Headlines News :
Home » » ਤੇਲ ਪੰਪਾਂ ’ਤੇ ਹੁੰਦੀ ਲੁੱਟ ਰੁਕਵਾਉਣ ਲਈ ਸਰਕਾਰਾਂ ਤੇ ਪੈਟਰੋਲੀਅਮ ਮੰਤਰਾਲਾ ਯਤਨ ਜਟਾਉਣ - ਬਲਵਿੰਦਰ ਸਿੰਘ ਧਾਲੀਵਾਲ

ਤੇਲ ਪੰਪਾਂ ’ਤੇ ਹੁੰਦੀ ਲੁੱਟ ਰੁਕਵਾਉਣ ਲਈ ਸਰਕਾਰਾਂ ਤੇ ਪੈਟਰੋਲੀਅਮ ਮੰਤਰਾਲਾ ਯਤਨ ਜਟਾਉਣ - ਬਲਵਿੰਦਰ ਸਿੰਘ ਧਾਲੀਵਾਲ

Written By Unknown on Thursday, 26 September 2013 | 06:16

ਪਿਛਲੇ ਵਰ੍ਹੇ ਇੱਕ ਮਿੱਤਰ ਨੇ ਰਾਜਸਥਾਨ ’ਚ ਤੇਲ ਪੰਪ ਤੋਂ ਆਪਣੀ ਗੱਡੀ ਦੀ ਤੇਲ ਟੈਂਕੀ ਫੁੱਲ ਕਰਵਾਈ। ਤੇਲ 62 ਲੀਟਰ ਪਿਆ ਜਦਕਿ ਟੈਂਕੀ 55 ਲੀਟਰ ਦੀ ਸੀ। ਵੱਡੀ ਗੱਡੀ ’ਚ ਪਹਿਲਾਂ ਵੀ 5-7 ਲੀਟਰ ਤੇਲ ਸਹਿਜ ਸੁਭਾਅ ਹੀ ਹੋਵੇਗਾ। ਗੱਲ ਬਹਿਸਬਾਜੀ ’ਚ ਪੈਣ ਉਪਰੰਤ ਕੰਪਨੀ ਦੀ ਸਰਵਿਸ ਬੁੱਕ ’ਚ ਟੈਂਕੀ ਦੇ ਨਾਪ ਆਦਿ ਬਾਰੇ ਜਾਂਚਣ ਉਪਰੰਤ ਪੰਪ ਵਾਲਿਆਂ ਨੇ 55 ਲੀਟਰ ਦੇ ਹੀ ਪੈਸੇ ਲਏ ਅਤੇ ਮੁਆਫ਼ੀ ਵੀ ਮੰਗੀ। ਹੋ ਸਕਦਾ ਪੰਪ ਦਾ ਮੀਟਰ ਆਦਿ ਖ਼ਰਾਬ ਹੋਵੇ। ਗੱਲ ਆਈ ਗਈ ਹੋ ਗਈ। ਉਪਰੋਕਤ ਘਟਨਾ ਦੱਸਣ ਜਾਂ ਇਸ਼ਾਰਾ ਕਰਨ ਦਾ ਮੇਰਾ ਮਕਸਦ ਇਹੀ ਹੈ ਕਿ ਪਿਛਲੇ ਸਾਲਾਂ ਤੋਂ ਤੇਲ ਪੰਪਾਂ ’ਤੇ ਡੀਜ਼ਲ ਤੇ ਪੈਟਰੋਲ ਤੇਲ ’ਚ ਗ੍ਰਾਹਕਾਂ ਦੀ ਲੁੱਟ ਹੁੰਦੀ ਹੈ। ਹੁਣ ਇਹ ਤੱਥ ਸਾਹਮਣੇ ਆ ਗਏ ਹਨ ਕਿ ਉਤਰੀ ਭਾਰਤ ਦੇ ਕਈ ਸੂਬਿਆਂ ’ਚ ਤੇਲ ਪੰਪਾਂ ’ਤੇ ਖਪਤਕਾਰਾਂ ਦੀ ਆਧੁਨਿਕ ਤਰੀਕੇ ਨਾਲ ਸ਼ਰ੍ਹੇਆਮ ਲੁੱਟ ਹੋ ਰਹੀ ਹੈ, ਜੋ ਪਿਛਲੇ ਦਹਾਕੇ ਤੋਂ ਜਾਰੀ ਹੈ। 
ਕਿਸ ਤਰੀਕੇ ਨਾਲ ਹੁੰਦੀ ਹੈ ਲੁੱਟ?

