਹਿਲੀ ਵਾਰ ਅਜਿਹੇ ਵਾਤਾਵਰਣ ਵਿਚ ਆਇਆ ਮੇਰਾ ਕੁਛੜ ਚੁਕਿਆ ਬੱਚਾ ਰੋਣ ਲੱਗਾ। ਮੈਂ ਉਸ ਨੂੰ ਪਰਚਾਉਣ ਲੱਗ ਪਈ। ਪਰ ਉਹ ਚੁੱਪ ਹੀ ਨਹੀਂ ਸੀ ਹੋ ਰਿਹਾ।
‘‘ਨਾ! ਤੂੰ ਬੱਚੇ ਨੂੰ ਚੁੱਪ ਵੀ ਨਹੀਂ ਕਰਵਾ ਸਕਦੀ? ਘੰਟੇ ਦਾ ਚੂੰ-ਚੂੁੰ ਕਰੀ ਜਾਂਦੈ।’’ ਮੇਰੇ ਪਤੀ ਦੂਰੋਂ ਹੀ ਖਿੱਝ ਕੇ ਬੋਲੇ। ਉਨ੍ਹਾਂ ਦੇ ਸ਼ਬਦਾਂ ਨੇ ਮੈਨੂੰ ਜਿਵੇਂ ਧੁਰ ਅੰਦਰ ਤਕ ਅਪਮਾਨਤ ਕਰ ਦਿਤਾ। ਪਰ ਇਹ ਤਾਂ ਉਨ੍ਹਾਂ ਦੀ ਹਮੇਸ਼ਾ ਦੀ ਆਦਤ ਸੀ ਜਿਸ ਨੂੰ ਸੁਣਨ ਦੀ ਹੁਣ ਮੈਨੂੰ ਵੀ ਆਦਤ ਪੈ ਚੁੱਕੀ ਸੀ।
ਮੈਂ ਫਿਰ ਬੱਚੇ ਨੂੰ ਵਰ੍ਹਾਉਣ ਵਿਚ ਮਸਤ ਹੋ ਗਈ ਤੇ ਕੁੱਝ ਦੇਰ ਮਗਰੋਂ ਉਹ ਚੁੱਪ ਕਰ ਗਿਆ। ਚੁਫੇਰੇ ਅਜੇ ਵੀ ਗਹਿਮਾ-ਗਹਿਮੀ ਸੀ। ਮੇਰੇ ਨੇੜੇ ਹੀ ਇਕ ਜੋੜਾ, ਜੋ ਸ਼ਕਲ-ਸੂਰਤ ਤੋਂ ਗ਼ਰੀਬ ਲਗਦਾ ਸੀ, ਜ਼ਮੀਨ ’ਤੇ ਬੈਠਾ ਸੀ। ਉਹ ਦੋਵੇਂ ਗੱਲਾਂ ’ਚ ਮਸਤ ਸਨ। ਮੇਰਾ ਧਿਆਨ ਉਨ੍ਹਾਂ ਦੇ ਪਹਿਰਾਵੇ ਵਲ ਗਿਆ ਜੋ ਸ਼ਾਇਦ ਸਾਡੇ ਨੌਕਰ ਸੀ ਕਦੇ ਤੇ ਮੈਂ ਅਪਣੇ ਕੀਮਤੀ ਪਹਿਰਾਵੇ ਵਲ ਵੇਖ ਕੇ, ਉਨ੍ਹਾਂ ਵਲ ਵੇਖਦਿਆਂ ਜਿਵੇਂ ਨੱਕ ਜਿਹਾ ਚਿੜਾਇਆ। ਮੇਰਾ ਬੱਚਾ ਹੁਣ ਤਕ ਸੌਂ ਗਿਆ ਸੀ।
ਮੈਂ ਫਿਰ ਉਸ ਜੋੜੇ ਵਲ ਵੇਖਣ ਲੱਗ ਪਈ। ਕਦੇ ਔਰਤ ਗੱਲਾਂ ਕਰਦੀ ਹੱਸ ਪੈਂਦੀ ਤੇ ਕਦੇ ਮਰਦ। ਉਹ ਇੰਜ ਹੀ ਗੱਲਾਂ ’ਚ ਮਸਤ ਸਨ ਕਿ ਅਚਾਨਕ ਉਨ੍ਹਾਂ ਦੀ ਛੋਟੀ ਬੱਚੀ ਦੂਰ ਦੌੜ ਗਈ। ਇਸ ਤੋਂ ਪਹਿਲਾਂ ਕਿ ਔਰਤ ਕੁੱਝ ਕਰਦੀ, ਮਰਦ ਦੌੜ ਕੇ ਉਸ ਨੂੰ ਚੁੱਕ ਲਿਆਇਆ ਤੇ ਉਸ ਨੂੰ ਚੁੰਮਦਿਆਂ ਔਰਤ ਕੋਲ ਬਿਠਾ ਦਿਤਾ ਤੇ ਫਿਰ ਆਪ ਜਾ ਕੇ ਚਾਹ ਲੈ ਆਇਆ। ਹੁਣ ਉਹ ਚਾਹ ਦੀਆਂ ਚੁਸਕੀਆਂ ਪੀਂਦੇ ਫਿਰ ਮਿੱਠੀਆਂ-ਮਿੱਠੀਆਂ ਗੱਲਾਂ ’ਚ ਮਸ਼ਰੂਫ਼ ਹੋ ਕੇ ਹੱਸ ਰਹੇ ਸਨ।
