ਤਿੰਨਾਂ ਭਰਾਵਾਂ ਵਿਚ ਅੱਜ ਜ਼ਬਰਦਸਤ ਬਹਿਸ ਛਿੜ ਪਈ। ‘‘ਮੇਰਾ ਤਾਂ ਅਪਣਾ ਖ਼ਰਚਾ ਮਸਾਂ ਤੁਰਦੈ, ਮੈਂ ਇਨ੍ਹਾਂ ਨੂੰ ਕਿਥੋਂ ਰੋਟੀ ਖੁਆਵਾਂ।’’ ਵਿਚਕਾਰਲਾ ਮੁੰਡਾ ਗੁੱਸੇ ਵਿਚ ਅੱਜ ਬੁੱਢੇ ਮਾਂ-ਪਿਉ ਦੇ ਸਾਹਮਣੇ ਹੀ ਬੋਲ ਪਿਆ।
‘‘ਕਿਉਂ ਨਹੀਂ ਖੁਆ ਸਕਦਾ? ਤੂੰ ਪੁੱਤਰ ਨਹੀਂ ਇਨ੍ਹਾਂ ਦਾ?’’ ‘‘ਤੇ ਤੂੰ? ਤੂੰ ਕੀ ਏਂ? ਤੂੰ ਵੀ ਤਾਂ ਪੁੱਤਰ ਏਂ, ਤੂੰ ਰੱਖ ਲੈ ਅਪਣੇ ਨਾਲ।’’ ਵਿਚਕਾਰਲਾ ਛੋਟੇ ਨੂੰ ਟੁੱਟ ਕੇ ਪੈ ਗਿਆ।
‘‘ਵੇ ਨਾ ਲੜੋ ਤੁਸੀ, ਰੱਬ ਦਾ ਵਾਸਤਾ ਜੇ। ਅਸੀ ਵੱਡੇ ਨਾਲ ਈ ਰਹੀ ਜਾਨੇ ਆਂ।’’ ਬੁੱਢੀ ਮਾਂ ਹੰਝੂ ਪੂੰਝਦੀ ਅਜੇ ਬੋਲੀ ਹੀ ਸੀ ਕਿ ਵੱਡਾ ਮੁੰਡਾ ਤੁਣਕ ਪਿਆ, ‘‘ਬੇਬੇ, ਮੈਂ ਕੀ ਕਰਾਂ? ਆਪ ਈ ਦੱਸੋ ਤੁਸੀ। ਥੋੜੀ ਜਹੀ ਤਨਖ਼ਾਹ ਵਿਚ ਅਪਣੀ ਪੂਰੀ ਨਹੀਂ ਪੈਂਦੀ, ਮੈਨੂੰ ਈ ਪਤੈ ਅਜੇ ਤਕ ਕਿਵੇਂ ਔਖਾ ਹੋ-ਹੋ ਸਮਾਂ ਕਢਿਐ ਮੈਂ ਤੇ ਇਹ ਦੋਵੇਂ ਥੋੜੀ ਦੇਰ ਵਿਚ ਈ ਅੱਕ ਗਏ।’’
‘‘ਵੇ ਸ਼ਰਮ ਕਰੋ ਤੁਸੀ। ਅਸੀ ਸਾਰੀ ਉਮਰ ਥੁੜਾਂ ਵਿਚ ਈ ਤੁਹਾਨੂੰ ਪਾਲਿਆ ਹੈ। ਅਪਣੇ ਮੂੰਹ ’ਚੋਂ ਕੱਢ ਕੇ ਥੋਡੇ ਮੂੰਹ ਵਿਚ ਪਾਈ। ਖ਼ੂਨ-ਪਸੀਨੇ ਨਾਲ ਕੀਤੀ ਕਮਾਈ ਆਪ ਨੂੰ ਛੱਡ ਕੇ ਥੋਡੇ ’ਤੇ ਖ਼ਰਚੀ। ਤੁਹਾਡੀ ਖ਼ੁਸ਼ੀ ਪਹਿਲਾਂ ਵੇਖੀ। ਮਕਾਨ ਬਣਾ ਕੇ ਤੁਹਾਨੂੰ ਦੇ ਦਿਤਾ ਤੇ ਅੱਜ ਤੁਸੀ ਕਮਾਉਣ ਜੋਗੇ ਹੋ ਗਏ ਤਾਂ ਸਾਨੂੰ ਕੁੱਤੇ ਵਾਂਗ ਦੁਰਕਾਰ ਰਹੇ ਓ। ਲਾਹਨਤ ਐ ਥੋਡੇ ਵਰਗੀ ਔਲਾਦ ’ਤੇ, ਇਹਦੇ ਨਾਲੋਂ ਤਾਂ ਬੇਔਲਾਦੇ ਮਰ ਜਾਂਦੇ...’’ ਕਹਿੰਦੇ ਕਹਿੰਦੇ ਬਾਪੂ ਨੂੰ ਇਕਦਮ ਸੀਨੇ ਵਿਚ ਜ਼ਬਰਦਸਤ ਦਰਦ ਉਠਿਆ। ਇਸ ਤੋਂ ਪਹਿਲਾਂ ਕਿ ਮੁੰਡੇ ਕੁੱਝ ਹੋਰ ਬੋਲਦੇ ਉਹ ਉਥੇ ਈ ਢੇਰ ਹੋ ਗਿਆ।
ਬਾਪੂ ਜਾ ਚੁੱਕਾ ਸੀ। ਰੋਣ-ਧੋਣ, ਸਸਕਾਰ ਤੇ ਭੋਗ ਦੀਆਂ ਰਸਮਾਂ ਤੋਂ ਬਾਅਦ ਅੱਜ ਜਦ ਸੱਭ ਵਿਹਲੇ ਹੋ ਕੇ ਆਏ ਤਾਂ ਵਿਹੜੇ ਵਿਚ ਬੈਠੀ ਮਾਂ ਦੀਆਂ ਜਿਉਂ ਹੀ ਬੱਚਿਆਂ ਨਾਲ ਅੱਖਾਂ ਮਿਲੀਆਂ ਉਹ ਇਕਦਮ ਉਠੀ ਤੇ ਅਪਣਾ ਝੋਲਾ ਚੁੱਕ ਕੇ, ਬਿਨਾਂ ਕੁੱਝ ਬੋਲੇ ਬੂਹਿਉਂ ਬਾਹਰ ਹੋ ਗਈ।
ਮਨਪ੍ਰੀਤ ਕੌਰ ਭਾਟੀਆ
ਐਮ.ਏ., ਬੀ.ਐੱਡ,
# 42, ਗਲੀ ਨੰ. : 2, ਐਕਸਟੈਂਸ਼ਨ : 2, ਕੁੰਦਨ ਨਗਰ,
ਫ਼ਿਰੋਜ਼ਪੁਰ ਸ਼ਹਿਰ।


0 comments:
Speak up your mind
Tell us what you're thinking... !