ਅਜੋਕੇ ਤੇਜ਼ ਤਰਾਰ ਤੇ ਮਹਿੰਗਾਈ ਦੇ ਜ਼ਮਾਨੇ ’ਚ ਜਦੋਂ ਤੇਲ ਦੀਆਂ ਕੀਮਤਾਂ ਨਿੱਤ ਰੋਜ਼ ਅਸਮਾਨੀ ਚੜ੍ਹ ਰਹੀਆਂ ਹੋਣ, ਮੌਕੇ ਖਪਤਕਾਰਾਂ ਦੀ ਲੁੱਟ ਬਹੁਤ ਹੀ ਸੂਖਮ ਤੇ ਆਧੁਨਿਕ ਢੰਗ ਨਾਲ ਕੀਤੀ ਜਾ ਰਹੀ ਹੈ। ਇਹ ਲੁੱਟ ਪੰਪ ਦੀ ਮਸ਼ੀਨ ’ਤੇ ਬਿਜਲਈ ਯੰਤਰ ਫਿੱਟ ਕਰ ਕੇ ਕੀਤੀ ਜਾਂਦੀ ਹੈ। ਪੰਪ ਮਾਲਕਾਂ ਤੇ ਕਰਿੰਦਿਆਂ ਦੀ ਮਿਲੀ ਭੁਗਤ ਨਾਲ ਇਹ ਯੰਤਰ ਫਿੱਟ ਕਰਨ ਉਪਰੰਤ ਰਿਮੋਟ ਕੰਟਰੋਲ ਨਾਲ ਗ੍ਰਾਹਕਾਂ ਨੂੰ 3 ਤੋਂ 5 ਰੁਪਏ ਪ੍ਰਤੀ ਲੀਟਰ ਚੂਨਾ ਲੱਗਦਾ ਹੈ। ਰਿਮੋਟ ਕੰਟਰੋਲ ਸੇਲਜ਼ਮੈਨ ਕੋਲ ਹੁੰਦਾ ਹੈ ਜਦੋਂ ਵੀ ਕਰਿੰਦਾ ਪੰਪ ਮਸ਼ੀਨ ਚਾਲੂ ਕਰਦਾ ਹੈ, ਦੇ ਨਾਲ ਹੀ ਸੇਲਜ਼ਮੈਨ ਦਫ਼ਤਰ ’ਚ ਬੈਠਾ ਕੋਡ ਰਾਹੀਂ ਇਸ ਯੰਤਰ ਦੇ ਸਹਾਰੇ ਲੁੱਟ ਨੂੰ ਅੰਜਾਮ ਦਿੰਦਾ ਹੈ। ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਪੰਪ ਮਸ਼ੀਨ ’ਤੇ ਤੇਲ ਦੀ ਮਾਤਰਾ ਤੇ ਪੈਸਿਆਂ ਦੀ ਗਿਣਤੀ ਠੀਕ ਦੱਸੀ ਜਾਂਦੀ ਹੈ ਜਦਕਿ ਤੇਲ ਘੱਟ ਮਾਤਰਾ ’ਚ ਪੈਦਾ ਹੈ। 
ਕਿੰਝ ਸਾਹਮਣੇ ਆਏ ਤੱਥ?