ਅਚਾਨਕ ਮੇਰਾ ਧਿਆਨ ਅਪਣੇ ਪਤੀ ਵਲ ਗਿਆ। ਉਹ, ਆਕੜ ਭਰੇ ਅੰਦਾਜ਼ ’ਚ, ਸਿਗਰੇਟ ਪੀਣ ’ਚ ਮਸਤ, ਪਲੇਟਫ਼ਾਰਮ ’ਤੇ ਇਧਰ-ਉਧਰ ਟਹਿਲ ਰਹੇ ਸਨ। ਮੇਰੇ ਹੰਝੂ ਕਦੋਂ ਮੇਰੀਆਂ ਗਲ੍ਹਾਂ ’ਤੇ ਉਤਰ ਆਏ, ਮੈਨੂੰ ਪਤਾ ਹੀ ਨਾ ਲੱਗਾ। ਇਸ ਦਾ ਅਹਿਸਾਸ ਤਾਂ ਮੈਨੂੰ ਉਦੋਂ ਹੋਇਆ ਜਦੋਂ ਗੱਡੀ ਦੀ ਕੂਕ ਵੱਜੀ ਤੇ ਮੇਰੇ ਪਤੀ ਨੇ ਘੂਰਦਿਆਂ ਮੈਨੂੰ ਛੇਤੀ ਨਾਲ ਉਠਣ ਲਈ ਕਿਹਾ। ਮੈਂ ਹੰਝੂ ਪੂੰਝਦੀ ਗੱਡੀ ’ਚ ਸਵਾਰ ਹੋ ਗਈ। ਉਹ ਜੋੜਾ ਭੀੜ ’ਚ ਪਤਾ ਨਹੀਂ ਕਿਥੇ ਗੁਆਚ ਗਿਆ ਸੀ, ਪਰ ਮੇਰੀਆਂ ਨਜ਼ਰਾਂ ਅਜੇ ਵੀ ਉਸ ਨੂੰ ਲੱਭ ਰਹੀਆਂ ਸਨ।   

                                                                                                                                                                                                                                                                                                                                        ਮਨਪ੍ਰੀਤ ਕੌਰ ਭਾਟੀਆ
ਐਮ.ਏ., ਬੀ.ਐੱਡ,
# 42, ਗਲੀ ਨੰ. : 2, 
ਐਕਸਟੈਂਸ਼ਨ : 2,
 ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template