ਅਸਲ ’ਚ ਪਿਛਲੇ ਸਾਲਾਂ ਤੋਂ ਹੁੰਦੀ ਅਜਿਹੀ ਲੁੱਟ ਦਾ ਪਰਦਾਫਾਸ਼ ਮਾਨਸਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਵਿਸ਼ੇਸ਼ ਸੂਹ ’ਤੇ ਗ੍ਰਿਫ਼ਤਾਰ ਕੀਤੇ
ਪੰਪ ਦੇ ਕਰਿੰਦੇ ਅਤੇ ਇੱਕ ਕਰਿੰਦੇ ਤੋਂ ਬਣੇ ਪੰਪ ਮਾਲਕ ਦੇ ਖ਼ੁਲਾਸੇ ਤੋਂ ਹੋਇਆ ਹੈ। ਦਿਆਨਤਦਾਰੀ ਤੇ ਇਮਾਨਦਾਰੀ ਸਮਝੋ ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਦੀ ਜਿਨ੍ਹਾਂ ਦੀ ਪਹਿਲ ਕਦਮੀ ਨਾਲ ਡਿਪਟੀ ਮੁੱਖ ਮੰਤਰੀ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੀ ਸਹਿਮਤੀ ਨਾਲ ਇੱਕੋ ਦਿਨ ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ’ਚ 2 ਦਰਜਨ ਦੇ ਕਰੀਬ ਪੰਪਾਂ ’ਤੇ ਛਾਪੇਮਾਰੀ ਨਾਪਤੋਲ ਵਿਭਾਗ ਪੰਜਾਬ ਦੇ ਅਧਿਕਾਰੀਆਂ ਦੀ ਟੀਮ ਨਾਲ ਮਾਰੇ ਗਏ ਅਤੇ ਅੱਧੀ ਦਰਜਨ ਤੋਂ ਵਧੇਰੇ ਪੰਪਾਂ ਤੋਂ ਅਜਿਹੇ ਯੰਤਰ ਬਰਾਮਦ ਕਰ ਕੇ ਉਨ੍ਹਾਂ ਨੂੰ ਸੀਲ ਕੀਤਾ ਗਿਆ। ਪੁਲਿਸ ਵੱਲੋਂ ਮਾਰੇ ਗਏ ਛਾਪਿਆਂ ਬਾਰੇ ਪੰਪ ਮਾਲਕ ਵੱਡੀ ਪਹੁੰਚ ਰੱਖਣ ਵਾਲੇ ਹਨ ਜਿੰਨ੍ਹਾਂ ਦੀ ਇਸ ਵਕਤ ਚਾਰ ਚੁਫੇਰੇ ਚਰਚਾ ਹੈ। ਦੱਸਣਯੋਗ ਗੱਲ ਤਾਂ ਇਹ ਹੈ ਕਿ ਪੁਲਿਸ ਦੀ ਗ੍ਰਿਫ਼ਤ ’ਚ ਆਏ ਗਿਰੋਹ ਦੇ 4 ਮੈਂਬਰਾਂ ਨੇ ਮੰਨਿਆ ਹੈ ਕਿ ਉਨ੍ਹਾਂ 200 ਦੇ ਕਰੀਬ ਪੰਪਾਂ ’ਤੇ ਅਜਿਹੇ ਯੰਤਰ ਖ਼ੁਦ ਲਗਾਏ ਹਨ ਜਦਕਿ ਗਰੋਹ ਦੇ ਮੈਂਬਰਾਂ ਦੀ ਲੜੀ ’ਚ ਕਈਆਂ ਦੀ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਮੰਨਿਆ ਕਿ ਪੰਜਾਬ, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼, ਦਿੱਲੀ ਤੋਂ ਇਲਾਵਾ ਮੁੰਬਈ ਤੱਕ ਦੇ ਕਾਫ਼ੀ ਪੰਪਾਂ ’ਤੇ ਇਹ ਯੰਤਰ ਫਿੱਟ ਹਨ। ਸਭ ਤੋਂ ਵਧੇਰੇ ਯੂ. ਪੀ. ਰਾਜ ਦੇ ਪੰਪਾਂ ’ਤੇ ਇਹ ਯੰਤਰ ਲਗਾਏ ਗਏ ਹਨ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਪੂਰੇ ਭਾਰਤ ਵਿਚ ਵੱਡੀ ਗਿਣਤੀ ’ਚ ਪੰਪਾਂ ’ਤੇ ਅਜਿਹੇ ਯੰਤਰਾਂ ਨਾਲ ਗ੍ਰਾਹਕਾਂ ਨੂੰ ਚੂਨਾ ਲੱਗ ਰਿਹਾ ਹੈ।

ਕੀ ਕਰਨਾ ਲੋੜੀਂਦਾ?
ਦਰਅਸਲ ਇਸ ਮੁੱਦੇ ’ਤੇ ਸਭ ਤੋਂ ਪਹਿਲਾਂ ਆਮ ਲੋਕ ਜੋ ਤੇਲ ਖਪਤਕਾਰ ਹਨ, ਨੂੰ ਲਹਿਰ ਬਣਾਉਣ ਦੀ ਲੋੜ ਹੈ ਕਿਉਂਕਿ ਲੁੱਟ ਉਨ੍ਹਾਂ ਦੀ ਹੁੰਦੀ ਹੈ। ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਇਸ ਮਾਮਲੇ ’ਤੇ ਸੰਘਰਸ਼ ਕੇਂਦਰਿਤ ਕਰਨਾ ਚਾਹੀਦਾ ਹੈ। ਸਰਕਾਰਾਂ ’ਤੇ ਇਹ ਦਬਾਅ ਪਾਉਣ ਦੀ ਜ਼ਰੂਰਤ ਹੈ ਕਿ ਪੰਪਾਂ ’ਤੇ ਛਾਪੇਮਾਰੀ ਕਿਉਂ ਰੁਕ ਗਈ? ਹੁਣ ਤੱਕ ਕੀ ਕਾਰਵਾਈ ਹੋਈ? ਅਤੇ ਭਵਿੱਖ ’ਚ ਕੀ ਹੋਵੇਗੀ? ਪੈਟਰੋਲੀਅਮ ਮੰਤਰਾਲੇ ਨੂੰ ਖ਼ਾਸ ਕਰ ਕੇ ਕੇਂਦਰ ਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਜਿਥੇ ਨਾਪਤੋਲ ਵਿਭਾਗ ਤੋਂ  ਸਾਰੇ ਪੰਪਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਉਥੇ ਪੰਪ ਮਸ਼ੀਨ ਤਿਆਰ ਕਰਨ ਵਾਲੀਆਂ ਕੰਪਨੀਆਂ ਤੋਂ ਅਜਿਹੀਆਂ ਮਸ਼ੀਨਾਂ ਤਿਆਰ ਕਰਵਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ’ਚ ਅਜਿਹੇ ਯੰਤਰ ਫਿੱਟ ਹੀ ਨਾ ਹੋ ਸਕਣ। ਵੱਖ ਵੱਖ ਤੇਲ ਕੰਪਨੀਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਕੰਪਨੀਆਂ ਦੇ ਅਧਿਕਾਰੀ ਪੰਪਾਂ ਦੀ ਸਖ਼ਤੀ ਨਾਲ ਨਿਗਰਾਨੀ ਰਖਵਾਉਣ ਅਤੇ ਦੋਸ਼ੀ ਪਾਏ ਜਾਣ ’ਤੇ ਕਰੜੇ ਨਿਯਮ ਅਖ਼ਤਿਆਰ ਕਰਨੇ ਚਾਹੀਦੇ ਹਨ। 

ਪੰਜਾਬ ਸਰਕਾਰ ਕੀ ਕਰੇ?
ਗ੍ਰਾਹਕਾਂ ਦੀ ਲੁੱਟ ਪ੍ਰਤੀ ਪੰਜਾਬ ਸਰਕਾਰ ਨੂੰ ਸਖ਼ਤ ਕਦਮ ਉਠਾਉਣ ਦੀ ਜ਼ਰੂਰਤ ਹੈ। ਜਿਸ ਸਰਕਾਰ ਦੇ ਰਾਜ ਵਿਚ ਵੱਡੀ ਗਿਣਤੀ ’ਚ ਪੰਪਾਂ ’ਤੇ ਅਜਿਹੇ ਯੰਤਰ ਫਿੱਟ ਹੋਣ ਦੇ ਤੱਥ ਸਾਹਮਣੇ ਆ ਜਾਣ ਪ੍ਰਤੀ ਸਰਕਾਰੀ ਪੱਧਰ ’ਤੇ ਮੁਹਿੰਮ ਛੇੜਨੀ ਚਾਹੀਦੀ ਹੈ। ਕੰਮ ਨਾਪ ਤੋਲ ਵਿਭਾਗ ਦਾ ਹੋਵੇ ਅਤੇ ਤੱਥ ਸੂਬੇ ਦੀ ਪੁਲਿਸ ਸਾਹਮਣੇ ਲਿਆਵੇ ਵੱਡੀ ਗੱਲ ਹੈ। ਇਸ ਸਮੇਂ ਲੋੜ ਹੈ ਸ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਇਸ ਮੁੱਦੇ ਨੂੰ ਆਪਣੇ ਹੱਥ ’ਚ ਲੈਣ। ਨਾਪਤੋਲ ਵਿਭਾਗ ਨੂੰ ਚੁਸਤ ਕਰਨ ਦੇ ਨਾਲ ਹੀ ਨਿਰੀਖਣ ਲਈ ਜ਼ਿਲ੍ਹਾ ਵਾਰ ਕਮੇਟੀਆਂ ਕਾਇਮ ਕੀਤੀਆਂ ਜਾ ਸਕਦੀਆਂ ਹਨ, ਜੋ ਸਮੇਂ ਸਮੇਂ ’ਤੇ ਪੰਪਾਂ ਦੀ ਨਿਗਰਾਨੀ ਰੱਖਣ। ਇਸ ਮੁਹਿੰਮ ਤਹਿਤ ਸੂਬੇ ਦੇ ਸਾਰੇ ਪੰਪਾਂ ਦਾ ਨਿਰੀਖਣ ਕਰਨਾ ਲੋੜੀਂਦਾ ਹੈ। ਜੇਕਰ ਅਕਾਲੀ ਭਾਜਪਾ ਸਰਕਾਰ ਇਸ ਕਾਰਜ ’ਚ ਸਫਲ ਹੋ ਜਾਂਦੀ ਹੈ ਤਾਂ ਅਗਲੇ ਵਰ੍ਹੇ 2014 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਇਸ ਲੋਕ ਪੱਖੀ ਮੁੱਦੇ ਨੂੰ ਵੱਡੇ ਪੱਧਰ ’ਤੇ ਉਭਾਰਿਆ ਜਾ ਸਕਦਾ ਹੈ ਅਤੇ ਰਾਜਸੀ ਤੌਰ ’ਤੇ ਵੀ ਲਾਹਾ ਲਿਆ ਜਾ ਸਕਦਾ ਹੈ। ਕੁੱਲ ਮਿਲਾ ਕੇ ਕਹਿਣਾ ਹੋਵੇ ਇਸ ਮਾਮਲੇ ’ਚ ਪੇਂਡੂ ਮਜ਼ਦੂਰ ਤੋਂ ਲੈ ਕੇ ਅਮੀਰਜ਼ਾਦਿਆਂ ਤੱਕ ਦੀ ਲੁੱਟ ਹੁੰਦੀ ਹੈ, ਨੂੰ ਤੁਰੰਤ ਰੋਕਣਾ ਸਮੇਂ ਦੀ ਵੱਡੀ ਲੋੜ ਹੈ ਕਿਉਂਕਿ ਗ੍ਰਾਹਕਾਂ ਦੀ ਭਾਰਤ ਭਰ ਵਿਚ ਕਰੋੜਾਂ ਰੁਪਏ ਦੀ ਲੁੱਟ ਹੋ ਰਹੀ ਹੈ, ਜਿਸ ਨੂੰ ਰੋਕਣ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਨਿਗਰ ਕਦਮ ਉਠਾਉਣੇ ਚਾਹੀਦੇ  ਹਨ। 





ਬਲਵਿੰਦਰ ਸਿੰਘ ਧਾਲੀਵਾਲ
ਵਿਸ਼ੇਸ਼ ਪ੍ਰਤੀਨਿਧ ‘ਅਜੀਤ’
ਉਪ ਦਫ਼ਤਰ ਮਾਨਸਾ
ਮੋ: 98150-97746





Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template